More

    ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਨਾਲ ਕੀਤੀ ਮੀਟਿੰਗ

    ਅੰਮ੍ਰਿਤਸਰ, 30 ਮਈ (ਰਛਪਾਲ ਸਿੰਘ) – ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਾਲੇ ਇੱਥੇ ਬੰਦ ਕਮਰਾ ਮੀਟਿੰਗ ਹੋਈ ਹੈ। ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸੂਬਾ ਸਰਕਾਰ ਸਾਰੇ ਧਰਮ ਅਸਥਾਨਾਂ ਦੇ ਅਹਾਤਿਆਂ ਵਿਚ ਵੀ ਕਰੋਨਾ ਟੀਕਾਕਰਨ ਦਾ ਪ੍ਰਬੰਧ ਕਰੇ।

    ਦੋਵਾਂ ਆਗੂਆਂ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਭਾਵੇਂ ਸਾਹਮਣੇ ਨਹੀਂ ਆਏ ਪਰ ਸਮਝਿਆ ਜਾ ਰਿਹਾ ਹੈ ਕਿ ਮੁੜ ਸੱਤਾ ਪ੍ਰਾਪਤੀ ਲਈ ਯਤਨਸ਼ੀਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੌਜੂਦਾ ਹਾਲਾਤ ਬਾਰੇ ਹੀ ਚਰਚਾ ਕੀਤੀ ਗਈ ਹੈ। ਸ੍ਰੀ ਬਾਦਲ ਲਗਪਗ ਇਕ ਘੰਟਾ ਇੱਥੇ ਜਥੇਦਾਰ ਨਾਲ ਬੈਠੇ ਰਹੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਗ਼ੈਰ-ਰਸਮੀ ਮੁਲਾਕਾਤ ਸੀ। ਉਹ ਇੱਥੇ ਪਰਿਵਾਰ ਵੱਲੋਂ ਰਖਵਾਏ ਅਖੰਡ ਪਾਠ ਦੇ ਭੋਗ ਵਿਚ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਸ੍ਰੀ ਬਾਦਲ ਨੂੰ ਜਦੋਂ ਉਨ੍ਹਾਂ ਦੇ ਇੱਥੇ ਹੋਣ ਬਾਰੇ ਪਤਾ ਲਗਾ ਤਾਂ ਉਹ ਮਿਲਣ ਲਈ ਆ ਗਏ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਪਹਿਲਾਂ ਵੀ ਕਈ ਵਾਰ ਤਖ਼ਤ ਦਮਦਮਾ ਸਾਹਿਬ ’ਤੇ ਮੱਥਾ ਟੇਕਣ ਸਮੇਂ ਮਿਲ ਚੁੱਕੇ ਹਨ। ਇਸ ਦੌਰਾਨ ਜਥੇਦਾਰ ਦੇ ਇੱਥੇ ਹੋਣ ਦੇ ਬਾਵਜੂਦ ਟੀਕਾਕਰਨ ਕੈਂਪ ਸਮੇਂ ਉਨ੍ਹਾਂ ਦੀ ਗ਼ੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਿੱਖ ਸੰਗਤ ਵੱਲੋਂ ਸਰਕਾਰ ਖ਼ਿਲਾਫ਼ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸਰਕਾਰ ਨੇ ਮੁਫ਼ਤ ਟੀਕਾਕਰਨ ਕੈਂਪ ਡੇਰਾ ਬਿਆਸ ਦੇ ਵਿਹੜੇ ਵਿਚ ਲਾਇਆ ਹੈ ਪਰ ਉਹ ਬਤੌਰ ਸਿੱਖ ਡੇਰੇ ਵਿਚ ਨਹੀਂ ਜਾ ਸਕਦੇ। ਇਸ ਲਈ ਸਰਕਾਰ ਇਸ ਤਰ੍ਹਾਂ ਦੇ ਮੁਫ਼ਤ ਟੀਕਾਕਰਨ ਕੈਂਪ ਬਾਕੀ ਧਰਮ ਅਸਥਾਨਾਂ ਦੇ ਅਹਾਤੇ ਵਿਚ ਵੀ ਲਾਉਣ ਦਾ ਪ੍ਰਬੰਧ ਕਰੇ।

    ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਗਤ ਜੂਨ 1984 ਸਾਕਾ ਨੀਲਾ ਤਾਰਾ ਦੀ ਬਰਸੀ ਸ਼ਾਤਮਈ ਢੰਗ ਨਾਲ ਮਨਾਵੇ। ਕਰੋਨਾ ਰੋਕਾਂ ਕਾਰਨ ਸੰਗਤ ਘਰਾਂ ’ਚ ਰਹਿ ਕੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਕਰੇ।

    ਇਸ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਯੂਪੀ ਦੇ ਲਖੀਮਪੁਰ ਖੀਰੀ ’ਚ ਬਜ਼ੁਰਗ ਸਿੱਖ ਦੀ ਕੁੱਟਮਾਰ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਵਾਉਣ ਦਾ ਹੁਕਮ ਦਿੱਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img