More

    ਹਰਫ਼ਾਂ ਦੀ ਸੋਚ, ਕਲਮਾਂ ਦੀ ਚੁੱਪ

    ਅੱਖਾਂ ਵਿੱਚੋਂ ਹੰਝੂਆਂ ਦੀ ਬਰਸਾਤ ਹੋ ਜਾਂਦੀ ਹੈ ਜਦੋ ਸਮੇਂ ਦੇ ਸੱਚ ਦੀ ਤਸਵੀਰ ਅੱਖਾਂ ਸਾਹਮਣੇ ਆਉਂਦੀਂ ਹੈ। ਪੰਜਾਬ ਕਿ ਸੀ ਤੇ ਕਿ ਬਣ ਗਿਆ, ਮਿਲਾਵਟੀ ਪਣ ਨਾਲ ਇਨਸਾਨੀ ਰੂਹਾਂ ਆਪਣੇ ਆਪ ਨੂੰ ਦਰਵੇਸ਼ ਸਮਝਣ ਲੱਗ ਪਈਆਂ ਨੇ ਗੁਰੂਆਂ, ਪੀਰਾਂ, ਰਹਿਬਰਾਂ ਦੀ ਧਰਤੀ ,ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਸਮੇਂ ਦੇ ਹਾਲਾਤਾਂ ਨੇ ਕੀ ਬਣਾ ਦਿੱਤਾ ਹੈ। ਚਾਰ ਚੁਫ਼ੇਰੇ ਇਕ ਚੁੱਪ ਦਾ ਸ਼ੋਰ ਤੇ ਖ਼ੂਨ ਦੇ ਰਿਸ਼ਤਿਆਂ ਨੂੰ ਦਰ ਕਿਨਾਰ ਕਰ ਦਿੱਤਾ ਹੈ । ਜਦੋਂ ਕਲਮ ਚੁੱਕੀ ਇਕ ਸਿਫ਼ਤ ਲਿਖਣ ਦੇ ਲਈ ਤਾਂ ਸਮੇਂ ਦੀ ਸੱਚਾਈ ਨੇ ਇਸ ਵਿੱਚ ਫੈਲੀਆਂ ਕੁਰੀਤੀਆਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ । ਧਰਮ ਦੇ ਨਾਮ ਉੱਤੇ ਪੈ ਰਹੀਆਂ ਵੰਡੀਆਂ, ਇਲਾਹੀ ਨੂਰ ਤੋਂ ਵਰਸੇ ਪਵਿੱਤਰ ਸ਼ਬਦਾਂ ਉੱਤੇ ਤਰਕ ਵਿਵਾਦ, ਕਿਰਸਾਨੀ ਜੀਵਨ ਦਾ ਹੋ ਰਿਹਾ ਖਾਤਮਾ, ਨੌਜਵਾਨ ਪੀੜ੍ਹੀ ਵੱਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ, ਆਬ ਦੀ ਧਰਤੀ ਹੁੰਦੇ ਹੋਏ ਵੀ ਪੀਣ ਯੋਗ ਖ਼ਤਮ ਹੋ ਰਿਹਾ ਪਾਣੀ , ਲੋੜ ਤੋਂ ਵੱਧ ਸਹੂਲਤਾਂ ਨੇ ਖ਼ਤਮ ਕਰ ਦਿੱਤੇ ਹਨ ਰੁੱਖ, ਪੈਗੰਬਰੀ ਅਜ਼ਮਤ ਨੂੰ ਸੰਬੋਧਿਤ ਕੀਤੇ ਜਾਣ ਵਾਲੇ ਸ਼ਬਦਾਂ ਵਿੱਚ ਘਟਾਓ, ਲੋੜਾਂ ਤੇ ਆਧਾਰਿਤ ਹੁੰਦੇ ਜਾ ਰਹੇ ਨੇ ਰਿਸ਼ਤੇ , ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋ ਰਹੀਆਂ ਬੇਅਦਬੀਆਂ, ਪੜ੍ਹੇ ਲਿਖੇ ਵਰਗ ਵਿੱਚ ਵਿਦਵਾਨ ਕਹਿਲਾਉਣ ਦੀ ਲੱਗੀ ਦੌੜ, ਕਰਜ਼ੇ ਚੁੱਕ ਕੇ ਵਿਦੇਸ਼ ਜਾ ਰਹੀ ਨੌਜਵਾਨ ਪੀੜ੍ਹੀ ਆਦਿ ਹੋਰ ਵੀ ਅਜਿਹੇ ਕਿੰਨੇ ਹੀ ਮਸਲੇ ਪੰਜਾਬ ਵਿੱਚ ਹਨ। ਜਿਨ੍ਹਾਂ ਨੂੰ ਅਸੀਂ ਅੱਖੋਂ ਉਹਲਾ ਕਰ ਰਹੇ ਹਾਂ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਸਿੱਟੇ ਭ‌ਿਆਨਕ ਨਿਕਲਣਗੇ।

    ਮਨ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦਾ ਜਦੋਂ ਇਨ੍ਹਾਂ ਸਭ ਬਾਰੇ ਜਾਣਦੇ ਹੋਏ ਵੀ ਅਸੀਂ ਕੁਝ ਕਰ ਵੀ ਨਹੀਂ ਸਕਦੇ । ਸਮੇਂ ਦੀ ਹਕੂਮਤ ਨੇ ਆਪਣੇ ਸਿਆਸਤੀ ਚਾਲ ਵਿਚ ਆਮ ਲੋਕਾਂ ਦੀ ਜ਼ਿੰਦਗੀ ਨੂੰ ਰੋਜ਼ੀ ਰੋਟੀ ਲਈ ਮੁਹਤਾਜ ਕਰ ਦਿੱਤਾ ਹੈ। ਆਮ ਵਰਗ ਦਾ ਇਨਸਾਨ ਕੇਵਲ ਇਹ ਹੀ ਸੋਚਦਾ ਹੈ ਕਿ ਉਸ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਹੋਵੇਗਾ, ਕਿਉਂ ਕਿ ਵਧ ਰਹੀ ਬੇਰੁਜ਼ਗਾਰੀ ਤੇ ਆਸਮਾਨ ਨੂੰ ਛੂਹ ਰਹੀ ਮਹਿੰਗਾਈ ਨੇ ਉਸ ਦੀ ਸੋਚਣ ਸ਼ਕਤੀ ਨੂੰ ਸੀਮਤ ਕਰ ਦਿੱਤਾ ਹੈ । ਧਰਮ ਤੇ ਹੋ ਰਹੀ ਸਿਆਸਤ, ਤੇ ਮਨੁੱਖ ਦੀ ਤਰਕਵਾਦੀ ਸੋਚ ਨੇ ਉਸ ਨੂੰ ਐਨਾ ਕੁ ਹੰਕਾਰੀ ਬਣਾ ਦਿੱਤਾ ਹੈ, ਕੀ ਉਹ ਪਵਿੱਤਰ ਧਰਮ ਗ੍ਰੰਥਾਂ ਤੇ ਗਿਆਨ ਦੇ ਸੋਮਿਆ ਉੱਤੇ ਵੀ ਕਿੰਤੂ ਪ੍ਰੰਤੂ ਕਰ ਰਿਹਾ ਹੈ । ਵਿਦਵਾਨ ਕਹਾਉਣ ਵਾਲੇ ਅਜਿਹੇ ਇਨਸਾਨ ਜੋ ਗਿਆਨ ਵੀ ਆਪਣੀ ਮਰਜ਼ੀ ਮੁਤਾਬਕ ਦੇਣ ਦੀ ਇੱਛਾਂ ਰੱਖ ਦੇ ਹਨ, ਉਹ ਇਸ ਗੱਲ ਨੂੰ ਭੁੱਲ ਬੈਠਾ ਨੇ ਕਿ ਉਸ ਤੋਂ ਵੀ ਉੱਪਰ ਉਹ ਅਕਾਲ ਪੁਰਖ ਹੈ ਜਿਸ ਨੇ ਉਸ ਨੂੰ ਇਸ ਧਰਤੀ ਉੱਤੇ ਭੇਜਿਆ ਹੈ।

    ਕਿਸਾਨੀ ਜੀਵਨ ਵਿੱਚ ਚੱਲ ਰਿਹਾ ਘੋਲ, ਆਉਣ ਵਾਲੀਆਂ ਪੀੜ੍ਹੀਆਂ ਦੇ ਹੱਕਾਂ ਲਈ ਹੈ ਤੇ ਨੌਜਵਾਨੀ ਪੀੜ੍ਹੀ ਵਿੱਚ ਵਧ ਰਹੇ ਨਸ਼ੇ ਉਨ੍ਹਾਂ ਦਾ ਜੀਵਨ ਖ਼ਤਮ ਕਰ ਰਹੇ ਹਨ । ਇਕ ਸਮਾਂ ਸੀ ਜਦੋਂ ਆਤਮ ਰੱਖਿਆਂ ਤੇ ਮਜ਼ਲੁਮਾਂ ਦੀ ਰੱਖਿਆ ਲਈ ਨੋਜ਼ਵਾਨਾਂ ਵਿਚ ਬੀਰ ਰਸ ਭਰਿਆ ਜਾਂਦਾ ਸੀ। ਸੰਤ ਜਰਨੈਲ ਸਿੰਘ ਜੀ ਆਖਦੇ ਸਨ, ਨਾ ਕਿਸੇ ਸਿੱਖ ਨੇ ਕਿਸੇ ਨੂੰ ਭੈਅ ਦੇਣਾ ਤੇ ਨਾਂ ਹੀ ਕਿਸੇ ਦਾ ਭੈਅ ਮੰਨਣਾ ਹੈ। ਸਿੱਖ ਦੀ ਇਕ ਪੱਕੀ ਨਿਸ਼ਾਨੀ ਹੈ ਜੇ ਡਰਦਾ ਹੈ ਤਾਂ ਸਿੱਖ ਨਹੀਂ ਜੇ ਸਿੱਖ ਹੈ ਤਾਂ ਡਰਦਾ ਨਹੀਂ। ਜੋ ਸਿੱਖ ਇਤਿਹਾਸ ਪੜ੍ਹ ਰਹੇ ਹਾਂ ਉਸ ਉੱਤੇ ਮਾਣ ਮਹਿਸੂਸ ਕਰ ਰਹੇ ਹਾਂ ਪਰ ਇੱਕ ਦਿਨ ਸਾਡੇ ਵਾਲਾ ਟਾਈਮ ਵੀ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੋਵੇਗਾ ਤਾਂ ਉਸ ਇਤਿਹਾਸ ਨੂੰ ਪੜ੍ਹਨ ਵਾਲੇ ਸਾਡੇ ਉੱਤੇ ਕਿਸ ਗੱਲ ਦਾ ਮਾਣ ਕਰੇਗਾ ਕਿ ਸਾਡੇ ਬਜੁਰਗ ਆਪਣਾ ਮੁਲਕ ਛੱਡ ਕੇ ਗੁਲਾਮੀ ਕਰਨ ਦੇ ਸ਼ੋਕੀਨ ਸਨ। ਸੋ ਸਮਾਂ ਰਹਿੰਦੇ ਆਪਣੇ ਆਪ ਨੂੰ ਆਪਣੇ ਸਰੋਤਾਂ ਦੀ ਹੋਂਦ ਬਚਾ ਲਈ ਜਾਵੇ।

    ਸਰਬਜੀਤ ਕੌਰ ਸਰਬ        (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img