ਪਲੇਠੀ ਮੀਟਿੰਗ ਵਿੱਚ ਕੀਤੀ ਰਣਨੀਤੀ ਤਿਆਰ , ਪੈੰਫਲੈੰਟ ਕੀਤਾ ਰੀਲੀਜ਼
ਅੰਮ੍ਰਿਤਸਰ , 6 ਦਸੰਬਰ (ਰਾਜੇਸ਼ ਡੈਨੀ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ( ਉਡਦਾ ਬਾਜ਼ ) ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ । ਪਹਿਲੇ ਦਿਨ ਯੂਨੀਵਰਸਿਟੀ ਕੈੰਪਸ ਦੇ ਵਿੱਚ ਧੂੰਆਂ ਧਾਰ ਪ੍ਰਚਾਰ ਕੀਤਾ ਗਿਆ ।ਵੱਖ – ਵੱਖ ਅਫਸਰਾਂ ਨਾਲ ਨਿੱਜੀ ਤੌਰ ਤੇ ਮੀਟਿੰਗਾਂ ਕੀਤੀਆਂ ਅਤੇ ਚੋਣ ਮੁੱਦਿਆਂ ‘ਤੇ ਭਰਪੂਰ ਚਰਚਾ ਕੀਤੀ । ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰ ਸ੍ਰ ਤੀਰਥ ਸਿੰਘ ਨੇ ਭਰੋਸਾ ਦਵਾਇਆ ਕਿ ਉਨ੍ਹਾਂ ਦਾ ਫਰੰਟ ਮੁਲਾਜ਼ਮ ਦੀਆਂ ਮੁੱਖ ਮੰਗਾਂ ਪ੍ਰਤੀ ਗੰਭੀਰਤਾ ਨਾਲ ਕੰਮ ਕਰ ਚੁੱਕਾ ਹੈ । ਜਿੰਮੇਵਾਰੀ ਮਿਲਦਿਆਂ ਹੀ ਉਨ੍ਹਾਂ ਨੂੰ ਅਮਲੀ ਜਾਮਾ ਪਹੁੰਚਣਾ ਸ਼ੁਰੂ ਕਰ ਦਿੱਤਾ ਜਾਵੇਗਾ । ਇਸ ਤੋਂ ਪਹਿਲਾਂ ਉਨ੍ਹਾਂ ਵੱਖ ਵੱਖ ਅਹੁਦਿਆਂ ਦੇ ਉਮੀਦਵਾਰਾਂ ਨਾਲ ਪਲੇਠੀ ਮੀਟਿੰਗ ਕੀਤੀ ਅਤੇ ਫਰੰਟ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲਿਆਂ ਕੰਮਾਂ ਦਾ ਪੈੰਫਲੈਟ ਰੀਲੀਜ਼ ਕੀਤਾ । ਉਨ੍ਹਾਂ ਇਸ ਮੌਕੇ ਇਹ ਵੀ ਅਹਿਦ ਕੀਤਾ ਕਿ ਉਨ੍ਹਾਂ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਹਨਤ ਨਾਲ ਤਰੱਕੀਆ ਤੇ ਲੈ ਕੇ ਜਾਣਾ ਅਤੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨਾ ਹੋਵੇਗਾ ।
ਜਿਸ ਦੇ ਲਈ ਉਹ ਅਤੇ ਉਨ੍ਹਾਂ ਦੀ ਟੀਮ ਇਕਜੁੱਟ ਹੋ ਕੇ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੀ ਨਜ਼ਰ ਆਵੇਗੀ । ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਨਾਲ ਸਾਰੇ 108 ਅਫਸਰ ਵੋਟਰਾਂ ਤੱਕ ਪਹੁੰਚ ਅਪਣਾਉਣਗੇ ਅਤੇ ਸਾਰਿਆਂ ਨੂੰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਉਡਦਾ ਬਾਜ਼ ਗਰੁੱਪ ਨੂੰ ਵੋਟ ਪਾਉਣ ਅਤੇ ਪਵਾਉਣ ਦੀ ਅਪੀਲ ਕਰਨਗੇ । ਉਨ੍ਹਾਂ ਕਿਹਾ ਉਨ੍ਹਾਂ ਦੀ ਅਫਸਰ ਸਾਹਿਬਾਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਸੱਭ ਤੋਂ ਅੱਗੇ ਰੱਖਣ ਅਤੇ ਫਿਰ ਆਪਣੀ ਕੀਮਤੀ ਵੋਟ ਪਾਉਣ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਵਿੱਚ ਸਿਰਫ ਉਡਦਾ ਬਾਜ਼ ਗਰੁੱਪ ਹੀ ਹੈ ਜੋ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਅਤੇ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਮੁਲਾਜ਼ਮਾਂ ਪ੍ਰਤੀ ਸੰਜੀਦਾ ਅਤੇ ਗੰਭੀਰ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਿਆ ਕਿਹਾ ਕਿ ਯੂਨੀਵਰਸਿਟੀ ਦੇ ਅਫਸਰ ਸਾਹਿਬਾਨ ਭਲੀਭਾਂਤ ਜਾਣਦੇ ਹਨ ਕਿ ਜ਼ਮੀਨੀ ਪੱਧਰ ‘ਤੇ ਕੌਣ ਕੰਮ ਕਰਨਾ ਜਾਣਦਾ ਹੈ । ਉਨ੍ਹਾਂ ਕਿਹਾ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਯੂਨੀਵਰਸਿਟੀ ਦੇ ਅਫਸਰ ਸਾਹਿਬਾਨ ਉਡਦਾ ਬਾਜ਼ ਗਰੁੱਪ ਦੇ ਹੱਕ ਵਿੱਚ 15 ਦਸੰਬਰ 2022 ਨੂੰ ਆਪਣਾ ਫਤਵਾ ਦੇਣਗੇ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ ਲਈ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਦੇ ਕਨਵੀਨਰ ਸ੍ਰ ਬਲਵੀਰ ਸਿੰਘ ਗਰਚਾ ਅਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ , ਅਫਸਰ ਐਸੋਸੀਏਸ਼ਨ ਦੇ ਮੌਜੂਦਾ ਸਕੱਤਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਵੱਖ ਵੱਖ ਵਿਭਾਗਾਂ ਵਿੱਚ ਜਾ ਕੇ ਚੋਣ ਪ੍ਰਚਾਰ ਮਗਾਇਆ ਗਿਆ । ਸ੍ਰ ਗਰਚਾ ਜੋ ਕਿਹਾ ਹੈ ਕਿ ਇਸ ਸਮੇਂ ਬਾਜ਼ ਗਰੁੱਪ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਸੱਭ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਸੰਪਰਕ ਬਣਾਇਆ ਗਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰਨ ਤਿਆਰ ਹਨ । ਉਨ੍ਹਾਂ ਕਿਹਾ ਸ੍ਰ ਤੀਰਥ ਸਿੰਘ ਸੈਟਰ ਫਾਰ ਆਈ.ਟੀ.ਸਲਿਊਸ਼ਨ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਜੋ ਬਹੁਤ ਸੁਲਝੇ ਹੋਏ ਪ੍ਰੋੜ ਅਫਸਰ ਹਨ।
ਉਨ੍ਹਾਂ ਦਾ ਯੂਨੀਵਰਸਿਟੀ ਦੇ ਭਾਈਚਾਰੇ ਵਿੱਚ ਬਹੁਤ ਸਤਿਕਾਰ ਹੈ ਅਤੇ ਆਪਣੇ ਕੰਮ ਦੇ ਤੌਰ ‘ਤੇ ਜਾਣੇ ਜਾਂਦੇ ਹਨ ਅਤੇ ਸੱਭ ਅਧਿਕਾਰੀਆਂ ਦੇ ਨਾਲ ਨੇੜੇ ਦਾ ਸਬੰਧ ਹੈ ਜੋ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਆਵੇਗਾ । ਉਨ੍ਹਾਂ ਅਧਿਕਾਰੀਆਂ ਨੂੰ ਆਪੀਲ ਕੀਤੀ ਕਿ ਸਕੱਤਰ ਦੇ ਅਹੁਦੇ ਲਈ ਮਨਪ੍ਰੀਤ ਸਿੰਘ ਗੁਪਤ ਸ਼ਾਖਾ , ਮੀਤ ਪ੍ਰਧਾਨ ਦੇ ਅਹੁਦੇ ਲਈ ਅਜਮੇਰ ਸਿੰਘ ਸਰਟੀਫਿਕੇਟ ਸੈਕਸ਼ਨ , ਸਯੁੰਕਤ ਸਕੱਤਰ ਦੇ ਅਹੁਦੇ ਲਈ ਪਰਵੀਨ ਕੁਮਾਰ ਪੁਰੀ ਲੋਕ ਸੰਪਰਕ ਵਿਭਾਗ ਅਤੇ ਖਜਾਨਚੀ ਲਈ ਸ੍ਰ ਹਰਦੀਪ ਸਿੰਘ ਇੰਜੀਨੀਅਰਿੰਗ ਵਿਭਾਗ ਚੋਣ ਮੈਦਾਨ ਵਿੱਚ ਹਨ ਜਦੋਂ ਕਿ ਕਾਰਜਕਾਰਨੀ ਮੈਂਬਰਾਂ ਦੀ ਚੋਣ ਲਈ ਮਤਬਰ ਚੰਦ (ਸੈੰਟਰ ਫਾਰ ਆਈ.ਟੀ.ਸਲਿਊਸ਼ਨ), ਹਰਚਰਨ ਸਿੰਘ (ਲੀਗਲ ਸੈੱਲ), ਮੁਖਤਿਆਰ ਸਿੰਘ( ਗੁਪਤ ਸ਼ਾਖਾ) , ਮੈਡਮ ਰਜਨੀ( ਭਾਈ ਗੁਰਦਾਸ ਲਾਇਬ੍ਰੇਰੀ ) ,ਅਜੈ ਅਰੋੜਾ( ਪਲੇਸਮੈੰਟ), ਜਗਜੀਤ ਸਿੰਘ ( ਡੀਨ ਅਕਾਦਮਿਕ ਮਾਮਲੇ ) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ । ਪਹਿਲੇ ਦਿਨ ਦੇ ਚੋਣ ਪ੍ਰਚਾਰ ਦੌਰਾਨ ਸ੍ਰੀ ਨਰੇਸ਼ ਨੰਦਨ , ਰਾਜਿੰਦਰ ਕੁਮਾਰ ਸੈਕਟਰੀ ਪ੍ਰਗਟ ਸਿੰਘ , ਸਰਬਜੀਤ ਸਿੰਘ ਸੋਖੀ , ਸੰਦੀਪ ਸੂਦ ਤੋਂ ਇਲਾਵਾ ਫਰੰਟ ਹੋਰ ਵੀ ਸੀਨੀਅਰ ਆਗੂ ਹਾਜ਼ਰ ਸਨ ।