ਤਰਨ ਤਾਰਨ, 7 ਜੂਨ (ਬੁਲੰਦ ਆਵਾਜ ਬਿਊਰੋ) – ਇਨਸਾਨ ਦੀ ਬੁਲੰਦੀਆਂ ਨੂੰ ਛੂਹਣ ਦੀ ਸੋਚ,ਮਜ਼ਬੂਤ ਇਰਾਦੇ ਅਤੇ ਉਸਦੇ ਜਜ਼ਬਿਆਂ ਵਿੱਚ ਵਸਦੀਆਂ ਆਪਣੀ ਕਰਮ ਭੂਮੀ ਨੂੰ ਹੋਰ ਸੋਹਣਾ ਬਣਾਉਣ ਦੀਆਂ ਰੀਝਾਂ ਅਤੇ ਖਿਆਲਾਂ ਵਿੱਚ ਵਸਦੇ ਸੁਫ਼ਨੇ ਉਸਨੂੰ ਕੁਝ ਨਿਵੇਕਲਾ ਕਰਨ ਲਈ ਪ੍ਰੇਰਿਤ ਕਰਦੇ ਹਨ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਸਰਕਾਰੀ ਐਲੀਮੈਂਟਰੀ ਸਕੂਲ ਠੱਠਾ, ਬਲਾਕ ਗੰਡੀਵਿੰਡ, ਜਿਲ੍ਹਾ ਤਰਨ ਤਾਰਨ ਦੇ ਮਿਹਨਤੀ ਸਟਾਫ਼ ਨੇ। ਸਕੂਲ ਦੇ ਮੁੱਖ ਅਧਿਆਪਕ ਸਰਬਜੀਤ ਸਿੰਘ ਨੇ ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 2016 ਵਿੱਚ ਬਤੌਰ ਮੁੱਖ ਅਧਿਆਪਕ ਇਸ ਸਕੂਲ ਵਿੱਚ ਆਏ ਸਨ। ਉਹਨਾਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਸੀ ਕਿ ਮੈਨੂੰ ਇਕ ਪਰਿਵਾਰ ਵਰਗਾ ਸਟਾਫ ਮਿਲਿਆ ਜਿੰਨਾ ਨੇ ਮੇਰਾ ਹਰੇਕ ਕੰਮ ਵਿਚ ਪੂਰਾ ਸਹਿਯੋਗ ਦਿੱਤਾ।ਅਸੀਂ ਸਕੂਲ ਨੂੰ ਹਰੇਕ ਪੱਖ ਤੋਂ ਬਿਹਤਰੀਨ ਅਤੇ ਸੋਹਣਾ ਬਣਾਉਣ ਲਈ ਮਿਲ ਕੇ ਵਿਉਂਤਬੰਦੀ ਕੀਤੀ।
ਸਕੂਲ ਦੇ ਸਾਰੇ ਸਟਾਫ਼ ਨੇ ਮੁੱਖ ਅਧਿਆਪਕ ਦਾ ਸਾਥ ਦਿੰਦੇ ਹੋਏ ਸਕੂਲ ਦੀ ਕਾਇਆ ਹੀ ਬਦਲ ਦਿੱਤੀ ਹੈ।ਸਕੂਲ ਵਿੱਚ 3 ਕਮਰਿਆਂ ਅਤੇ ਵਰਾਂਡੇ ਵਿਚ ਫਲੋਰ ਟਾਈਲਜ਼ ਲੱਗੀਆਂ ਹਨ।ਸਮਾਰਟ ਕਲਾਸ ਰੂਮ,ਪ੍ਰੋਜੈਕਟਰ,ਐਲ.ਈ.ਡੀ., ਗਣਿਤ ਪਾਰਕ ਸਕੂਲ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ।ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਧੀਆ ਅਤੇ ਸਾਫ਼ ਸੁਥਰੇ ਪਖਾਨੇ ਹਨ। ਸਟਾਫ਼ ਦੇ ਲਗਾਤਾਰ ਯਤਨਾਂ ਸਦਕਾ ਸਕੂਲ ਵਿਚ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ।ਪਿੰਡ ਵਾਸੀਆਂ ਵੱਲੋਂ ਸਕੂਲ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਲਗਾਤਾਰ ਪ੍ਰਸੰਸਾ ਕੀਤੀ ਜਾ ਰਹੀ ਹੈ।ਇਸ ਸਕੂਲ ਦੀ ਖਾਸੀਅਤ ਇਸ ਸਕੂਲ ਵਿੱਚ ਕੀਤਾ ਗਿਆ ਬਾਲਾ ਵਰਕ ਹੈ।ਜੋ ਕਿਸੇ ਪੇਂਟਰ ਵੱਲੋਂ ਨਹੀਂ ਸਗੋਂ ਸਕੂਲ ਦੇ ਅਧਿਆਪਕਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਹੈ ਜ਼ੋ ਹਰੇਕ ਦਾ ਮਨ ਮੋਹ ਲੈਂਦਾ ਹੈ।ਮੁੱਖ ਅਧਿਆਪਕ ਦੁਆਰਾ ਖ਼ਾਸ ਤੌਰ ਤੇ ਅਧਿਆਪਿਕਾ ਨਵਜੀਤ ਕੌਰ ਦਾ ਧੰਨਵਾਦ ਕੀਤਾ ਗਿਆ ਜੋ ਕਿ ਉਸੇ ਹੀ ਪਿੰਡ ਦੇ ਵਸਨੀਕ ਹਨ, ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ।ਸਕੂਲ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਪਿੰਡ ਦੇ ਸਰਪੰਚ ਸ.ਕਵਲਜੀਤ ਸਿੰਘ, ਨੰਬਰਦਾਰ ਸ.ਜਰਨੈਲ ਸਿੰਘ, ਐਸ.ਐਮ.ਸੀ.ਕਮੇਟੀ ਦੇ ਚੇਅਰਮੈਨ ਸਵਿੰਦਰ ਸਿੰਘ ਅਤੇ ਬਲਕਾਰ ਸਿੰਘ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਸ.ਸਰਬਜੀਤ ਸਿੰਘ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਜਿਸਦੀ ਪ੍ਰੇਰਣਾ ਉਨ੍ਹਾਂ ਨੂੰ ਜਿਲ੍ਹਾ ਸਮਾਰਟ ਸਕੂਲ ਪ੍ਰੋਜੈਕਟ ਕੋਆਰਡੀਨੇਟਰ ਸ.ਅਮਨਦੀਪ ਸਿੰਘ,ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰੀ ਮਤੀ ਅਨੁਰੂਪ ਬੇਦੀ ਅਤੇ ਸੀ. ਐੱਚ. ਟੀ. ਸ੍ਰੀਮਤੀ ਅਮਰਜੀਤ ਕੌਰ ਜੀ ਪਾਸੋਂ ਮਿਲਦੀ ਹੈ,ਜੋ ਸਮੇਂ ਸਮੇਂ ਤੇ ਮੁੱਖ ਅਧਿਆਪਕ ਅਤੇ ਸਾਰੇ ਸਟਾਫ਼ ਦਾ ਮਾਰਗ ਦਰਸ਼ਨ ਕਰਦੇ ਹਨ।