More

    ਹਾਥਰਸ ਸਤਿਸੰਗ ਹਾਦਸੇ ‘ਚ ਹੁਣ ਤੱਕ 116 ਲੋਕਾਂ ਦੀ ਹੋਈ ਮੌ.ਤ

    ਉੱਤਰ ਪ੍ਰਦੇਸ਼, 03 ਜੁਲਾਈ (ਬੁਲੰਦ ਆਵਾਜ਼ ਬਿਊਰੋ):-ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਓ ਇਲਾਕੇ ’ਚ ਮੰਗਲਵਾਰ ਨੂੰ ਇਕ ਸਤਿਸੰਗ ਦੌਰਾਨ ਭਾਜੜ ਮਚਣ ਕਾਰਨ ਘੱਟ ਤੋਂ ਘੱਟ 116 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਅਲੀਗੜ੍ਹ ਦੇ ਪੁਲਿਸ ਇੰਸਕੈਪਟਰ ਜਨਰਲ (ਆਈ.ਜੀ.) ਸ਼ਲਭ ਮਾਥੁਰ ਨੇ ਦਸਿਆ ਕਿ ਹਾਥਰਸ ’ਚ ਭਾਜੜ ਦੀ ਘਟਨਾ ’ਚ 116 ਲੋਕਾਂ ਦੀ ਮੌਤ ਹੋ ਗਈ ਹੈ। ਏਟਾ ਅਤੇ ਹਾਥਰਸ ਗੁਆਂਢੀ ਜ਼ਿਲ੍ਹੇ ਹਨ ਅਤੇ ਸਤਸੰਗ ’ਚ ਏਟਾ ਦੇ ਲੋਕ ਵੀ ਆਏ ਹੋਏ ਸਨ। ਏਟਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਸਿੰਘ ਨੇ ਦਸਿਆ ਕਿ ਇਹ ਘਟਨਾ ਪੁਲਰਾਏ ਪਿੰਡ ’ਚ ਇਕ ਸਤਿਸੰਗ ਦੌਰਾਨ ਵਾਪਰੀ ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਣ ਲਈ ਆਏ ਸਨ। ਹਾਥਰਸ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਦਸਿਆ ਕਿ ਹਾਥਰਸ ਦੇ ਸਿਕੰਦਰਰਾਓ ’ਚ ‘ਭੋਲੇ ਬਾਬਾ’ ਦਾ ਇਕੱਠ ਹੋ ਰਿਹਾ ਸੀ ਅਤੇ ਜਦੋਂ ਸਮਾਗਮ ਖਤਮ ਹੋ ਰਿਹਾ ਸੀ ਤਾਂ ਹੁਮਸ ਬਹੁਤ ਜ਼ਿਆਦਾ ਸੀ, ਇਸ ਲਈ ਜਦੋਂ ਲੋਕ ਬਾਹਰ ਆਏ ਤਾਂ ਭਾਜੜ ਮਚ ਗਈ। ਜਦੋਂ ਕੁਮਾਰ ਨੂੰ ਪੁਛਿਆ ਗਿਆ ਕਿ ਸਤਿਸੰਗ ਦੀ ਇਜਾਜ਼ਤ ਕਿਸ ਨੇ ਦਿਤੀ ਤਾਂ ਉਨ੍ਹਾਂ ਕਿਹਾ ਕਿ ਇਹ ਐਸ.ਡੀ.ਐਮ. ਨੇ ਇਜਾਜ਼ਤ ਦਿਤੀ ਸੀ ਅਤੇ ਇਹ ਇਕ ਨਿੱਜੀ ਸਮਾਗਮ ਸੀ ਜਿਸ ਵਿਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਸੁਰੱਖਿਆ ਕਰਮਚਾਰੀਆਂ ਨੂੰ ਡਿਊਟੀ ’ਤੇ ਲਗਾਇਆ ਗਿਆ ਸੀ ਪਰ ਅੰਦਰੂਨੀ ਪ੍ਰਬੰਧ ਉਨ੍ਹਾਂ (ਪ੍ਰਬੰਧਕਾਂ) ਨੇ ਕੀਤੇ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਉੱਚ ਪੱਧਰ ’ਤੇ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਾਂਚ ’ਚ ਸੱਭ ਕੁੱਝ ਸਪੱਸ਼ਟ ਹੋ ਜਾਵੇਗਾ। ਪੀੜਤਾਂ ਨੂੰ ਟਰੱਕਾਂ ਅਤੇ ਹੋਰ ਗੱਡੀਆਂ ’ਚ ਸਿਕੰਦਰਾਊ ਟਰਾਮਾ ਸੈਂਟਰ ਲਿਆਂਦਾ ਗਿਆ ਸੀ। ਲਾਸ਼ਾਂ ਨੂੰ ਸਿਹਤ ਕੇਂਦਰ ਦੇ ਬਾਹਰ ਰਖਿਆ ਗਿਆ ਸੀ, ਜਿੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਕ ਵੀਡੀਉ ਕਲਿੱਪ ’ਚ ਇਕ ਔਰਤ ਟਰੱਕ ’ਚ ਪੰਜ ਤੋਂ ਛੇ ਲਾਸ਼ਾਂ ਦੇ ਵਿਚਕਾਰ ਬੁਰੀ ਤਰ੍ਹਾਂ ਰੋ ਰਹੀ ਹੈ। ਇਕ ਹੋਰ ਤਸਵੀਰ ਵਿਚ ਇਕ ਆਦਮੀ ਅਤੇ ਇਕ ਔਰਤ ਇਕ ਵਾਹਨ  ਵਿਚ ਬੇਹੋਸ਼ ਪਏ ਵਿਖਾਈ ਦੇ ਰਹੇ ਹਨ।  ਇਕ ਚਸ਼ਮਦੀਦ ਸ਼ਕੁੰਤਲਾ ਦੇਵੀ ਨੇ ਦਸਿਆ ਕਿ ਭਾਜੜ ਉਸ ਸਮੇਂ ਵਾਪਰੀ ਜਦੋਂ ਲੋਕ ਸਤਿਸੰਗ ਖਤਮ ਹੋਣ ਤੋਂ ਬਾਅਦ ਸਮਾਗਮ ਵਾਲੀ ਥਾਂ ਤੋਂ ਬਾਹਰ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਇਕ-ਦੂਜੇ ਦੇ ਉੱਪਰ ਡਿੱਗ ਪਏ। ਸਤਸੰਗ ’ਚ ਸ਼ਾਮਲ ਹੋਣ ਲਈ ਅਪਣੇ ਪਰਵਾਰ ਨਾਲ ਜੈਪੁਰ ਤੋਂ ਆਈ ਇਕ ਔਰਤ ਨੇ ਕਿਹਾ ਕਿ ਸਤਸੰਗ ਦੇ ਖ਼ਤਮ ਹੋਣ ਮਗਰੋਂ ਲੋਕ ਇਕਦਮ ਬਾਹਰ ਨਿਕਲਣ ਲੱਗੇ, ਜਿਸ ਕਾਰਨ ਭਾਜੜ ਮਚ ਗਈ। ਸਿਕੰਦਰਰਾਓ ਤੋਂ ਵਿਧਾਇਕ ਵੀਰੇਂਦਰ ਸਿੰਘ ਰਾਣਾ ਨੇ ਦਸਿਆ ਕਿ ਇਕ ਰੋਜ਼ਾ ਸਤਿਸੰਗ ਮੰਗਲਵਾਰ ਸਵੇਰੇ ਸ਼ੁਰੂ ਹੋਇਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਰਾਹਤ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਵਧੀਕ ਪੁਲਿਸ ਡਾਇਰੈਕਟਰ ਜਨਰਲ (ਆਗਰਾ) ਅਤੇ ਕਮਿਸ਼ਨਰ (ਅਲੀਗੜ੍ਹ) ਦੀ ਅਗਵਾਈ ਹੇਠ ਇਕ ਟੀਮ ਗਠਿਤ ਕਰਨ ਦੇ ਵੀ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਹਾਥਰਸ ਜ਼ਿਲ੍ਹੇ ’ਚ ਹੋਏ ਹਾਦਸੇ ਦਾ ਨੋਟਿਸ ਲਿਆ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img