More

    ਵਜੀਫਾ ਘੁਟਾਲਾ ਦੋਸ਼ੀਆ ਵਿਰੁੱਧ ਐਸ.ਸੀ./ਐਸ.ਟੀ. ਐਕਟ ਅਧੀਨ ਕਾਰਵਾਈ ਕੀਤੀ ਜਾਵੇ : ਢੋਸੀਵਾਲ

    ਸ੍ਰੀ ਮੁਕਤਸਰ ਸਾਹਿਬ, 20 ਫਰਵਰੀ (ਮਿੱਤਲ) – ਹੁਣ ਭਾਜਪਾ ਦੇ ਹੋ ਚੁੱਕੇ ਅਤੇ ਰਾਜ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜ ਕਾਲ ਸਮੇਂ 2019 ਵਿਚ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਵਿਚ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਸੀ। ਮਾਮਲਾ ਉਜਾਗਰ ਹੋਣ ਤੋਂ ਬਾਅਦ ਸਰਕਾਰ ਵੱਲੋਂ ਜਾਂਚ ਦਾ ਡਰਾਮਾ ਕੀਤਾ ਗਿਆ ਅਤੇ ਸਬੰਧਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਕੇ ਬੇਕਸੂਰ ਸਾਬਤ ਕਰ ਦਿੱਤਾ ਗਿਆ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਇਹ ਮਾਮਲਾ ਲਿਖਤੀ ਰੂਪ ਅਤੇ ਪ੍ਰੈਸ ਰਾਹੀਂ ਭਲਾਈ ਵਿਭਾਗ ਅਤੇ ਰਾਜ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਸਮੁੱਚੇ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਇਸ ਬਾਰੇ ਮੰਗ ਪੱਤਰ ਵੀ ਦਿੱਤੇ ਗਏ ਸਨ। ਇਸ 55 ਕਰੋੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਪੰਜਾਬ ਦੇ ਮੌਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁੜ ਤੋਂ ਜਾਂਚ ਕਰਵਾਈ ਗਈ। ਜਾਂਚ ਵਿਚ ਭਲਾਈ ਵਿਭਾਗ ਦੇ ਚਾਰ ਅਤੇ ਵਿੱਤ ਵਿਭਾਗ ਦੇ ਦੋ ਕਰਮਚਾਰੀਆਂ ਦੀ ਸ਼ਮੂਲੀਅਤ ਸਾਬਤ ਹੋ ਗਈ।

    ਸਿੱਟੇ ਵਜੋਂ ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ, ਚਰਨਜੀਤ ਸਿੰਘ ਡਿਪਟੀ ਕੰਟਰੋਲਰ (ਸੇਵਾ ਮੁਕਤ), ਮੁਕੇਸ਼ ਭਾਟੀਆ ਸੈਕਸ਼ਨ ਅਧਿਕਾਰੀ, ਰਜਿੰਦਰ ਚੋਪੜਾ ਸੁਪਰਡੈਂਟ, ਰਕੇਸ਼ ਅਰੋੜਾ ਸੇਵਾ ਮੁਕਤ ਸੀਨੀਅਰ ਸਹਾਇਕ ਅਤੇ ਬਲਦੇਵ ਸਿੰਘ ਮੌਜੂਦ ਸੀਨੀਅਰ ਸਹਾਇਕ ਸਮੇਤ ਛੇ ਮੌਜੂਦਾ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਫੌਰੀ ਤੌਰ ’ਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕਿਸੇ ਨੂੰ ਵੀ ਕੋਈ ਪੈਨਸ਼ਨ ਜਾਂ ਸੇਵਾ ਮੁਕਤੀ ਲਾਭ ਨਹੀਂ ਮਿਲੇਗਾ। ਪ੍ਰਧਾਨ ਢੋਸੀਵਾਲ ਵਜੀਫਾ ਘੁਟਾਲੇ ਦੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦੇ ਫੈਸਲਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜਾ ਰਹੀ ਜ਼ੀਰੋ ਟਾਲਰੈਂਸ ਦੀ ਨੀਤੀ ਉਪਰ ਸਫਲਤਾ ਅਤੇ ਸਾਰਥਿਕ ਢੰਗ ਨਾਲ ਚੱਲ ਰਹੀ ਹੈ, ਜੋ ਕਿ ਬੇਹੱਦ ਸ਼ਲਾਘਾਯੋਗ ਕਦਮ ਹੈ। ਢੋਸੀਵਾਲ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਵਜੀਫਾ ਘੁਟਾਲੇ ਵਿਚ ਬਰਖਾਸਤ ਕੀਤੇ ਗਏ ਸਾਰੇ ਕਰਮਚਾਰੀਆਂ ਵਿਰੁੱਧ ਐਸ.ਸੀ./ਐਸ.ਟੀ. ਐਕਟ ਅਧੀਨ ਤੁਰੰਤ ਪਰਚਾ ਕੱਟ ਕੇ ਇਨ੍ਹਾਂ ਨੂੰ ਸਲਾਖਾਂ ਪਿਛੇ ਸੁੱਟਿਆ ਜਾਵੇ ਅਤੇ ਇਨ੍ਹਾਂ ਦੀ ਪ੍ਰਾਪਰਟੀ ਜਬਤ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਘੁਟਾਲਾ ਕਾਂਡ ਦੀ ਜਾਂਚ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਅਤੇ ਬਾਕੀ ਰਹਿੰਦੇ ਜਿੰਮੇਵਾਰ ਕਰਮਚਾਰੀਆਂ ਵਿਰੁੱਧ ਵੀ ਸਖਤ ਕਾਰਾਵਾਈ ਕੀਤੀ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img