More

    ਸੱਚਾ ਪੰਜਾਬੀ ਸਪੂਤ ਦੀਵਾਨ ਮੂਲਰਾਜ ਚੋਪੜਾ: ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਦਾ ਅਣਸੰਗ ਹੀਰੋ

    ਅਸਲ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਹਕੂਮਤ ਤੋਂ ਆਜ਼ਾਦੀ ਲਈ ਪਹਿਲੀ ਜੰਗ ਸੰਨ 1848 ਵਿੱਚ ਦੀਵਾਨ ਮੂਲਰਾਜ ਦੀ ਅਗਵਾਈ ਵਿੱਚ ਪੰਜਾਬ ਦੇ ਮੁਲਤਾਨ ਤੋਂ ਲੜੀ ਗਈ ਸੀ। 1857 ਦੀ ਬਗਾਵਤ ਨੂੰ ਕੁਝ ਲੋਕ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਮੰਨਦੇ ਹੋਣ, ਪਰ ਇਸ ਬਵਗਾਵਤ ਵਿਚ ਸ਼ਾਮਿਲ ਧਿਰਾਂ ਦਾ ਆਪੋ ਆਪਣੇ ਰਾਜ ਭਾਗ ਨੂੰ ਬਚਾਉਣ ਲਈ ਲੜੀਆਂ ਗਈਆਂ ਜੰਗਾਂ ਕਾਰਨ ਪੂਰਨ ਅਜਾਦੀ ਦੇ ਮਿਆਰ ਜਾਂ ਸੰਕਲਪ ’ਤੇ ਖਰਾ ਨਹੀਂ ਉਤਰਦਾ। ਦੂਜੇ ਪਾਸੇ ਪੰਜਾਬ ਦੇ ਸਪੂਤ ਮੂਲਰਾਜ ਮੁਲਤਾਨ ਦੀ ਗਵਰਨਰੀ ਤੋਂ ਅਸਤੀਫਾ ਦੇ ਚੁਕਿਆ ਸੀ। ਨਿਰਸੰਕੋਚ ਉਸ ਦੀ ਲੜਾਈ ਕੇਵਲ ਦੇਸ਼ ਕੌਮ ਲਈ ਸੀ। ਇਸ ਬਾਰੇ ਵਿਸਥਾਰ ਖੋਜ ਲਈ ਪੰਜਾਬ ਸਰਕਾਰ ਨੂੰ ਯੂਨੀਵਰਸਿਟੀਆਂ ਵਿਚ ਮੂਲਰਾਜ ਚੇਅਰਾਂ ਸਥਾਪਿਤ ਕਰਦਿਆਂ ਉਸ ਦੀ ਕੁਰਬਾਨੀ ਤੇ ਯੋਗਦਾਨ ਨੂੰ ਵਿਸ਼ਵ ਸਾਹਮਣੇ ਲਿਆਉਣ ਦੀ ਲੋੜ ਹੈ, ਤਾਂ ਕਿ ਉਸ ਨੂੰ ਬਣਦਾ ਮਾਣ ਸਤਿਕਾਰ ਦਿਤਾ ਜਾ ਸਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ, ਜੋ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪੂਰੇ ਭਾਰਤ ਵਿੱਚ ਸਭ ਤੋਂ ਕਾਬਲ ਅਤੇ ਫੌਜੀ ਕਮਾਂਡਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ, ਅਤੇ ਜਿਨ੍ਹਾਂ ਨੂੰ ਬੰਦਿਆਂ ਦੀ ਪਛਾਣ ਕਰਨ ਵਿੱਚ ਮੁਹਾਰਤ ਹਾਸਲ ਸੀ, ਪਹਿਲਾਂ ਦੀਵਾਨ ਸਾਵਣ ਮੱਲ ਚੋਪੜਾ ਅਤੇ ਉਨ੍ਹਾਂ ਦੇ ਪੁੱਤਰ ਮੂਲਰਾਜ ਚੋਪੜਾ ਦੀ ਯੌਗਤਾ ਨੂੰ ਪਛਾਨਿਆ। ਸਾਵਨ ਮਲ ਨੂੰ  ਸਲਤਨਤ ਦੇ ਇੱਕ ਮਹੱਤਵਪੂਰਨ ਸ਼ਹਿਰ ਮੁਲਤਾਨ ਦੇ ਗਵਰਨਰ ਵਲੋਂ ਨਿਯੂਕਤ ਕੀਤਾ।

    ਮੁਲਤਾਨ ਸਦੀਆਂ ਤੋਂ ਵਪਾਰ ਦਾ ਕੇਂਦਰ ਸੀ ਅਤੇ ਆਪਣੀ ਦੌਲਤ ਲਈ ਮਸ਼ਹੂਰ ਸੀ। ਮਸਾਲਿਆਂ, ਰੇਸ਼ਮਾਂ ਅਤੇ ਕੀਮਤੀ ਵਸਤਾਂ ਦੇ ਵੱਡੇ ਭੰਡਾਰ ਸਨ। ਮਸਜਿਦਾਂ ਅਤੇ ਮਕਬਰਿਆਂ ਦੇ ਸੋਹਣੇ ਸ਼ਹਿਰ ’ਚ ਇਸਲਾਮੀ ਜਹਾਦੀਆਂ ਵੱਲੋਂ ਤਬਾਹ ਕੀਤੇ ਗਏ ਸੂਰਜ ਮੰਦਰ ਦੀ ਸ਼ਾਨ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਸਨ। ਮਹਾਰਾਜਾ ਇਸ ਸ਼ਹਿਰ ਉੱਤੇ ਚਾਰ ਵਾਰ ਹਮਲਾ ਕਰਨ ਵਿੱਚ ਅਸਫਲ ਰਿਹਾ। ਪੰਜਵੀਂ ਵਾਰ ਕੀਤੇ ਗਏ ਹਮਲੇ ਦੌਰਾਨ 1819ਵਿੱਚ ਇੱਥੋਂ ਦੇ ਸ਼ਾਸਕ ਮੁਜ਼ੱਫਰ ਖ਼ਾਨ ਨੂੰ ਹਰਾਇਆ। ਅਫਗਾਨਾਂ ਤੋਂ ਮੁਲਤਾਨ ਦੀ ਜਿੱਤ ਤੋਂ ਬਾਅਦ ਹੀ ਸ਼ੇਰੇ ਪੰਜਾਬ ਨੂੰ ਕਸ਼ਮੀਰ ਅਤੇ ਸਿੰਧ ਦੇ ਪਾਰ ਇਲਾਕੇ ਜਿੱਤਣ ਦਾ ਮੌਕਾ ਮਿਲਿਆ। 1823 ਵਿਚ ਮੁਲਤਾਨ ਦੇ ਗਵਰਨਰ ਨਿਯੂਕਤ ਕੀਤੇ ਗਏ ਗੁੱਜਰਾਂਵਾਲੇ ਦੇ ਇੱਕ ਹਿੰਦੂ ਪੰਜਾਬੀ ਖੱਤਰੀ ਸਾਵਣ ਮੱਲ ਚੋਪੜਾ ਨੇ ਸਰਦਾਰ ਹਰੀ ਸਿੰਘ ਨਲਵਾ ਨਾਲ ਮੁਲਤਾਨ ਮੁਹਿੰਮ ਵਿੱਚ ਹਿੱਸਾ ਲਿਆ ਸੀ। ਹੋਸ਼ਨਾਕ ਰਾਏ ਚੋਪੜਾ ਦਾ ਤੀਜਾ ਹੋਣਹਾਰ ਪੁੱਤਰ ਸਾਵਣ ਮਲ ਦਾ ਜਨਮ 1788 ਵਿੱਚ ਹੋਇਆ । ਉਹ ਲੇਖਾਕਾਰੀ ਦਫ਼ਤਰ ਦੇ ਮੁਖੀ ਵਜੋਂ ਕੰਮ ਕਰਦਾ ਹੋਇਆ ਆਪਣੀ ਪ੍ਰਤਿਭਾ ਦੇ ਕਾਰਨ ਤੇਜ਼ੀ ਨਾਲ ਤਰੱਕੀ ਕਰ ਕੇ ਮੁਲਤਾਨ ਦੇ ਗਵਰਨਰ ਦੇ ਅਹੁਦੇ ਤੱਕ ਪਹੁੰਚਿਆ। ਬੁੱਧੀਮਾਨ ਦੀਵਾਨ ਸਾਵਣ ਮੱਲ ਸਾਰੇ ਗਵਰਨਰਾਂ ਵਿੱਚੋਂ ਉੱਤਮ ਅਤੇ ਪਰਉਪਕਾਰੀ ਸ਼ਾਸਕ ਸਾਬਤ ਹੋਇਆ। ਉਸ ਨੇ ਮੁਲਤਾਨ ਤੋਂ ਡੇਰਾਗਾਜ਼ੀ ਖਾਨ, ਝੰਗ ਅਤੇ ਆਸ-ਪਾਸ ਦੇ ਇਲਾਕਿਆਂ ਤੱਕ ਖਾਲਸਾ ਰਾਜ ਦਾ ਵਿਸਥਾਰ ਕੀਤਾ। ਵਿਗੜੇ ਤਿੱਗੜੇ ਪਖਤੂਨਾਂ ਨੂੰ ਸਿੱਧਾ ਕਰਕੇ ਕਾਨੂੰਨ ਲਾਗੂ ਕੀਤਾ।

    ਪਰ ਕਿਸੇ ਵੀ ਤਰ੍ਹਾਂ ਆਪਣੀ ਤਾਕਤ ਦੀ ਦੁਰਵਰਤੋਂ ਨਹੀਂ ਕੀਤੀ। ਕਿਸੇ ਨਾਲ ਜ਼ਿਆਦਤੀ ਨਹੀਂ ਅਤੇ ਨਾ ਹੀ ਕਿਸੇ ਦਾ ਨਰਮੀ ਕੀਤੀ। ਸੂਬੇ ’ਚ ਸ਼ਾਂਤੀ ਵਰਤਾਈ ਅਤੇ ਮਾਮਲਾ ਇਕੱਠਾ ਕਰਨ ਵਿੱਚ ਪਾਈ ਪਾਈ ਦਾ ਹਿਸਾਬ ਵੀ ਲਿਆ। ਉਸ ਦੀ ਨਿਰਪੱਖਤਾ ਸਦਕਾ ਲੋਕ ਉਸ ਨੂੰ ਪਿਆਰ ਅਤੇ ਸਤਿਕਾਰ ਕਰਦੇ ਸਨ। ਉਸ ਸਮੇਂ ਮੁਲਤਾਨ ਜ਼ਿਆਦਾਤਰ ਮਾਰੂਥਲ ਸੀ ਅਤੇ ਦਹਾਕਿਆਂ ਦੀ ਲੜਾਈ ਨਾਲ ਤਬਾਹ ਹੋ ਚੁਕਾ ਸੀ। ਸਾਵਣ ਮੱਲ ਨੇ  ਵੱਡੀਆਂ ਤਬਦੀਲੀਆਂ ਅਤੇ ਖੇਤੀ ਸੁਧਾਰ ਲਿਆਂਦਾ, ਗੁਆਂਢੀ ਜ਼ਿਲ੍ਹਿਆਂ ਦੇ ਬਹੁਤ ਸਾਰੇ ਲੋਕਾਂ ਨੂੰ ਜ਼ਮੀਨ ਅਤੇ ਸੁਰੱਖਿਆ ਦੀ ਪੇਸ਼ਕਸ਼ ਕਰਕੇ ਮੁਲਤਾਨ ਵਿੱਚ ਵੱਸਣ ਲਈ ਉਤਸ਼ਾਹਿਤ ਕੀਤਾ। ਉਸ ਨੇ ਖੂਹ ਅਤੇ ਨਹਿਰਾਂ ਪੁਟਵਾਈਆਂ। ਵਪਾਰ ਨੂੰ ਵੀ ਉਤਸ਼ਾਹਿਤ ਕੀਤਾ। ਉਹ ਸਿੱਖਾਂ ਅਤੇ ਬਲੋਚ ਮਜ਼ਾਰੀਆਂ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਸਰਦਾਰ ਬਹਿਰਾਮ ਖਾਨ ਦੇ ਭਰਾ ਕਰਮ ਖਾਨ ਨਾਲ ਇਕ ਸਮਝੌਤੇ ‘ਤੇ ਮਹਾਰਾਜੇ ਦੀ ਤਰਫ਼ੋਂ ਹਸਤਾਖ਼ਰ ਕਰਨ ਲਈ ’ਛੋਟੀ ਮੋਹਰ’ ਵਜੋਂ ਵੀ ਜਾਣਿਆ ਗਿਆ। ਇਸੇ ਦੌਰਾਨ 6 ਸਤੰਬਰ 1844 ਨੂੰ ਸਾਵਣ ਮਾਲ ਨੂੰ ਇੱਕ ਦੋਸ਼ੀ ਸਿਪਾਹੀ ਨੂੰ ਗੋਲੀ ਮਾਰਨ ਦਾ ਮੌਕਾ ਮਿਲਿਆ। ਉਹ ਜ਼ਖ਼ਮਾਂ ਤੋਂ ਉੱਭਰ ਨਾ ਸਕਿਆ ਅਤੇ 29 ਸਤੰਬਰ ਨੂੰ ਉਹ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਾਵਣ ਮੱਲ ਦੀ ਸਮਾਧੀ ਉਨ੍ਹਾਂ ਦੇ ਪੁੱਤਰ ਮੂਲਰਾਜ ਨੇ ਮੁਲਤਾਨ ਦੇ ਬਾਬਾ ਸਫਰਾ ਇਲਾਕੇ ਵਿੱਚ ਬਣਵਾਈ । ਇਸ ਦੌਰਾਨ ਸਾਵਣ ਮੱਲ ਦੇ ਪੁੱਤਰ ਦੀਵਾਨ ਮੂਲਰਾਜ ਨੂੰ ਅਗਲਾ ਗਵਰਨਰ ਚੁਣਿਆ ਗਿਆ। 1814 ਵਿੱਚ ਜਨਮੇ ਮੂਲਰਾਜ ਆਪਣੇ ਪਿਤਾ ਵਾਂਗ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਪ੍ਰਤੀ ਵਫ਼ਾਦਾਰ ਰਹੇ। ਉਸ ਨੇ ਆਪਣੇ ਜੱਦੀ ਪਿੰਡ ਦਾ ਨਾਂ ਅਕਾਲਗੜ੍ਹ ਰੱਖਿਆ, ਜੋ ਪਾਕਿਸਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਦਾ ਨਾਂ ਬਦਲ ਕੇ ਅਲੀਪੁਰ ਚੱਠਾ ਕਰ ਦਿੱਤਾ ਗਿਆ।

    1839 ਵਿੱਚ ਮਹਾਰਾਜੇ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਢਹਿ-ਢੇਰੀ ਹੋਣ ਅਤੇ ਅੰਗਰੇਜ਼ਾਂ ਦੀ ਖੂਬ ਖੇਡੀ ਗਈ ਖੇਡ ਦੀ ਦੁਖਦ ਕਹਾਣੀ ਕਿਸੇ ਤੋਂ ਛੁਪੀ ਨਹੀਂ ਹੈ। ਮਹਾਰਾਜੇ ਦੀ ਮੌਤ ਤੋਂ 6 ਸਾਲ ਬਾਅਦ 1845 ਤੱਕ, ਖਾਲਸਾ ਫ਼ੌਜ, ਜਿਸ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਸਨ, ਅਯੋਗ ਸ਼ਾਸਕਾਂ ਦੇ ਅਧੀਨ ਪਤਨ ਵੱਲ ਚਲੀ ਗਈ। ਦਰਬਾਰੀਆਂ ਅਤੇ ਜਰਨੈਲਾਂ ਨੇ ਧੋਖੇ ਦੀ ਕਹਾਣੀ ਲਿਖੀ। ਲਾਲ ਸਿੰਘ, ਤੇਜ ਸਿੰਘ ਅਤੇ ਰਣਜੋਧ ਸਿੰਘ ਮਜੀਠੀਆ ਦੇ ਕਾਰਨਾਮੇ ਪਹਿਲੀ ਐਂਗਲੋ-ਸਿੱਖ ਜੰਗਾਂ ਵਿੱਚ ਖਾਲਸਾ ਰਾਜ ਦੀ ਹਾਰ ਦਾ ਕਾਰਨ ਬਣੇ ਅਤੇ ਅੰਗਰੇਜ਼ਾਂ ਦੇ ਪੰਜਾਬ ਦੇ ਕਬਜ਼ੇ ਲਈ ਰਾਹ ਪੱਧਰਾ ਕੀਤਾ। ਅੰਗਰੇਜ਼ਾਂ ਨੇ ਪੰਜਾਬ ‘ਤੇ ਸਿੱਧੇ ਤੌਰ ‘ਤੇ ਕਬਜ਼ਾ ਕਰਨ ਦੀ ਬਜਾਏ ਮਹਾਰਾਜਾ ਦਲੀਪ ਸਿੰਘ ਲਈ ਇਕ ਕੌਂਸਲ ਆਫ਼ ਰੀਜੈਂਸੀ ਬਣਾ ਦਿੱਤੀ। ਇਸ ਮੌਕੇ ਕਰਨਲ ਹੈਨਰੀ ਲਾਰੰਸ ਲਾਹੌਰ ਦਾ ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਬਣਿਆ। ਹਾਰੀ ਹੋਈ ਖਾਲਸਾ ਫ਼ੌਜ ਝੁਕ ਗਈ ਪਰ ਸਿਪਾਹੀਆਂ ਦੇ ਦਿਲਾਂ ਵਿੱਚ ਜਨੂੰਨ ਭੜਕਦਾ ਰਿਹਾ, ਜਿਨ੍ਹਾਂ ਨੂੰ 1848 ਵਿੱਚ ਮੁਲਤਾਨ ਦੀ ਬਗ਼ਾਵਤ ਨੇ ਮੌਕਾ ਦਿੱਤਾ। ਅੰਗਰੇਜ਼ਾਂ ਨੇ ਬਗਾਵਤ ਨੂੰ ਦਬਾਉਣ ਲਈ ਸਿੱਖ ਫ਼ੌਜ ਭੇਜੀ, ਪਰ ਜਿਸ ਫ਼ੌਜ ਨੇ ਮੂਲਰਾਜ ਨੂੰ ਕਾਬੂ ਕਰਨਾ ਸੀ ਉਹ ਮੂਲਰਾਜ ਨਾਲ ਰਲ ਗਈ। ਕੀ ਇਹ ਇੱਕ ਇਤਫ਼ਾਕ ਸੀ ਜਾਂ ਜਾਣਬੁੱਝ ਕੇ ਖੇਡੀ ਰਣਨੀਤੀ ਸੀ? ਇਹ ਖੋਜ ਦਾ ਵਿਸ਼ਾ ਹੈ। ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਾਹੌਰ ਦੀ ਸੰਧੀ ਦੀ ਧਾਰਾ 15 ਅਨੁਸਾਰ ਬ੍ਰਿਟਿਸ਼ ਨੂੰ ਲਾਹੌਰ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਸੀ।

    ਜਿਸ ‘ਤੇ ਦਸੰਬਰ 1846 ਵਿਚ, ਭੈਰੋਵਾਲ ਦੀ ਨਵੀਂ ਸੰਧੀ ਰਾਹੀਂ, ਗਵਰਨਰ ਜਨਰਲ ਨੇ ਦਲੀਪ ਸਿੰਘ ਦੇ ਬਾਲਗ ਹੋਣ ਤੱਕ ਬ੍ਰਿਟਿਸ਼ ਰੈਜ਼ੀਡੈਂਟ ਲਈ ਲਾਹੌਰ ਦਰਬਾਰ ਦੇ ਮਾਮਲਿਆਂ ਵਿਚ ਕੰਮ ਕਰਨ ਦਾ ਅਧਿਕਾਰ ਹਾਸਲ ਕਰ ਲਿਆ ਗਿਆ। ਹੁਣ ਲਾਹੌਰ ਅੰਗਰੇਜ਼ ਰੈਜ਼ੀਡੈਂਟ ਦੀ ਦੇਖ-ਰੇਖ ਹੇਠ ਆ ਜਾਣ ਕਾਰਨ ਇਕਤਰਾਂ ਨਾਲ ਪੰਜਾਬ ’ਚ ਅੰਗਰੇਜ਼ਾਂ ਦਾ ਹੀ ਰਾਜ ਸੀ। ਨਵੀਆਂ ਤਬਦੀਲੀਆਂ ਰਾਹੀਂ ਗੁਲਾਬ ਸਿੰਘ, ਲਾਲ ਸਿੰਘ, ਤੇਜ ਸਿੰਘ ਅਤੇ ਰਣਜੋਧ ਸਿੰਘ ਮਜੀਠੀਆ, ਜਿਨ੍ਹਾਂ ਨੂੰ ਗੱਦਾਰ ਸਮਝਿਆ ਜਾਂਦਾ ਸੀ, ਨੂੰ ਵੀ ਕੌਂਸਲ ਆਫ਼ ਰੀਜੈਂਸੀ ਵਿੱਚ ਸ਼ਾਮਲ ਕੀਤਾ ਗਿਆ ਸੀ। ਫ਼ੌਜ ਦੀ ਗਿਣਤੀ ਇਕ ਲੱਖ ਤੋਂ ਘਟਾ ਕੇ 35 ਹਜ਼ਾਰ ਕਰ ਦਿੱਤੀ ਗਈ। ਛੱਡੇ ਹੋਏ ਸਿੱਖਿਅਤ ਸਿਪਾਹੀ ਹੁਣ ਗੁੱਸੇ ਵਿਚ ਸਨ। ਕਿਉਕਿ ਜੰਗ ਵਿੱਚ ਫ਼ੌਜ ਨਹੀਂ ਹਾਰੀ, ਲੀਡਰਾਂ ਨੇ ਧੋਖਾ ਦਿੱਤਾ ਸੀ। ਅਪ੍ਰੈਲ 1848 ਵਿਚ ਲਾਰਡ ਡਲਹੌਜ਼ੀ ਗਵਰਨਰ ਜਨਰਲ ਅਤੇ ਲਾਰੰਸ ਦੀ ਥਾਂ ਸਰ ਫਰੈਡਰਿਕ ਕਰੀ ਨੂੰ ਲਾਹੌਰ ਵਿਖੇ ਨਵਾਂ ਬ੍ਰਿਟਿਸ਼ ਰੈਜ਼ੀਡੈਂਟ ਬਣਾਇਆ ਗਿਆ। ਕਰੀ ਵਲੋਂ ਵਧਾਏ ਗਏ ਟੈਕਸ ਨੇ ਮੁਲਤਾਨ ‘ਚ ਕਾਫੀ ਨਰਾਜ਼ਗੀ ਅਤੇ ਰੋਸ ਪੈਦਾ ਕੀਤਾ। ਇਸ ਦੇ ਨਾਲ ਹੀ ਕਰੀ ਮੁਲਤਾਨ ਵਿਚ ਲਾਹੌਰ ਦਰਬਾਰ ਦੁਆਰਾ ਨਿਯੁਕਤ ਸਿੱਖ ਰਾਜ ਦੇ ਪੱਕਾ ਵਫ਼ਾਦਾਰ ਗਵਰਨਰ ਦੀਵਾਨ ਮੂਲਰਾਜ ਨੂੰ ਵੀ ਹਟਾਉਣਾ ਚਾਹੁੰਦਾ ਸੀ। ਮੂਲਰਾਜ ਦੀ ਦੌਲਤ ਅਤੇ ਸ਼ਕਤੀ ਵੀ ਉਨ੍ਹਾਂ ਲਈ ਚਿੰਤਾ ਦਾ ਕਾਰਨ ਸਨ। ਲਾਹੌਰ ਨੂੰ ਦੱਖਣੀ ਪੰਜਾਬ ਵਿੱਚ ਮੂਲਰਾਜ ਦੁਆਰਾ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਖ਼ੁਦਮੁਖ਼ਤਿਆਰ ਰਾਜ ਦੇ ਉਭਾਰ ਦੀ ਸੰਭਾਵਨਾ ਦਾ ਡਰ ਸੀ।

    ਮੂਲਰਾਜ ‘ਤੇ ਦਬਾਅ ਬਣਾਉਣ ਲਈ ਦੋ ਸਿੱਖ ਬਟਾਲੀਅਨਾਂ ਨੂੰ ਤਨਖ਼ਾਹ ਸਕੇਲ ਦੇ ਮੁੱਦੇ ‘ਤੇ ਉਸ ਵਿਰੁੱਧ ਬਗਾਵਤ ਕਰਨ ਲਈ ਵੀ ਉਕਸਾਇਆ ਗਿਆ ਸੀ। ਲਾਹੌਰ ਨੇ ਮੂਲਰਾਜ ਤੋਂ ਖਾਤਾ ਅਤੇ ਨਜ਼ਰਾਨੇ ਦੀ ਮੰਗ ਕੀਤੀ। ਦੀਵਾਨ ਮੂਲਰਾਜ ਨੇ ਹਿਸਾਬ ਵੀ ਦਿੱਤਾ ਅਤੇ ਅਸਤੀਫ਼ਾ ਵੀ। ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਡਿਉਟੀ ’ਤੇ ਬਣੇ ਰਹਿਣ ਲਈ ਕਿਹਾ ਗਿਆ। ਇਸ ਮੌਕੇ ਅੰਗਰੇਜ਼ਾਂ ਦੇ ਵਫ਼ਾਦਾਰ ਇੱਕ ਸਿੱਖ ਸਰਦਾਰ ਕਾਹਨ ਸਿੰਘ ਮਾਨ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ। 18 ਅਪ੍ਰੈਲ 1848 ਨੂੰ ਕਾਹਨ ਸਿੰਘ ਮਾਨ ਬੰਗਾਲ ਸਿਵਲ ਸਰਵਿਸ ਦੇ ਪੈਟਰਿਕ ਵੈਂਸ ਐਗਨੇਊ ਅਤੇ ਬੰਬੇ ਫਿਊਜ਼ਲੀਅਰ ਰੈਜੀਮੈਂਟ ਦੇ ਲੈਫਟੀਨੈਂਟ ਵਿਲੀਅਮ ਐਂਡਰਸਨ ਦੇ ਨਾਲ ਚਾਰਜ ਲੈਣ ਲਈ ਮੁਲਤਾਨ ਦੇ ਗੇਟਾਂ ‘ਤੇ ਪਹੁੰਚਿਆ। ਸੁਰੱਖਿਆ ਲਈ ਉਨ੍ਹਾਂ ਦੇ ਨਾਲ ਫੌਜੀ ਟੁਕੜੀ ਵੀ ਮੌਜੂਦ ਸੀ। ਅਗਲੇ ਦਿਨ, ਮੂਲਰਾਜ ਨੇ ਸ਼ਹਿਰ ਦੀਆਂ ਚਾਬੀਆਂ ਨਵੇਂ ਗਵਰਨਰ ਨੂੰ ਸੌਂਪ ਦਿੱਤੀਆਂ। ਜਿਵੇਂ ਹੀ ਅਫਸਰ ਕਿਲ੍ਹੇ ਤੋਂ ਬਾਹਰ ਆਉਣ ਲੱਗੇ ਤਾਂ ਮੂਲਰਾਜ ਦੇ ਸਿਪਾਹੀਆਂ ਵਿੱਚੋਂ ਇੱਕ ਨੇ ਵੈਨ ਐਗਨੇਊ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

    ਫਿਰ ਇੱਕ ਭੀੜ ਨੇ ਐਂਡਰਸਨ ਨੂੰ ਘੇਰ ਲਿਆ ਅਤੇ ਉਸ ‘ਤੇ ਹਮਲਾ ਕਰ ਦਿੱਤਾ। ਉਦੋਂ ਤੱਕ ਮੂਲਰਾਜ ਜਾ ਚੁੱਕਾ ਸੀ। ਕਾਹਨ ਸਿੰਘ ਨੇ ਮੂਲਰਾਜ ਦੇ ਭਰਾ ਗੰਗ ਰਾਮ ਦੀ ਮਦਦ ਨਾਲ ਅਗਨੇਊ ਨੂੰ ਚੁੱਕਿਆ ਅਤੇ ਨੇੜੇ ਸਥਿਤ ਈਦਗਾਹ ਲੈ ਗਿਆ। ਐਂਡਰਸਨ ਨੂੰ ਉਸ ਦੇ ਗੋਰਖਾ ਬਾਡੀਗਾਰਡਾਂ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ। ਮੂਲਰਾਜ ਦਾ ਇਸ ਘਟਨਾ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਫਿਰ ਵੀ ਉਸ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਮੂਲਰਾਜ ਨਹੀਂ ਗਿਆ। ਮੂਲਰਾਜ ਨੇ ਕਾਤਲਾਂ ਦੀ ਤਾਰੀਫ਼ ਕੀਤੀ ਅਤੇ ਇਨਾਮ ਦਿੱਤੇ। ਇਹ ਇੱਕ ਬਗਾਵਤ ਸੀ. ਲੋਕਾਂ ਨੇ ਕਿਹਾ ਕਿ ਉਹ ਮੂਲਰਾਜ ਦਾ ਹੁਕਮ ਮੰਨਣਗੇ। ਅਗਨੇਊ ਨੇ 80 ਮੀਲ ਦੂਰ ਭਵਲਪੁਰ ਵਿਖੇ ਪੀਰ ਇਬਰਾਹੀਮ ਖਾਨ ਨੂੰ ਮਦਦ ਲਈ ਸੁਨੇਹਾ ਭੇਜਿਆ। ਉਦੋਂ ਤੱਕ ਕਾਹਨ ਸਿੰਘ ਦੇ ਸਿੱਖ ਘੋੜਸਵਾਰ ਅਤੇ ਹੋਰ ਵੀ ਮੂਲਰਾਜ ਵਿੱਚ ਸ਼ਾਮਲ ਹੋ ਗਏ ਸਨ। ਉਸੇ ਸ਼ਾਮ ਈਦਗਾਹ ‘ਤੇ ਹਮਲਾ ਕੀਤਾ ਗਿਆ ਅਤੇ ਦੋਵੇਂ ਅਧਿਕਾਰੀ ਮਾਰ ਦਿੱਤੇ ਗਏ। ਕਾਹਨ ਸਿੰਘ ਅਤੇ ਉਸ ਦੇ ਪੁੱਤਰ ਨੂੰ ਬੰਦੀ ਬਣਾ ਲਿਆ ਗਿਆ।

    ਜੇਕਰ ਘਟਨਾਵਾਂ ‘ਤੇ ਨਜ਼ਰ ਮਾਰੀਏ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਮੂਲਰਾਜ ਨੇ ਸਭ ਕੁਝ ਤਿਆਗ ਦਿੱਤਾ ਸੀ, ਫਿਰ ਅਚਾਨਕ ਵੱਡਾ ਬਦਲਾਅ ਕਿਵੇਂ ਆਇਆ? ਕਵੀ ਹਕੀਮ ਚੰਦ ਅਨੁਸਾਰ ਇੱਥੇ ਹੀ ਮੂਲਰਾਜ ਦੀ ਅਣਖੀ ਮਾਤਾ ਨੇ ਉਸ ਨੂੰ ਗੁਰੂਆਂ ਅਤੇ ਸ਼ਹੀਦਾਂ ਦੀ ਯਾਦ ਦਿਵਾਉਂਦਿਆਂ ਉਸ ਨੂੰ ਸੈਨਾ ਲੈ ਕੇ ਮੈਦਾਨ-ਏ-ਜੰਗ ਵਿਚ ਜਾਣ ਜਾਂ ਫਿਰ ਨਜ਼ਰਾਂ ਤੋਂ ਦੂਰ ਹੋ ਜਾਣ ਲਈ ਕਿਹਾ। ਇਹ ਵੀ ਕਿਹਾ ਕਿ ਉਹ ਖ਼ੁਦ ਖਾਲਸਾ ਫ਼ੌਜ ਦੀ ਕਮਾਨ ਸੰਭਾਲ ਕੇ ਲੜਨ ਲਈ ਜੰਗ ਦੇ ਮੈਦਾਨ ਵਿੱਚ ਜਾਵੇਗੀ। ਇਹੀ ਵਕਤ ਸੀ ਜਦ ਇਕ ਮਾਂ ਨੇ ਆਪਣੇ ਪੁੱਤਰ ਦੇ ਗੁੱਟ ‘ਤੇ ਗਾਨਾ ਬੰਨ੍ਹਿਆ ਅਤੇ ਉਸ ਨੂੰ ਯੁੱਧ ਲੜਨ ਲਈ ਤਿਆਰ ਕੀਤਾ। ਅਣਖੀ ਮਾਂ ਦੇ ਬੋਲਾਂ ਦਾ ਪ੍ਰਭਾਵ ਇਹ ਸੀ ਕਿ ਮੂਲਰਾਜ ਨੇ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਤਿਆਰ ਕੀਤਾ ਅਤੇ ਫ਼ੌਜ ਵਿੱਚੋਂ ਕੱਢੇ ਗਏ ਸਿਪਾਹੀਆਂ ਨੂੰ ਦੁਬਾਰਾ ਭਰਤੀ ਕੀਤਾ। ਮੂਲਰਾਜ ਦਾ ਮੈਦਾਨੇ ਜੰਗ ਵਿਚ ਉਤਰਨਾ ਦੂਜਿਆਂ ਦੀ ਤਰਾਂ ਰਾਜਭਾਗ ਬਚਾਉਣ ਲਈ ਨਹੀਂ ਸੀ। ਉਹ ਸਭ ਕੁਝ ਤਿਆਗ ਚੁਕਾ ਸੀ। ਉਹ ਕੇਵਲ ਦੇਸ਼ ਨੂੰ ਅੰਗਰੇਜ਼ ਮੁਕਤ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਅਜ਼ਾਦੀ ਦੀ ਪਹਿਲੀ ਜੰਗ ਦਾ ਅਣਸੰਗ ਹੀਰੋ ਹੈ।

    ਮੁਲਤਾਨ ਤੋਂ ਸੁਨੇਹਾ ਮਿਲਦਿਆਂ ਹੀ ਫਰੈਡਰਿਕ ਕਰੀ ਨੇ ਜਨਰਲ ਵਿਸ਼ ਅਤੇ ਜਨਰਲ ਵੈਨ ਕੋਰਟਲੈਂਡ ਨੂੰ ਮੁਲਤਾਨ ਰਵਾਨਾ ਕੀਤਾ। ਇਸ ਤੋਂ ਪਹਿਲਾਂ ਡੇਰਾ ਇਸਮਾਈਲ ਖ਼ਾਨ ਵਿੱਚ ਲੈਫਟੀਨੈਂਟ ਹਰਬਰਟ ਐਡਵਰਡ ਨੂੰ ਅਗਨੇਊ ਦਾ ਪੈਗਾਮ ਮਿਲਣ ’ਤੇ ਉਸ ਨੇ ਵੀ ਮੁਲਤਾਨ ਵੱਲ ਕੂਚ ਕੀਤਾ ਅਤੇ ਰਸਤੇ ਵਿੱਚ ਪਠਾਣਾਂ ਦੀ ਭਰਤੀ ਕੀਤੀ। ਕੁਝ ਸਮੇਂ ਬਾਅਦ ਜਨਰਲ ਵੈਨ ਕੋਰਟਲੈਂਡ ਵੀ ਉਸ ਨਾਲ ਜੁੜ ਗਿਆ। ਇੱਥੇ ਹੀ ਲਾਹੌਰ ਨੇ ਮੁਲਤਾਨ ਜਾਣ ਵਾਲੀ ਫ਼ੌਜ ਵਿਚ ਅੰਗਰੇਜ਼ਾਂ ਨੂੰ ਨਾ ਭੇਜਣ ਦਾ ਫ਼ੈਸਲਾ ਕੀਤਾ ਅਤੇ ਰਾਜਾ ਸ਼ੇਰ ਸਿੰਘ ਅਟਾਰੀਵਾਲੇ ਨੂੰ ਭੇਜਿਆ ਗਿਆ। ਰਾਜਾ ਸ਼ੇਰ ਸਿੰਘ ਅੰਗਰੇਜ਼ਾਂ ਪ੍ਰਤੀ ਫ਼ੌਜ ਦੀ ਨਫ਼ਰਤ ਤੋਂ ਜਾਣੂ ਸੀ। ਉਸ ਦੀ ਫ਼ੌਜ ਮੂਲਰਾਜ ਦੇ ਪੱਖ ਵਿਚ ਸੀ। ਸ਼ੇਰ ਸਿੰਘ ਦਾ ਪਿਤਾ ਸ: ਚਤਰ ਸਿੰਘ ਅਟਾਰੀਵਾਲਾ ਜਿਸ ਦੀ ਧੀ ਮਹਾਰਾਜੇ ਦਲੀਪ ਸਿੰਘ ਨਾਲ ਮੰਗੀ ਹੋਈ ਸੀ, ਅੰਗਰੇਜ਼ਾਂ ਦੇ ਇਰਾਦਿਆਂ ਤੋਂ ਵਾਕਫ਼ ਸੀ। ਉਸ ਸਮੇਂ ਉਹ ਵੀ ਪੰਜਾਬ ਦੇ ਉੱਤਰੀ ਇਲਾਕੇ ਹਜ਼ਾਰਾ ਵਿੱਚ ਖੁੱਲ੍ਹੀ ਬਗਾਵਤ ਦੀ ਤਿਆਰੀ ਕਰ ਰਿਹਾ ਸੀ। 14 ਸਤੰਬਰ ਨੂੰ ਸ਼ੇਰ ਸਿੰਘ ਨੇ ਵੀ ਈਸਟ ਇੰਡੀਆ ਕੰਪਨੀ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਮੂਲਰਾਜ ਨਾਲ ਮਿਲ ਗਿਆ। ਹਾਲਾਂਕਿ, ਅੰਗਰੇਜ਼ਾਂ ਵਲੋਂ ਸਾਜ਼ਿਸ਼ ਕਰਦਿਆਂ ਦੀਵਾਨ ਮੂਲਰਾਜ ਦੇ ਦਿਲ ਵਿੱਚ ਸ਼ੇਰ ਸਿੰਘ ਪ੍ਰਤੀ ਸ਼ੱਕ ਪੈਦਾ ਕਰ ਦੇਣ ਨਾਲ ਦੋਵੇਂ ਆਗੂ ਫ਼ੌਜਾਂ ਦਾ ਰਲੇਵਾਂ ਨਾ ਕਰ ਸਕੇ ਅਤੇ ਅੰਗਰੇਜ਼ਾਂ ਦੇ ਵਿਰੁੱਧ ਵੱਖਰੇ ਤੌਰ ‘ਤੇ ਲੜੇ।

    ਮੁਲਤਾਨ ਦੀਆਂ ਘਟਨਾਵਾਂ ਨੂੰ ਲੈ ਕੇ ਅੰਗਰੇਜ਼ਾਂ ਨੇ ਮੂਲਰਾਜ ਨੂੰ ਮਹਾਰਾਜੇ ਦੇ ਵਿਰੋਧੀ ਵਜੋਂ ਪੇਸ਼ ਕਰਨ ਪਿਛੇ ਬ੍ਰਿਟਿਸ਼ ਅਧਿਕਾਰੀਆਂ ਨੂੰ ਉਮੀਦ ਸੀ ਕਿ ਇਸ ਤਰਾਂ ਕਰਕੇ ਹੋਰ ਪ੍ਰਭਾਵਸ਼ਾਲੀ ਸਿੱਖਾਂ ਨੂੰ ਬਗਾਵਤ ਵਿੱਚ ਸ਼ਾਮਲ ਹੋਣ ਰੋਕਿਆ ਜਾ ਸਕੇਗਾ। ਹਾਲਾਂਕਿ, ਮੂਲਰਾਜ ਛੇਤੀ ਹੀ ਵਿਦਰੋਹ ਦਾ ਕੇਂਦਰ ਬਣ ਗਿਆ। ਇੱਕ ਸਿੱਖ ਸੰਤ ਮਹਾਰਾਜ ਸਿੰਘ ਨੇ ਫ਼ਾਰਗ ਖਾਲਸਾ ਸਿਪਾਹੀਆਂ ਨੂੰ ਮੁਲਤਾਨ ਭੇਜਣ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਜੂਨ ਦੇ ਸ਼ੁਰੂ ਵਿੱਚ, ਐਡਵਰਡ ਨੇ ਮੁਲਤਾਨ ਦੇ ਵਿਰੁੱਧ ਫੌਜੀ ਕਾਰਵਾਈਆਂ ਤੇਜ਼ ਕਰ ਦਿੱਤੀਆਂ। 18 ਜੂਨ ਨੂੰ ਕਿਨੇਰੀ ਦੇ ਅਸਥਾਨ ‘ਤੇ ਮੂਲਰਾਜ ਦੇ ਭਰਾ ਗੰਗ ਰਾਮ ਦੀ ਅਗਵਾਈ ਹੇਠ ਮੁਲਤਾਨੀ ਫ਼ੌਜ ਅਤੇ ਐਡਵਰਡ ਦੀ ਫ਼ੌਜ ਵਿਚਕਾਰ ਝੜਪ ਹੋਈ। ਕਰਨਲ ਵੈਨ ਕੋਰਟਲੈਂਡ ਦੇ ਤੋਪਖਾਨੇ ਅਤੇ ਪਖਤੂਨ ਜਵਾਬੀ ਹਮਲੇ ਨੇ ਮੁਲਤਾਨੀ ਫ਼ੌਜਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਮੂਲਰਾਜ ਦੀਆਂ ਫ਼ੌਜਾਂ ਨੂੰ 500 ਬੰਦਿਆਂ ਅਤੇ ਛੇ ਤੋਪਾਂ ਦੇ ਨੁਕਸਾਨ ਨਾਲ ਮੁਲਤਾਨ ਵੱਲ ਪਿੱਛੇ ਹਟਣਾ ਪਿਆ। ਐਡਵਰਡ 26 ਜੂਨ ਨੂੰ ਮੁਲਤਾਨ ਲਈ ਰਵਾਨਾ ਹੋਇਆ। ਮੁਲਤਾਨ ਤੋਂ ਪਹਿਲਾਂ ਮੂਲਰਾਜ ਸੁਧੂਸਮ ਵਿੱਚ ਉਸ ਦੀ ਉਡੀਕ ਕਰ ਰਿਹਾ ਸੀ। ਇੱਥੇ ਹੋਈ ਝੜਪ ਵਿੱਚ ਮੂਲਰਾਜ ਗੋਲੀ ਲੱਗਣ ਕਾਰਨ ਹਾਥੀ ਤੋਂ ਹੇਠਾਂ ਡਿੱਗ ਗਿਆ।

    ਇੱਥੇ ਵੀ ਮੂਲਰਾਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜੂਨ ਵਿੱਚ ਜਨਰਲ ਵਿਸ਼ ਦੇ ਅਧੀਨ ਲਾਹੌਰ ਤੋਂ ਤੋਪਖਾਨੇ ਨਾਲ ਆਈ ਵਡੀ ਫ਼ੌਜ ਨੇ ਮੁਲਤਾਨ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ। ਪਹਾੜੀ ਉੱਤੇ ਬਣਿਆ ਸ਼ਹਿਰ ਉੱਚੀਆਂ ਅਤੇ ਮਜ਼ਬੂਤ ਕੰਧਾਂ ਨਾਲ ਘਿਰਿਆ ਹੋਇਆ ਹੋਣ ਕਰ ਕੇ ਘੇਰਾਬੰਦੀ ਸੁਖਾਲੀ ਨਹੀਂ ਸੀ। 27 ਦਸੰਬਰ ਨੂੰ ਵਿਸ਼ ਵਲੋਂ ਸ਼ਹਿਰ ਦੇ ਬਾਹਰਵਾਰ ਕੀਤੇ ਗਏ ਹਮਲਿਆਂ ਨੇ ਮੂਲਰਾਜ ਦੀਆਂ ਫ਼ੌਜਾਂ ਨੂੰ ਸ਼ਹਿਰ ਵੱਲ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਘੇਰਾਬੰਦੀ ਦੌਰਾਨ ਕਿਲ੍ਹੇ ‘ਤੇ ਅਣਗਿਣਤ ਤੋਪਾਂ ਦੇ ਗੋਲੇ ਦਾਗੇ ਗਏ। 30 ਦਸੰਬਰ ਨੂੰ, ਇੱਕ ਬੰਬ ਕਿਲ੍ਹੇ ਵਿੱਚ ਇੱਕ ਅਸਲ੍ਹਾਖ਼ਾਨੇ ’ਤੇ ਵਜਾ, ਜਿਸ ਨਾਲ ਇੱਕ ਵੱਡਾ ਧਮਾਕਾ ਹੋਇਆ ਅਤੇ ਸੈਂਕੜੇ ਆਦਮੀ ਮਾਰੇ ਗਏ। ਮੂਲਰਾਜ ਨੇ ਵਿਸ਼ ਨੂੰ ਸੁਨੇਹਾ ਭੇਜਿਆ ਕਿ ਉਸ ਕੋਲ ਇੰਨਾ ਗੋਲਾ-ਬਾਰੂਦ ਹੈ ਕਿ ਉਹ ਇੱਕ ਸਾਲ ਤਕ ਲੜ ਸਕਦਾ ਹੈ। ਵਿਸ਼ ਨੇ 2 ਜਨਵਰੀ 1849 ਨੂੰ ਇੱਕ ਆਮ ਹਮਲੇ ਦਾ ਹੁਕਮ ਦਿੱਤਾ। ਇੱਕ ਭਿਆਨਕ ਹਮਲੇ ਵਿੱਚ ਮੂਲਰਾਜ ਦੀ ਫ਼ੌਜ ਨੇ ਤਲਵਾਰਾਂ ਕੱਢ ਲਈਆਂ। ਜਿਸ ‘ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਤਲਵਾਰਾਂ ਅਤੇ ਗੋਲੀਆਂ ਦੀ ਲੜਾਈ ਵਿੱਚ ਮੂਲਰਾਜ ਦੀ ਫ਼ੌਜ ਨੂੰ ਭਾਰੀ ਨੁਕਸਾਨ ਤੋਂ ਬਾਅਦ ਪਿੱਛੇ ਹਟਣ ਲਈ ਮਜਬੂਰ ਹੋਈ। ਅੰਗਰੇਜ਼ਾਂ ਦੀ ਫ਼ੌਜ ਸ਼ਹਿਰ ’ਚ ਦਾਖ਼ਲ ਹੋ ਗਈ ਅਤੇ ਖ਼ੂਨੀ ਜੰਗ ਰਾਹੀਂ ਆਮ ਨਾਗਰਿਕਾਂ ਨੂੰ ਅੰਨ੍ਹੇਵਾਹ ਕਤਲ ਕੀਤਾ ਗਿਆ। ਭਾਰੀ ਲੁੱਟ ਕੀਤੀ ਗਈ। ਅੰਗਰੇਜ਼ਾਂ ਨੇ ਭਾਰੀ ਨੁਕਸਾਨ ਦੇ ਬਾਵਜੂਦ  9 ਜਨਵਰੀ ਨੂੰ ਕਿਲ੍ਹੇ ਤੋਂ 20 ਗਜ਼ ਦੂਰ ਖਾਈ ‘ਤੇ ਕਬਜ਼ਾ ਕਰ ਲਿਆ। ਮੁਲਤਾਨ ਦੀ ਸੱਤ ਮਹੀਨੇ ਦੀ ਘੇਰਾਬੰਦੀ ਦੌਰਾਨ ਮੂਲਰਾਜ ਨੇ ਅੰਗਰੇਜ਼ਾਂ ਨੂੰ ਜਬਰਦਸਤ ਟੱਕਰ ਦਿਤੀ। ਲੇਕਿਨ, 22 ਜਨਵਰੀ 1849 ਨੂੰ ਮੂਲਰਾਜ ਨੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਖ਼ਾਤਰ 550 ਆਦਮੀਆਂ ਨਾਲ ਆਤਮ ਸਮਰਪਣ ਕਰ ਦਿੱਤਾ। ਬ੍ਰਿਟਿਸ਼ ਅਤੇ ਭਾਰਤੀ ਸੈਨਿਕਾਂ ਦੁਆਰਾ ਸ਼ਹਿਰ ਵਿੱਚ ਵੱਡੀ ਮਾਤਰਾ ਵਿੱਚ ਲੁੱਟਮਾਰ ਕੀਤੀ ਗਈ ਸੀ। ਮੂਲਰਾਜ ਦੇ ਖ਼ਜ਼ਾਨੇ ਦੀ ਕੀਮਤ 30 ਲੱਖ ਪੌਂਡ ਸੀ, ਜੋ ਉਸ ਸਮੇਂ ਲਈ ਬਹੁਤ ਵੱਡੀ ਰਕਮ ਸੀ।

    ਦੀਵਾਨ ਮੂਲਰਾਜ ‘ਤੇ ਵੈਂਸ ਐਗਨੇਊ ਅਤੇ ਐਂਡਰਸਨ ਦੇ ਕਤਲ ਲਈ ਮੁਕੱਦਮਾ ਚਲਾਇਆ ਗਿਆ ਸੀ। ਉਸ ਨੂੰ ਯੋਜਨਾਬੱਧ ਕਤਲ ਤੋਂ ਬਰੀ ਕਰ ਦਿੱਤਾ ਗਿਆ ਸੀ, ਪਰ ਉਸ ਨੂੰ ਸਹਾਇਕ ਹੋਣ ਦਾ ਦੋਸ਼ੀ ਪਾਇਆ ਗਿਆ ਸੀ, ਕਿਉਂਕਿ ਉਸ ਨੇ ਕਾਤਲਾਂ ਨੂੰ ਇਨਾਮ ਦਿੱਤਾ ਸੀ ਅਤੇ ਖੁੱਲੇਆਮ ਬਗਾਵਤ ਕੀਤੀ ਸੀ। ਮੂਲਰਾਜ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਪਰ ਸਜ਼ਾ ਨੂੰ ਬਾਅਦ ਵਿੱਚ ਉਮਰ ਭਰ ਲਈ ਜਲਾਵਤਨੀ ਵਿੱਚ ਤਬਦੀਲ ਕਰ ਦਿਤੀ ਗਈ। ਅਗਸਤ 1851 ਵਿੱਚ ਇੱਕ ਬਿਮਾਰੀ ਤੋਂ ਬਾਅਦ ਬਕਸਰ ਜੇਲ੍ਹ ਦੇ ਰਸਤੇ ਵਿੱਚ ਮੂਲਰਾਜ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਉਸ ਦੇ ਕੁਝ ਵਫ਼ਾਦਾਰ ਸੇਵਕਾਂ ਦੁਆਰਾ ਗੰਗਾ ਦੇ ਕੰਢੇ ਉਸ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਗਿਆ।

    ਯੋਧਿਆਂ ਦਾ ਇਹ ਗੁਣ ਹੁੰਦਾ ਹੈ ਕਿ ਉਹ ਇਕ ਦੂਜੇ ਦੀ ਬਹਾਦਰੀ ਅਤੇ ਲੜਨ ਦੇ ਹੁਨਰ ਦੀ ਤਾਰੀਫ਼ ਕਰਿਆ ਕਰਦੇ ਹਨ, ਭਾਵੇਂ ਦੁਸ਼ਮਣ ਜੰਗ ਦੇ ਮੈਦਾਨ ਵਿਚ ਕਿੰਨਾ ਕੱਟੜ ਦੁਸ਼ਮਣ ਕਿਉਂ ਨਾ ਹੋਵੇ। ਯੁੱਧ ਤੋਂ ਬਾਅਦ ਬ੍ਰਿਟਿਸ਼ ਵਲੋਂ ਮੂਲਰਾਜ ਅਤੇ ਸਿੱਖ ਫ਼ੌਜਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਮੂਲਰਾਜ ਖ਼ੁਦਮੁਖ਼ਤਿਆਰ ਸੁਭਾਅ ਦੇ ਸਨ, ਜਿਸ ਨੇ ਅੰਗਰੇਜ਼ਾਂ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ। ਪਰ ਬਦਕਿਸਮਤੀ ਨਾਲ ਸਾਡੇ ਇਤਿਹਾਸ ਦੇ ਇੱਕ ਬਹੁਤ ਹੀ ਮਹੱਤਵਪੂਰਨ ਪਾਤਰ, ਅਣਗੌਲੇ ਮਹਾਨ ਨਾਇਕ ਨੂੰ ਸਰਕਾਰਾਂ ਨੇ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਮੂਲਰਾਜ ਚੋਪੜਾ ਦੇ ਖਾਨਦਾਨ ਵਿਚੋਂ ਮੌਜੂਦਾ ਸਮੇਂ ਸ੍ਰੀ ਵਿਜੇ ਕੁਮਾਰ ਚੋਪੜਾ, ਅਵਿਨਾਸ਼ ਚੋਪੜਾ ਅਤੇ ਅਮਿੱਤ ਚੋਪੜਾ ਪੂਰੇ ਪਰਿਵਾਰ ਸਮੇਤ ਦੇਸ਼ ਦੀ ਏਕਤਾ ਅਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹਨ, ਅਤੇ ’ਦ ਹਿੰਦ ਸਮਾਚਾਰ ਲਿਮਟਿਡ’ ਦੀ ਪੱਤਰਕਾਰੀ ਜ਼ਰੀਏ ਹਿੰਦੂ-ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਮਿਸ਼ਨ ਲਈ ਲਗਾਤਾਰ ਕਾਰਜਸ਼ੀਲ ਹਨ।

    ਪ੍ਰੋ: ਸਰਚਾਂਦ ਸਿੰਘ ਖਿਆਲਾ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img