More

    ਲਵਪ੍ਰੀਤ ਦੀ ਖੁਦਕੁਸ਼ੀ, ਬਾਹਰ ਜਾਣ ਦੀ ਲਲਕ ਦਾ ਦੁਖਾਂਤਿਕ ਵਰਤਾਰਾ

    ਧਨੌਲੇ ਦੇ ਨੌਜਵਾਨ ਦੀ ਖੁਦਕੁਸ਼ੀ ਜਿੱਥੇ ਬਹੁਤ ਹੀ ਦੁਖਦ ਘਟਨਾ ਹੈ,ਓਥੇ ਸਾਨੂੰ ਬਹੁਤ ਕੁੱਝ ਸੋਚਣ ਲਈ ਮਜ਼ਬੂਰ ਕਰ ਗਈ। ਇਹਨਾਂ ਦੁਖਦ ਵਰਤਾਰਿਆਂ ਦੇ ਸਮਾਜਿਕ ਪਿਛੋਕੜ,ਸਾਡੀ ਸੋਚ,ਸਾਡੀ ਆਰਥਿਕਤਾ ਤੇ ਹੋਰ ਬਹੁਤ ਕੁੱਝ ਬਾਰੇ ਪਰਖ ਪੜਚੋਲ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਨੂੰ ਕੁੱਝ ਸੇਧ ਦਿੱਤੀ ਜਾ ਸਕੇ। ਇਹ ਇਕ ਘਟਨਾ ਜੋ ਚਰਚਾ ਦਾ ਕੇਂਦਰ ਬਣ ਗਈ,ਇਸ ਤਰ੍ਹਾਂ ਦੀ ਇਕ ਘਟਨਾ ਨਹੀਂ ਬਲਕਿ ਏਸ ਨਾਲ ਮਿਲਦੀਆਂ ਜੁਲਦੀਆਂ ਅਨੇਕਾਂ ਘਟਨਾਵਾਂ ਪੰਜਾਬ ਦੀ ਧਰਤੀ ਤੇ ਵਾਪਰ ਚੁੱਕੀਆਂ ਨੇ।ਅਗਰ ਇਹਨਾਂ ਘਟਨਾਵਾਂ ਨੂੰ ਸਮੁੱਚੇ ਤੌਰ ਤੇ ਵਿਚਾਰਿਆ ਜਾਵੇ ਤਾਂ ਇਹ ਬਹੁਤ ਹੀ ਵੱਡੀ ਸਮਾਜਿਕ, ਸਭਿਆਚਾਰਕ ਤੇ ਆਰਥਿਕ ਸਮੱਸਿਆ ਹੈ ਜਿਸਦਾ ਹੱਲ ਲੋਕਾਂ ਨੂੰ ਚੇਤਨ ਕਰਕੇ ਕੱਢਿਆ ਜਾ ਸਕਦਾ ਹੈ। ਪੰਜਾਬੀ ਸਮਾਜ ਦੀ ਪਿਤਰਾਤਮਿਕ ਸੋਚ, ਆਰਥਿਕ ਮਜਬੂਰੀ ਤੇ ਬਾਹਰ ਜਾਣ ਦੀ ਲਲਕ ਦੇ ਮਿਲਵੇਂ ਰੂਪ ਨੇ ਜਿੱਥੇ ਵਿਆਹ ਵਰਗੀ ਪਵਿੱਤਰ ਰਸਮ ਨੂੰ ਦਾਗ਼ਦਾਰ ਕਰ ਦਿੱਤਾ ਓਥੇ ਰਿਸ਼ਤਿਆਂ ਦੀ ਗੁੰਝਲ ਨੂੰ ਐਨਾ ਚੀੜ੍ਹਾ ਕਰ ਦਿੱਤਾ ਹੈ ਕਿ ਪੰਜਾਬੀ ਸਮਾਜ ਜਿਵੇਂ ਅਜੀਬ ਕਿਸਮ ਦੀ ਘੁੰਮਣਘੇਰੀ ਵਿਚ ਫੱਸਿਆ ਖਲੋਤਾ ਹੋਵੇ। ਹਾਲ ਹੀ ਦਿਨਾਂ ਵਿਚ ਜੋ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਓਸ ਦੇ ਘਟਨਾਕ੍ਰਮ ਵਿਚ ਨਾ ਜਾਂਦੇ ਹੋਏ ਏਸ ਗੱਲ ਤੇ ਚਰਚਾ ਕਰਾਂਗੇ ਕਿ ਇਹੋ ਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ? ਅਸਲ ‘ਚ ਪੰਜਾਬੀ ਸਮਾਜ ਦੀ ਜੱਟ ਕਿਸਾਨੀ,ਜਿਸਦਾ ਮੁੱਖ ਧੰਦਾ ਖੇਤੀ ਰਿਹਾ ਹੈ,ਪਿਛਲੇ ਕਾਫ਼ੀ ਸਮੇਂ ਤੋਂ ਭਾਰੀ ਸੰਕਟ ਦਾ ਸ਼ਿਕਾਰ ਹੈ। ਖੇਤੀ ਸੰਕਟ ਵਿਚੋਂ ਹੋ ਰਹੀਆਂ ਪਿਛਲੇ ਸਮੇਂ ਤੋਂ ਖੁਦਕੁਸ਼ੀਆਂ ਦੇ ਨਾਲ ਨਾਲ ਬਾਹਰ ਜਾਣ ਦੀ ਲਲਕ ਦਾ ਵਰਤਾਰਾ ਏਸੇ ਸੰਕਟ ਦੇ ਸੰਦਰਭ ਵਿਚ ਹੀ ਸਮਝਿਆ ਜਾ ਸਕਦਾ ਹੈ। ਪੰਜਾਬੀ ਸਮਾਜ ਦੀਆਂ ਬਾਹਰਲੀਆਂ ਧਰਤੀਆਂ ਤੇ ਐਨੀਆਂ ਡੂੰਘੀਆਂ ਜੜ੍ਹਾਂ ਲੱਗ ਚੁੱਕੀਆਂ ਨੇ ਕਿ ਹੁਣ ਪੰਜਾਬੀ ਸਭਿਆਚਾਰ ਦੀ ਪਰਿਭਾਸ਼ਾ ਗਲੋਬਲ ਪੰਜਾਬੀ ਸਭਿਆਚਾਰ ਦੇ ਰੂਪ ਵਿਚ ਕੀਤੀ ਜਾਣ ਲੱਗ ਪਈ ਹੈ। ਬਾਹਰ ਜਾਣ ਦਾ ਵਰਤਾਰਾ ਅਨੇਕਾਂ ਦੁਖਦ ਘਟਨਾਵਾਂ ਦੇ ਵਾਪਰਨ ਦੇ ਬਾਵਜੂਦ ਵੀ ਘਟਣ ਦਾ ਨਾਂ ਨਹੀਂ ਲੈ ਰਿਹਾ ਤੇ ਆਉਂਦੇ ਕਈ ਸਾਲਾਂ ਤੱਕ ਇਹ ਵਰਤਾਰਾ ਜਾਰੀ ਹੀ ਨਹੀਂ ਰਹੇਗਾ ਬਲਕਿ ਹੋਰ ਵਧੇਗਾ।

    ਅਗਰ ਇਹ ਪੰਜਾਬੀ ਸਮਾਜ ਦਾ ਅਟੁੱਟ ਅੰਗ ਬਣਦਾ ਜਾ ਰਿਹੈ ਤਾਂ ਫਿਰ ਇਹਨਾਂ ਦੁਖਦ ਵਰਤਾਰਿਆਂ ਦਾ ਹੱਲ ਕੀ ਹੋ ਸਕਦੈ? ਏਸ ਸਭ ਕੁੱਝ ਬਾਰੇ ਵਿਚਾਰ ਕੀਤਿਆਂ ਇਕ ਗੱਲ ਜੋ ਵਿਚਾਰਨਯੋਗ ਹੈ,ਉਹ ਇਹ ਕਿ ਪੰਜਾਬ ਦੀ ਖੇਤੀ ਸੰਕਟ ਨੇ ਭਾਰੀਆਂ ਅਲਾਮਤਾਂ ਨੂੰ ਜਨਮ ਦਿੱਤੈ। ਭੌਤਿਕ ਤੌਰ ਤੇ ਪੰਜਾਬ ਬਹੁਤ ਖ਼ੁਸ਼ਹਾਲ ਲੱਗਦਾ ਹੈ,ਪਰ ਆਰਥਿਕਤਾ ਓਸ ਹਾਣ ਦੀ ਨਹੀਂ ਬਣ ਸਕੀ ਜੋ ਭੌਤਿਕ ਤਰੱਕੀ ਦੀਆਂ ਬੇਪਨਾਹ ਸਹੂਲਤਾਂ ਨੂੰ ਮਾਣ ਸਕੇ। ਪੰਜਾਬ ਦਾ ਨੌਜਵਾਨ ਭੌਤਿਕ ਤਰੱਕੀ ਪ੍ਰਤੀ ਹੁੰਗਾਰਾ ਤਾਂ ਭਰਦਾ ਹੈ,ਪਰ ਆਰਥਿਕਤਾ ਦੀ ਕਮੀਂ ਓਸ ਨੂੰ ਖਿੱਚ ਕੇ ਥੱਲੇ ਲਿਆਉਂਦੀ ਹੈ।ਏਸ ਸਭ ਕਾਸੇ ਦੀ ਪੂਰਤੀ ਵਾਸਤੇ ਬਾਹਰ ਜਾਣ ਦੀ ਲਲਕ ਓਸ ਅੰਦਰ ਇਕ ਸੁਪਨਾਂ ਜਗਾਉਂਦੀ ਹੈ,ਜਿਹੜਾ ਓਸਨੂੰ ਸਭ ਸਮੱਸਿਆਵਾਂ ਦਾ ਹੱਲ ਪ੍ਰਤੀਤ ਹੁੰਦਾ ਹੈ। ਪੰਜਾਬ ਦੇ ਸਮੁੱਚੇ ਸੰਕਟ ਪਿੱਛੇ ਸਾਡੀ ਮਾੜੀ ਰਾਜਨੀਤੀ,ਕੇਂਦਰ ਦਾ ਅਸਹਿਯੋਗ ਰਵੱਈਆ,ਹਰੀ ਕ੍ਰਾਂਤੀ ਦਾ ਫੇਲ ਹੋਣਾ, ਸਾਡੀ ਖੁਦ ਦੀ ਪ੍ਰੋਫੈਸ਼ਨਲ ਸੋਚ ਵਿਕਸਿਤ ਨਾ ਹੋਣਾ ਤੇ ਔਰਤ ਦੇ ਮਾਮਲੇ ਵਿਚ ਫਿਊਡਲ ਸੋਚ ਨੂੰ ਨਾ ਛੱਡਣ ਵਿਚ ਪਿਆ ਹੈ। ਸਮਾਜ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਦਾ ਸਮਾਜ ਉਹ ਸਮਾਜ ਨਹੀਂ ਰਿਹਾ ਜੋ ਪੱਚੀ ਤੀਹ ਸਾਲ ਪਹਿਲਾਂ ਦਾ ਸੀ।ਇਨਫਰਮੇਸ਼ਨ ਤਕਨੌਲੌਜੀ ਨੇ ਸਮਾਜ ਦੇ ਹਰ ਪਹਿਲੂ ਤੇ ਪ੍ਰਭਾਵ ਪਾਇਆ ਹੈ। ਸਮਾਜ ਅੰਦਰ ਇਸ ਨਵੀਂ ਤਕਨੀਕ ਦੀ ਆਮਦ ਨਾਲ ਇਕ ਨਵੀਂ ਤਰ੍ਹਾਂ ਦੀ ਪੀੜ੍ਹੀ ਜਨਮ ਲੈ ਰਹੀ ਹੈ,ਜੋ ਸੋਚ ਪੱਖੋਂ ਪੁਰਾਣੀ ਪੀੜ੍ਹੀ ਨਾਲੋਂ ਕਾਫ਼ੀ ਫ਼ਰਕ ਰੱਖਦੀ ਹੈ। ਰਿਸ਼ਤਿਆਂ ਦੇ ਮਾਮਲੇ ਵਿਚ ਅਜੇ ਵੀ ਅਸੀਂ ਫਿਊਡਲ ਕਿਸਮ ਦੀ ਦਕੀਆਨੂਸੀ ਸੋਚ ਨੂੰ ਸਹੇੜਿਆ ਹੋਇਆ ਹੈ। ਲਵਪ੍ਰੀਤ ਦੀ ਖੁਦਕੁਸ਼ੀ ਏਸੇ ਦਕੀਆਨੂਸੀ ਸੋਚ ਦਾ ਹੀ ਨਤੀਜਾ ਹੈ। ਪਹਿਲੀ ਨਜ਼ਰੇ ਲਵਪ੍ਰੀਤ ਦੀ ਵਿਆਹੁਤਾ ਬੇਅੰਤ ਕੌਰ ਦੋਸ਼ੀ ਨਜ਼ਰ ਆਉਂਦੀ ਹੈ।ਪਰ ਇਸ ਸਾਰੀ ਦੁਖਾਂਤਿਕ ਘਟਨਾਂ ਪਿੱਛੇ ਸਾਡੀ ਆਰਥਿਕਤਾ, ਏਸ ਆਰਥਿਕ ਸੰਕਟ ਵਿਚੋਂ ਬਾਹਰ ਜਾਣ ਦੀ ਲਲਕ ਤੇ ਸਾਡੀ ਫਿਊਡਲ ਸੋਚ ਜੋ ਔਰਤ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਨਹੀਂ ਹੋਣ ਦਿੰਦੀ, ਵਿਚਾਰਨਯੋਗ ਪੱਖ ਨੇ।

    ਏਸ ਸਭ ਕਾਸੇ ਦੇ ਹੱਲ ਲਈ ਲੋਕ ਮੁਖੀ ਰਾਜਨੀਤੀ ਦਾ ਉਸਰਨਾ,ਖੇਤੀ ਦਾ ਕੋਈ ਹੰਢਣਸਾਰ ਬਦਲਵਾਂ ਮਾਡਲ ਲੱਭਣਾ ਤੇ ਖੇਤੀ ਨਾਲ ਜੁੜੀ ਸਨਅਤ ਦੇ ਵਿਕਸਿਤ ਹੋਣ ਵਿੱਚ ਪਿਆ ਹੈ। ਹੁਣ ਵੀ ਅਗਰ ਕਿਸਾਨੀ ਅੰਦੋਲਨ ਦੇ ਚੱਲਦਿਆਂ ਕਿਸੇ ਲੋਕ ਹਿਤੂ ਨਰੋਈ ਰਾਜਨੀਤੀ ਦੀ ਉਸਾਰੀ ਹੋ ਸਕੇ ਤਾਂ ਲੰਮੇ ਦਾਅ ਤੇ ਚੱਲਦਿਆਂ ਸਿਹਤ, ਸਿਖਿਆ, ਸਨਅਤ, ਰੁਜ਼ਗਾਰ ਤੇ ਨਰੋਏ ਸਭਿਆਚਾਰ ਦੀ ਉਸਾਰੀ ਕੀਤੀ ਜਾ ਸਕਦੀ ਹੈ। ਸੁਚੱਜੇ ਢੰਗ ਦੇ ਉਸਰੇ ਢਾਂਚੇ ਨਾਲ ਰੁਜ਼ਗਾਰ ਤੇ ਨਰੋਆ ਸਭਿਆਚਾਰ ਪੈਦਾ ਹੁੰਦਾ ਹੈ, ਨਵੀਂ ਚੇਤਨਾ ਪੈਦਾ ਹੁੰਦੀ ਹੈ,ਆਪਣੀ ਮੰਡੀ ਪੈਦਾ ਹੁੰਦੀ ਹੈ, ਆਪਣੀਆਂ ਵਸਤਾਂ ਦੀ ਖਪਤ ਹੁੰਦੀ ਹੈ ਤੇ ਆਰਥਿਕਤਾ ਸਿਹਤਮੰਦ ਹੁੰਦੀ ਹੈ। ਵਿਕਸਿਤ ਹੋਈ ਚੇਤਨਾ ਫੈਡਰਲਿਜ਼ਮ ਦੀ ਲੜਾਈ ਦਾ ਪੜੁੱਲ ਬਣਦੀ ਹੋਈ ਕਰੌਨਿਕ ਕੈਪਟਲਿਜ਼ਮ ਦੇ ਵਿਰੁੱਧ ਪੈਂਤੜਾ ਮੱਲਦੀ ਹੈ। ਇਉਂ ਹੌਲੀ ਹੌਲੀ ਸਮਾਜ ਆਰਥਿਕ ਪੱਖੋਂ ਤਰੱਕੀ ਕਰਦਾ ਹੋਇਆ ਸਮਾਜਕ ਤੇ ਸਭਿਆਚਾਰਕ ਪੱਖੋਂ ਵੀ ਮਜ਼ਬੂਤ ਹੁੰਦਾ ਹੈ। ਏਸੇ ਨਾਲ ਹੀ ਅਸਾਵੇਂ ਰਿਸ਼ਤਿਆਂ ਦੀ ਮਜਬੂਰੀ ਤੇ ਹੋਰ ਕਈ ਤਰ੍ਹਾਂ ਦੇ ਸੰਕਟ ਵੀ ਖਾਤਮੇ ਆਲੇ ਪਾਸੇ ਤੁਰਨੇ ਸ਼ੁਰੂ ਹੋ ਜਾਂਦੇ ਨੇ।ਸੋ ਲਵਪ੍ਰੀਤ ਦੀ ਖੁਦਕੁਸ਼ੀ ਤੋਂ ਸਬਕ ਲੈਂਦਿਆਂ ਸਾਨੂੰ ਇਨ੍ਹਾਂ ਉਪਰੋਕਤ ਮੁੱਦਿਆਂ ਨੂੰ ਵਿਚਾਰਨਾ ਚਾਹੀਦਾ ਹੈ ਤਾਂ ਜੋ ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਮੁੜ ਨਾ ਵਾਪਰਨ,ਜਿਸ ਨਾਲ ਪੀੜਤ ਪਰਿਵਾਰ ਅਨੇਕਾਂ ਹੋਰ ਸੰਕਟਾਂ ਦੇ ਸ਼ਿਕਾਰ ਹੋ ਜਾਂਦੇ ਹਨ।

    ਅਮਰਜੀਤ ਅਰਪਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img