More

  ਜਥੇਦਾਰ ਹਰਪ੍ਰੀਤ ਸਿੰਘ ਪਹਿਲੇ ਜਥੇਦਾਰਾਂ ਤੋਂ ਵਖਰੇ ਰਾਹਾਂ ਤੇ : ਕਰਮਜੀਤ ਸਿੰਘ

  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਇਤਿਹਾਸਕ ਤੇ ਸਤਿਕਾਰਤ ਸੰਸਥਾ ਅੱਜ ਕੱਲ੍ਹ ਆਪਣੇ ਆਪ ਨੂੰ ਸੁਤੰਤਰ ਤੌਰ ਤੇ ਸਥਾਪਤ ਕਰਨ ਦੇ ਯਤਨ ਕਰ ਰਹੀ ਹੈ। ਇਸ ਦਿਸ਼ਾ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦਾ ਰੋਲ ਤੇ ਸੁਚੇਤ ਯਤਨ ਮਹੱਤਵਪੂਰਨ ਹਨ ਜੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਇੱਕ ਬਣਦਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਗੱਲ ਵੀ ਧਿਆਨ ਨਾਲ ਸੁਣ ਰਹੇ ਹਨ ਜੋ ਇੱਕ ਜਾਂ ਦੂਜੇ ਕਾਰਨਾਂ ਕਰਕੇ ਲਗਾਤਾਰ ਇਹ ਮਹਿਸੂਸ ਕਰਦੀਆਂ ਆ ਰਹੀਆਂ ਹਨ ਕਿ ਜਥੇਦਾਰ ਦੀ ਮਹਾਨ ਸੰਸਥਾ ਸਮੁੱਚੇ ਪੰਥ ਨੂੰ ਸਮਰਪਿਤ ਹੋਣ ਦੀ ਥਾਂ ਇੱਕ ਵਿਸ਼ੇਸ਼ ਧਿਰ ਦੀਆਂ ਇੱਛਾਵਾਂ ਤੇ ਨੀਤੀਆਂ ਮੁਤਾਬਕ ਹੀ ਚੱਲ ਰਹੀ ਹੈ। ਦਿਲਚਸਪ ਹਕੀਕਤ ਇਹ ਹੈ ਕਿ ਇਸ ਨਵੀਂ ਤਬਦੀਲੀ ਪਿੱਛੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਖਾਮੋਸ਼ ਹਮਾਇਤ ਵੀ ਹਾਸਲ ਹੈ। ਕਾਰਨ? ਸਮੁੱਚੇ ਪੰਥ ਅੰਦਰ ਬਦਲ ਰਹੀਆਂ ਹਾਲਤਾਂ ਵੀ ਇਕ ਕਾਰਨ ਹੈ ਅਤੇ ਮਜਬੂਰੀਆਂ ਵੀ ਇਕ ਹਕੀਕਤ ਹੈ ।

  ਜਥੇਦਾਰ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਵਿੱਚ ਧਾਰਾ ਤਿੰਨ ਸੌ ਸੱਤਰ ਖ਼ਤਮ ਹੋਣ ਪਿੱਛੋਂ ਕਸ਼ਮੀਰ ਦੀ ਹਾਲਤ ਬਾਰੇ ਅਤੇ ਕਸ਼ਮੀਰ ਦੇ ਲੋਕਾਂ ਦੇ ਦੁੱਖਾਂ ਦਰਦਾਂ ਨਾਲ ਸਾਂਝ ਪ੍ਰਗਟ ਕਰਨ ਬਾਰੇ ਜੋ ਬਿਆਨ ਜਾਰੀ ਕੀਤਾ, ਉਹ ਅਕਾਲੀ ਦਲ ਦੀਆਂ ਨੀਤੀਆਂ ਤੇ ਪੁਜ਼ੀਸ਼ਨਾਂ ਤੋਂ ਬਿਲਕੁਲ ਵੱਖਰਾ ਸੀ ਅਤੇ ਹੈਰਾਨ ਕਰਨ ਵਾਲਾ ਸੀ। ਇਸ ਅਹਿਮ ਤੇ ਭਖਦੇ ਮੁੱਦੇ ਉੱਤੇ ਭਾਵੇਂ ਅਕਾਲੀ ਦਲ ਨੇ ਇੱਕ ਤਰ੍ਹਾਂ ਨਾਲ ਪਾਰਟੀ ਦੀਆਂ ਇਤਿਹਾਸਕ ਤੇ ਸੁਤੰਤਰ ਰਵਾਇਤਾਂ ਤੋਂ ਉਲਟ ਜਾ ਕੇ ਭਾਜਪਾ ਦੀ ਪੁਜ਼ੀਸ਼ਨ ਦੀ ਹੀ ਪੁਸ਼ਟੀ ਕੀਤੀ, ਪਰ ਜਥੇਦਾਰ ਨੇ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਕਿ ਮਾਨਵ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਕਾਲ ਤਖਤ ਆਪਣੀਆਂ ਇਤਿਹਾਸਿਕ ਰਵਾਇਤਾਂ ਦੀ ਪਾਲਣਾ ਜ਼ਰੂਰ ਕਰੇਗਾ। ਅਕਾਲ ਤਖ਼ਤ ਨੇ ਰਾਸ਼ਟਰੀ ਸਵਮ ਸੇਵਕ ਵੱਲੋਂ ਸਮੇਂ ਸਮੇਂ ਸਿੱਖ ਪੰਥ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣ ਦੀ ਪਹੁੰਚ, ਨੀਤੀ ਤੇ ਰਵੱਈਏ ਦਾ ਵੀ ਸਖ਼ਤ ਨੋਟਿਸ ਲਿਆ ਅਤੇ ਇਥੋਂ ਤੱਕ ਆਖ ਦਿੱਤਾ ਕਿ ਆਰਐਸਐਸ ਆਪਣੀ ਇਸ ਪਹੁੰਚ ਨਾਲ ਦੇਸ਼ ਨੂੰ ਜੋੜਨ ਦੀ ਥਾਂ ਤੋੜਨ ਵੱਲ ਵੱਧ ਰਹੀ ਹੈ ।ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨੇ ਕਸ਼ਮੀਰ ਵਿੱਚ ਧਾਰਾ ਖ਼ਤਮ ਹੋਣ ਦੀ ਘਟਨਾ ਨੂੰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਨ ਦੀ ਖੁੱਲ੍ਹ ਨਾਲ ਜੋੜਿਆ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਚਿਤਾਵਨੀ ਤੱਕ ਦੇ ਦਿੱਤੀ ਕਿ ਕਸ਼ਮੀਰੀ ਬੀਬੀਆਂ ਵਲ ਕਿਸੇ ਨੂੰ ਅੱਖ ਨਹੀਂ ਪੁਟਣ ਦੇਵਾਂਗੇ ਅਤੇ ਸਿੱਖ ਆਪਣੀਆਂ ਰਵਾਇਤਾਂ ਮੁਤਾਬਕ ਇਸ ਮੁੱਦੇ ਤੇ ਬੀਬੀਆਂ ਦੀ ਰਾਖੀ ਲਈ ਆਪਣੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣਗੇ। ਪੰਜਾਬੀ ਬੋਲੀ ਦੀ ਅਹਿਮੀਅਤ ਅਤੇ ਇਸ ਨੂੰ ਹਰ ਸ਼ੋਹਬੇ ਵਿੱਚ ਲਾਗੂ ਕਰਨ ਦੇ ਸਵਾਲ ਨੂੰ ਲੈ ਕੇ ਉਹ ਇੱਥੋਂ ਤੱਕ ਗੰਭੀਰ ਹੋ ਗਏ ਕਿ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਆਪਣੇ ਵਿਸ਼ੇਸ਼ ਸੰਦੇਸ਼ ਵਿੱਚ ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹਰ ਘਰ ਪੰਜਾਬੀ ਨੂੰ ਆਪਣੀ ਟਕਸਾਲ ਬਣਾਏ ,ਜਦਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਸੱਤਾ ਉੱਤੇ ਰਹਿੰਦਿਆਂ ਖੁੱਲ੍ਹ ਕੇ ਇਹੋ ਜਿਹੇ ਮੁੱਦਿਆਂ ਤੇ ਵਿਚਾਰ ਪ੍ਰਗਟ ਕਰਨ ਦੀ ਥਾਂ ਅਕਸਰ ਚੁੱਪ ਦੀ ਰਣਨੀਤੀ ਹੀ ਅਪਣਾਈ ਤਾਂ ਜੋ ਸਮਾਂ ਆਉਣ ਤੇ ਕਿਸੇ ਦੂਜੀ ਧਿਰ ਦਾ ਵੋਟ ਬੈਂਕ ਕਿਤੇ ਖੁੱਸ ਨਾ ਜਾਏ।
  ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਮੇਂ ਸਮੇਂ ਅਤੇ ਉਤੋੜਿਤੀ ਆਏ ਕੁਝ ਬਿਆਨਾਂ ਦਾ ਗੰਭੀਰ ਵਿਸ਼ਲੇਸ਼ਣ ਇਸ ਗੱਲ ਦਾ ਇਸ਼ਾਰਾ ਹੈ ਕਿ ਉਹ ਸਿੱਖ ਪੰਥ ਦੀਆਂ ਰਾਜਸੀ ਪਾਰਟੀਆਂ ਤੇ ਜਥੇਬੰਦੀਆਂ ਨਾਲ ‘ਨਾ ਬਹੁਤ ਹੀ ਨੇੜਤਾ’, ਅਤੇ ‘ਨਾ ਬਹੁਤੀ ਦੂਰੀ’ ਦੀ ਰਣਨੀਤੀ ਉੱਤੇ ਚੱਲਣਾ ਚਾਹੁੰਦੇ ਹਨ ।ਧੜੇਬੰਦੀਆਂ ਵਿੱਚ ਬੁਰੀ ਤਰ੍ਹਾਂ ਉਲਝੇ ਖਾਲਸਾ ਪੰਥ ਦੀ ਅਜੋਕੀ ਹਾਲਤ ਨੂੰ ਵੇਖਦਿਆਂ ਉਹ ਇਸ ਨਾਜ਼ੁਕ ਸੰਤੁਲਨ ਨੂੰ ਜੇ ਲੰਮੇ ਅਰਸੇ ਤੱਕ ਕਾਇਮ ਰੱਖਦੇ ਹਨ ਤਾਂ ਇਸ ਨਾਲ ਨਾ ਕੇਵਲ ਜਥੇਦਾਰ ਦੀ ਆਜ਼ਾਦ ਹਸਤੀ ਤੇ ਹੈਸੀਅਤ ਸਥਾਪਿਤ ਹੋਵੇਗੀ, ਸਗੋਂ ਜਥੇਦਾਰ ਦੀ ਨਿਰਪੱਖ ਅਤੇ ਸੁਹਿਰਦ ਨੀਤੀ ਕਿਸੇ ਵੀ ਸੰਕਟ ਦੀ ਘੜੀ ਵਿੱਚ ਸੰਵਾਦ ਦੀ ਇੱਕ ਟੁੱਟੀ ਰਵਾਇਤ ਦੀ ਮੁੜ ਬਹਾਲੀ ਦਾ ਰਾਹ ਵੀ ਪੱਧਰਾ ਕਰੇਗੀ ।
  ਪਿਛਲੇ ਲੰਮੇ ਅਰਸੇ ਤੋਂ ਅਤੇ ਵਿਸ਼ੇਸ਼ ਕਰ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਹੋਏ ਕਾਤਲਾਨਾ ਹਮਲੇ ਪਿੱਛੋਂ ਸਿੱਖ ਜਥੇਬੰਦੀਆਂ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਟਕਰਾਅ ਦੀ ਹਾਲਤ ਖਤਰਨਾਕ ਸਥਿਤੀ ਅਖਤਿਆਰ ਕਰ ਰਹੀ ਹੈ। ਜਥੇਦਾਰ ਸਾਹਿਬ ਇਸ ਟਕਰਾਅ ਨੂੰ ਖਤਮ ਕਰਨ ਲਈ ਬਹੁਤ ਸੰਜਮ ,ਸਿਆਣਪ ਤੇ ਨਿਰਪੱਖ ਹੋ ਕੇ ਚੱਲ ਰਹੇ ਹਨ। ਸਿੱਖ ਪੰਥ ਵਿੱਚ ਇਸ ਸਮੇਂ ਮੋਟੇ ਤੌਰ ਤੇ ਦੋ ਧਾਰਾਵਾਂ- ਡੇਰਾ ਕਲਚਰ ਤੇ ਮਿਸ਼ਨਰੀ ਕਲਚਰ ਆਹਮੋ ਸਾਹਮਣੇ ਹੋ ਗਏ ਹਨ ।ਸਿੱਖ ਧਰਮ ਨਾਲ ਜੁੜੇ ਰਾਜਨੀਤਕ ਹਲਕਿਆਂ ਦਾ ਕਹਿਣਾ ਹੈ ਕਿ ਇੱਕ ਧਿਰ ਜਦੋਂ ਸਿਧਾਂਤਕ ਮਸਲਿਆਂ ਦੀ ਵਿਆਖਿਆ ਕਰਦੀ ਹੈ ਤਾਂ ਉਹ ਵਿਆਖਿਆ ਵਿਗਿਆਨਕ ਤਰਕ ਦੇ ਨੇੜੇ ਚਲੇ ਜਾਂਦੀ ਹੈ ਜਦਕਿ ਦੂਜੀ ਧਿਰ ਸ਼ਰਧਾ ਅਤੇ ਵਿਸ਼ਵਾਸ ਨੂੰ ਸਿੱਖੀ ਦੀ ਵਿਆਖਿਆ ਦਾ ਆਧਾਰ ਬਣਾਉਂਦੀ ਹੈ ।ਸੋਸ਼ਲ ਮੀਡੀਆ ਤੇ ਇਹ ਬਹਿਸ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈਂ। ਇਸ ਸਬੰਧ ਵਿੱਚ ਸਿੱਖ ਦਾਨਿਸ਼ਵਰ ਵੀ ਕੋਈ ਬਣਦਾ ਰੋਲ ਨਹੀਂ ਨਿਭਾ ਰਹੇ ਸਗੋਂ ਕਈ ਵਾਰ ਤਾਂ ਇਉਂ ਵੀ ਲੱਗਦਾ ਹੈ ਕਿ ਉਹ ਕਈ ਸਿਧਾਂਤਕ ਮੁੱਦਿਆਂ ਤੇ ਖੁਦ ਵੀ ਵੰਡੇ ਹੋਏ ਹਨ। ਇਸੇ ਤਰ੍ਹਾਂ ਸਿੱਖ ਇਤਿਹਾਸ ਤੇ ਸਿੱਖ ਧਰਮ ਨਾਲ ਜੁੜੀਆਂ ਪੁਸਤਕਾਂ ਤੇ ਪੁਰਾਤਨ ਸਰੋਤਾਂ ਦੀ ਵਿਆਖਿਆ ਬਾਰੇ ਵੀ ਵੱਖ ਵੱਖ ਧਿਰਾਂ ਦੀ ਸਮਝ ਅਤੇ ਪਹੁੰਚ ਇੱਕ ਦੂਜੇ ਨਾਲ ਟਕਰਾਉਂਦੀ ਹੈ ।ਹਾਲ ਵਿੱਚ ਹੀ ਭਾਈ ਸੰਤੋਖ ਸਿੰਘ ਦੀ ਚਰਚਿਤ ਕ੍ਰਿਤ ਸੂਰਜ ਪ੍ਰਕਾਸ਼ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ।
  ਸਿੱਖ ਪ੍ਰਚਾਰਕਾਂ ਵਿੱਚ ਵੀ ਕਈ ਮੁੱਦਿਆਂ ਤੇ ਗੰਭੀਰ ਸਹਿਮਤੀ ਨਹੀਂ ਹੁੰਦੀ ਅਤੇ ਜਿਹੜੇ ਵਿਵਾਦਗ੍ਰਸਤ ਮਸਲਿਆਂ ਦਾ ਅੰਦਰ ਬੈਠ ਕੇ ਹੱਲ ਲੱਭਣਾ ਚਾਹੀਦਾ ਹੈ, ਉਹ ਸਟੇਜ ਤੇ ਖੁੱਲ੍ਹੇਆਮ ਅਤੇ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਪ੍ਰਚਾਰੇ ਜਾ ਰਹੇ ਹਨ ।ਇਸ ਨਾਲ ਸੰਗਤਾਂ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਖੜ੍ਹੇ ਹੋ ਗਏ ਹਨ।

  ਉਪਰੋਕਤ ਹਾਲਤਾਂ ਦੀ ਰੌਸ਼ਨੀ ਵਿੱਚ ਅਕਾਲ ਤਖਤ ਦਾ ਰੋਲ ਤੇ ਪ੍ਰਭਾਵ ਬਹੁਤ ਹੀ ਮਹੱਤਵਪੂਰਨ ਹੋ ਗਿਆ ਹੈ ਅਤੇ ਜਥੇਦਾਰ ਹਰਪ੍ਰੀਤ ਸਿੰਘ ਹਰ ਖੇਤਰ ਦੇ ਧਾਰਮਿਕ ਤੇ ਰਾਜਨੀਤਕ ਵਿਦਵਾਨਾਂ ਦੀ ਸਲਾਹ ਤੇ ਸੁਝਾਅ ਵੀ ਮੰਗ ਰਹੇ ਹਨ ਤਾਂ ਜੋ ਸਭ ਧਿਰਾਂ ਦੀ ਸਰਬ ਸਹਿਮਤੀ ਨਾਲ ਕਿਸੇ ਫ਼ੈਸਲੇ ਉੱਤੇ ਪਹੁੰਚਿਆ ਜਾਵੇ। ਉਨ੍ਹਾਂ ਦੀ ਧਾਰਨਾ ਹੈ ਕਿ ਗੰਭੀਰ ਮੁੱਦਿਆਂ ਦੀ ਵਿਆਖਿਆ ‘ਸਿੱਖ ਵਿਵੇਕ’ ਦੇ ਨਿਯਮ ਉੱਤੇ ਆਧਾਰਤ ਹੋਣੀ ਚਾਹੀਦੀ ਹੈ ਜਿਸ ਵਿੱਚ ਦਲੀਲ ਤੇ ਸ਼ਰਧਾ ਦਾ ਉੱਚ ਕੋਟੀ ਦਾ ਮਿਲਾਪ ਹੋਵੇ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਕਈ ਇਤਿਹਾਸਕ ਸਰੋਤ ਅਜਿਹੇ ਹਨ ਜਿਨ੍ਹਾਂ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਹਨ ਜੋ ਸਿੱਖ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ, ਪਰ ਹੋਰ ਬਹੁਤ ਸਾਰੇ ਪੱਖਾਂ ਤੋਂ ਉਨ੍ਹਾਂ ਪੁਸਤਕਾਂ ਤੇ ਸਰੋਤਾਂ ਦੀ ਇਤਿਹਾਸਕ ਅਤੇ ਸਿਧਾਂਤਕ ਅਹਿਮੀਅਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ।ਸਾਨੂੰ ਕਿਸੇ ਵੀ ਦਸਤਾਵੇਜ਼ ਜਾਂ ਪੁਸਤਕ ਨੂੰ ਉਸ ਦੇ ਸਮੁੱਚ ਵਿੱਚ ਰੱਖ ਕੇ ਹੀ ਪਰਖਣਾ ਚਾਹੀਦਾ ਹੈ ਅਤੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਜਾਂ ਜਨਤਕ ਟਿੱਪਣੀਆਂ ਕਰਨ ਤੋਂ ਹਰ ਹਾਲਤ ਵਿੱਚ ਗੁਰੇਜ਼ ਕਰਨਾ ਚਾਹੀਦਾ ਹੈ।
  ਪੰਥ ਦੀ ਅਜੋਕੀ ਹਾਲਤ ਨੂੰ ਵੇਖਦਿਆਂ ਉਹ ਮਾਰਚ ਦੇ ਮਹੀਨੇ ਹੋਲੇ ਮਹੱਲੇ ਦੇ ਮੌਕੇ ਤੇ ਇੱਕ ਵੱਡਾ ਸਮਾਗਮ ਕਰ ਰਹੇ ਹਨ, ਜਿਸ ਵਿੱਚ ਸ਼੍ਰੋਮਣੀ ਕਮੇਟੀ ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਕਮੇਟੀਆਂ ਦੇ ਤਮਾਮ ਮੈਂਬਰ ਸ਼ਾਮਲ ਹੋਣਗੇ। ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਹਰ ਮੈਂਬਰ ਨੂੰ ਖੁੱਲ੍ਹ ਕੇ ਬੋਲਣ ਦਾ ਨਾ ਕੇਵਲ ਮੌਕਾ ਦਿੱਤਾ ਜਾਵੇਗਾ ਸਗੋਂ ਭਵਿੱਖ ਦਾ ਕੋਈ ਏਜੰਡਾ ਤਿਆਰ ਕਰਨ ਲਈ ਬਹਿਸ ਨੂੰ ਬਾਕਾਇਦਾ ਰਿਕਾਰਡ ਵੀ ਕੀਤਾ ਜਾਵੇਗਾ ।ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਮਹਾਨ ਸੰਸਥਾ ਦੇ ਪ੍ਰਸਾਰ ਅਤੇ ਪ੍ਰਭਾਵ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਇੱਕ ਵਿਸ਼ੇਸ਼ ਸਕੱਤਰੇਤ ਕਾਇਮ ਕਰਨ ਦਾ ਵੀ ਮਨ ਬਣਾ ਲਿਆ ਹੈ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਛੇਤੀ ਹੀ ਸਥਾਪਤ ਕੀਤਾ ਜਾਵੇਗਾ ।ਇਸ ਸਬੰਧ ਵਿੱਚ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ,ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਆਗੂਆਂ ਨਾਲ ਵਿਚਾਰ ਵੀ ਕਰਨ ਦਾ ਇਰਾਦਾ ਰੱਖ ਰੱਖਦੇ ਹਨ। ਇੰਜ ਅਕਾਲ ਤਖਤ ਗੁਰਬਾਣੀ, ਗੁਰਇਤਿਹਾਸ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਸਰਬੱਤ ਦੇ ਭਲੇ ਦੇ ਸਿਧਾਂਤ ਉੱਤੇ ਚੱਲ ਕੇ ਖਾਲਸਾ ਪੰਥ ਅਤੇ ਸਮੁੱਚੀ ਮਾਨਵਤਾ ਲਈ ਰਾਹ ਦਸੇਰਾ ਬਣਨ ਲਈ ਸਰਗਰਮ ਹੋ ਰਿਹਾ ਜਾਪਦਾ ਹੈ।

  ਕਰਮਜੀਤ ਸਿੰਘ   

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img