ਨਵੀਂ ਦਿੱਲੀ, 22 ਜੁਲਾਈ (ਬੁਲੰਦ ਆਵਾਜ ਬਿਊਰੋ) – ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਦਾ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। 21 ਜੁਲਾਈ ਤੋਂ 15 ਅਗਸਤ ਤੱਕ ਲਾਲ ਕਿਲ੍ਹੇ ਵਿੱਚ ਕਿਸੇ ਨੂੰ ਵੀ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਭਾਰਤੀ ਪੁਰਾਤਤਵ ਸਰਵੇਖਣ (ਏਐਸਆਈ) ਵੱਲੋਂ ਲਾਲ ਕਿਲ੍ਹਾ ਬੰਦ ਕਰਨ ਦੀ ਸੂਚਨਾ ਦਿੱਤੀ ਗਈ ਹੈ। ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਦੇ ਡਾਇਰੈਕਟਰ ਐਨ. ਕੇ ਪਾਠਕ ਨੇ ਇੱਕ ਆਦੇਸ਼ ਪੱਤਰ ਜਾਰੀ ਕਰਦਿਆਂ ਆਪਣੇ ਦਿੱਲੀ ਸਰਕਲ ਦੇ ਸਾਰੇ ਅਧਿਕਾਰੀਆਂ, ਉੱਤਰੀ ਜ਼ਿਲ੍ਹੇ ਦੀ ਪੁਲਿਸ ਤੇ ਲਾਲ ਕਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਸੰਭਾਲ ਰਹੇ ਸੀਆਈਐਸਐਫ਼ ਕਮਾਂਡੈਂਟ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸੁਰੱਖਿਆ ਕਾਰਨਾਂ ਦੇ ਚਲਦਿਆਂ ਦਿੱਲੀ ਪੁਲਿਸ ਨੇ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਨੂੰ 15 ਜੁਲਾਈ ਨੂੰ ਹੀ ਲਾਲ ਕਿਲ੍ਹੇ ਨੂੰ ਬੰਦ ਕਰਨ ਲਈ ਕਿਹਾ ਸੀ। ਫਿਲਹਾਲ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਨੇ 15 ਦੀ ਬਜਾਏ 21 ਜੁਲਾਈ ਨੂੰ ਲਾਲ ਕਿਲ੍ਹਾ ਬੰਦ ਕਰਨ ਦਾ ਫ਼ੈਸਲਾ ਲਿਆ। ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਵਧਾ ਦਿੱਤੇ ਹਨ। ਨਾਗਰਿਕਾਂ ਦਾ ਜਾਣਨਾ ਜ਼ਰੂਰੀ ਹੈ ਕਿ ਹੁਣ ਉਹ 16 ਅਗਸਤ ਤੋਂ ਬਾਅਦ ਹੀ ਲਾਲ ਕਿਲ੍ਹਾ ਘੰੁਮਣ ਜਾ ਸਕਣਗੇ।
ਆਗਾਮੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਦੇ ਖੁਫ਼ੀਆ ਵਿਭਾਗ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕੀਤਾ ਹੈ ਕਿ 15 ਅਗਸਤ ਤੋਂ ਪਹਿਲਾਂ ਰਾਜਧਾਨੀ ਵਿੱਚ ਕਦੇ ਵੀ ਡਰੋਨ ਹਮਲਾ ਹੋ ਸਕਦਾ ਹੈ। ਜੰਮੂ ਅਤੇ ਉਪਰ ਪ੍ਰਦੇਸ਼ ਵਿੱਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫ਼ਲ ਰਹੇ ਦਹਿਸ਼ਤਗਰਦ ਹੁਣ ਦੇਸ਼ ਦੀ ਰਾਜਧਾਨੀ ਨੂੰ ਦਹਿਲਾਉਣ ਦੀ ਵੱਡੀ ਯੋਜਨਾ ਬਣਾ ਰਹੇ ਹਨ।