ਅੰਮ੍ਰਿਤਸਰ, 17 ਸਤੰਬਰ (ਬੁਲੰਦ ਆਵਾਜ਼):-ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਦੀਆਂ ਟੀਮ ਵੱਲੋਂ ਵੱਖ-ਵੱਖ ਫੂਡ ਬਿਜ਼ਨਸ ਉਪਰੇਟਰਾਂ ਪਾਸੋਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਮਿਲਾਵਟਖੋਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿ ਉਹ ਆਪਣੀਆਂ ਹਰਕਤਾਂ ਤੋਂ ਸੁਧਰ ਜਾਣ ਨਹੀਂ ਤਾ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਅੰਮ੍ਰਿਤਸਰ ਡਾ: ਕਿਰਨਦੀਪ ਕੌਰ ਨੇ ਦੱਸਿਆ ਕਿ ਤਿਓਹਾਰਾਂ ਦੇ ਮੱਦੇ ਨਜ਼ਰ ਫੂਡ ਸੇਫਟੀ ਟੀਮਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਦੁਕਾਨਾਂ ਦੇ ਸੈਂਪਲ ਵੀ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਲਾਵਟਖੋਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਡੇਅਰੀਆ ਅਤੇ ਦੁਕਾਨਾਂ ਚੈੱਕ ਕੀਤੀਆ ਗਈਆਂ ਅਤੇ ਦੁਕਾਨਦਾਰਾਂ ਨੂੰ ਸਾਫ-ਸੁਥਰੀਆਂ ਅਤੇ ਚੰਗੇ ਮਟੀਰੀਅਲ ਨਾਲ ਤਿਆਰ ਕੀਤੀਆਂ ਗਈਆਂ ਵਸਤੂਆਂ ਵੇਚਣ ਸੰਬੰਧੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸਹਾਇਕ ਫੂਡ ਕਮਿਸ਼ਨਰ ਸ੍ਰੀ ਰਜਿੰਦਰਪਾਲ ਨੇ ਦੱਸਿਆ ਕਿ ਸਾਰੇ ਫੂਡ ਬਿਜ਼ਨਸ ਉਪਰੇਟਰਾਂ ਨੂੰ ਲਾਈਸੰਸ/ਰਜ਼ਿਸਟ੍ਰੇਸ਼ਨ ਲੈਣ ਸੰਬੰਧੀ ਕਿਹਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਮਾਤਾਵਾਂ ਨੂੰ ਐਨਰਜੀ ਡ੍ਰਰਿੰਕ ਨਾ ਵੇਚਣ ਦੀ ਸਖਤ ਹਦਾਇਤ ਕੀਤੀ ਨਾਲ ਹੀ ਸਥਾਨਕ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਕਿ ਕੋਈ ਵੀ ਸਾਮਾਨ ਖ਼ਰੀਦਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਤੇ ਵਾਰਨਿੰਗ ਚੰਗੀ ਤਰ੍ਹਾਂ ਪੜ੍ਹ ਲਈ ਜਾਵੇ ਤਾਂ ਜੋ ਕਿਸੇ ਖਾਸ ਉਮਰ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆਂ ਕਿ 18 ਸਾਲ ਤੋਂ ਘੱਟ ਉਮਰ ਅਤੇ ਗਰਭਵਤੀ ਔਰਤਾਂ ‘ਤੇ ਐਨਰਜੀ ਡ੍ਰਰਿੰਕਸ ਪੀਣ ਕਾਰਨ ਹੋਣ ਵਾਲੇ ਨੁਕਸਾਨ ਸਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਮੇਂ-ਸਮੇਂ ਤੇ ਹੋਣ ਵਾਲੀ ਸੇਫ਼ ਫੂਡ ਐਂਡ ਹੈਲਦੀ ਡਾਇਟ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਵੀ ਇਸ ਮੁੱਦੇ ਤੇ ਸਭ ਨੂੰ ਜਾਗਰੂਕ ਕੀਤਾ ਜਾ ਚੁੱਕਾ ਹੈ ਅਤੇ ਸਕੂਲਾਂ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਸਕੂਲਾਂ ਵਿੱਚ ਵੀ ਇੰਨ੍ਹਾਂ ਐਨਰਜੀ ਡ੍ਰਰਿੰਕਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਬੱਚਿਆਂ ਨੂੰ ਵਾਰ-ਵਾਰ ਜਾਗਰੂਕ ਕਰਵਾਉਂਦੇ ਰਹਿਣ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਵੀ ਫੂਡ ਬਿਜ਼ਨੇਸ ਉਪਰੇਟਰਾਂ ਦੇ ਜਾਗਰੂਕ ਕੈੱਪ ਲਗਾਏ ਜਾ ਚੁੱਕੇ ਹਨ।