10 ਦਸੰਬਰ ਤੱਕ ਸਮੂਹ ਕੰਮਾਂ ਦੇ ਭੇਜੇ ਜਾਣ ਵਰਤੋਂ ਸਰਟੀਫਿਕੇਟ
ਅੰਮ੍ਰਿਤਸਰ, 11 ਨਵੰਬਰ (ਗਗਨ) ਜਿਲੇ੍ਹ ਦੇ 9 ਬਲਾਕਾਂ ਵਿੱਚ ਤੇਜੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ ਅਤੇ 14ਵੇਂ ਵਿੱਤ ਕਮਿਸ਼ਨ ਵੱਲੋਂ ਪ੍ਰਾਪਤ ਹੋਈ ਲੱਗਭੱਗ ਸਾਰੀ ਰਾਸ਼ੀ ਖਰਚ ਕਰ ਲਈ ਗਈ ਹੈ ਤੇ 15ਵੇਂ ਵਿੱਤ ਕਮਿਸ਼ਨ ਦੇ ਪ੍ਰਾਪਤ ਹੋਏ ਫੰਡਾਂ ਵਿੱਚੋਂ 60 ਫੀਸਦੀ ਰਕਮ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ ਨੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨਾਲ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਜਿਲੇ੍ਹ ਨੂੰ 113.42 ਲੱਖ ਰੁਪਏ ਪ੍ਰਾਪਤ ਹੋਏ ਹਨ ਚੋਂ 13 ਕਰੋੜ ਰੁਪਏ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ 4.36 ਲੱਖ ਰੁਪਏ ਵੈਟਰਨਰੀ ਹਸਪਤਾਲ ਅਤੇ 10.50 ਲੱਖ ਰੁਪਏ ਕੱਚੇ ਘਰਾਂ ਨੂੰ ਪ੍ਰਾਪਤ ਹੋਏ ਹਨ। ਸ੍ਰ ਲੱਕੀ ਨੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਅਧੀਨ 2 ਤਰ੍ਹਾਂ ਦੇ ਫੰਡ ਪਾ੍ਰਪਤ ਹੁੰਦੇ ਹਨ ਜਿੰਨਾਂ ਵਿੱਚ ਟਾਈਟ ਅਤੇ ਅਨਟਾਈਡ ਫੰਡ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਟਾਈਡ ਫੰਡ ਪਾਣੀ ਅਤੇ ਸੈਨੀਟੇਸ਼ਨ ਲਈ ਅਤੇ ਇਸ ਤੋਂ ਇਲਾਵਾ ਅਨਟਾਈਡ ਫੰੰਡ ਹੋਰ ਵਿਕਾਸ ਕਾਰਜਾਂ ਲਈ ਵਰਤੇ ਜਾਂਦੇ ਹਨ।
ਚੇਅਰਮੈਨ ਨੇ ਦੱਸਿਆ ਕਿ ਐ:ਪੀ:ਲੈਂਡ ਅਧੀਨ 5 ਕਰੋੜ 78 ਲੱਖ ਰੁਪਏ ਦੇ ਫੰਡ ਪ੍ਰਾਪਤ ਹੋਏ ਹਨ ਜਿੰਨਾਂ ਨੂੰ ਜਿਲੇ੍ਹ ਦੇ 9 ਬਲਾਕਾਂ ਵਿੱਚ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾ ਰਿਹਾ ਹੈ ਅਤੇ 60 ਫੀਸਦੀ ਤੋਂ ਵੱਧ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਚੇਅਰਮੈਨ ਨੇ ਬਲਾਕ ਵਿਕਾਸ ਅਫਸਰਾਂ ਨੂੰ ਹਦਾਇਤ ਕੀਤੀ ਕਿ 10 ਦਸੰਬਰ 2021 ਤੱਕ ਸਾਰੇ ਵਿਕਾਸ ਕਾਰਜ ਮੁਕੰਮਲ ਕਰਨ ਉਪਰੰਤ ਵਰਤੋਂ ਸਰਟੀਫਿਕੇਟ ਭੇਜੇ ਜਾਣ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਸਮਾਜਿਕ ਅਤੇ ਆਰਥਿਕ ਪੱਖੋਂ ਸਮੀਖਿਆ ਬਹੁਤ ਜਰੂਰੀ ਹੈ ਕਿਉਂਕਿ ਇਸ ਦੇ ਸਨਮੁਖ ਹੀ ਪਿੰਡ ਪੱਧਰ ਤੇ ਯੋਜਨਾ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਸਮੂਹ ਅਫਸਰਾਂ ਨੂੰ ਹਦਾਇਤ ਕੀਤੀ ਕਿ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਜੇਕਰ ਕੋਈ ਵੀ ਰੁਕਾਵਟ ਪੇਸ਼ ਆਉਂਦੀ ਹੈ ਤਾਂ ਧਿਆਨ ਵਿੱਚ ਲਿਆਂਦਾ ਜਾਵੇ ਤੇ ਸਾਰੇ ਕੰਮਾਂ ਦੀ ਮੁਕੰਮਲ ਰਿਪੋਰਟ ਤਿਆਰ ਕੀਤੀ ਜਾਵੇ।
ਮੀਟਿੰਗ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ ਨੇ ਦੱਸਿਆ ਕਿ ਐਮ:ਪੀ:ਲੈਂਡ ਸਕੀਮ ਅਧੀਨ ਉਨ੍ਹਾਂ ਨੂੰ 34.20 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਜਿਸ ਵਿੱਚੋਂ 25.30 ਲੱਖ ਰੁਪਏ ਦੇ ਕੰੰਮ ਮੁਕੰਮਲ ਕਰ ਲਏ ਗਏ ਹਨ। ਇਸੇ ਤਰ੍ਹਾਂ ਬਲਾਕ ਵਿਕਾਸ ਅਫਸਰ ਮਜੀਠਾ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਅਧੀਨ 20 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ ਜਿਸ ਵਿੱਚੋਂ 18 ਕਰੋੜ ਰੁਪਏ ਖਰਚੇ ਕੀਤੇ ਗਏ ਹਨ। ਇਸੇ ਤਰ੍ਹਾਂ ਜੰਡਿਆਲਾ ਗੁਰੂ ਵੱਲੋਂ 17 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 12 ਕਰੋੜ ਰੁਪਏ ਖਰਚ ਕੇ ਵਿਕਾਸ ਕੰਮ ਕੀਤੇ ਹਨ। ਮੀਟਿੰਗ ਦੌਰਾਨ ਬਲਾਕ ਵਿਕਾਸ ਅਫਸਰ ਤਰਸਿੱਕਾ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਅਧੀਨ ਪ੍ਰਾਪਤ 23 ਕਰੋੜ ਰੁਪਏ ਦੀ ਰਾਸ਼ੀ ਵਿੱਚ 14 ਕਰੋੜ ਰੁਪਏ ਦੇ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਅਜਨਾਲਾ ਵੱਲੋਂ 4.08 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 3.75 ਕਰੋੜ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾ ਚੁੱਕੀ ਹੈ ਅਤੇ ਐਮ:ਪੀ: ਲੈਂਡ ਸਕੀਮ ਅਧੀਨ ਪ੍ਰਾਪਤ 13.90 ਲੱਖ ਰੁਪਏ ਦੀ ਰਾਸ਼ੀ ਵਿੱਚੋਂ 8 ਲੱਖ ਰੁਪਏ ਦੀ ਰਾਸ਼ੀ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾ ਚੁੱਕੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਨੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵੱਖ ਵੱਖ ਸਕੀਮਾਂ ਅਧੀਨ ਜਿੰਨੀ ਵੀ ਰਾਸ਼ੀ ਪ੍ਰਾਪਤ ਹੋਈ ਹੈ ਉਹ ਤੁਰੰਤ ਵਿਕਾਸ ਕਾਰਜਾਂ ਤੇ ਖਰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿੱਚ ਸ੍ਰੀ ਗੁਰਦਰਸ਼ਨ ਲਾਲ ਉਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ, ਸ੍ਰ ਬਿਕਰਮਜੀਤ ਸਿੰਘ, ਸ੍ਰ ਦਿਲਬਾਗ ਸਿੰਘ, ਸ੍ਰ ਸਰਬਜੀਤ ਸਿੰਘ, ਸ੍ਰ ਅਮਨਦੀਪ ਸਿੰਘ, ਸ੍ਰ ਮਲਕੀਤ ਸਿੰਘ, ਸ੍ਰ ਸਿਤਾਰਾ ਸਿੰਘ, ਸ੍ਰ ਸ਼ਮਸ਼ੇਰ ਸਿੰਘ ਕ੍ਰਮਵਾਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ, ਅਟਾਰੀ, ਹਰਸ਼ਾ ਛੀਨਾ, ਮਜੀਠਾ, ਰਈਆ, ਤਰਸਿੱਕਾ ਅਤੇ ਅਜਨਾਲਾ, ਸ੍ਰੀ ਅਸੋਕ ਕੁਮਾਰ ਐਸ:ਈ:ਪੀ:ਓ, ਸ੍ਰ ਮੇਜਰ ਸਿੰਘ ਸੁਪਰਡੰਟ ਦਫਤਰ ਜੰਡਿਆਲਾ ਗੁਰੂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।