ਪੰਜਾਬ, 26 ਜੁਲਾਈ (ਬੁਲੰਦ ਆਵਾਜ ਬਿਊਰੋ) – ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਮਜ਼ਦੂਰ ਲਾਇਬ੍ਰੇਰੀ, ਈ.ਡਬਲਯੂ.ਐਸ ਕਲੋਨੀ, ਤਾਜ਼ਪੁਰ ਰੋਡ ਲੁਧਿਆਣਾ ਵਿਖੇ “ਲੱਕ ਤੋੜ ਮਹਿੰਗਾਈ ਦਾ ਜਿੰਮੇਵਾਰ ਕੌਣ ਅਤੇ ਲੋਕਾਂ ਉੱਪਰ ਇਸਦਾ ਅਸਰ” ਵਿਸ਼ੇ ‘ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿਸ਼ੇ ‘ਤੇ ਸਾਥੀ ਰਾਜਵਿੰਦਰ ਨੇ ਮੁੱਖ ਬੁਲਾਰੇ ਵਜੋਂ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਸਰਮਾਏਦਾਰਾਂ ਪੱਖੀ ਨੀਤੀਆਂ ਕਾਰਨ ਅੱਜ ਮਹਿੰਗਾਈ ਅੰਬਰ ਛੂਹ ਰਹੀ ਹੈ। ਆਮ ਆਦਮੀ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਤਨਖਾਹ ਅਤੇ ਪੀਸ ਰੇਟ ਵਿੱਚ ਕੋਈ ਵਾਧਾ ਨਹੀਂ ਹੋਇਆ ਪਰ ਮਹਿੰਗਾਈ ਦੁੱਗਣੀ ਰਫ਼ਤਾਰ ਨਾਲ਼ ਵਧਦੀ ਜਾ ਰਹੀ ਹੈ। ਸਰਕਾਰ ਸਰਮਾਏਦਾਰਾਂ ਨੂੰ ਟੈਕਸਾਂ ‘ਚ ਛੋਟ ਦੇ ਰਹੀ ਹੈ ਅਤੇ ਟੈਕਸਾਂ ਦਾ ਸਾਰਾ ਬੋਝ ਮਜ਼ਦੂਰ-ਕਿਰਤੀ ਆਬਾਦੀ ‘ਤੇ ਲੱਦਿਆ ਜਾ ਰਿਹਾ ਹੈ। ਦੇਸ਼ ਦਾ ਖਜ਼ਾਨਾ ਅਮੀਰਾਂ ਨੂੰ ਲੁਟਾਇਆ ਜਾ ਰਿਹਾ ਹੈ ਜਦਕਿ ਵੱਡੀ ਗਿਣਤੀ ਮਜ਼ਦੂਰ-ਕਿਰਤੀਆਂ ਨੂੰ ਭੁੱਖੇ ਮਰਨ ਲਈ ਛੱਡ ਦਿੱਤਾ ਗਿਆ ਹੈ। ਅਜਿਹੀ ਹਾਲਤ ਵਿੱਚ ਲੋਕਾਂ ਨੂੰ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਪਵੇਗੀ।
ਉਹਨਾਂ ਨੇ ਲੋਕਾਂ ਨੂੰ ਆਉਣ ਵਾਲੀ 4 ਅਗਸਤ ਨੂੰ ਡੀਸੀ ਦਫ਼ਤਰ ਇਕੱਠਾ ਹੋਣ ਲਈ ਕਿਹਾ। ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੇ ਮਹਿੰਗਾਈ ਦੇ ਉਹਨਾਂ ਦੇ ਜੀਵਨ ‘ਤੇ ਪਏ ਅਸਰ ਬਾਰੇ ਦੱਸਿਆ, ਉਹਨਾਂ ਕਿਹਾ ਕਿ ਕਾਰਖਾਨਿਆਂ ਵਿੱਚ ਵਧਦੀ ਮਹਿੰਗਾਈ ਦੇ ਹਿਸਾਬ ਨਾਲ਼ ਆਮਦਨ ਵਧਾਉਣ ਦੀ ਥਾਂ ਸਰਮਾਏਦਾਰਾਂ ਨੇ ਤਨਖਾਹ ਅਤੇ ਪੀਸ ਰੇਟ ਵਿੱਚ ਕਟੌਤੀ ਕਰ ਦਿੱਤੀ ਹੈ। ਪ੍ਰੋਗਰਾਮ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਮੰਚ ਸੰਚਾਲਨ ਸਾਥੀ ਜਗਦੀਸ਼ ਨੇ ਕੀਤਾ।