ਸਿੱਖ ਸਮਝਣ ਜਾਂ ਨਾਂ ਸਮਝਣ.. ਮੋਦੀ ਸਾਹ ਜੋੜੀ ਨੇ ਸਿੱਖਾਂ ਵਿਰੁੱਧ ਲਕੀਰ ਖਿੱਚ ਕੇ ਲੜਾਈ ਵਿੱਢ ਦਿੱਤੀ ਹੈ : ਰਘਵੀਰ ਸਿੰਘ ਬਰਨਾਲਾ

ਸਿੱਖ ਸਮਝਣ ਜਾਂ ਨਾਂ ਸਮਝਣ.. ਮੋਦੀ ਸਾਹ ਜੋੜੀ ਨੇ ਸਿੱਖਾਂ ਵਿਰੁੱਧ ਲਕੀਰ ਖਿੱਚ ਕੇ ਲੜਾਈ ਵਿੱਢ ਦਿੱਤੀ ਹੈ : ਰਘਵੀਰ ਸਿੰਘ ਬਰਨਾਲਾ

ਪੰਜਾਬ, 17 ਸਤੰਬਰ (ਬੁਲੰਦ ਆਵਾਜ਼):- ਵੈਸੇ ਤਾਂ ਜਦੋਂ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਟੁੱਚੀ ਜਿਹੇ ਕੇਸ ਵਿੱਚ ਫਸਾਕੇ NSA ਲਗਾਕੇ ਡਿਬਰੂਗੜ ਭੇਜ ਦਿੱਤਾ ਸੀ, ਉਸ ਦਿਨ ਤੋਂ ਹੀ ਸਪੱਸ਼ਟ ਹੋ ਗਿਆ ਸੀ ਕਿ ਮੋਦੀ ਸਰਕਾਰ ਦੇ ਸਿੱਖਾਂ ਪ੍ਰਤੀ ਇਰਾਦੇ ਨੇਕ ਨਹੀ ਹਨ। ਜਿਵੇ ਇੰਦਰਾ ਗਾਂਧੀ ਨੇ ਐਮਰਜੰਸੀ ਵਿਰੁੱਧ ਮੋਰਚੇ ਦਾ ਬਦਲਾ ਲੈਣ ਲਈ ਸਿੱਖਾਂ ਵਿਰੁੱਧ ਤੀਜਾ ਘੱਲੂਘਾਰਾ ਕੀਤਾ ਸੀ ਇਸੇ ਤਰ੍ਹਾਂ ਮੋਦੀ ਸਾਹ ਹੁਰੀ ਵੀ ਕਿਸਾਨ ਮੋਰਚੇ ਦੀ ਸਫਲਤਾ ਤੋਂ ਬਾਅਦ ਸਿੱਖਾਂ ਵਿਰੁੱਧ ਕਚੀਚੀਆਂ ਵੱਟ ਰਹੇ ਸਨ। ਉਹ ਜਾਣਦੇ ਹਨ ਕਿ ਕਾਮਰੇਡ ਲੀਡਰਾਂ ਨੂੰ ਲੌਗੋਵਾਲ ਵਾਂਗ ਬਿਨਾ ਕੁਝ ਦਿੱਤੇ ਬੇਰੰਗ ਵਾਪਸ ਭੇਜਣਾ ਔਖਾ ਨਹੀਂ ਸੀ ਪਰ ਮੋਰਚੇ ਪਿੱਛੇ ਕੰਮ ਕਰ ਰਹੀ ਸਿੱਖ ਮਾਨਸਿਕਤਾ ਕਾਰਨ ਹੀ ਮੋਰਚਾ ਸਫਲ ਹੋਇਆ ਤੇ ਮੋਦੀ ਨੂੰ ਤਿੰਨੇ ਕਨੂੰਨ ਵਾਪਸ ਲੈਣੇ ਪਏ।ਉਦੋ ਤੋਂ ਹੀ ਕੇਦਰ ਨੇ ਮੋਰਚੇ ਪਿੱਛੇ ਕੰਮ ਕਰਦੀ ਸਿੱਖ ਮਾਨਸਿਕਤਾ ਨੂੰ ਕੁਚਲਣ ਦਾ ਫੈਸਲਾ ਕਰ ਲਿਆ ਸੀ ਤੇ ਇਸਦੀ ਸ਼ੁਰੂਆਤ ਦੀਪ ਸਿੱਧੂ ਦੇ ਕਤਲ ਤੋਂ ਕੀਤੀ ਗਈ ਤੇ ਉਸਤੋਂ ਪਿੱਛੋ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ। ਉਸਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਪੂਰੀ ਟੀਮ ਨੂੰ ਐਨ ਐਸ ਏ ਲਗਾਕੇ ਡਿਬਰੂਗੜ ਭੇਜ ਦਿੱਤਾ। ਉਸ ਸਮੇਂ ਥੋੜੀ ਸੰਕਾ ਸੀ ਕਿ ਸਾਇਦ ਇੰਨਾ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਡਿਬਰੂਗੜ ਭੇਜਿਆ ਹੈ ਪਰ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਇਸ ਪਿੱਛੇ ਕੇਦਰ ਸਰਕਾਰ ਹੈ, ਪੰਜਾਬ ਸਰਕਾਰ ਨੇ ਤਾਂ ਹੁਕਮ ਨੂੰ ਖਿੜੇ ਮੱਥੇ ਮੰਨਿਆ ਹੈ ਤੇ ਵਿਰੋਧ ਨਹੀਂ ਕੀਤਾ। ਅਮਿਤ ਸ਼ਾਹ ਨੇ ਜਦੋਂ ਸਿੱਖਾਂ ਦੇ ਨੰਬਰ ਵਨ ਦੁਸ਼ਮਣ ਪਰਿਵਾਰ ਦੇ ਰਵਨੀਤ ਬਿੱਟੂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਤੇ ਹਾਰ ਜਾਣ ਦੇ ਬਾਵਜੂਦ ਉਸਨੂੰ ਮੰਤਰੀ ਬਣਾਇਆ ਗਿਆ ਤਾਂ ਉਸਤੋ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਕੇਦਰ ਦੀ ਮੋਦੀ ਸਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸਿੱਖਾਂ ਨਾਲ ਲਕੀਰ ਖਿੱਚ ਕੇ ਲੜਨ ਦਾ ਕਰੂਰ ਫੈਸਲਾ ਕਰ ਲਿਆ ਹੈ ਤੇ ਵਿਦੇਸ਼ਾਂ ਵਿੱਚ ਗਰਮਦਲੀ ਸਿੱਖਾਂ ਦੇ ਹੋ ਰਹੇ ਕਤਲ ਇਸੇ ਲੜੀ ਦਾ ਹਿੱਸਾ ਹਨ। ਰਵਨੀਤ ਬਿੱਟੂ ਦੇ ਬਿਆਨ ਬਲਦੀ ਅੱਗ ‘ਤੇ ਤੇਲ ਪਾ ਰਹੇ ਹਨ। ਸਿੱਖਾਂ ਨੂੰ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਡਿਬਰੂਗੜ ਵਾਲਿਆਂ ਦੀ ਰਿਹਾਈ ਭੁੱਲ ਜਾਣੀ ਚਾਹੀਦੀ ਹੈ। ਹੁਣ ਕੇਦਰ ਨੂੰ ਬਾਦਲ ਪਰਿਵਾਰ ਜਾਂ ਉਸਦੇ ਵਿਰੋਧੀ ਅਕਾਲੀ ਲੀਡਰਾਂ ਦੀ ਵੀ ਬਹੁਤੀ ਪ੍ਰਵਾਹ ਨਹੀਂ ਕਿਉਂਕਿ ਸਿੱਖਾਂ ਵਿਰੁੱਧ ਲੜਨ ਤੇ ਸਿੱਖਾਂ ਵਿਰੁੱਧ ਸਖਤ ਐਕਸ਼ਨ ਲੈਣ ਲਈ ਉਨ੍ਹਾਂ ਕੋਲ ਜੀ ਹਜੂਰੀਆ ਮੁੱਖ ਮੰਤਰੀ ਉਪਲਬਧ ਹੈ। ਤਾਂ ਸਵਾਲ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਸਿੱਖ ਕੌਮ ਕੀ ਕਰੇ। ਇਸ ਦਾ ਇਕੋ ਜਵਾਬ ਹੈ ਬਾਦਲ ਦਲ ਤੇ ਸੁਧਾਰ ਲਹਿਰ ਵਾਲਿਆਂ ਨੂੰ ਛੱਡਕੇ ਬਾਕੀ ਪੰਥਕ ਜਥੇਬੰਦੀਆਂ ਇਕੱਠੀਆਂ ਹੋਣ ਤੇ ਜੰਮੂ ਕਸ਼ਮੀਰ ਦੀ ਹੁਰੀਅਤ ਵਾਗ ਇੰਨਾ ਪੰਥਕ ਜਥੇਬੰਦੀਆਂ ਵਿਚੋ ਇਕ ਇੱਕ ਨੁਮਾਇੰਦਾ ਲੈਕੇ ਇੱਕ ਕਮੇਟੀ ਬਣਾਉਣ ਤੇ ਉਹ ਕਮੇਟੀ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਕੇ ਸਘੰਰਸ਼ ਦਾ ਪੁਰ ਅਮਨ ਪ੍ਰੋਗਰਾਮ ਉਲੀਕਣ। ਬਾਦਲ ਪਰਿਵਾਰ ਨਾਲ ਸਬੰਧਤ ਲੀਡਰ ਤੇ ਸੁਧਾਰ ਲਹਿਰ ਵਾਲੇ ਮੋਦੀ ਦੀ ਈਡੀ ਤੇ ਸੀਬੀਆਈ ਵਿਰੁੱਧ ਕਦੇ ਨਹੀਂ ਖੜ ਸਕਣਗੇ ਬਲਕਿ ਵਿਚਾਲੇ ਜਾਕੇ ਧੋਖਾ ਖਾਣ ਨਾਲੋ ਇੰਨਾ ਨੂੰ ਪਹਿਲਾਂ ਹੀ ਬਾਹਰ ਕਰ ਦਿੱਤਾ ਜਾਵੇ। ਸਿੱਖ ਹੁਣ ਦੁਬਾਰਾ ਮੋਰਚਾ ਲਾਉਣ ਤੋਂ ਕਿੰਨੀ ਮਰਜੀ ਟਲੀ ਜਾਣ ਪਰ ਕੇਦਰ ਸਰਕਾਰ ਲਗਾਤਾਰ ਸਿੱਖ ਕੌਮ ਦੁਆਲੇ ਸਿਕੰਜਾ ਕੱਸੀ ਜਾ ਰਿਹੀ ਹੈ। ਤੁਸੀ ਹੁਣ ਜਿਆਦਾ ਸਮਾਂ ਕਬੂਤਰ ਵਾਂਗ ਅੱਖਾਂ ਮੀਟ ਕੇ ਨਹੀ ਬੱਚ ਸਕਦੇ। ਸੰਧੂ ਦੇ ਕਤਲ ਤੇ ਦਸਮ ਗ੍ਰੰਥ ਵਰਗੇ ਵਿਵਾਦਿਤ ਮੁੱਦੇ ਪਾਸੇ ਰੱਖਕੇ ਕੌਮ ਨੂੰ ਇੱਕ ਸਰਬ ਉੱਚ ਕਮੇਟੀ ਬਣਾਕੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਕੇ ਆਪਣਾ ਪੁਰ ਅਮਨ ਸਘੰਰਸ਼ ਵਿੱਢਣਾ ਚਾਹੀਦਾ ਹੈ। ਸਿੱਖਾਂ ਦੀ ਹਾਲਤ ਹੁਣ ਉਹ ਹੈ ਜੋ ਦੂਜੀ ਵੱਡੀ ਜੰਗ ਤੋਂ ਪਹਿਲਾਂ ਯਹੂਦੀਆਂ ਦੀ ਸੀ। ਹੁਣ ਕਬੂਤਰ ਵਾਂਗ ਅੱਖਾਂ ਮੀਟ ਕੇ ਗੁਜਾਰਾ ਨਹੀ ਹੋਣਾ।

Bulandh-Awaaz

Website: