More

    ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਨੂੰ ਖ਼ਤਰਾ ਗ਼ੈਰਾਂ ਤੋਂ ਨਹੀਂ ਆਪਣਿਆਂ ਤੋਂ ਹੈ : ਸਰਚਾਂਦ ਸਿੰਘ

    ਅੰਮ੍ਰਿਤਸਰ 13 ਜੁਲਾਈ (ਗਗਨ) – ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਥਿਆ ਕੀਤੇ ਬਿਨਾ ਕੋਈ ਗੁਰਸਿੱਖ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਦੀ ਅਹਿਮ ਪਦਵੀ ’ਤੇ ਨਿਯੁਕਤ ਹੋ ਸਕਦਾ ਹੈ? ਉਤਰ ਹੈ ਹਾਂ। ਇਹ ਹੁਣ ਸੰਭਵ ਬਣ ਚੁੱਕਿਆ ਹੈ। ਸੰਭਵਤਾ ਦੀ ਮਿਹਰਬਾਨੀ ਕਿਸੇ ਹੋਰ ਨੇ ਨਹੀਂ ਕੀਤੀ ਇਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕ੍ਰਿਸ਼ਮਾ ਹੈ। ਪੰਥ ਦੀ ਆਨ ਸ਼ਾਨ ਦੇ ਰੱਖਿਅਕ ਲਈ ਕੁਝ ਵੀ ਨਾ ਮੁਮਕਿਨ ਨਹੀਂ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬਾਨ ਦੀ ਸਹੀ ਚੋਣ ਸ਼੍ਰੋਮਣੀ ਕਮੇਟੀ ਲਈ ਇਕ ਵੱਡੀ ਜ਼ਿੰਮੇਵਾਰੀ ਹੈ। ਸ੍ਰੀ ਦਰਬਾਰ ਸਾਹਿਬ ’ਚ ਗ੍ਰੰਥੀ ਸਿੰਘ ਦੀਆਂ ਖ਼ਾਲੀ ਪੋਸਟਾਂ ਲਈ ਨਵੀਂ ਚੋਣ ਦਾ ਅਮਲ ਜਾਰੀ ਹੈ। ਜਲਦ ਹੀ ਗ੍ਰੰਥੀ ਸਿੰਘਾਂ ਦੀ ਚੋਣ ਕਰ ਲਏ ਜਾਣ ਦੀ ਖ਼ਬਰ ਆ ਸਕਦੀ ਹੈ। ਅੱਜ ਮਿਤੀ 12 ਜੁਲਾਈ. 2021 ਨੂੰ ਦੁਪਹਿਰ ਦੇ ਸਮੇਂ ਗ੍ਰੰਥੀ ਸਿੰਘ ਸਾਹਿਬਾਨ ਦੀ ਚੋਣ ਲਈ ਖਾਨਾਪੂਰਤੀ ਕਰਨ ਦਾ ਅਹਿਮ ਸੂਤਰਾਂ ਤੋਂ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਕਾਰਜ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਕਮਰਾ ਨੰਬਰ 16 ਦੀ ਵਰਤੋਂ ਕੀਤੀ ਗਈ., ਜਿੱਥੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਕੀਤਾ ਗਿਆ। ਅੱਜ ਕੇਵਲ ਦੋ ਹੀ ਉਮੀਦਵਾਰ ਬੁਲਾਏ ਗਏ। ਉਮੀਦਵਾਰਾਂ ਦੀ ਗੁਰਮਤਿ ਪ੍ਰਤੀ ਵਿਦਵਤਾ ਦੀ ਪਰਖ ਪੜਚੋਲ ਲਈ ਸਾਡੇ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਆਪਣੀ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਨਾਲ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਵੀ ਮੌਜੂਦ ਰਹੇ। ਪਤਾ ਲਗਾ ਹੈ ਕਿ ਸਪੈਸ਼ਲੀ ਬੁਲਾਏ ਗਏ ਦੋ ਉਮੀਦਵਾਰਾਂ ਦੀ ਇੰਟਰਵਿਊ ਭਾਵ ਵਿਦਵਤਾ ਦੀ ਪਰਖ ਪੜਚੋਲ ਲਈ ਕੇਵਲ 5 ਜਾਂ 7 ਮਿੰਟ ਲੱਗੇ।

    ਪਤਾ ਨਹੀਂ ਕਿਹੜਾ ਪੈਰਾ ਮੀਟਰ ਹੈ ਇੰਨਾ ਸਤਿਕਾਰਯੋਗ ਸਿੰਘ ਸਾਹਿਬਾਨ ਕੋਲ ਕਿ ਉਨ੍ਹਾਂ ਨੂੰ 5-7 ਮਿੰਟਾਂ ’ਚ ਹੀ ਪਤਾ ਲਗ ਗਿਆ ਕਿ ਇਹ ਲੋਕ ਸ੍ਰੀ ਦਰਬਾਰ ਸਾਹਿਬ ਵਰਗੇ ਸਿੱਖ ਕੌਮ ਦੇ ਧੁਰੇ ਲਈ ਉੱਚੇ ਰੁਤਬੇ ਗ੍ਰੰਥੀ ਦੀ ਪਦਵੀ ਲਈ ਫਿਟ ਮੰਨੇ ਗਏ ਹਨ। ਇੰਨਾ ਹੀ ਨਹੀਂ ਇਸ ਚੋਰਾਂ ਦੀ ਤਰਾਂ ਕੀਤੀ ਗਈ. ਕਾਰਵਾਈ ਦੇ ਮੁਕਾਬਲੇ ਪਹਿਲਾਂ ਗ੍ਰੰਥੀ ਦੀ ਚੋਣ ਲਈ. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੇਸਮੈਂਟ ’ਚ ਜਿੱਥੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਉੱਥੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਸ ਤੋਂ ਉਮੀਦਵਾਰ ਮੁੱਖ ਵਾਕ ਲੈਣ ਦੀ ਰਸਮ ਅਦਾ ਕਰਦੇ ਹਨ। ਉੱਥੇ ਹੀ ਇਕ ਉਮੀਦਵਾਰ ਦੀ ਚੋਣ ਕਰਦੇ ਸਮੇਂ ਤਕਰੀਬਨ 4 ਘੰਟੇ ਤਕ ਦਾ ਸਮਾਂ ਲਗ ਜਾਇਆ ਕਰਦਾ ਸੀ। ਨਾਲ ਹੀ ਉਸ ਵਕਤ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਮੈਂਬਰਾਂ ਦੀ ਬਣਾਈ ਗਈ ਸਭ ਕਮੇਟੀ ਵੀ ਮੌਜੂਦ ਰਿਹਾ ਕਰਦੀ ਸੀ। ਇਕ ਗਲ ਹੋਰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਪਾਠੀ ਸਿੰਘਾਂ ਦੀ ਚੋਣ ਸਮੇਂ ਤਾਂ ਵੀਡੀਓ ਗਰਾਫੀ ਕਰਾਈ ਜਾਂਦੀ ਰਹੀ ਹੈ ਪਰ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਵਰਗੇ ਅਹਿਮ ਪਦਵੀ ਦੀ ਚੋਣ ਲਈ ਕੋਈ ਵੀਡੀਓ ਗਰਾਫੀ ਕਿਉਂ ਨਹੀਂ ਕਰਾਈ ਗਈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਹਿਣਗੇ ਕਿਸੇ ਗ੍ਰੰਥੀ ਦੀ ਚੋਣ ਨਹੀਂ ਕੀਤੀ ਗਈ। ਇਹ ਤਾਂ ਜਗਾ ਦਾ ਮੁਆਇਨਾ ਕੀਤਾ ਗਿਆ ਹੈ। ਪਰ ਕੀ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਉਸ ਪਾਵਨ ਸਰੂਪ ਦਾ ਵੀ ਮੁਆਇਨਾ ਕੀਤਾ ਜਾਣਾ ਸੀ। ਕੁਝ ਤਾਂ ਲਿਹਾਜ਼ ਕਰੋ। ਇੰਨਾ ਝੂਠ ਵੀ ਚੰਗਾ ਨਹੀਂ ਹੁੰਦਾ। ਇਹ ਵੀ ਪਤਾ ਲਗਾ ਹੈ ਕਿ ਅੱਜ ਦੀ ਕੀਤੀ ਗਈ. ਕਰਤੂਤ ਸਾਹਮਣੇ ਆਉਣ ਨਾਲ ਕਲ ਬਾਕੀ ਰਹਿੰਦੇ ਉਮੀਦਵਾਰਾਂ ਨਾਲ ਅੱਜ ਵਾਲੇ ਵਿਸ਼ੇਸ਼ ਸਿਫ਼ਾਰਸ਼ੀ ਉਮੀਦਵਾਰਾਂ ਦੀ ਵੀ ਮੁੜ ਪਰੀਖਿਆ ਲਈ ਜਾਣੀ ਹੈ। ਇਹ ਸਭ ਕਿਸ ਦੇ ਦਬਾਅ ਅਧੀਨ ਕੀਤਾ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਨਾਲ ਹੀ ਖਿਲਵਾੜ ? ਇਸ ਕੋਈ ਕਿਵੇਂ ਬਰਦਾਸ਼ਤ ਕਰੂ? ਕੀ ਸ਼੍ਰੋਮਣੀ ਕਮੇਟੀ ਆਪਣੀਆਂ ਅੱਖਾਂ ਮੀਟ ਕੇ ਮਰਯਾਦਾ ਦੀਆਂ ਧੱਜੀਆਂ ਉਡਾਉਣ ਨੂੰ ਮਾਨਤਾ ਦੇਣ ’ਚ ਵਿਸ਼ਵਾਸ ਕਰਦੀ ਹੈ। ਕਿਸੇ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾ ਫ਼ਰਿਆਦੀ ਹੁੰਦੇ ਹਾਂ ਪਰ ਜਥੇਦਾਰ ਹੀ ਖ਼ੁਦ ਮਰਯਾਦਾ ਤਹਿਸ ਨਹਿਸ ਕਰਨ ’ਤੇ ਤੁੱਲ ਗਏ ਫਿਰ ਸਾਨੂੰ ਕੋਣ ਬਚਾਊ?

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img