More

    ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਕਿਵੇਂ ਕਰਦੇ ਹਨ ਵਿਦਿਆਰਥੀਆਂ ਦਾ ਨੁਕਸਾਨ

    ਡਾਕਟਰ ਪ੍ਰੋਫ਼ੈਸਰ ਸਤੀਸ਼ ਕੁਮਾਰ ਵਰਮਾ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਦੇ ਮੁਖੀ, ਡੀਨ, ਡਾਇਰੈਕਟਰ ਯੂਥ ਵੈੱਲਫੇਅਰ ਆਦਿ ਉੱਚੇ ਅਹੁਦਿਆਂ ਤੇ ਆਸੀਨ ਰਹੇ ਹਨ। ਬਹੁਤ ਕਿਤਾਬਾਂ ਦੇ ਲੇਖਕ ਹਨ, ਜੋ ਨਾਟਕ, ਆਲੋਚਨਾ ਆਦਿ ਉੱਤੇ ਹਨ ਅਤੇ ਕਵੀ ਵੀ ਕਹਾਉਂਦੇ ਹਨ। ਇੱਥੋਂ ਤੱਕ ਕਿ ਭਾਸ਼ਾ-ਵਿਗਿਆਨੀ ਅਤੇ ਨਿਰੁਕਤੀਕਾਰ ਹੋਣ ਦੇ ਵੀ ਵੱਡੇ ਦਾਅਵੇਦਾਰ ਹਨ। ਨਿਰੁਕਤੀਕਾਰ ਦਾ ਭਾਵ ਜੋ ਸ਼ਬਦਾਂ ਦੀਆਂ ਜੜ੍ਹਾਂ ਤੱਕ ਜਾਣਦਾ ਹੋਵੇ ਕਿ ਇਸ ਸ਼ਬਦ ਦੀ ਉਤਪਤੀ ਕਿੱਥੋਂ ਹੋਈ। ਪੰਜਾਬੀ ਨਿਰੁਕਤੀ ਲਈ ਪੰਜਾਬੀ ਦੇ ਤਮਾਮ ਰੂਪ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਦੀ ਜਾਣਕਾਰੀ ਜ਼ਰੂਰੀ ਹੈ। ਜੀ. ਐਸ. ਰਿਆਲ ਸਾਹਿਬ ਪੰਜਾਬੀ ਦੇ ਮਹਾਨ ਨਿਰੁਕਤੀਕਾਰ ਹੋਏ ਹਨ। ਉਹਨਾਂ ਨੇ ‘ਪੰਜਾਬੀ ਭਾਸ਼ਾ ਦਾ ਨਿਰੁਕਤ ਕੋਸ਼’ ਬਣਾਇਆ। ‘English and Sanskrit, a common heritage of words:With special reference to Punjabi’ ਲਿਖੀ, ਪੰਜਾਬੀ ਨਿਰੁਕਤੀ, ਸ਼ਬਦਾਂ ਦੀ ਪੈੜ, ਸਾਡੀ ਧਰਤੀ ਸਾਡੇ ਬੋਲ ਜਿਹੀਆਂ ਉੱਚ-ਪੱਧਰੀ ਕਿਤਾਬਾਂ ਲਿਖੀਆਂ। ਰਿਆਲ ਸਾਹਿਬ ਉਪਰੋਕਤ ਭਾਸ਼ਾਵਾਂ ਹੀ ਨਹੀਂ ਸਗੋਂ ਰਸ਼ੀਅਨ, ਜਰਮਨ, ਫਰੈਂਚ, ਟਰਕਿਸ਼ ਆਦਿ ਵੀ ਜਾਣਦੇ ਸਨ। ਇਹ ਕਿਤਾਬਾਂ ਪੜ੍ਹ ਕੇ ਦਿਮਾਗ਼ ਰੌਸ਼ਨ ਹੋ ਜਾਂਦਾ ਹੈ। ਅਜੋਕੇ ਸਮੇਂ ਵਿੱਚ ਸਰਦਾਰ ਜਸਵੀਰ ਸਿੰਘ ਪਾਬਲਾ ਜੀ ਇਸ ਵਿਸ਼ੇ ਦੇ ਮਾਹਿਰ ਹਨ।

    ਅੱਗੇ ਜਾ ਕੇ ਡਾਕਟਰ ਸਤੀਸ਼ ਕੁਮਾਰ ਵਰਮਾ ਦੀ ਫੋਕੀ ਨਿਰੁਕਤਕਾਰੀ ਦਾ ਪਰਦਾ ਫ਼ਾਸ਼ ਕੀਤਾ ਜਾਵੇਗਾ, ਪਾਠਕਾਂ ਨੂੰ ਪਹਿਲਾਂ ਉਹਨਾਂ ਦੀਆਂ ਹੋਰ ਕਾਰਕਰਦਗੀਆਂ ਦੇ ਦਰਸ਼ਨ ਕਰਵਾ ਦੇਈਏ।

    ਭਾਸ਼ਾ ਅਤੇ ਸਾਹਿਤ ਦਾ ਅਧਿਆਪਕ ਅਤੇ ਜੋ ਕਵੀ ਵੀ ਅਖਵਾਉਂਦਾ ਹੋਵੇ, ਉਸ ਨੂੰ ਪਿੰਗਲ ਅਤੇ ਅਰੂਜ਼ ਤੇ ਤਾਂ ਮਹਾਰਤ ਹੋਣੀ ਹੀ ਚਾਹੀਦੀ ਹੈ, ਸਗੋਂ ਉਸਨੂੰ ਤਾਂ ਕਵਿਤਾ ਲਿਖਣੀ ਸਿਖਾਉਣ ਦੀ ਜਾਚ ਵੀ ਹੋਣੀ ਜ਼ਰੂਰੀ ਹੈ। ਜਿਵੇਂ ਸੰਗੀਤ ਦੇ ਸਾਰੇ ਅਧਿਆਪਕ ਸੰਗੀਤ ਜਾਣਦੇ ਵੀ ਹੁੰਦੇ ਹਨ ਅਤੇ ਸਿਖਾਉਂਦੇ ਵੀ ਹਨ। ਜੇਕਰ ਕਿਸੇ ਵਿਦਿਆਰਥੀ ਦਾ ਕਵਿਤਾ ਲਿਖਣੀ ਸਿੱਖਣ ਦਾ ਇਰਾਦਾ ਹੋਵੇ ਤਾਂ ਕੀ ਉਹ ਇਕਨਾਮਿਕਸ, ਹਿਸਾਬ, ਫਿਜ਼ਿਕਸ, ਬਾਟਨੀ, ਜਾਂ ਕਾਮਰਸ ਵਾਲ਼ਿਆਂ ਕੋਲ਼ ਜਾਏਗਾ? ਜੇਕਰ ਸੰਗੀਤ ਦਾ ਅਧਿਆਪਕ ਆਖੇ ਕਿ ਤਾਨਸੈਨ ਅਕਬਰ ਦੇ ਨੌਂ ਰਤਨਾਂ ਵਿੱਚੋਂ ਸੀ, ਉਸਨੇ ਮੀਆਂ ਕੀ ਮਲਹਾਰ, ਮੀਆਂ ਕੀ ਤੋੜੀ ਰਾਗ ਬਣਾਏ, ਪਰ ਉਹਨਾਂ ਨੂੰ ਕਿਹੜੇ ਸੁਰ ਲੱਗਦੇ ਹਨ ਅਤੇ ਇਹ ਰਾਗਾਂ ਨੂੰ ਗਾ ਵਜਾ ਕੇ ਨਾ ਦੱਸ ਸਕਦਾ ਹੋਵੇ ਤਾਂ ਕੀ ਉਹ ਸੰਗੀਤ ਅਧਿਆਪਕ ਕਹਉਣ ਦਾ ਹੱਕਦਾਰ ਹੈ?

    ਸਤੀਸ਼ ਵਰਮਾ ਜੀ ਨੂੰ ਆਦਤ ਹੈ ਕਿ ਆਪਣੇ ਆਪ ਨੂੰ ਮਹਾਂ ਵਿਦਵਾਨ ਹੋਣ ਦੀਆਂ ਵਡਿਆਈਆਂ ਮਾਰਦੇ ਰਹਿੰਦੇ ਹਨ। ਇਸ ਕਾਰਜ ਲਈ ਉਹ ਬੋਲਣ ਅਤੇ ਲਿਖਣ ਦੋਹਾਂ ਮੁਹਾਜ਼ਾਂ ਤੇ ਤੈਨਾਤ ਰਹਿੰਦੇ ਹਨ। ਅਜੀਤ ਅਖ਼ਬਾਰ’ਚ ‘ਅਦਬ ਦੇ ਆਰ ਪਾਰ’ ਨਾਮ ਦਾ ਹਫ਼ਤਾਵਾਰੀ ਕਾਲਮ ਛਪਦਾ ਹੁੰਦਾ ਸੀ। ਸੰਨ ੨੦੦੪ ਵਿੱਚ ਇਕ ਵਾਰ ਉਹ ਕਾਲਮ ਮੇਰੇ ਵੀ ਨਜ਼ਰੀਂ ਪੈ ਗਿਆ। ਇਹ ਵਰਮਾ ਜੀ ਆਦਤ ਅਨੁਸਾਰ ਵੱਡੀਆਂ ਵੱਡੀਆਂ ਵਡਿਆਈਆਂ ਨਾਲ਼ ਉਹ ਕਾਲਮ ਇੰਨਾਂ ਓਤ-ਪੋਤ ਸੀ ਕਿ ਜਿਵੇਂ ਜਰਜਰ ਬੇੜਾ ਬਹੁਤਾ ਭਾਰਾ ਸਮਾਨ ਲੱਦਣ ਨਾਲ਼ ਆਪ ਹੀ ਡੁੱਬ ਜਾਂਦਾ ਹੈ, ਕੁਝ ਇਸ ਵਜ੍ਹਾ ਦਾ ਹੀ ਉਹ ਲੇਖ ਸੀ। ਵਰਮਾ ਜੀ ਨੇ ਉਸ ਵਿੱਚ ਲਿਖਿਆ ਕਿ ਮੈਂ ਤਾਂ ਬਹੁਤ ਹੀ ਵੱਡਾ ਵਿਦਵਾਨ ਹਾਂ ਅਤੇ ਅਜਿਹਾ ਕੁਝ ਕਰ ਗੁਜ਼ਰਦਾ ਹਾਂ ਜੋ ਹੋਰ ਕਿਸੇ ਦੇ ਵੱਸ ਦਾ ਰੋਗ ਨਹੀਂ। ਤਾਰੇ ਤੋੜ ਲਿਆਉਂਦਾ ਹਾਂ ਚੰਦ ਚਾੜ੍ਹ ਦਿੰਦਾ ਹਾਂ। ਬਾਕੀ ਵਿਦਵਾਨਾਂ ਦੇ ਤਾਂ ਮੇਰੀਆਂ ਵੱਡੀਆਂ ਪ੍ਰਾਪਤੀਆਂ ਨੂੰ ਵੇਖ ਕੇ ਹੱਕੇ-ਬੱਕੇ ਹੋ ਜਾਂਦੇ ਹਨ, ਮੇਰੇ ਵੱਲ ਅੱਖਾਂ ਤੇ ਮੂੰਹ ਟੱਡ ਕੇ ਵਿਹੰਦੇ ਰਹਿ ਜਾਂਦੇ ਹਨ।

    ਇਹ ਦਾਅਵੇ ਜੇ ਸੱਚੇ ਹੋਣ ਤਾਂ ਕੋਈ ਮਾੜੇ ਨਹੀਂ, ਸਗੋਂ ਸੋਭਾ ਵਧਾਉਂਦੇ ਹਨ। ਜਦੋਂ ਦਾਅਵੇ ਮੁਤਾਬਿਕ ਜਲਵਾ ਹੋਵੇ ਤਾਂ ਉਹ ਫੱਬਦਾ ਹੈ, ਸੋਭਦਾ ਹੈ। ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਦੁਆਬੇ ਵੱਲ ਦਾ ਪ੍ਰੀਤਮ ਸਿੰਘ ਨਾਮ ਦਾ ਕਬੱਡੀ ਖਿਡਾਰੀ ਰੌਣੀ, ਜਰਗ, ਚੌਂਦੇ, ਬਾਗੜੀਆਂ ਆਦਿ ਖੇਡਾਂ ਤੇ ਆਉਂਦਾ ਹੁੰਦਾ ਸੀ। ਉਹ ਜੈਵਲਿਨ ਥਰੋਅ ਦਾ ਵੀ ਭਾਰਤੀ ਚੈਂਪੀਅਨ ਹੁੰਦਾ ਸੀ। ਉਸਦੀ ਬਨੈਣ ਦੇ ਅਗਲੇ ਪਾਸੇ ‘ਆਇਆ ਪ੍ਰੀਤਾ’ ਤੇ ਪਿਛਲੇ ਬੰਨੇਂ ‘ਗਿਆ ਪ੍ਰੀਤਾ’ ਲਿਖਿਆ ਹੁੰਦਾ ਸੀ। ਉਹ ਕਦੇ ਫੜਿਆ ਨਹੀਂ ਸੀ ਗਿਆ। ਬਨੈਣ ਤੇ ਲਿਖਿਆ ਉਸਦੀ ਸ਼ਾਨ ਸੀ। ਜੇਕਰ ਪਹਿਲੀ ਕਬੱਡੀ ਹੀ ਉਸ ਨੂੰ ਤੁੰਨਿਆਂ ਹੁੰਦਾ ਤਾਂ ਓਹੀ ਬਨੈਣ ਉਸਦੀ ਹੇਠੀ ਦੀ ਵਜ੍ਹਾ ਬਣਨੀ ਸੀ। ਕਿੱਥੇ ਉਸਦੀ ਸ਼ਾਨਾਂ ਮੱਤੀ ਬਨੈਣ ਨੂੰ ਯਾਦ ਕਰਕੇ ਅੱਜ ਵੀ ਆਨੰਦ ਦੀ ਅਨੁਭੂਤੀ ਹੋ ਰਹੀ ਹੈ।

    ਇਸੇ ਤਰ੍ਹਾਂ ਜਦੋਂ ਗ਼ਾਲਿਬ ਕਹਿੰਦਾ ਹੈ :

    ਹੈਂ ਔਰ ਭੀ ਦੁਨਿਯਾ ਮੇਂ ਸੁਖ਼ਨਵਰ ਬਹੁਤ ਅੱਛੇ,
    ਕਹਿਤੇ ਹੈਂ ਕਿ ‘ਗ਼ਾਲਿਬ’ ਕਾ ਹੈ ਅੰਦਾਜ਼-ਏ-ਬਯਾਂ ਔਰ।

    ਤਾਂ ਗ਼ਾਲਿਬ ਹੋਰ ਵੀ ਖਿੱਚ ਪਾਉਂਦਾ ਹੈ। ਇਸੇ ਸੰਦਰਭ ਵਿੱਚ ਵਾਰਸ ਸ਼ਾਹ ਨੂੰ ਵਾਚੋ:

    ਬਾਤ ਬਾਤ ਤੇਰੀ ਵਿੱਚ ਹੈਣ ਕਾਮਣ,
    ਵਾਰਸ ਸ਼ਾਹ ਦੇ ਸ਼ੇਅਰ ਦੀ ਸਿਹਰ ਹੈ ਨੀ।

    ਕਾਮਣ: ਜਾਦੂ, ਸਿਹਰ: ਜਾਦੂ

    ਇਹਨਾਂ ਦੇ ਦਾਅਵੇ ਆਭਾ ਨੂੰ ਹੋਰ ਵੀ ਨਿਖਾਰਦੇ ਹਨ। ਇਸੇ ਤਰ੍ਹਾਂ ਹਰਿੰਦਰ ਸਿੰਘ ਮਹਿਬੂਬ ਵੀ ਆਵੇਸ਼’ਚ ਆਕੇ ਜਦੋਂ ਆਪਣੀ ਸਿਫ਼ਤ ਕਰਦੇ ਸਨ ਤਾਂ ਬਹੁਤ ਸੋਭਦੇ ਸਨ। ਪਰ ਜਦੋਂ ਸਤੀਸ਼ ਵਰਮੇ ਜਿਹਾ ਸ਼ਖ਼ਸ ਆਪਣੀ ਸਿਫ਼ਤ ਕਰਦਾ ਹੈ ਤਾਂ ਇੰਞ ਲੱਗਦਾ ਹੈ ਜਿਵੇਂ ਕੋਈ ਪੋਲੀਓ ਗ੍ਰਸਤ ਸ਼ਖ਼ਸ ਪ੍ਰੀਤੇ ਦੀ ਬਨੈਣ ਪਾਈ ਫਿਰਦਾ ਹੋਵੇ।

    ਕੋਈ ੨੦੦੪ ਦਾ ਵਾਕਿਆ ਹੋਵੇਗਾ। ਡਾ. ਵਰਮਾ ਦੇ ਅਜੀਤ ਵਿੱਚ ਲਿਖੇ ਕਾਲਮ ‘ਅਦਬ ਦੇ ਆਰ-ਪਾਰ’ ਤੇ ਮੇਰੀ ਨਜ਼ਰ ਪੈ ਗਈ ਜੋ ਕਿ ਹਰ ਹਫ਼ਤੇ ਛਪਦਾ ਸੀ। ਉਸ ਵਿੱਚ ਜਨਾਬ ਨੇ ਆਪਣੀ ਵਿਦਵਤਾ, ਸਾਹਿਤ ਦੀ ਜਾਣਕਾਰੀ ਤੇ ਕਾਵਿ-ਕੌਸ਼ਲ ਦੀਆਂ ਇੰਨੀਆਂ ਫੜਾਂ ਮਾਰੀਆਂ ਕਿ ਰਹੇ ਰੱਬ ਦਾ ਨਾਂ। ਲਿਖਿਆ ਕਿ ਲੋਕ ਮੇਰੀ ਇੰਨੇਂ ਵਿਸ਼ਿਆਂ ਤੇ ਪ੍ਰਬੀਨਤਾ ਨੂੰ ਵੇਖ ਕੇ ਹੈਰਾਨ ਹੁੰਦੇ ਹਨ ਤੇ ਆਖਦੇ ਹਨ ਕਿ ਤੂੰ ਕਿਵੇਂ ਕਰ ਲੈਂਦਾ ਹੈਂ? ਇਹ ਤਾਰੇ ਤੋੜਨ ਜਿਹਾ ਅਸੰਭਵ ਕਾਜ ਸਿਰਫ਼ ਅਤੇ ਸਿਰਫ਼ ਸਤੀਸ਼ ਵਰਮਾ ਹੀ ਕਰ ਸਕਦਾ ਹੈ। ਸਤੀਸ਼ ਵਰਮਾ ਜੀ ਨੇ ਆਖਿਆ ਕਿ ਮੈਂ ਇਹ ਸਭ ਕਰ ਗੁਜ਼ਰਦਾ ਹਾਂ। ਆਪਣੀ ਉਪਮਾਂ ਵਿੱਚ ਸਤੀਸ਼ ਜੀ ਨੇ ਆਪਣੇ ਉੱਤੇ ਦੁਸ਼ਿਅੰਤ ਕੁਮਾਰ ਦਾ ਇਸ ਸ਼ੇਅਰ ਦਾ ਰੂਪ ਵਿਗਾੜ ਕੇ ਇੰਞ ਢੁਕਾਇਆ:

    ਕਹਿਤਾ ਹੈ ਕੌਨ ਆਕਾਸ਼ ਮੇਂ ਸੁਰਾਖ਼ ਨਹੀਂ ਹੋ ਸਕਤਾ,
    ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ।

    ਜਦੋਂ ਕਿ ਮੂਲ ਸ਼ੇਅਰ ਵਿੱਚ ‘ਕਹਿਤਾ ਹੈ ਕੌਨ’ ਦੀ ਥਾਂ ਤੇ ‘ਕੈਸੇ’ ਹੈ। ਹਾਲਾਂਕਿ ਅਰਥ ਓਹੀ ਰਹਿੰਦੇ ਹਨ। ਸ਼ੇਅਰ ਦਾ ਹਵਾਲਾ ਦੇਣ ਲੱਗਿਆਂ ਅਕਸਰ ਸ਼ਬਦ ਏਧਰ-ਓਧਰ ਹੋ ਜਾਂਦੇ ਹਨ। ਆਮ ਲੋਕਾਂ ਲਈ ਇਹ ਕੋਈ ਵੱਡੀ ਅਵੱਗਿਆ ਨਹੀਂ। ਪਰ ਭਾਸ਼ਾ ਅਤੇ ਸਾਹਿਤ ਦਾ ਅਧਿਆਪਕ ਖ਼ੁਦ ਨੂੰ ਕਵੀ ਵੀ ਕਹਾਉਂਦਾ ਹੋਵੇ ਉਸ ਲਈ ਇਹ ਬਹੁਤ ਨਮੋਸ਼ੀ ਜਨਕ ਹੈ। ‘ਕੈਸੇ’ ਦੀ ਥਾਂ ਤੇ ‘ਕਹਿਤਾ ਹੈ ਕੌਨ’ ਕਰਨ ਨਾਲ਼ ਚਾਰ ਦੀ ਥਾਂ ਤੇ ਨੌਂ ਮਾਤਰਾਵਾਂ ਆ ਜਾਂਦੀਆਂ ਹਨ। ਇਸ ਤਰ੍ਹਾਂ ਨਾਲ਼ ਸ਼ੇਅਰ ਦੀ ਜੋ ਦੁਰਗਤੀ ਸਤੀਸ਼ ਜੀ ਨੇ ਕੀਤੀ, ਉਹ ਭਾਸ਼ਾ ਅਧਿਆਪਕ ਅਤੇ ਕਵੀ ਕਹਾਉਂਦੇ ਬੰਦੇ ਲਈ ਵੱਡੀ ਲਾਹਨਤ ਹੈ। ਇਹ ਤਾਂ ਇੰਞ ਹੈ ਜਿਵੇਂ ਕੋਈ ਬੇਵਕੂਫ਼ ਤਰਖਾਣ ਮੰਜੇ ਦੀ ਇਕ ਬਾਹੀ ਛੇ ਫੁੱਟ ਤੇ ਦੂਸਰੀ ਪੰਜ ਫੁੱਟ ਦੀ ਠੋਕ ਦੇਵੇ। ਇਹ ਤਾਂ ਭਾਸ਼ਾ ਅਧਿਆਪਕ ਲਈ ਬੁਨਿਆਦੀ ਨੁਕਤੇ ਹਨ। ਇਹ ਵਿਦਵਤਾ ਜਾਂ ਵੱਡੀ ਮਹਾਰਤ ਦੀ ਮੰਗ ਨਹੀਂ ਕਰਦੇ।

    ਭਾਈ ਕਾਹਨ ਸਿੰਘ ਨਾਭਾ ਜੀ ਗਿਆਨੀ ਤੇ ਵਿਦਵਾਨੀ ਜਿਹੇ ਛੋਟੇ ਇਮਤਿਹਾਨ ਪਾਸ ਕਰਨ ਵਾਲ਼ਿਆਂ ਤੇ ਹੈਰਾਨ ਹੁੰਦੇ ਹਨ ਕਿ ਛੰਦ-ਬੋਧ ਤੋਂ ਬਗ਼ੈਰ ਇਹ ਪਾਸ ਕਿੰਞ ਹੁੰਦੇ ਹਨ,” ਕਿਤਨੇ ਸ਼ੋਕ( ਅਫ਼ਸੋਸ) ਦੀ ਬਾਤ ਹੈ ਕਿ ਸਿੱਖਾਂ ਨੂੰ ਆਪਣੇ ਧਰਮ ਪੁਸਤਕ ਅਰੁ ਕਾਵਯ ਗ੍ਰੰਥਾਂ ਦੇ ਛੰਦ ਨਾ ਮਾਲੂਮ ਹੋਣ,ਅਰੁ ਇਸ ਪਰ ਭੀ ਹੋਰ ਆਸ਼ਚਰਯ ਹੈ ਕਿ ਪੰਜਾਬੀ ਦੇ ਇਮਤਿਹਾਨਾਂ ਵਿੱਚ ਰੱਖੇ ਹੋਏ ਗ੍ਰੰਥਾਂ ਦੇ ਛੰਦਾਂ ਦਾ ਵਿਦਿਆਰਥੀਆਂ ਨੂੰ ਗਯਾਨ ਨਾ ਹੋਣ ਪਰ ਭੀ, ਉਨ੍ਹਾਂ ਨੂੰ ਪਰਿਕਸ਼ਾ ਵਿੱਚ ਉੱਤੀਰਣ( ਪਾਸ) ਸਮਝਿਆ ਜਾਵੇ!” ਭਾਈ ਕਾਹਨ ਸਿੰਘ ਨਾਭਾ ਜੀ ਨੂੰ ਕੀ ਇਲਮ ਸੀ ਕਿ ਇਹ ਪੰਜਾਬੀ ਦੀ ਇਹ ਇਹ ਛੰਦ-ਬੋਧ ਵਿਹੀਨ ਪ੍ਰਜਾਤੀ ਦਾ ਨੁਮਾਇੰਦਾ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਦਾ ਮੁਖੀ ਬਣੇਗਾ ਅਤੇ ਜੋ ਪੰਜਾਬੀ ਦੀਆਂ ਸਰਵਉੱਚ ਡਿਗਰੀਆਂ ਦਾ ਧਾਰਨੀ ਹੀ ਨਹੀਂ ਹੋਵੇਗਾ, ਸਗੋਂ ਵੱਡੀਆਂ ਵੱਡੀਆਂ ਡਿਗਰੀਆਂ ਦਾ ਪ੍ਰਦਾਨ ਕਰਤਾ ਤੱਕ ਵੀ ਬਣੇਂਗਾ। ਮੈਂ ਇਸ ਤ੍ਰਾਸਦਿੱਕ ਸਥਿਤੀ ਕਵਿਤਾ ਵਿੱਚ ਪੁਰੋ ਕੇ ਅਜੀਤ ਨੂੰ ਭੇਜ ਦਿੱਤੀ:

    ਵਾਹ! ਵਾਹ!! ਪੰਜਾਬੀਏ ਭਾਗ ਤੈਂਡੇ,
    ਕੇਡੇ ਬਲੀ ਨੇ ਸਿਪਾਹ ਸਲਾਰ ਤੇਰੇ।
    ਛੰਦ-ਬੋਧ ਤੋਂ ਬਿਨਾ ਹੀ ਮੁਖੀ ਹੋਗੇ,
    ਬਣੇ ਬੈਠੇ ਨੇ ਸਿਧਾਂਤਕਾਰ ਤੇਰੇ।
    ਕਾਹਨ ਸਿੰਘ ਨੇ ਵੀ ਬਲਿ ਬਲਿ ਜਾਵਣਾ ਸੀ,
    ਜੇਕਰ ਤੱਕਦਾ ਸ਼ਾਹ ਅਸਵਾਰ ਤੇਰੇ।
    ਤੇਰੀ ਬੇੜੀ ਦਾ ਖੇਵਟ ਸਤੀਸ਼ ਵਰਮਾ,
    ਬੇੜੇ ਆਪ ਹੀ ਲੱਗਣਗੇ ਪਾਰ ਤੇਰੇ।

    ਬਲਿ ਬਲਿ ਜਾਣਾ: ਬਲਿਹਾਰੇ ਜਾਣਾ। ਖੇਵਟ: ਮਲਾਹ

    ਮੇਰੀ ਇਹ ਚਿੱਠੀ ਅਖ਼ਬਾਰ ਵਿੱਚ ਛਪੀ ਜਾਂ ਨਹੀਂ, ਇਹ ਤਾਂ ਮਾਲੂਮ ਨਹੀਂ, ਪਰ ਵਰਮਾ ਜੀ ਕੋਲ਼ ਪਹੁੰਚ ਗਈ। ਨਾਟਕ ਦੇ ਪਰਚੇ ਮੁਲਾਂਕਣ ਲਈ ਸਤੀਸ਼ ਅਤੇ ਨਸੀਬ ਬਵੇਜੇ ਕੋਲ ਗਏ। ਇਹਨਾਂ ਨੇ ਮੇਰੇ ਤਕਰੀਬਨ ਅੱਧੇ ਵਿਦਿਆਰਥੀ ਫ਼ੇਲ੍ਹ ਕਰ ਦਿੱਤੇ। ਮੈਂ ਸਤੀਸ਼ ਕੁਮਾਰ ਵਰਮੇ ਦੀ ਨਾਲਾਇਕੀ ਨੂੰ ਭਰੀ ਸਭਾ ਵਿੱਚ ਬੇਪਰਦ ਕੀਤਾ ਸੀ। ਚਾਹੀਦਾ ਤਾਂ ਇਹ ਸੀ ਕਿ ਉਸਦਾ ਉੱਤਰ ਦਿੰਦੇ। ਜੇਕਰ ਉਹ ਨਹੀਂ ਸੀ ਸਰਦਾ, ਤਾਂ ਮੇਰੀ ਕਿਸੇ ਹਰਕਤ ਨੂੰ ਫੜ ਕੇ ਮੈਨੂੰ ਘੜੀਸ ਲੈਂਦੇ। ਮੇਰੇ ਨਾਲ਼ ਕਿਸੇ ਵੀ ਹੱਦ ਤੱਕ ਚਲੇ ਜਾਂਦੇ, ਮੇਰੇ ਨਾਲ਼ ਸਭ ਕੁਝ ਜਾਇਜ਼ ਸੀ। ਇਹਨਾਂ ਨੇ ਬਿਲਕੁਲ ਲੰਡੂਆਂ ਵਾਲ਼ੀ ਹਰਕਤ ਕੀਤੀ ਕਿ ਮੇਰੇ ਵਿਦਿਆਰਥੀਆਂ ਨੂੰ ਫ਼ੇਲ੍ਹ ਕਰ ਦਿੱਤਾ। ਮੇਰੇ ਤਾਂ ਜੇ ਗੋਲ਼ੀ ਵੀ ਮਾਰੀ ਹੁੰਦੀ ਉਹ ਵੀ ਸੂਰਮਿਆਂ ਵਾਲ਼ਾ ਕੰਮ ਸੀ, ਕਿਉਂਕਿ ਬੇਸ਼ੱਕ ਜਾਇਜ਼ ਹੀ ਸਹੀ ਮੈਂ ਵਰਮੇ ਦੀ ਬੇਇੱਜ਼ਤੀ ਤਾਂ ਕੀਤੀ ਹੀ ਸੀ। ਮਾਸੂਮ ਵਿਦਿਆਰਥੀਆਂ ਨੇ ਤਾਂ ਇਸ ਨੂੰ ਕੁਝ ਨਹੀਂ ਸੀ ਕਿਹਾ, ਉਹਨਾਂ ਨੇ ਇਸਦਾ ਕੁਝ ਨਹੀਂ ਸੀ ਵਿਗਾੜਿਆ। ਉਸਦੀ ਇਨਸਾਨੀਅਤ ਤੋਂ ਗਿਰੀ ਹੋਈ ਇਹ ਕਮੀਨੀ ਹਰਕਤ ਤਾਂ ਘੋਰ ਨੀਚਤਾ ਹੈ। ਪਾਠਕ ਮਹਿਸੂਸ ਕਰਨ ਕਿ ਜਦੋਂ ਕੋਈ ਫ਼ੇਲ੍ਹ ਹੁੰਦਾ ਹੈ ਤਾਂ ਉਸ ਉੱਤੇ ਕੀ ਬੀਤਦੀ ਹੈ? ਖ਼ਾਸ ਤੌਰ ਤੇ ਜਦੋਂ ਕਿਸੇ ਨੂੰ ਨਾਜਾਇਜ਼ ਫ਼ੇਲ੍ਹ ਕੀਤਾ ਗਿਆ ਹੋਵੇ। ਇਹ ਇਨਸਾਨੀਅਤ ਤੋਂ ਇੰਨੀਂ ਗਿਰੀ ਹੋਈ ਹਰਕਤ ਹੈ ਕਿ ਇਸਦਾ ਲੇਖਾ ਹੀ ਨਹੀਂ ਕੀਤਾ ਜਾ ਸਕਦਾ। ਮੇਰੇ ਨਾਲ਼ ਵੀ ਇਕ ਪ੍ਰਸਿੱਧ ਅਧਿਆਪਕ ਨੇ ਅਜਿਹਾ ਕੁਝ ਕੀਤਾ ਸੀ। ਮੈਂ ਤਾਂ ਉਸਦੇ ਚੁਪੇੜਾਂ ਲਾ ਕੇ ਆਪਣੇ ਕਰੋਧ ਤੋਂ ਮੁਕਤੀ ਹਾਸਲ ਕਰ ਲਈ ਸੀ। ਮੇਰੇ ਵਿਦਿਆਰਥੀ ਵਿਚਾਰੇ ਰੋ ਰਹੇ ਸਨ। ਮੈਨੂੰ ਹਾਲੇ ਵੀ ਉਹਨਾਂ ਦੇ ਹੰਝੂਆਂ ਭਰੇ ਬੇਬਸ ਚਿਹਰੇ ਯਾਦ ਆਉਂਦੇ ਹਨ। ਮੇਰੇ ਰੋਪੜ ਕਾਲਜ ਆਉਣ ਤੋਂ ਪਹਿਲਾਂ ਨਾਟਕ ਦਾ ਪਰਚਾ ਕੋਈ ਵੀ ਨਹੀਂ ਸੀ ਪੜ੍ਹਾਉਂਦਾ। ਪਰ ਤਾਂ ਵੀ ਕਦੇ ਕੋਈ ਫ਼ੇਲ੍ਹ ਨਹੀਂ ਸੀ ਹੋਇਆ। ਮੈਂ ੨੦੦੫ ਵਿੱਚ ਕਨੇਡਾ ਆ ਗਿਆ ਸੀ, ਇਸ ਵਜ੍ਹਾ ਨਾਲ਼ ਕੁਝ ਕਰ ਵੀ ਨਾ ਸਕਿਆ।

    ੨੦੦੮ ਵਿੱਚ ਮੈਂ ਦੁਬਾਰਾ ਵਤਨ ਵਾਪਸੀ ਕੀਤੀ ਅਤੇ ਫਿਰ ਸਰਕਾਰੀ ਕਾਲਜ ਮਾਲੇਰ ਕੋਟਲ਼ਾ ਵਿਖੇ ਨੌਕਰੀ ਕਰਨ ਲੱਗ ਪਿਆ। ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ੨੦ ਰੋਜ਼ਾ ਰਿਫ਼ਰੈਸ਼ਰ ਕੋਰਸ ਕਰਨ ਗਿਆ। ਉੱਥੇ ਸਤੀਸ਼ ਜੀ ਲੈਕਚਰ ਕਰਨ ਆਏ ਅਤੇ ਡਹਿ ਪਏ ਆਪਣੀ ਅਤੁੱਲ ਵਿੱਦਿਆ ਦੀਆਂ ਫੜਾਂ ਮਾਰਨ। ਕਹਿੰਦੇ ਮੈਨੂੰ ਉਰਦੂ ਵੀ ਆਉਂਦਾ ਹੈ ਅਤੇ ਮੈਂ ਬੜਾ ਵੱਡਾ ਨਿਰੁਕਤਕਾਰ (etymologist) ਹਾਂ। ਉੱਥੇ ਇਸਨੇ ਇੰਨੇ ਦਮਗਜੇ ਮਾਰੇ ਕਿ ਬਹੁਤਿਆਂ ਦੇ ਸਾਹ ਹੀ ਸੂਤੇ ਗਏ। ਮੈਨੂੰ ਤਾਂ ਪਤਾ ਸੀ ਕਿ ਥੋਥਾ ਚਣਾ ਘਣਾ ਵੱਜ ਰਿਹਾ ਹੈ, ਹਾਲੇ ਵੱਜੀ ਜਾਣ ਦੇਈਏ।

    ਸਾਰੀਆਂ ਭਾਸ਼ਾਵਾਂ ਵਿੱਚੋਂ ਸ਼ਬਦ ਦੂਸਰੀਆਂ ਭਾਸ਼ਾਵਾਂ ਦਾ ਹਿੱਸਾ ਬਣਦੇ ਰਹਿੰਦੇ ਹਨ, ਇਹ ਕੋਈ ਅਸਚਰਜ ਘਟਨਾ ਨਹੀਂ ਹੁੰਦੀ। ਪਰ ਇਸਨੇ ਬਹੁਤ ਪ੍ਰਪੰਚ ਰਚਾ ਕੇ ਇਹ ਇੰਕਸ਼ਾਫ਼ ਕੀਤਾ ਕਿ ਪੰਜਾਬੀ ਦੇ ਕਈ ਸ਼ਬਦ ਵੈਬਸਟਰ ਦੀ ਅੰਗਰੇਜ਼ੀ ਡਿਕਸ਼ਨਰੀ ਵਿੱਚ ਸ਼ਾਮਲ ਕੀਤੇ ਗਏ ਹਨ। ਇੱਕ ਮੈਡਮ ਨੇ ਪੁੱਛ ਲਿਆ ਕਿ ਕਿਹੜੇ ਕਿਹੜੇ ਸ਼ਬਦ ਸ਼ਾਮਲ ਕੀਤੇ ਗਏ ਹਨ? ਤਾਂ ਇਹਨਾਂ ਨੇ ਇਕਲੌਤਾ ‘ਬੰਦੋਬਸਤ’ ਸ਼ਬਦ ਦੱਸਿਆ। ਮੈਂ ਕਿਹਾ ਕਿ ਇਹ ਸ਼ਬਦ ਤਾਂ ਹੈ ਹੀ ਫ਼ਾਰਸੀ ਦਾ ਹੈ, ਇਸ ਦੀ ਬਣਤਰ ਹੀ ਐਸੀ ਹੈ ਕਿ ਇਹ ਫ਼ਾਰਸੀ ਦਾ ਹੀ ਹੋ ਸਕਦਾ ਹੈ। ਉੁਂਞ ਤਾਂ ਤੁਸੀਂ ਆਖਦੇ ਹੋ ਕਿ ਮੈਨੂੰ ਉਰਦੂ ਔਂਦਾ ਹੈ, ਉਰਦੂ ਵਾਲ਼ੇ ਜੋ ਉਰਦੂ ਔਂਦਾ ਆਖੇ, ਉਸ ਦਾ ਬਹੁਤ ਮਖੌਲ ਉਡਾਉਂਦੇ ਹਨ। ਕਿਉਂਕਿ ਇਹ ਜਾਣ ਜਾਂਦੇ ਹਨ ਕਿ ਇਸ ਮੂਰਖ ਨੂੰ ਇਹ ਵੀ ਇਲਮ ਨਹੀਂ ਕਿ ਉਰਦੂ ਆਉਂਦੀ ਆਖੀਦਾ ਹੈ। ‘ਏ’ ਇਜ਼ਾਫ਼ਤ ਹੁੰਦੀ ਹੈ ‘ਔ’ ਨੂੰ ਅਤਫ਼ ਆਖਦੇ ਹਨ। ਜਿਵੇਂ ਦੀਵਾਨ-ਏ-ਗ਼ਾਲਿਬ ਭਾਵ ਗ਼ਾਲਿਬ ਦਾ ਦੀਵਾਨ। ਗੁਲ-ਔ-ਬੁਲਬੁਲ ਭਾਵ ਫੁੱਲ ਤੇ ਬੁਲਬੁਲ। ਉਰਦੂ ਵਿੱਚ ਤਾਂ ਇਹ ਬਹੁਤੇ ਹੂ-ਬ-ਹੂ ਹੀ ਵਰਤੇ ਜਾਂਦੇ ਹਨ। ਪੰਜਾਬੀ ਵਿੱਚ ਵੀ ਬਥੇਰੇ ਵਰਤੇ ਜਾਂਦੇ ਹਨ। ਬੰਦੋਬਸਤ ਉਹਨਾਂ ਵਿੱਚੋਂ ਇਕ ਹੈ। ਪਰ ਅਜਿਹੇ ਸਭ ਅਲਫ਼ਾਜ਼ ਫ਼ਾਰਸੀ ਦੇ ਹੁੰਦੇ ਹਨ। ਮੈਂ ਵਰਮਾ ਜੀ ਨੂੰ ਕਿਹਾ ਕਿ ਉਂਞ ਤਾਂ ਆਪ ਜੀ ਨੇ ਉਰਦੂ ਦਾ ਵਿਦਵਾਨ ਅਤੇ ਨਿਰੁਕਤਕਾਰ ਹੋਣ ਦੇ ਦਾਅਵੇ ਕੀਤੇ ਹਨ, ਕੀ ਤੁਹਾਨੂੰ ਇੰਨਾਂ ਵੀ ਇਲਮ ਨਹੀਂ ਕਿ ਇਹ ਅਤਫ਼ ਵਾਲ਼ਾ ਲਫ਼ਜ਼ ਫ਼ਾਰਸੀ ਦਾ ਹੀ ਹੋ ਸਕਦਾ ਹੈ। ਮੁਹਾਵਰੇ ਦੇ ਤੌਰ ਤੇ ਅਸੀਂ ਸਾਰੇ ਬੰਦੋਬਸਤ ਸ਼ਬਦ ਵਰਤਦੇ ਅਤੇ ਸਮਝਦੇ ਹਾਂ। ਮੈਂ ਕਿਹਾ ਲਉ ਮੈਂ ਇਸ ਦੀ ਨਿਰੁਕਤੀ ਵੀ ਦੱਸ ਦਿੰਦਾ ਹਾਂ। ਇਹ ਹੈ ਕਿ ਫ਼ਾਰਸੀ ਵਿੱਚ ਗੰਢੜੀ ਨੂੰ ਬੰਦ ਕਿਹਾ ਜਾਂਦਾ ਹੈ ਅਤੇ ਬਸਤਾ ਝੋਲ਼ੇ ਭਾਵ ਬੈਗ ਨੂੰ ਆਖਦੇ ਹਨ। ਇਸ ਮੁਹਾਵਰੇ ਦੇ ਬਣਨ ਦਾ ਪਿਛੋਕੜ ਇਹ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਲੰਮੇਂ ਸਫ਼ਰ ਤੇ ਨਿਕਲਣ ਤੋਂ ਪਹਿਲਾਂ ਜ਼ਰੂਰੀ ਇੰਤਜ਼ਾਮਾਤ ਲਈ ਗੰਢੜੀ ਝੋਲ਼ਾ ਆਦਿ ਤਿਆਰ ਕੀਤਾ ਜਾਂਦਾ ਸੀ। ਇਹ ਮੁਹਾਵਰਾ ਵੀ ਇਸੇ ਤਰ੍ਹਾਂ ਪੇਸ਼ਤਰ ਤਿਆਰੀ ਦਾ ਸੂਚਕ ਹੈ। ਬਗ਼ਲੀ, ਬੈਗ, ਬੈਗਰ ਆਦਿ ਵੀ ਇਸੇ ਮੂਲ ਦੇ ਅਲਫ਼ਾਜ਼ ਹਨ। ਦਰਅਸਲ ਈਰਾਨ ਦੁਨੀਆਂ ਦੀ ਪਹਿਲੀ ਸਲਤਨਤ ਬਣੀ। ਰਾਜ-ਪ੍ਰਬੰਧ ਦੀ ਵਿੱਦਿਆ ਵੀ ਉਹਨਾਂ ਨੇ ਹੀ ਈਜਾਦ ਕੀਤੀ। ਫ਼ਾਰਸੀ ਦੇ ਬੇਸ਼ੁਮਾਰ ਅਲਫ਼ਾਜ਼ ਹੋਰਨਾਂ ਜ਼ੁਬਾਨਾਂ ਦਾ ਹਿੱਸਾ ਹਨ। ਅਫ਼ਸਰ ਸ਼ਬਦ ਵੀ ਮੂਲ ਵਜੋਂ ਫ਼ਾਰਸੀ ਦਾ ਹੈ। ਬੰਦੋਬਸਤ ਵੀ administrative ਲਫ਼ਜ਼ ਹੈ।ਥਾਣੇ ਕਚੈਹਰੀਆਂ’ਚ ਹਾਲੇ ਵੀ ਇਸਦੀ ਇਹ ਵਰਤੋਂ ਹੁੰਦੀ ਹੈ। ਬਦਮਾਸ਼ਾਂ ਦੇ ਇੰਦਰਾਜ ੧੦ ਨੰਬਰ ਬਸਤੇ ਵਿੱਚ ਹੁੰਦੇ ਹਨ। ਨਹਿਰੀ ਬੰਦੋਬਸਤ ਵੀ ਅਸਾਡੇ ਆਮ ਵਰਤਿਆ ਜਾਣ ਵਾਲ਼ਾ ਲਫ਼ਜ਼ ਹੈ।

    ‘ਬੰਦੋਬਸਤ’ ਸ਼ਬਦ ਜਿਵੇਂ ਫ਼ਾਰਸੀ ਤੋਂ ਪੰਜਾਬੀ ਵਿੱਚ ਆਇਆ ਹੈ, ਉਸੇ ਤਰ੍ਹਾਂ ਫ਼ਾਰਸੀ ਤੋਂ ਅੰਗਰੇਜ਼ੀ ਵਿੱਚ ਗਿਆ ਹੈ। ਅੰਗਰੇਜ਼ਾਂ ਦੇ ਪੁਰਾਣੇ ਸਮਿਆਂ ਤੋਂ ਹੀ ਫ਼ਾਰਸੀ ਨਾਲ਼ ਗਹਿਰੇ ਤਅੱਲਕਾਤ ਹਨ। ਖ਼ਾਲਸਾ ਰਾਜ ਵੇਲ਼ੇ ਪੰਜਾਬ ਦੀ ਯਾਤਰਾ ਤੇ ਆਏ ਅੰਗਰੇਜ਼ ਯਾਤਰੀ ਫ਼ਾਰਸੀ ਦੁਭਾਸ਼ੀਆਂ ਦੀ ਮਦਦ ਲੈਂਦੇ ਸਨ। ਅਕਸਰ ਉਹਨਾਂ ਨੂੰ ਫ਼ਾਰਸੀ ਤਾਂ ਆਉਂਦੀ ਹੁੰਦੀ ਸੀ। ਸਤੀਸ਼ ਜੀ ਨਕਸ਼ਾ ਹੀ ਵੇਖ ਲੈਣ, ਇੰਗਲੈਂਡ ਅਤੇ ਈਰਾਨ ਦੇ ਰਾਹ ਵਿੱਚ ਪੰਜਾਬ ਨਹੀਂ ਆਉਂਦਾ ਪਈ ਜਿਸ ਵਜ੍ਹਾ ਨਾਲ਼ ਬੰਦੋਬਸਤ ਸ਼ਬਦ ਪੰਜਾਬੀ ਰਾਹੀਂ ਅੰਗਰੇਜ਼ੀ ਵਿੱਚ ਗਿਆ ਹੋਵੇ।

    ਮਹਿਕਮਾ ਪੰਜਾਬੀ ਤੋਂ ਧੰਨਵਾਦ ਸਹਿਤ

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img