Skip to content
ਪੰਜਾਬ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੋ ਨਗਰ ਪੰਚਾਇਤਾਂ ਤਲਵਾੜਾ ਤੇ ਭਾਦਸੋਂ ਤੋਂ ਇਲਾਵਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ 18 ਵਾਰਡਾਂ ਦੀ ਜ਼ਿਮਨੀ ਚੋਣ ਦਾ ਸ਼ੈਡਿਊਲ ਐਲਾਨ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ ਇਨ੍ਹਾਂ ਨਗਰ ਨਿਗਮਾਂ, ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਮਾਲੀਏ ਅਧਿਕਾਰ ਖੇਤਰ ਵਿੱਚ ਤੁਰੰਤ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਚੰਡੀਗੜ੍ਹ: ਲੋਕ ਸਭਾ ਚੋਣਾਂ ਮਗਰੋਂ ਹੁਣ ਦੋ ਨਗਰ ਪੰਚਾਇਤਾਂ ਤੇ ਨਗਰ ਨਿਗਮ ਦੀਆਂ ਉਪ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਪੰਜਾਬ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੋ ਨਗਰ ਪੰਚਾਇਤਾਂ ਤਲਵਾੜਾ ਤੇ ਭਾਦਸੋਂ ਤੋਂ ਇਲਾਵਾ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ 18 ਵਾਰਡਾਂ ਦੀ ਜ਼ਿਮਨੀ ਚੋਣ ਦਾ ਸ਼ੈਡਿਊਲ ਐਲਾਨ ਦਿੱਤਾ ਹੈ। ਇਸ ਐਲਾਨ ਦੇ ਨਾਲ ਹੀ ਇਨ੍ਹਾਂ ਨਗਰ ਨਿਗਮਾਂ, ਨਗਰ ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਮਾਲੀਏ ਅਧਿਕਾਰ ਖੇਤਰ ਵਿੱਚ ਤੁਰੰਤ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਪ੍ਰਕਿਰਿਆ ਦੇ ਪੂਰਾ ਹੋਣ ਤਕ ਇਹ ਲਾਗੂ ਰਹੇਗਾ।
ਨਾਮਜ਼ਦਗੀਆਂ ਦਾਖ਼ਲ ਕਰਨ ਦਾ ਨੋਟੀਫਿਕੇਸ਼ਨ 4 ਜੂਨ ਨੂੰ ਜਾਰੀ ਕੀਤਾ ਜਾਏਗਾ। ਨਾਮਜ਼ਦਗੀਆਂ 11 ਜੂਨ ਤਕ ਭਰੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਦੀ ਜਾਂਚ 12 ਜੂਨ, 2019 ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 13 ਜੂਨ ਹੋਵੇਗੀ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵੋਟਿੰਗ 21 ਜੂਨ, 2019 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਉਸੇ ਦਿਨ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਸੰਧੂ ਮੁਤਾਬਕ ਚੋਣਾਂ ਲਈ ਵੋਟਰ ਸੂਚੀਆਂ 01.01.2019 ਦੀ ਯੋਗਤਾ ਤਾਰੀਖ ਨਾਲ ਅਪਡੇਟ ਕੀਤੀਆਂ ਗਈਆਂ ਹਨ। ਜ਼ਿਮਨੀ ਚੋਣਾਂ ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ ਨੰਬਰ 50 ਤੇ 71, ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 30, ਨਗਰ ਨਿਗਮ ਫਾਗਵਾੜਾ ਦੇ ਵਾਰਡ ਨੰਬਰ 30 ਤੇ 35, ਮੋਗਾ ਨਗਰ ਨਿਗਮ ਦੀ ਵਾਰਡ ਨੰਬਰ 20, ਨਗਰ ਕੌਂਸਲ ਉੜਮੁੜ ਟਾਂਡਾ ਦੀ ਵਾਰਡ ਨੰਬਰ 4, ਨਗਰ ਕੌਂਸਲ ਸੰਗਰੂਰ ਦੀ ਵਾਰਡ ਨੰਬਰ 23, ਨਗਰ ਕੌਂਸਲ ਧੂਰੀ ਦੀ ਵਾਰਡ 6 ‘ਤੇ ਹੋਣਗੀਆਂ।
ਇਸ ਦੇ ਨਾਲ ਹੀ ਨਗਰ ਕੌਂਸਲ ਮਲੇਰਕੋਟਲਾ ਦੇ ਵਾਰਡ ਨੰਬਰ 29, ਨਗਰ ਕੌਂਸਲ ਧਾਰੀਵਾਲ ਦੇ ਵਾਰਡ ਨੰਬਰ 2, ਨਗਰ ਕੌਂਸਲ ਦੋਰਾਹਾ ਦੇ ਵਾਰਡ ਨੰਬਰ 4, ਨਗਰ ਕੌਂਸਲ ਬੁਡਲਾਢਾ ਦੇ ਵਾਰਡ ਨੰਬਰ 18, ਨਗਰ ਕੌਂਸਲ ਢਿਲਵਾਂ ਦੀ ਵਾਰਡ 2 ਤੇ 11, ਨਗਰ ਕੌਂਸਲ ਫਿਰੋਜ਼ਪੁਰ ਦੇ ਵਾਰਡ ਨੰਬਰ 8, ਨਗਰ ਕੌਂਸਲ ਅਬੋਹਰ ਦੇ ਵਾਰਡ ਨੰਬਰ 22 ਤੇ ਲੋਹੀਆਂ ਖਾਸ ਨਗਰ ਪੰਚਾਇਤ ਦੇ ਵਾਰਡ ਨੰਬਰ 6 ਵਿੱਚ ਵੋਟਾਂ ਪੈਣਗੀਆਂ।