More

    ਹਿੰਦੂਤਵ ਫਾਸ਼ੀਵਾਦ ਦੇ ਹਮਲੇ ਨੂੰ ਰੋਕਣ ਲਈ ਵਿਸ਼ਾਲ ਜਮਹੂਰੀ ਵਿਰੋਧ ਉਸਾਰਨ ਦਾ ਸੱਦਾ।

    (ਬਠਿੰਡਾ) ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਏ.ਕੇ.ਮਲੇਰੀ,ਮੀਤ ਪ੍ਧਾਨ ਪਿ੍ੰ ਬੱਗਾ ਸਿੰਘ,ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ, ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਹਥਿਆਰਾਂ ਨਾਲ ਲੈਸ ਗੁੰਡਿਆਂ ਵੱਲੋਂ ਜੇ.ਐੱਨ.ਯੂ. ਕੈਂਪਸ ਵਿਚ ਦਾਖ਼ਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਪਰ ਜਾਨਲੇਵਾ ਹਮਲੇ ਕਰਨ ਅਤੇ ਭੰਨਤੋੜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੱਸਿਆ ਕਿ ਇਸ ਹਮਲੇ ਵਿਚ ਜੇ.ਐੱਨ.ਯੂ. ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼, ਪ੍ਰੋਫੈਸਰ ਸੁਚਿਤਿਰਾ ਸੇਨ ਸਮੇਤ 30 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਵਿਦਿਆਰਥਣਾਂ ਤੇ ਅਧਿਆਪਕਾਂ ਉੱਪਰ ਬੇਕਿਰਕੀ ਨਾਲ ਕੀਤੇ ਇਸ ਹਮਲੇ ਨੇ ਇਸ ਸਮੁੱਚੇ ਲਾਣੇ ਦਾ ਅਣਮਨੁੱਖੀ ਤੇ ਵਹਿਸ਼ੀ ਚਿਹਰਾ ਦੁਨੀਆ ਨੂੰ ਦਿਖਾ ਦਿੱਤਾ ਹੈ।

    ਇਸ ਘਟਨਾਕ੍ਰਮ ਦੀ ਕਵਰੇਜ਼ ਕਰਨ ਗਏ ਪੱਤਰਕਾਰਾਂ ਉੱਪਰ ਨਕਸਲੀ ਕਹਿ ਕੇ ਹਮਲਾ ਕੀਤਾ ਗਿਆ ਅਤੇ ਹੁਣ ਆਰ.ਐੱਸ.ਐੱਸ. ਦੇ ਲੋਕ ਸੋਸ਼ਲ ਮੀਡੀਆ ਉੱਪਰ ਖ਼ੁਦ ਨੂੰ ਨਕਸਲੀ ਹਮਲੇ ਤੋਂ ਪੀੜਤ ਧਿਰ ਵਜੋਂ ਪੇਸ਼ ਕਰ ਕੇ ਉੱਚ ਪੱਧਰੀ ਸਾਜ਼ਿਸ਼ ਅਤੇ ਪੁਲਿਸ ਦੀ ਮਿਲੀਭੁਗਤ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

    ਸਭਾ ਦੇ ਆਗੂਆਂ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਨਾ ਸਿਰਫ਼ ਮੂਕ ਦਰਸ਼ਕ ਬਣੇ ਰਹਿਣਾ ਸਗੋਂ ਕੈਂਪਸ ਨੂੰ ਚਾਰ-ਚੁਫੇਰਿਓਂ ਘੇਰ ਕੇ ਵਿਦਿਆਰਥੀਆਂ ਦੇ ਬਾਹਰ ਨਿਕਲਣ ਅਤੇ ਬਾਹਰੋਂ ਕਿਸੇ ਵੀ ਤਰ੍ਹਾਂ ਦੀ ਮਦਦ ਨੂੰ ਰੋਕਣ ਲਈ ਨਾਕਾਬੰਦੀ ਕਰਨਾ ਅਤੇ ਵਿਦਿਆਰਥੀਆਂ ਨੂੰ ਹੌਸਲਾ ਦੇਣ ਲਈ ਕੈਂਪਸ ਅਤੇ ਹਸਪਤਾਲਾਂ ਵਿਚ ਜਾਣ ਦੀ ਕੋਸ਼ਿਸ਼ ਕਰਨ ਵਾਲੀਆਂ ਨਾਮਵਰ ਸ਼ਖਸੀਅਤਾਂ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਕਰਨਾ ਇਸ ਦਾ ਸਬੂਤ ਹੈ ਕਿ ਇਹ ਬਾਕਾਇਦਾ ਸਾਜ਼ਿਸ਼ ਸੱਤਾਧਾਰੀ ਧਿਰ ਵੱਲੋਂ ਉੱਚ ਪੱਧਰ ’ਤੇ ਰਚੀ ਗਈ ਹੈ। ਆਰ.ਐੱਸ.ਐੱਸ.-ਭਾਜਪਾ ਤੇ ਏਬੀਵੀਪੀ ਦੇ ਲੱਠਮਾਰਾਂ ਵੱਲੋਂ ਇਹ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਜਿਸ ਦਾ ਮਨੋਰਥ ਕੈਂਪਸ ਦੀਆਂ ਸ਼ਾਨਦਾਰ ਜਮਹੂਰੀ ਰਵਾਇਤਾਂ ਅਤੇ ਕਦਰਾਂ-ਕੀਮਤਾਂ ਨੂੰ ਕੁਚਲਣਾ, ਸਮਾਜਿਕ ਇਨਸਾਫ਼ ਲਈ ਜਮਹੂਰੀ ਆਵਾਜ਼ ਨੂੰ ਦਬਾਉਣਾ ਅਤੇ ਬਰਾਬਰੀ ਅਧਾਰਤ ਸਿੱਖਿਆ ਦੇ ਹੱਕ ਲਈ ਸੰਘਰਸ਼ ਨੂੰ ਤੋੜਣਾ ਹੈ। ਸਿੱਖਿਆ ਦੇ ਵਪਾਰੀਕਰਨ ਅਤੇ ਨਿੱਜੀਕਰਨ ਵਿਰੁੱਧ ਅਡੋਲ ਸੰਘਰਸ਼ ਵਿਚ ਡੱਟੇ ਜੇ.ਐੱਨ.ਯੂ. ਦੇ ਵਿਦਿਆਰਥੀ ਅਤੇ ਅਧਿਆਪਕ ਨਾ ਸਿਰਫ਼ ਭਾਰਤੀ ਰਾਜ ਦੇ ਕਾਰਪੋਰੇਟ ਪੱਖੀ ਹਮਲੇ ਵਿਰੁੱਧ ਚਟਾਨ ਵਾਂਗ ਡੱਟੇ ਹੋਏ ਹਨ, ਦਰਅਸਲ ਉਹ ਘੱਟਗਿਣਤੀਆਂ ਅਤੇ ਹੋਰ ਹਾਸ਼ੀਆਗ੍ਰਸਤ ਹਿੱਸਿਆਂ ਦੇ ਹਿਤਾਂ ਨੂੰ ਆਵਾਜ਼ ਦੇ ਕੇ ਅਤੇ ਉਹਨਾਂ ਦੇ ਹਿਤ ਲਈ ਸੰਘਰਸ਼ ਦੇ ਝੰਡਾਬਰਦਾਰ ਬਣ ਕੇ ਹਿੰਦੂਤਵ ਫਾਸ਼ੀਵਾਦ ਨੂੰ ਤਰਕਪੂਰਨ ਚੁਣੌਤੀ ਦੇ ਰਹੇ ਹਨ। ਜੇ.ਐੱਨ.ਯੂ. ਕੈਂਪਸ ਦੀ ਏਕਤਾ ਅਤੇ ਇਕਜੁੱਟਤਾ ਨੇ ਹਿੰਦੂਤਵ ਸਰਕਾਰ ਦੀਆਂ ਚਾਲਾਂ ਨੂੰ ਕਾਮਯਾਬੀ ਨਾਲ ਪਛਾੜਿਆ ਹੈ ਅਤੇ ਸੰਘ ਵੱਲੋਂ ਕੈਂਪਸ ਉੱਪਰ ਥੋਪੇ ਵੀ.ਸੀ. ਨੂੰ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਵਿਚ ਭਾਰੀ ਮੁਸ਼ਕਲ ਆ ਰਹੀ ਹੈ। ਇਸ ਰੁਕਾਵਟ ਨੂੰ ਦੂਰ ਕਰਨ ਲਈ ਗਿਣੀ-ਮਿੱਥੀ ਯੋਜਨਾ ਤਹਿਤ ਗੁੰਡਾਂ ਗਰੋਹਾਂ ਨੂੰ ਕੈਂਪਸ ਉੱਪਰ ਹਮਲਾ ਕਰਨ ਲਈ ਭੇਜਿਆ ਗਿਆ। ਜਿਹਨਾਂ ਵੱਲੋਂ ਪੂਰੀ ਤਰ੍ਹਾਂ ਬੇਖ਼ੌਫ਼ ਹੋ ਕੇ ਹੋਸਟਲਾਂ ਵਿਚ ਵੜ ਕੇ ਤੋੜ-ਫੋੜ ਕੀਤੀ, ਵਿਦਿਆਰਥੀ ਆਗੂਆਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ ਗਿਆ। ਟੀਚਰਾਂ ਦੇ ਧਰਨੇ ਉੱਪਰ ਹਮਲਾ ਕਰਕੇ ਬਹੁਤ ਸਾਰੇ ਟੀਚਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
    ਉਹਨਾਂ ਅੱਗੇ ਕਿਹਾ ਕਿ ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿਦਿਅਕ ਸੰਸਥਾਵਾਂ ਪਹਿਲਾਂ ਤੋਂ ਹੀ ਹਿੰਦੂਤਵ ਬਰਗੇਡ ਦੇ ਨਿਸ਼ਾਨੇ ’ਤੇ ਹਨ। ਇਸੇ ਤਹਿਤ ਪਿਛਲੇ ਦਿਨੀਂ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੈਂਪਸਾਂ ਉੱਪਰ ਹਮਲੇ ਕੀਤੇ ਗਏ ਅਤੇ ਨਾਲ ਹੀ ਯੂ.ਪੀ. ਤੇ ਹੋਰ ਭਾਜਪਾ ਸ਼ਾਸਤ ਰਾਜਾਂ ਵਿਚ ਪੁਲਿਸ ਤਾਕਤ ਭੇਜ ਕੇ ਘੱਟ ਗਿਣਤੀ ਮੁਸਲਮਾਨਾਂ ਅਤੇ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ। ਰਾਜਕੀ ਦਹਿਸ਼ਤਵਾਦ ਆਪਣੇ ਮਨੋਰਥ ਵਿਚ ਅਸਫ਼ਲ ਰਿਹਾ, ਇਸ ਨੇ ਸਗੋਂ ਸੱਤਾਧਾਰੀ ਧਿਰ ਦੇ ਏਜੰਡੇ ਵਿਰੁੱਧ ਫਿਰਕੂ ਸਦਭਾਵਨਾ ਅਤੇ ਲੋਕ ਏਕਤਾ ਨੂੰ ਹੀ ਮਜ਼ਬੂਤ ਕੀਤਾ ਹੈ। ਤਾਜ਼ਾ ਹਮਲਾ ਇਸੇ ਅਸਫ਼ਲਤਾ ’ਚੋਂ ਪੈਦਾ ਹੋਈ ਬੁਖਲਾਹਟ ਦੀ ਨਿਸ਼ਾਨੀ ਹੈ। ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਵਿਰੁੱਧ ਰੋਸ ਮੁਜ਼ਾਹਰਿਆਂ ਨੂੰ ਦਬਾਉਣ ਵਿਚ ਅਤੇ ਹੁਣ ਜੇ.ਐੱਨ.ਯੂ. ਵਿਚ ਹਿੰਦੂਤਵ ਗੁੰਡਿਆਂ ਨੂੰ ਸੁਰੱਖਿਆ ਦੇਣ ਵਿਚ ਪੁਲਿਸ ਵੱਲੋਂ ਨਿਭਾਈ ਭੂਮਿਕਾ ਦਿਖਾਉਦੀ ਹੈ ਕਿ ਭਾਰਤੀ ਪੁਲਿਸ ਪੂਰੀ ਤਰ੍ਹਾਂ ਰਾਜਨੀਤਕ ਹੱਥ ਠੋਕਾ ਬਣ ਚੁੱਕੀ ਹੈ। ਮੁੱਢਲੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਅਤੇ ਔਰਤਾਂ ਨੂੰ ਸੁਰੱਖਿਆ ਦੇਣ ਵਿਚ ਅਸਫ਼ਲ ਇਸ ਤਾਨਾਸ਼ਾਹ ਸਰਕਾਰ ਦੀ ਪੂਰੀ ਟੇਕ ਆਪਣੀ ਪ੍ਰਸ਼ਾਸਨਿਕ ਨਾਲਾਇਕੀ ਨੂੰ ਛੁਪਾਉਣ ਲਈ ਅੰਧ-ਰਾਸ਼ਟਰਵਾਦ ਉੱਪਰ ਹੈ ਅਤੇ ਇਹ ਅਮਨ-ਕਾਨੂੰਨ ਨੂੰ ਲਾਗੂ ਕਰਵਾਉਣ ਦੀ ਸਭ ਤੋਂ ਮੁੱਢਲੀ ਸੰਵਿਧਾਨਕ ਡਿਊਟੀ ਤੋਂ ਪੂਰੀ ਤਰ੍ਹਾਂ ਮੂੰਹ ਮੋੜਨ ਵਾਲਾ ਨਿਜ਼ਾਮ ਹੈ। ਹੁਣ ਤਾਂ ਸੱਤਾਧਾਰੀ ਭਾਜਪਾ ਦੇ ਗੁੰਡਾ ਗਰੋਹ ਪੁਲੀਸ ਦੀ ਛਤਰਛਾਇਆ ਹੇਠ ਆਮ ਜਨਤਾ ਤੇ ਔਰਤਾਂ ਉੱਪਰ ਹਮਲੇ ਕਰ ਰਹੇ ਹਨ। ਇਹ ਬਹੁਤ ਹੀ ਖ਼ਤਰਨਾਕ ਰੁਝਾਨ ਹੈ, ਇਤਿਹਾਸ ਦੀ ਰੋਸ਼ਨੀ ਵਿਚ ਦੇਖਿਆਂ ਇਹ ਅਲਾਮਤਾਂ ਫਾਸੀਵਾਦ ਦੀਆਂ ਹਨ। ਜਿਸ ਦੇ ਖ਼ਿਲਾਫ਼ ਵਿਆਪਕ ਪੱਧਰ ’ਤੇ ਆਵਾਜ਼ ਉਠਾਉਣ ਜ਼ਰੂਰੀ ਹੈ। ਸਮੂਹ ਇਨਸਾਫ਼ਪਸੰਦ ਤੇ ਜਮਹੂਰੀ ਤਾਕਤਾਂ ਨੂੰ ਇਸ ਹਮਲੇ ਦੇ ਸਨਮੁੱਖ ਜਮਹੂਰੀ ਮੁੱਲਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਵੀ ਵਿਸ਼ਾਲ ਬਣਾਉਣ ਅਤੇ ਹਿੰਦੂਤਵ ਫਾਸ਼ੀਵਾਦ ਵਿਰੁੱਧ ਗਰਜਵੀਂ ਆਵਾਜ਼ ਨੂੰ ਹੋਰ ਵੀ ਜੋਸ਼ੋ-ਖਰੋਸ਼ ਨਾਲ ਬੁਲੰਦ ਕਰਨ ਦੀ ਲੋੜ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img