More

    ਲੌਕਡਾਊਨ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਇੱਕ ਅਧਿਆਪਕਾ ਦਾ ਨਿੱਜੀ ਤਜ਼ਰਬਾ

    ਭਾਰਤ, 18 ਜੂਨ (ਬੁਲੰਦ ਆਵਾਜ ਬਿਊਰੋ) – ਕਰੋਨਾ ਦੇ ਨਾਮ ’ਤੇ ਮੜ੍ਹੀਆਂ ਪਬੰਦੀਆਂ ਕਾਰਨ ਸਭ ਵਿੱਦਿਅਕ ਸੰਸਥਾਵਾਂ ਬੰਦ ਕੀਤੀਆਂ ਹੋਈਆਂ ਹਨ ਤੇ ਪੜ੍ਹਾਈ ਆਨਲਾਈਨ ਹੋ ਰਹੀ ਹੈ। ਪਰ ਸਵਾਲ ਇਹ ਹੈ ਕਿ ਆਨਲਾਈਨ ਪੜ੍ਹਾਈ ਦਾ ਫ਼ਾਇਦਾ ਕਿੰਨੇ ਕੁ ਬੱਚੇ ਲੈ ਰਹੇ ਨੇ। ਮੈਂ ਇੱਥੇ ਇਸੇ ਵਿਸ਼ੇ ਉੱਤੇ ਆਪਣਾ ਨਿੱਜੀ ਤਜ਼ਰਬਾ ਦੱਸਣਾ ਚਾਹੁੰਦੀ ਹਾਂ। 2020 ਵਿੱਚ ਮੈਂ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਂਦੀ ਰਹੀ ਹਾਂ। ਅਸੀਂ ਆਨਲਾਈਨ ਪੜ੍ਹਾਈ ਕਰਵਾਉਂਦੇ ਹੁੰਦੇ ਸੀ। ਅਧਿਆਪਕਾਂ ਤੋਂ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀ ਤਾਂ ਕਿ ਮਾਪਿਆਂ ਨੂੰ ਇਹਨਾਂ ਅਧਿਆਪਕਾਂ ਦੀਆਂ ਤਨਖਾਹਾਂ ਦੇ ਨਾਮ ’ਤੇ ਫੀਸਾਂ ਲਈ ਕਿਹਾ ਜਾ ਸਕੇ ਤੇ ਸਕੂਲ ਦੇ ਮਾਲਕਾਂ ਦੇ ਸਲਾਨਾ ਮੁਨਾਫ਼ੇ ’ਚ ਕੋਈ ਕਮੀ ਨਾ ਆ ਸਕੇ। ਅਧਿਆਪਕਾਂ ਨੂੰ ਉਹਨਾਂ ਦੀ ਤਨਖਾਹ ਦਾ ਤੀਜਾ ਹਿੱਸਾ ਹੀ ਮਿਲ਼ਦਾ ਸੀ ਜਿਸ ਵਿੱਚੋਂ ਆਉਣ ਜਾਣ ਦਾ ਖਰਚਾ ਹੀ ਪੂਰਾ ਹੁੰਦਾ ਸੀ। ਅਧਿਆਪਕਾਂ ਨੂੰ ਓਹਨਾਂ ਦੇ ਵਿਸ਼ੇ ਨਾਲ਼ ਸਬੰਧਤ ਵੀਡੀਓ ਬਣਾਉਣ ਲਈ ਕਿਹਾ ਜਾਂਦਾ ਸੀ ਜੋ ਪਹਿਲਾਂ ਚੈੱਕ ਕਰਵਾਉਣੀ ਪੈਂਦੀ ਸੀ ਤੇ ਕਈ ਵਾਰ ਤਾਂ ਸਾਰੀ ਬਣੀ ਬਣਾਈ ਵੀਡੀਓ ’ਚ ਨਿੱਕੀ ਜਿੰਨੀ ਗਲਤੀ ਹੋਣ ’ਤੇ ਸਾਰੀ ਵੀਡੀਓ ਦੁਬਾਰਾ ਬਣਾਉਣ ਲਈ ਕਿਹਾ ਜਾਂਦਾ ਸੀ। ਕਹਿਣ ਦਾ ਭਾਵ ਕਿ ਅਧਿਆਪਕਾਂ ਨੂੰ ਬਹੁਤ ਵਰਤਿਆ ਜਾਂਦਾ ਸੀ ਤੇ ਸਾਰਾ ਦਿਨ ਅਧਿਆਪਕ ਆਪਣੀ ਨੌਕਰੀ ਬਚਾਈ ਰੱਖਣ ਲਈ ਕੰਮ ਕਰਦੇ ਰਹਿੰਦੇ ਸਨ।

    ਅਸਲ ’ਚ ਇਸ ਆਨਲਾਈਨ ਪੜ੍ਹਾਈ ਦੇ ਨਾਮ ’ਤੇ ਬੱਚਿਆਂ ਤੋਂ ਫੀਸਾਂ ਵਸੂਲਣਾ ਨਿੱਜੀ ਸਕੂਲਾਂ ਦਾ ਮੁੱਖ ਮਕਸਦ ਸੀ। ਜਿਹੜੇ ਬੱਚੇ ਦੀ ਫੀਸ ਨਹੀਂ ਆਉਂਦੀ, ਉਹਨਾਂ ਨੂੰ ਆਨਲਾਈਨ ਕਲਾਸ ਦਾ ਲਿੰਕ ਨਾ ਭੇਜਣ ਲਈ ਕਿਹਾ ਜਾਂਦਾ! ਤੇ ਉਹ ਫੀਸ ਨਾ ਦੇ ਸਕਣ ਵਾਲ਼ੇ ਬੱਚੇ ਕਿਰਤੀ ਪਰਿਵਾਰਾਂ ਨਾਲ਼ ਹੀ ਸਬੰਧ ਰੱਖਦੇ ਸਨ ਜਿਹਨਾਂ ਦੇ ਮਾਪੇ ਮਜ਼ਦੂਰੀ ਕਰਦੇ ਸਨ ਜਾਂ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਕਰਦੇ ਸਨ। ਹੁਣ 2021 ਵਿੱਚ ਮੈਨੂੰ ਇੱਕ ਸਰਕਾਰੀ ਸਕੂਲ ’ਚ ਪੜ੍ਹਾਉਣ ਦਾ ਨਵਾਂ ਤਜ਼ਰਬਾ ਮਿਲ਼ ਰਿਹਾ ਏ। ਪੜ੍ਹਾਈ ਇੱਥੇ ਵੀ ਆਨਲਾਈਨ ਹੀ ਹੋ ਰਹੀ ਏ ਪਰ ਬੱਚੇ ਆਨਲਾਈਨ ਕਲਾਸਾਂ ਨਹੀਂ ਲਗਾ ਰਹੇ, ਕਾਰਨ ਇੱਕ ਨਹੀਂ, ਕਈ ਨੇ। ਮੈਂ ਜਦੋਂ ਵੀ ਸਕੂਲ ਕਿਤਾਬਾਂ ਲੈਣ ਆਏ ਬੱਚਿਆਂ ਨੂੰ ਦੇਖਦੀ ਹਾਂ ਤਾਂ ਉਹਨਾਂ ਤੋਂ ਕਲਾਸ ਨਾ ਲਗਾਉਣ ਬਾਰੇ ਜ਼ਰੂਰ ਪੁੱਛਦੀ ਆਂ ਤੇ ਜੇ ਬੱਚਾ ਮੇਰੀ ਕਲਾਸ ਦਾ ਹੁੰਦਾ ਤਾਂ ਉਹਨਾਂ ਨੂੰ ਆਨਲਾਈਨ ਕਲਾਸ ਨਾ ਲਗਾਉਣ ਦਾ ਕਾਰਨ ਪੁੱਛਦੀ ਤਾਂ ਕੋਈ ਕਹਿੰਦਾ, ‘ਮੈਡਮ ਜੀ, ਡੈਡੀ ਕੰਮ ਤੇ ਜਾਂਦਾ’। ਕੋਈ ਕਹਿੰਦਾ, ‘ਮੈਡਮ ਜੀ, ਸਾਡੇ ਘਰ ਫ਼ੋਨ ਹੈਨੀ’। ਕਿਸੇ ਨੂੰ ਆਨਲਾਈਨ ਕਲਾਸ ਲਗਾਉਣੀ ਹੀ ਨਹੀਂ ਆਉਂਦੀ ਤੇ ਕਿਸੇ ਦੇ ਘਰ ਦੇ ਫ਼ੋਨ ’ਚ ‘ਜ਼ੂਮ ਐਪ’ ਚੱਲਦਾ ਹੀ ਨਹੀਂ। ਗੱਲ ਕੀ, ਕਲਾਸ ’ਚ ਸਿਰਫ਼ ਇੱਕ ਤੋਂ ਤਿੰਨ ਬੱਚੇ ਹੀ ਆਉਂਦੇ ਨੇ। ਮੈਂ ਜਦ ਸੋਚਿਆ ਕਿ ਪਿ੍ਰੰਸੀਪਲ ਮੈਡਮ ਨਾਲ਼ ਗੱਲ ਕਰਕੇ ਥੋੜੇ-ਥੋੜੇ ਬੱਚਿਆਂ ਨੂੰ ਸਕੂਲ ਬੁਲਾ ਕੇ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਾਂ ਤਾਂ ਸਰਕਾਰ ਨੇ ਕਰੋਨਾ-ਪਬੰਦੀਆਂ ਦੀਆਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ। ਇਸ ਲਈ ਮੈਂ ਕਲਾਸ ਲਗਾਉਂਦੇ ਬੱਚਿਆਂ ਨੂੰ ਹੀ ਹੋਰ ਬੱਚਿਆਂ ਨੂੰ ਕਲਾਸ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ।

    ਕਈ ਬੱਚਿਆਂ ਨੂੰ ਉਹਨਾਂ ਦੇ ਘਰਦਿਆਂ ਨੇ ਕੰਮ ’ਤੇ ਲਗਾ ਦਿੱਤਾ ਤਾਂ ਕਿ ਕੁੱਝ ਪੈਸੇ ਕਮਾ ਸਕਣ ਤੇ ਘਰ ਚਲਾਉਣ ’ਚ ਮਦਦ ਮਿਲ਼ ਸਕੇ, ਵਿਚਾਰੇ ਮਾਪੇ ਵੀ ਕੀ ਕਰਨ! ਅੱਜ ਸਮਾਂ ਅਜਿਹਾ ਏ ਕਿ ਰੁਜ਼ਗਾਰ ਖ਼ਤਮ ਏ ਤੇ ਮਹਿੰਗਾਈ ਦਿਨੋ-ਦਿਨ ਵਧਦੀ ਹੀ ਜਾ ਰਹੀ ਏ।
    ਇੱਕ ਦਿਨ ਮੈਂ ਆਪਣੇ ਲਈ ਘਰ ਦੀ ਤਲਾਸ਼ ’ਚ ਕਿਸੇ ਦੇ ਘਰ ਗਈ। ਮਕਾਨ ਮਾਲਕਾਂ ਨੇ ਚਾਹ ਪੀਣ ਲਈ ਬਿਠਾ ਲਿਆ। ਇੱਕ ਕੁੜੀ ਨੂੰ ਅਵਾਜ਼ ਦੇ ਕੇ ਕਿਹਾ ਕਿ ਪਾਣੀ ਲੈ ਕੇ ਆ ਤੇ ਫ਼ਿਰ ਉਹਨਾਂ ਨੇ ਦੱਸਿਆ ਕਿ ਮੈਡਮ ਇਹ ਤੁਹਾਡੇ ਸਕੂਲ ’ਚ ਹੀ ਪੜ੍ਹਦੀ ਏ। ਪੁੱਛਣ ’ਤੇ ਪਤਾ ਲੱਗਿਆ ਕਿ ਉਹ ਮੇਰੀ ਕਲਾਸ ਦੀ ਹੀ ਵਿਦਿਆਰਥਣ ਏ। ਮੈਂ ਉਹਨੂੰ ਪੁੱਛਿਆ ‘ਕਿ ਬੱਚੇ ਤੁਸੀ ਕਲਾਸ ਨਹੀਂ ਲਗਾਉਂਦੇ, ਕੀ ਗੱਲ?’ ਵਿਚਾਰੀ ਚੁੱਪ ਹੋ ਗਈ। ਮੈਨੂੰ ਵੀ ਮਹਿਸੂਸ ਹੋਇਆ ਕਿ ਬੱਚੇ ਨੂੰ ਕਿੰਨਾ ਦੁੱਖ ਮਹਿਸੂਸ ਹੋਇਆ ਹੋਵੇਗਾ। ਸ਼ਰਮਿੰਦਗੀ ਦੇ ਅਹਿਸਾਸ ਨਾਲ਼ ਉਹ ਅੰਦਰ ਚਲੀ ਗਈ। ਮਕਾਨ ਮਾਲਕਾਂ ਨੇ ਦੱਸਿਆ ਕਿ ‘ਇਹਦੀ ਮਾਂ ਨੇ ਇਹਨੂੰ ਕੰਮ ’ਤੇ ਲਾ ਦਿੱਤਾ, ਇਹ ਅੱਠ ਵਜੇ ਤੋਂ ਛੇ ਵਜੇ ਤੱਕ ਏਥੇ ਹੀ ਹੁੰਦੀ ਏ’। ਮੈਨੂੰ ਬੜਾ ਅਫ਼ਸੋਸ ਹੋਇਆ। ਹੁਣ ਮੈਂ ਗੱਲ ਕਰੂੰਗੀ ਦਸਵੀਂ ਦੇ ਨਤੀਜੇ ਬਾਰੇ। ਇੱਕ ਦਿਨ ਕੁੱਝ ਬੱਚੇ ਸਕੂਲ ’ਚ ਅਧਿਆਪਕਾਂ ਨੂੰ ਮਿਠਾਈ ਖਵਾਉਂਦੇ ਫਿਰਦੇ ਸੀ। ਮੈਨੂੰ ਵੀ ਦੇਣ ਆਏ ਤਾਂ ਮੈਂ ਪੁੱਛਿਆ ਕਿ ਕਾਹਦੀ ਮਿਠਾਈ ਏ। ਕਹਿੰਦੇ,“ਜੀ ਅਸੀਂ ਪਾਸ ਹੋ ਗਏ ਦਸਵੀਂ ’ਚੋਂ।” ਮੈਂ ਕਿਹਾ, “ਬਹੁਤ ਵਧੀਆ। ਕਿੰਨੇ ਫੀਸਦੀ ਅੰਕ ਆਏ ਨੇ?” ਕਹਿੰਦੇ ,“ਜੀ ਪੂਰੇ ਹੀ।” ਮਤਲਬ 100 ਫੀਸਦੀ। ਹੈਰਾਨੀ ਦੀ ਗੱਲ ਏ! ਬੱਚੇ ਬਿਨ੍ਹਾਂ ਪੜ੍ਹੇ, ਬਿਨ੍ਹਾਂ ਪੇਪਰ ਦਿੱਤੇ ਹੀ 100 ਫੀਸਦੀ ਅੰਕ ਲੈ ਕੇ ਪਾਸ ਹੋ ਗਏ। ਵਿਚਾਰਨ ਵਾਲ਼ੀ ਗੱਲ ਇਹ ਹੈ ਕਿ ਬੱਚਿਆਂ ਨੇ 100% ਅੰਕ ਲੈਣ ਜਿੰਨਾ ਸਿੱਖਿਆ ਤਾਂ ਹੈ ਨਹੀਂ। ਇਹਨਾਂ ਦੇ ਭਵਿੱਖ ਦਾ ਕੀ ਬਣੂ? ਅੱਜ ਦੇ ਸਮੇਂ ਵਿੱਚ ਹੀ ਸਿੱਖਿਆ ਤੇ ਰੁਜ਼ਗਾਰ ਦਾ ਏਨਾ ਬੁਰਾ ਹਾਲ ਏ, ਕੱਲ੍ਹ ਨੂੰ ਇਹਨਾਂ ਦੇ ਸਮੇਂ ਕੀ ਹੋਊ! ਅੱਜ ਦੀ ਪੀੜ੍ਹੀ ਲਈ ਨਾ ਅੱਜ ਦੇ ਸਮੇਂ ਵਿੱਚ ਸਿੱਖਿਆ ਬਚੀ ਏ ਨਾ ਆਉਣ ਵਾਲ਼ੇ ਸਮੇਂ ’ਚ ਰੁਜ਼ਗਾਰ।

    ਪਿਛਲੇ ਸਾਲ ਦੇ ਕਰੋਨਾ ਕਾਲ ਦੇ ਤਜ਼ਰਬੇ ਤੋਂ ਇਹ ਗੱਲ ਤਾਂ ਸਾਫ਼ ਹੀ ਏ ਕਿ ਕਰੋਨਾ ਪਬੰਦੀਆਂ ਦਾ ਉੱਚ ਤੇ ਮੱਧ ਵਰਗ ਨੂੰ ਕੋਈ ਖਾਸ ਫ਼ਰਕ ਨਹੀਂ ਪੈਂਦਾ। ਆਮ ਕਿਰਤੀ ਲੋਕ ਇਹਨਾਂ ਪਬੰਦੀਆਂ ਦੀ ਮਾਰ ਸਭ ਤੋਂ ਵੱਧ ਝੱਲਦੇ ਹਨ। ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲ਼ੇ ਕਿਰਤੀ ਲੋਕਾਂ ਲਈ ਭੁੱਖੇ ਮਰਨ ਦੀ ਨੌਬਤ ਆ ਗਈ ਏ। ਕਈ ਮੱਧਵਰਗੀ ਘਰਾਂ ਦੀਆਂ ਔਰਤਾਂ ਨੇ ਤਾਂ ਆਪਣੇ ਘਰ ਕੰਮ ਕਰਨ ਵਾਲ਼ੀਆਂ ਔਰਤਾਂ ਨੂੰ ਵੀ ਕਰੋਨਾ ਦੇ ਡਰੋਂ ਹਟਾ ਦਿੱਤਾ ਹੈ ਕਿ ਕਿਤੇ ਇਹ ਗੰਦੇ ਤੇ ਅਸੁਰੱਖਿਅਤ ਵਾਤਾਵਰਨ ਵਿੱਚ ਰਹਿਣ ਵਾਲ਼ੇ ਲੋਕ ਸਾਨੂੰ ਕਰੋਨਾ ਹੀ ਨਾ ਕਰ ਦੇਣ! ਸ਼ਾਇਦ ਇਸੇ ਕਰਕੇ ਕਿਰਤੀ ਲੋਕ ਆਪਣੇ ਬੱਚਿਆਂ ਨੂੰ ਵੀ ਛੋਟੇ-ਮੋਟੇ ਕੰਮ ’ਤੇ ਲਗਾ ਰਹੇ ਹਨ। ਏਮਜ਼ ਦੇ ਮੁਖੀ ਡਾਕਟਰ ਅਨੁਸਾਰ ਇਹ ਇੱਕ ਦਰਮਿਆਨੀ ਬਿਮਾਰੀ ਏ ਤੇ ਬੇਲੋੜੀ ਦਹਿਸ਼ਤ ਨਾ ਫੈਲਾਉਣ ਦੀ ਵੀ ਸਲਾਹ ਦੇ ਰਹੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੂੰ ਸਿਹਤ ਸਹੂਲਤਾਂ ਦੇ ਸੁਧਾਰ ’ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਏ ਜੋ ਹਰ ਨਾਗਰਿਕ ਨੂੰ ਮੁਫ਼ਤ ਵਿੱਚ ਮਿਲ਼ਣ, ਨਾ ਕਿ ਇਹਨਾਂ ਗ਼ੈਰ ਜ਼ਰੂਰੀ ਪਾਬੰਦੀਆਂ ’ਤੇ।
    •ਗੁਰਮੀਤ ਪੱਖੋਵਾਲ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img