More

    ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਬਰਸੀ ਸ਼੍ਰੀ ਦਰਬਾਰ ਸਾਹਿਬ ਵਿਖੇ ਮਨਾਏਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ : ਮਾਨ

    ਚੰਡੀਗੜ੍ਹ, 28 ਅਗਸਤ (ਰਛਪਾਲ ਸਿੰਘ) “ਕਿਉਂਕਿ ਸਿੱਖ ਕੌਮ ਆਪਣੇ ਮਨੁੱਖਤਾ ਪੱਖੀ ਅਤੇ ਅਮਨ ਚੈਨ ਪੱਖੀ ਮਕਸਦਾਂ ਦੀ ਪ੍ਰਾਪਤੀ ਲਈ ਕਦੀ ਵੀ ਜਿ਼ੰਮੇਵਾਰੀ ਤੋਂ ਪਿੱਛੇ ਨਹੀਂ ਹਟੀ । ਬਲਕਿ ਜਦੋਂ ਵੀ ਅਜਿਹੀਆ ਕੌਮੀ ਤੇ ਮਨੁੱਖਤਾ ਪੱਖੀ ਜਿ਼ੰਮੇਵਾਰੀਆਂ ਨੂੰ ਪੂਰਾ ਕਰਨ ਦਾ ਸਮਾਂ ਆਇਆ, ਤਾਂ ਗੁਰੂ ਸਾਹਿਬਾਨ ਤੋਂ ਲੈਕੇ ਅਜੋਕੇ ਸਮੇਂ ਤੱਕ ਨੇਕ ਉਦਮਾਂ ਲਈ ਸ਼ਹਾਦਤਾਂ ਦੇਣ ਅਤੇ ਜਾਲਮਾਂ ਨੂੰ ਚੁਣੋਤੀ ਦੇਣ ਦੀ ਵੀ ਜਿ਼ੰਮੇਵਾਰੀ ਨਿਰੰਤਰ ਨਿਭਾਉਦੀ ਆ ਰਹੀ ਹੈ । ਇਹੀ ਵਜਹ ਹੈ ਕਿ ਸਿੱਖ ਕੌਮ ਆਪਣੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਉਤੇ ਫਖ਼ਰ ਵੀ ਕਰਦੀ ਹੈ ਅਤੇ ਉਨ੍ਹਾਂ ਤੋਂ ਅਗਵਾਈ ਵੀ ਲੈਦੀ ਹੈ । ਇਸੇ ਸੋਚ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਸਖਸ਼ੀਅਤਾਂ ਵੱਲੋਂ 31 ਅਗਸਤ 2020 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ਼ਹੀਦੀ ਅਰਦਾਸ ਕਰੇਗੀ । ਇਸਦੇ ਨਾਲ ਹੀ ਜੋ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਦੇ ਹੋਏ ਐਸ.ਜੀ.ਪੀ.ਸੀ. ਵਿਚ ਸਾਜ਼ਸੀ ਢੰਗ ਨਾਲ 328 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਲੋਪ ਕੀਤੇ ਗਏ ਹਨ, ਉਸਦੇ ਅਸਲ ਸੱਚ ਨੂੰ ਸਾਹਮਣੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਆਪਣੀ ਜਾਂਚ ਟੀਮ ਕੰਮ ਆਰੰਭੇਗੀ । ਜਿਸ ਜਾਂਚ ਕਮੇਟੀ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਈਮਾਨ ਸਿੰਘ ਮਾਨ, ਸ. ਹਰਬੀਰ ਸਿੰਘ ਸੰਧੂ ਸਕੱਤਰ ਅਤੇ ਜਿ਼ਲ੍ਹਾ ਪ੍ਰਧਾਨ ਅੰਮ੍ਰਿਤਸਰ ਸ. ਅਮਰੀਕ ਸਿੰਘ ਨੰਗਲ ਹੋਣਗੇ ।”

    ਇਹ ਜਾਣਕਾਰੀ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖਤਾਂ ਹੇਠ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਗਏ ਇਕ ਪਾਲਸੀ ਬਿਆਨ ਵਿਚ ਦਿੱਤੀ ਗਈ । ਉਨ੍ਹਾਂ ਕਿਹਾ ਕਿ ਇਸ ਸਮੇਂ ਜਿਥੇ ਸਿੱਖ ਕੌਮ ਵਿਚ ਵੱਖ-ਵੱਖ ਮੁੱਦਿਆ ਉਤੇ ਸਾਜ਼ਸੀ ਢੰਗ ਨਾਲ ਆਪਸੀ ਖਿੱਚੋਤਾਣ ਨੂੰ ਵਧਾਉਣ ਲਈ ਬਹਿਸ ਛੇੜੀ ਗਈ ਹੈ, ਉਸ ਮੰਦਭਾਵਨਾ ਨੂੰ ਆਪਣੇ ਜਹਿਨ ਵਿਚ ਰੱਖਦੇ ਹੋਏ ਅਤਿ ਸੰਜ਼ੀਦਾ ਅਤੇ ਗੰਭੀਰ ਮੁੱਦਿਆ ਉਤੇ ਹੀ ਸਮੁੱਚੀ ਸਿੱਖ ਕੌਮ ਅਤੇ ਵੱਖੋ-ਵੱਖਰੀ ਵਿਚਾਰਧਾਰਾਂ ਵਾਲੀ ਲੀਡਰਸਿ਼ਪ ਨੂੰ ਕੇਦਰਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਦੀ ਪ੍ਰਤੀਕ ਸ਼ਕਤੀ ਦੀ ਅਗਵਾਈ ਹੇਠ ਅਜਿਹੀਆ ਕੌਮੀ ਜਿ਼ੰਮੇਵਾਰੀਆਂ ਨੂੰ ਅਤਿ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਨਿਭਾਉਣਾ ਪਵੇਗਾ ਤਾਂ ਕਿ ਦੁਸ਼ਮਣ ਮੁਤੱਸਵੀ ਤਾਕਤਾਂ ਸਾਡੀ ਕੌਮੀ ਸ਼ਕਤੀ ਨੂੰ ਕਈ ਹਿੱਸਿਆ ਵਿਚ ਵੰਡਕੇ ਬੇਅਸਰ ਕਰਨ ਵਿਚ ਕਾਮਯਾਬ ਨਾ ਹੋ ਸਕੇ । ਉਨ੍ਹਾਂ ਇਹ ਵੀ ਕਿਹਾ ਕਿ ਜੋ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੀ ਦਰਸ਼ਨੀ ਡਿਊਢੀ ਜਿਸਨੂੰ ਕੰਵਰ ਨੌਨਿਹਾਲ ਸਿੰਘ ਨੇ ਸਰਧਾ ਸਹਿਤ ਬਣਵਾਇਆ ਸੀ, ਉਸ ਨੂੰ ਸਾਜਸੀ ਢੰਗ ਨਾਲ ਗਿਰਾਉਣ ਦੇ ਦੁੱਖਾਂਤ ਦਾ ਵੀ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ ਤਾਂ ਜੋ ਮੁਤੱਸਵੀ ਤਾਕਤਾਂ ਜੋ ਹੁਣੇ ਹੀ ਆਪਣੇ ਰਾਜ ਭਾਗ ਦੇ ਜੋਰ ਅਧੀਨ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਦਾ ਨੀਹ ਰੱਖਕੇ, ਦੂਜੀਆ ਘੱਟ ਗਿਣਤੀ ਕੌਮਾਂ, ਧਰਮਾਂ ਨੂੰ ਵੀ ਇਸੇ ਤਰ੍ਹਾਂ ਸਾਜ਼ਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਉਣਾ ਚਾਹੁੰਦੀਆ ਹਨ ਅਤੇ ਸਾਡੇ ਸਭ ਤੋਂ ਵੱਡੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਦਰਸ਼ਨੀ ਡਿਊਢੀ ਦਰਬਾਰ ਸਾਹਿਬ ਦੇ ਇਤਿਹਾਸਿਕ ਦਰਵਾਜਿਆ ਆਦਿ ਨੂੰ ਨਿਸ਼ਾਨਾਂ ਬਣਾਉਣ ਲਈ ਉਤਾਵਲੇ ਹੋਏ ਪਏ ਹਨ, ਸਮੁੱਚੀ ਸਿੱਖ ਕੌਮ ਅਜਿਹੀਆ ਤਾਕਤਾਂ ਨੂੰ ਇਕ ਤਾਕਤ ਹੋ ਕੇ ਦ੍ਰਿੜਤਾ ਨਾਲ ਚੁਣੋਤੀ ਵੀ ਦੇ ਸਕੇ ਅਤੇ ਉਨ੍ਹਾਂ ਨੂੰ ਅਜਿਹੀਆ ਘਿਣੋਨੀਆ ਅਤੇ ਮਨੁੱਖਤਾ ਵਿਰੋਧੀ ਕਾਰਵਾਈਆ ਲਈ ਖਬਰਦਾਰ ਵੀ ਕਰ ਸਕੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਦੀ ਬਰਸੀ ਦੇ ਨਾਲ-ਨਾਲ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਸਮੁੱਚੇ ਸੰਜ਼ੀਦਾ ਮੁੱਦਿਆ ਉਤੇ ਪ੍ਰੈਸ ਮਿਲਣੀ ਵੀ ਕਰੇਗੀ ਜਿਸ ਵਿਚ ਕੌਮੀ ਸੰਜ਼ੀਦਾ ਮੁੱਦਿਆ ਅਤੇ ਮੁਤੱਸਵੀ ਹੁਕਮਰਾਨਾਂ ਦੀਆਂ ਸਾਜਿ਼ਸਾਂ ਦਾ ਅੰਤ ਕਰਨ ਲਈ ਅਗਲੀ ਰਣਨੀਤੀ ਤੇ ਵੀ ਵਿਚਾਰ ਕੀਤਾ ਜਾਵੇਗਾ ।

    ਸ. ਮਾਨ ਨੇ ਪੰਜਾਬ ਵਿਧਾਨ ਸਭਾ ਵੱਲੋਂ ਕਿਸਾਨ-ਖੇਤ ਮਜਦੂਰ ਅਤੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਸੈਟਰ ਹਕੂਮਤ ਵੱਲੋਂ ਜਾਰੀ ਕੀਤੇ ਗਏ ਤਿੰਨ ਕਿਸਾਨ ਆਰਡੀਨੈਸਾਂ ਦੇ ਵਿਰੁੱਧ ਲਿਖਤੀ ਰੂਪ ਵਿਚ ਮਤੇ ਪਾਸ ਕਰਨ ਦਾ ਭਰਪੂਰ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇ ਕਾਂਗਰਸ ਜਮਾਤ ਦੇ ਬੀਤੇ ਸਮੇਂ ਦੇ ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਕੀਤੇ ਗਏ ਜ਼ਬਰ ਜੁਲਮਾਂ ਨੂੰ ਸਿੱਖ ਕੌਮ ਕਦੀ ਨਹੀਂ ਭੁਲਾ ਸਕਦੀ ਅਤੇ ਨਾ ਹੀ ਉਨ੍ਹਾਂ ਨੂੰ ਮੁਆਫ਼ ਕਰੇਗੀ । ਲੇਕਿਨ ਜਿਥੇ ਵੀ ਮਨੁੱਖਤਾ ਦੀ ਬਿਹਤਰੀ ਲਈ ਕੋਈ ਦ੍ਰਿੜਤਾ ਨਾਲ ਕਦਮ ਉਠਾਇਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦਾ ਖੁੱਲ੍ਹਦਿਲੀ ਨਾਲ ਸਵਾਗਤ ਕਰਨ ਦਾ ਮਾਦਾ ਵੀ ਰੱਖਦਾ ਹੈ । ਸ. ਮਾਨ ਨੇ ਪਾਰਟੀ ਦੀ ਲੀਡਰਸਿ਼ਪ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਇਮਾਨ ਸਿੰਘ ਮਾਨ, ਵਰਿੰਦਰ ਸਿੰਘ ਸੇਖੋ ਯੂਥ ਆਗੂ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਆਪਣੀਆ ਪੰਜਾਬ ਅਤੇ ਕੌਮ ਪੱਖੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਇਕ ਦਿਨਾ ਇਜਲਾਸ ਵਿਚ ਮਤੇ ਪਾਉਣ, ਪੰਜਾਬ ਸੂਬੇ ਤੇ ਸਿੱਖ ਕੌਮ ਲਈ ਸਟੈਡ ਲੈਣ ਦੀ ਜਿ਼ੰਮੇਵਾਰੀ ਨਿਭਾਉਣ ਉਤੇ ਚੰਡੀਗੜ੍ਹ ਪੁਲਿਸ ਵੱਲੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਵਰਿੰਦਰ ਸਿੰਘ ਸੇਖੋ ਨੂੰ ਗ੍ਰਿਫ਼ਤਾਰ ਕਰਨ ਦੇ ਗੈਰ ਕਾਨੂੰਨੀ ਅਤੇ ਜਮਹੂਰੀਅਤ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਉਨ੍ਹਾਂ ਦੀ ਤੁਰੰਤ ਬਿਨ੍ਹਾਂ ਸਰਤ ਰਿਹਾਈ ਦੀ ਜਿਥੇ ਮੰਗ ਕੀਤੀ, ਉਥੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਹਕੂਮਤ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਮਹੂਰੀਅਤ ਪਸ਼ੰਦ ਆਗੂਆਂ ਨਾਲ ਅਜਿਹਾ ਵਿਵਹਾਰ ਕਰਨ ਉਤੇ ਵੱਡਾ ਰੋਸ ਜਾਹਰ ਕਰਦੇ ਹੋਏ ਸਿੱਖ ਕੌਮ ਦੇ ਪਹਿਲੋ ਹੀ ਜਖਮੀ ਹੋਏ ਮਨਾਂ ਨੂੰ ਹੋਰ ਤਕਲੀਫ ਦੇਣ ਤੋਂ ਵਰਜਦੇ ਹੋਏ ਕਿਹਾ ਕਿ ਸਰਕਾਰ ਅਜਿਹੇ ਅਮਲ ਕਰਕੇ ਖੁਦ ਹੀ ਪੰਜਾਬ ਦੇ ਅਮਨ ਨੂੰ ਲਾਬੂ ਲਗਾਉਣ ਦੀ ਗੁਸਤਾਖੀ ਕਰ ਰਹੀ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬ ਦੇ ਸਮੁੱਚੇ ਨਿਵਾਸੀ ਤੇ ਵਰਗ ਬਿਲਕੁਲ ਸਹਿਣ ਨਹੀਂ ਕਰਨਗੇ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img