More

    ਮੋਦੀ-ਸ਼ਾਹ ਦੀ ਨਫਰਤ ਭਰੀ ਰਾਜਨੀਤੀ ਦੇ ਨਿਕਲਣ ਵਾਲੇ ਭਿਆਨਕ ਸਿੱਟੇ

    ਗੁਰਬਚਨ ਸਿੰਘ (ਸੰਪਾਦਕ – ਦੇਸ ਪੰਜਾਬ)

    ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜੀ ਦੇ ਅਖਬਾਰ ‘ਇੰਡੀਅਨ ਐਕਸਪ੍ਰੈਸ’ ਨਾਲ ਗਲਬਾਤ ਕਰਦਿਆ ਇਹ ਗੱਲ ਬੜੇ ਜੋਰ ਨਾਲ ਉਭਾਰੀ ਹੈ ਕਿ ”ਜੇ ਚੀਨ ਨਾਲ ਭਾਰਤ ਦੀ ਲੜਾਈ ਹੋਈ ਤਾਂ ਉਸ ਵਿਚ ਪਾਕਿਸਤਾਨ ਜਰੂਰ ਸ਼ਾਮਿਲ ਹੋਵੇਗਾ।” ਆਰਥਿਕ ਮੰਦਵਾੜੇ ਦੇ ਬਾਵਜੂਦ ਉਸ ਨੇ ਮੋਦੀ ਸਰਕਾਰ ਨੂੰ ਵਡੀ ਪਧਰ ਉਤੇ ਫੌਜੀ ਤਿਆਰੀ ਕਰਨ ਦਾ ਸੁਝਾਅ ਦਿਤਾ ਹੈ। ਹੁਣ ਇਥੇ ਸਾਡੇ ਸਾਰਿਆਂ ਦੇ ਸੋਚਣ ਵਾਲਾ ਨੁਕਤਾ ਇਹ ਹੈ ਕਿ ਇਹ ਨੌਬਤ ਹੀ ਕਿਉਂ ਆਈ ਕਿ ਭਾਰਤ ਵਿਰੁਧ ਲੜੀ ਜਾਣ ਵਾਲੀ ਜੰਗ ਵਿਚ ਪਾਕਿਸਤਾਨ ਅਤੇ ਚੀਨ ਇਕਜੁਟ ਹੋ ਗਏ ਹਨ। ਕਿਥੇ ਤਾਂ ਇਸ ਤੋਂ ਪਹਿਲਾਂ ਚੀਨ ਭਾਰਤ ਨਾਲ ਯੁਧਨੀਤਕ ਸਾਂਝ ਪਾਉਣ ਦੇ ਯਤਨ ਕਰ ਰਿਹਾ ਸੀ, ਜਿਸ ਦਾ ਨਰੇਂਦਰ ਮੋਦੀ ਖੁਦ ਬੜਾ ਪ੍ਰਚਾਰ ਕਰ ਰਿਹਾ ਸੀ ਅਤੇ ਕਿਥੇ ਹੁਣ ਉਹ ਪਾਕਿਸਤਾਨ ਨਾਲ ਮਿਲ ਕੇ ਗਲਵਾਨ ਘਾਟੀ ਤੋਂ ਬਾਅਦ ਭਾਰਤ ਨੂੰ ਇਕ ਹੋਰ ਫੌਜੀ ਝਟਕਾ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਸ ਦੀਆਂ ਤਿਆਰੀਆ ਕਰ ਰਿਹਾ ਹੈ। ਡੋਕਲਾਮ ਵਿਚ ਬੀੜੀਆ ਮਿਜਾਈਲਾਂ ਇਸ ਦੀ ਤਾਜਾ ਉਦਾਹਰਣ ਹਨ।

    ਮੋਦੀ ਸਰਕਾਰ ਦੀਆਂ ਨੀਤੀਆਂ ਦੇ ਪੈਰੋਕਾਰ ਤੇ ਸੀਨੀਅਰ ਪਤਰਕਾਰ ਸ਼ੇਖਰ ਗੁਪਤਾ ਨੇ ਆਪਣੇ ਇੰਟਰਨੈਟ ਅਖਬਾਰ ‘ਦ ਪਰਿੰਟ’ ਵਿਚ ਛਪੀ ਆਪਣੀ ਇਕ ਲਿਖਤ ਅੰਦਰ ਇਸ ਨੁਕਤੇ ਦੀ ਜਾਣਕਾਰੀ ਦਿਤੀ ਹੈ। ਸ਼ੇਖਰ ਗੁਪਤਾ ਦਾ ਕਹਿਣਾ ਹੈ ਕਿ ਚੀਨ ਦੇ ਫੌਜੀ ਮੁਖੀ ਅਤੇ ਰਾਸ਼ਟਰਪਤੀ ‘ਸ਼ੀ ਜਿਨਪਿੰਗ ਨੇ ਨਰੇਂਦਰ ਮੋਦੀ ਨੂੰ ਉਸ ਦੀ ਰਾਜਸੀ ਜਿੰਦਗੀ ਦੀ ਸਭ ਤੋਂ ਵਡੀ ਚੁਣੌਤੀ ਦਿਤੀ ਹੈ। ਆਉਣ ਵਾਲੇ ਦਿਨਾਂ, ਹਫਤਿਆਂ, ਮਹੀਨਿਆਂ ਅਤੇ ਸਾਲਾਂ ਵਿਚ ਇਸ ਬਾਰੇ ਲਿਆ ਗਿਆ ਕੋਈ ਵੀ ਫੈਸਲਾ ਜਿਥੇ ਭਾਰਤ ਦੇ ਭਵਿਖ ਦੀ ਦਿਸ਼ਾ ਤਹਿ ਕਰੇਗਾ, ਉਥੇ ਨਰੇਂਦਰ ਮੋਦੀ ਦੇ ਆਪਣੇ ਰਾਜਸੀ ਭਵਿਖ ਦਾ ਵੀ ਫੈਸਲਾ ਕਰੇਗਾ।’

    ਲਿਖਤ ਵਿਚ ਦਿਤੀ ਗਈ ਜਾਣਕਾਰੀ ਅਨੁਸਾਰ ਨਰੇਂਦਰ ਮੋਦੀ ਨੇ ਪਿਛਲੇ 6 ਸਾਲ ਵਿਚ ਕਈ ਅਣਕਿਆਸੇ ਅਤੇ ਹੈਰਾਨੀਜਨਕ ਫੈਸਲੇ ਲੈਣ ਦੀ ਦਲੇਰੀ ਕੀਤੀ ਹੈ। ਨਰੇਂਦਰ ਮੋਦੀ ਦੇ ਕਾਬਲ ਤੋਂ ਵਾਪਸ ਆਉਂਦਿਆ ਪਾਕਿਸਤਾਨ ਰੁਕਣਾ ਇਸ ਦਲੇਰੀ ਦੀ ਇਕ ਮਿਸਾਲ ਹੈ। ਸ਼ੇਖਰ ਗੁਪਤਾ ਦਾ ਕਹਿਣਾ ਹੈ ਕਿ ਮਹਾਨ ਆਗੂ ਹਮੇਸ਼ਾਂ ਯੁਧਨੀਤਕ ਅਤੇ ਰਣਨੀਤਕ ਮਸਲਿਆਂ ਵਿਚਕਾਰ ਨਿਖੇੜਾ ਕਰਦੇ ਹਨ। ਅਟਲ ਬਿਹਾਰੀ ਵਾਜਪੇਈ ਤੋਂ ਲੈ ਕੇ ਮਨਮੋਹਨ ਸਿੰਘ ਤਕ ਸਾਰੇ ਪ੍ਰਧਾਨ ਮੰਤਰੀ ਪਾਕਿਸਤਾਨ ਨਾਲ ਰਿਸ਼ਤੇ ਸੁਧਾਰਨ ਲਈ ਗਲਬਾਤ ਕਰਦੇ ਰਹੇ, ਜਦੋਂ ਕਿ ਮੋਦੀ ਅਤੇ ਉਸ ਦੀ ਪਾਰਟੀ ਨੇ ਪਾਕਿਸਤਾਨ ਨੂੰ ਸਾਰੇ ਦੇਸਾਂ ਵਿਚੋਂ ਨਿਖੇੜਨ ਦੇ ਯਤਨ ਕਰਦਿਆਂ ਆਪਣੀ ਸਾਰੀ ਰਾਜਸੀ ਚੋਣ-ਨੀਤੀ ਪਾਕਿਸਤਾਨ, (ਸਿਖ-ਮੁਸਲਿਮ) ਦਹਿਸ਼ਤਗਰਦੀ ਅਤੇ ਇਸਲਾਮ ਵਿਰੁਧ ਸੇਧਤ ਕਰ ਦਿਤੀ।

    ਮੋਦੀ ਨੇ ਚੀਨ ਨੂੰ ਭਰਮਾਉਣ ਲਈ ਉਸ ਨਾਲ ਦੋਸਤੀ ਦੇ ਵਡੇ-ਵਡੇ ਦਾਅਵੇ ਕੀਤੇ ਅਤੇ ਦੋਹਾਂ ਦੇਸਾਂ ਵਿਚਲੇ ਵਪਾਰ ਦੇ 60 ਅਰਬ ਡਾਲਰ ਦੇ ਘਾਟੇ ਵਲੋਂ ਅਖਾਂ ਮੀਟ ਛਡੀਆ। ਹਾਲਾਂ ਕਿ ਦੇਸ ਦੀਆਂ ਆਰਥਿਕ ਹਾਲਤਾਂ ਅਤੇ ਸਵਦੇਸ਼ੇ ਰਾਸ਼ਟਰਵਾਦ ਨੇ ਉਸ ਨੂੰ ਅਮਰੀਕਾ ਨਾਲ ਕੋਈ ਛੋਟਾ ਜਿਹਾ ਵਾਪਾਰਿਕ ਸਮਝੌਤਾ ਵੀ ਨਾ ਕਰਨ ਲਈ ਮਜਬੂਰ ਕੀਤਾ। ਲਿਖਤ ਅਨੁਸਾਰ ਮੋਦੀ ਦੀਆਂ ਗਿਣਤੀਆਂ-ਮਿਣਤੀਆਂ ਇਹ ਸਨ ਕਿ 60 ਅਰਬ ਡਾਲਰ ਦੇ ਲਾਲਚ ਵਿਚ ਚੀਨ ਪਾਕਿਸਤਾਨ ਬਾਰੇ ਚੁਪ ਰਹੇਗਾ ਅਤੇ ਮੋਦੀ ਸਰਕਾਰ ਉਸਦੀ ਇਸ ਚੁਪ ਦਾ ਫਾਇਦਾ ਪਾਕਿਸਤਾਨ ਵਿਰੋਧੀ ਪ੍ਰਚਾਰ ਵਿਚ ਉਠਾਏਗੀ। ਪੂਰਬ ਵਿਚ ਚੀਨ ਅਤੇ ਪਛਮ ਵਿਚ ਅਰਬ ਮੁਲਕਾਂ ਨਾਲ ਵਾਪਾਰਿਕ ਸਮਝੌਤੇ ਕਰ ਕੇ ਮੋਦੀ ਨੂੰ ਇਹ ਵਹਿਮ ਸੀ ਕਿ ਉਹ ਪਾਕਿਸਤਾਨ ਨੂੰ ਇਸ ਖਿਤੇ ਵਿਚ ਇਕੱਲਾ ਕਰ ਦੇਵੇਗਾ। ਪਰ ਸ਼ੀ ਜਿਨਪਿੰਗ ਨੇ ਮੋਦੀ ਦੀਆਂ ਇਨ੍ਹਾਂ ਸਾਰੀਆਂ ਗਿਣਤੀਆਂ-ਮਿਣਤੀਆਂ ਨੂੰ ਫੇਲ੍ਹ ਕਰ ਦਿਤਾ ਹੈ। ਨਰੇਂਦਰ ਮੋਦੀ ਹੁਣ ਦੋਹਾਂ ਪਾਸਿਆਂ ਤੋਂ ਕਸੂਤਾ ਘਿਰ ਗਿਆ ਹੈ।

    ਸ਼ੇਖਰ ਗੁਪਤਾ ਅਨੁਸਾਰ ਹੁਣ ਮੋਦੀ ਕੋਲ ਤਿੰਨ ਰਸਤੇ ਬਚੇ ਹਨ। ਪਹਿਲਾਂ — ਇਕ ਵਡੀ ਮਹਾਂਸ਼ਕਤੀ (ਅਮਰੀਕਾ) ਨਾਲ ਜੁੜ ਜਾਏ। ਦੂਜਾ — ਦੋ ਗੁਆਂਢੀ ਮੁਲਕਾਂ ਵਿਚੋਂ ਇਕ ਨਾਲ ਸਮਝੌਤਾ ਕਰੇ ਅਤੇ ਜਾਂ ਫਿਰ ਤੀਜਾ — ਇਕੋ ਵੇਲੇ ਦੋ ਮੋਰਚਿਆਂ ਉਤੇ ਲੜੇ। ਸ਼ੇਖਰ ਗੁਪਤਾ ਦਾ ਇਹ ਵੀ ਮੰਨਣਾ ਹੈ ਕਿ ਦੁਨੀਆਂ ਹੁਣ ਬਹੁਧਰੁਵੀ ਬਣ ਚੁਕੀ ਹੈ। ਅਮਰੀਕਾ ਦੁਨੀਆਂ ਦੀ ਇਕੋ-ਇਕ ਮਹਾਂਸ਼ਕਤੀ ਨਹੀਂ ਰਿਹਾ। ਚੀਨ ਨੇ ਦੂਜੇ ਧੁਰੇ ਵਜੋਂ ਰੂਸ ਦੀ ਥਾਂ ਲੈ ਲਈ ਹੈ। ਸ਼ੇਖਰ ਗੁਪਤਾ ਦਾ ਇਹ ਵੀ ਕਹਿਣਾ ਹੈ ਕਿ ਦੋ ਦੁਸ਼ਮਣ ਧਿਰਾਂ ਵਿਚਕਾਰ ਸਮਝੌਤਾ ਸਿਰਫ ਵਡੀ ਧਿਰ ਦੀ ਮਰਜੀ ਨਾਲ ਹੀ ਸੰਭਵ ਹੈ ਅਤੇ ਚੀਨ ਦੀ ਸਰਹਦੇ ਫੈਸਲੇ ਨੂੰ ਨਿਬੇੜਨ ਵਿਚ ਕੋਈ ਦਿਲਚਸਪੀ ਨਹੀਂ। ਸ਼ੀ ਜਿਨਪਿੰਗ ਭਾਰਤ ਨਾਲ ਸਮਝੌਤਾ ਨਹੀਂ ਕਰੇਗਾ।

    ਸ਼ੇਖਰ ਗੁਪਤਾ ਪੁਛਦਾ ਹੈ ਕਿ ਕੀ ਫਿਰ ਮੋਦੀ ਪਾਕਿਸਤਾਨ ਨਾਲ ਸਮਝੌਤਾ ਕਰੇਗਾ? ਸ਼ੇਖਰ ਗੁਪਤਾ ਫਿਰ ਆਪ ਹੀ ਇਸ ਸੁਆਲ ਦਾ ਜੁਆਬ ਦੇਂਦਾ ਹੈ : ਇਹ ਸਮਝੌਤਾ ਰਾਤੋ-ਰਾਤ ਨਹੀਂ ਹੋ ਸਕਦਾ ਅਤੇ ਫਿਰ ਇਸ ਸਮਝੌਤੇ ਦਾ ਇਕ ਦੂਜਾ ਪਖ ਵੀ ਹੈ। ਮੋਦੀ ਨੂੰ ਆਪਣੀ ਪਾਕਿਸਤਾਨ-ਦਹਿਸ਼ਤਗਰਦੀ ਅਤੇ ਇਸਲਾਮ ਵਿਰੋਧੀ ਸਾਰੀ ਚੋਣ ਰਣਨੀਤੀ ਬਦਲਣੀ ਪਵੇਗੀ। ਪਰ ਫਿਰ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਤੁਹਾਡੀਆਂ ਭੜਕਾਈਆਂ ਰਾਸ਼ਟਰਵਾਦੀ ਭਾਵਨਾਵਾਂ ਤੁਹਾਨੂੰ ਇੰਝ ਕਰਨ ਦੇਣਗੀਆ? ਇਥੇ ਆ ਕੇ ਮੋਦੀ ਦੀ ‘ਦੇਸ ਭਗਤ’ ਨਫਰਤੀ ਰਾਜਨੀਤੀ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ।

    ਸ਼ੇਖਰ ਗੁਪਤਾ ਦਾ ਹਵਾਲਾ ਮੈਂ ਸੁਚੇਤ ਰੂਪ ਵਿਚ ਇਸ ਕਰ ਕੇ ਦਿਤਾ ਹੈ ਤਾਂ ਕਿ ਕਿਤੇ ਇਹ ਨਾ ਸਮਝਿਆ ਜਾਏ ਕਿ ਇਹ ਸਾਰਾ ਬਿਰਤਾਂਤ ਮੈਂ ਆਪਣੇ ਤਰਕ ਦੀ ਪੁਸ਼ਟੀ ਲਈ ਘੜ ਰਿਹਾ ਹਾਂ। ਇਹ ਬਾਹਰਮੁਖੀ ਹਾਲਤਾਂ ਹਨ ਜਿਨ੍ਹਾਂ ਵਿਚ ਮੋਦੀ ਸਰਕਾਰ ਘਿਰ ਗਈ ਹੈ। ਚੀਨ ਨਾਲ ਉਹ ਲ਼ੜ ਨਹੀਂ ਸਕਦੀ ਅਤੇ ਲੜੇ ਬਗੈਰ ਚੀਨ ਗਲਵਾਨ ਘਾਟੀ ਅਤੇ ਆਪਣੇ ਕਬਜੇ ਹੇਠ ਲਏ ਹੋਰ ਇਲਾਕੇ ਛਡਣ ਨੂੰ ਤਿਆਰ ਨਹੀਂ। ਪਾਰਲੀਮੈਂਟ ਵਿਚ ਚੀਨ ਕੋਲੋ ਅਕਸਾਈ ਚਿੰਨ੍ਹ ਲੈਣ ਦੇ ਦਾਅਵੇ ਕਰਨ ਵਾਲਾ ਅਮਿਤ ਸ਼ਾਹ ਹੁਣ ਇਸ ਸਾਰੇ ਮਸਲੇ ਬਾਰੇ ਦੜ ਵਟ ਗਿਆ ਹੈ। ਆਪਣੇ ਤੋਂ ਮਾੜੇ ਮੁਲਕ ਪਾਕਿਸਤਾਨ ਨੂੰ ਧਮਕੀਆਂ ਦੇ ਕੇ ‘ਦੇਸ ਭਗਤੀ’ ਦੀਆਂ ਡੀਂਗਾਂ ਮਾਰਨ ਵਾਲੇ ਲੋਕ ਹੁਣ ਅਮਰੀਕੀ ਸਮੁੰਦਰੀ ਜੰਗੀ ਬੇੜਿਆਂ ਦੀ ਦਖਣੀ ਚੀਨ ਵਿਚ ਮੌਜੂਦਗੀ ਅਤੇ ‘ਜਲਾਵਤਨ’ ਤਿਬਤ ਸਰਕਾਰ ਦਾ ਦਬਾਅ ਪਾ ਕੇ ਆਪਣੀ ਝੂਠੀ ਇਜਤ ਬਚਾਉਣ ਦਾ ਕੋਈ ਰਾਹ ਲਭ ਰਹੇ ਹਨ।

    ਇਥੇ ਧਿਆਨ ਵਿਚ ਰਹੇ ਕਿ 1980 ਵਿਆਂ ਵਿਚ ਇਸ ਨਫਰਤੀ ਰਾਜਨੀਤੀ ਦਾ ਆਰੰਭ ਇੰਦਰਾ ਗਾਂਧੀ ਨੇ ਸਿਖਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਸੀ, ਜਿਸ ਦਾ ਸਿਟਾ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਅਤੇ ਉਸ ਦੀ ਮੌਤ ਦੇ ਰੂਪ ਵਿਚ ਨਿਕਲਿਆ। ਲਾਲ ਕ੍ਰਿਸ਼ਨ ਅਡਵਾਨੀ ਨੇ ਇਸੇ ਨਫਰਤੀ ਰਾਜਨੀਤੀ ਨੂੰ ਮੁਸਲਿਮ ਵਿਰੋਧ ਵਿਚ ਜਥੇਬਦ ਕਰ ਕੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੀ ਸ਼ਹਾਦਤ ਨਾਲ ਅਗੇ ਤੋਰਿਆ ਅਤੇ ਕੇਂਦਰ ਵਿਚ ਸਾਢੇ ਪੰਜ ਸਾਲ ਦੇ ਕਰੀਬ ਸਰਕਾਰ ਚਲਾਈ। ਨਰੇਂਦਰ ਮੋਦੀ ਉਸੇ ਬ੍ਰਾਹਮਣੀ ਨਫਰਤੀ ਰਾਜਨੀਤੀ ਦਾ ਕਾਰਪੋਰੇਟ ਸੈਕਟਰ ਨਾਲ ਗਠਜੋੜ ਬਣਾ ਕੇ ਉਸ ਰਾਜਨੀਤੀ ਨੂੰ ਇਥੇ ਤਕ ਲੈ ਕੇ ਆਇਆ ਹੈ। ਸ਼ੇਖਰ ਗੁਪਤਾ ਦੇ ਆਪਣੇ ਕਥਨ ਅਨੁਸਾਰ ‘ਨਰੇਂਦਰ ਮੋਦੀ ਨੇ ਆਪਣੀ ਸਾਰੀ ਰਾਜਸੀ ਚੋਣ-ਨੀਤੀ ਪਾਕਿਸਤਾਨ, ਦਹਿਸ਼ਤਗਰਦੀ ਅਤੇ ਇਸਲਾਮ ਵਿਰੁਧ ਸੇਧਤ ਕਰ ਦਿਤੀ।’

    ਬੇਸ਼ਕ ਨਰੇਂਦਰ ਮੋਦੀ ਨੇ ਅਡਵਾਨੀ ਦੀ ਬ੍ਰਾਹਮਣੀ ਨਫਰਤੀ ਰਾਜਨੀਤੀ ਨੂੰ ਹੋਰ ਉਚੇ ਪਧਰ ਉਤੇ ਪੁਚਾਇਆ। ਦਸੰਬਰ 2008 ਵਿਚ ਹੋਈਆ ਗੁਜਰਾਤ ਚੋਣਾਂ ਦੌਰਾਨ ਉਸ ਨੇ ਸਾਰੇ ਸਥਾਪਿਤ ਨੇਮਾਂ ਦੀਆਂ ਧਜੀਆਂ ਉਡਾਉਂਦੇ ਹੋਏ ਸ਼ਰੇਆਮ ਇਸਲਾਮ ਅਤੇ ਪਾਕਿਸਤਾਨ ਵਿਰੁਧ ਜਹਿਰ ਉਗਲੀ। ਉਸ ਦੇ ਪ੍ਰਚਾਰ ਦਾ ਕੇਂਦਰੀ ਨੁਕਤਾ ਇਹ ਸੀ ਕਿ ”ਇਹ ਚੋਣਾਂ ਧਰਮ ਨਾਲ ਸਬੰਧਤ ਹਨ। ਇਹ ਚੋਣਾਂ ਫੈਸਲਾ ਕਰਨਗੀਆ ਕਿ ਹਿੰਦੂਆਂ ਦਾ ਰਖਵਾਲਾ ਕੌਣ ਹੈ? ਜਦੋਂ ਅਸੀਂ ਹਿੰਦੂ ਧਰਮ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਅਸੀਂ ਹਿੰਦੂ ਅਤਿਵਾਦ ਫੈਲਾਅ ਰਹੇ ਹਾਂ। ਹਿੰਦੂ ਅਤਿਵਾਦੀ ਨਹੀਂ ਬਣ ਸਕਦੇ। ਜੇ ਕਿਸੇ ਦਿਨ ਹਿੰਦੂਆਂ ਦਾ ਇਕ ਗਰੁਪ ਵੀ ਅਤਿਵਾਦੀ ਬਣ ਗਿਆ ਤਾਂ ਉਹ ਦੁਨੀਆਂ ਉਤੇ ਰਾਜ ਕਰਨਗੇ ਅਤੇ ਪਾਕਿਸਤਾਨ ਦਾ ਇਸ ਦੁਨੀਆਂ ਤੋਂ ਨਾਂ-ਨਿਸ਼ਾਨ ਤਕ ਮਿਟ ਜਾਏਗਾ। ਮੈਂ ਗੋਧਰਾ ਦੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਉਹ ਮੁਜਰਿਮਾਂ ਨੂੰ ਸ਼ਰਨ ਨਾ ਦੇਣ ਪਰ ਉਹ ਨਹੀਂ ਮੰਨੇ। ਅੱਜ ਉਹ ਸ਼ਰਮ ਨਾਲ ਸਿਰ ਉਚਾ ਨਹੀਂ ਕਰ ਸਕਦੇ। (ਇਥੇ ਮੋਦੀ 2002 ਵਿਚ ਗੁਜਰਾਤ ਅੰਦਰ ਉਸ ਦੀ ਅਗਵਾਈ ਹੇਠ ਮੁਸਲਮਾਨਾਂ ਦੇ ਹੋਏ ਕਤਲੇਆਮ ਦਾ ਹਵਾਲਾ ਦੇ ਰਿਹਾ ਹੈ।) ਮੁਸ਼ਰਫ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਜੇ ਉਸ ਨੇ ਗੁਜਰਾਤ ਦੇ ਲੋਕਾਂ ਲਈ ਕੋਈ ਸਮਸਿਆ ਖੜੀ ਕੀਤੀ ਤਾਂ ਹਿੰਦੂ ਦਹਿਸ਼ਤਗਰਦ ਬਣ ਕੇ ਪਾਕਿਸਤਾਨ ਦਾ ਸੰਸਾਰ ਦੇ ਨਕਸ਼ੇ ਤੋਂ ਨਿਸ਼ਾਨ ਤਕ ਮਿਟਾ ਦੇਣਗੇ।”

    ਇਸੇ ਨਫਰਤੀ ਰਾਜਨੀਤੀ ਦਾ ਪ੍ਰਚਾਰ ਹੁਣ ਤਕ ਮੋਦੀ ਕਰਦਾ ਆ ਰਿਹਾ ਹੈ। ਪਰ ਇਸ ਨਫਰਤੀ ਰਾਜਨੀਤੀ ਦੀਆਂ ਆਪਣੀਆ ਸੀਮਾਵਾਂ ਹਨ। ਨਫਰਤ ਦੀ ਰਾਜਨੀਤੀ ਨੂੰ ਲਗਾਤਾਰ ਜਾਰੀ ਰਖਣ ਲਈ ਨਫਰਤੀ ਭਠੀ ਨੂੰ ਨਿਰੰਤਰ ਬਲਦੀ ਰਖਣਾ ਪੈਂਦਾ ਹੈ। ਇਸੇ ਰਾਜਨੀਤੀ ਦੀ ਇਕ ਕੜੀ ਵਜੋਂ 5 ਅਗਸਤ 2019 ਨੂੰ ਜੰਮੂ ਅਤੇ ਕਸ਼ਮੀਰ ਸੂਬੇ ਦੀ ਧਾਰਾ 370 ਖਤਮ ਕਰ ਦਿਤੀ ਗਈ। ਸੂਬੇ ਨੂੰ ਦੋ ਹਿਸਿਆ ਵਿਚ ਵੰਡ ਕੇ ਜੰਮੂ ਕਸ਼ਮੀਰ ਨੂੰ ਦਿਲੀ ਦੀ ਸਿਧੀ ਬਸਤੀ ਬਣਾਉਣ ਦਾ ਇਕ ਤਰਫਾ ਧਕੜ ਫੈਸਲਾ ਲਾਗੂ ਕਰ ਦਿਤਾ ਗਿਆ। ਗੱਲ ਇਥੇ ਹੀ ਖਤਮ ਨਹੀਂ ਹੋਈ। ਆਪਣੇ ਆਪ ਨੂੰ ਸਰਦਾਰ ਪਟੇਲ ਦੇ ਵਾਰਿਸ ਹੋਣ ਦਾ ਦਾਅਵਾ ਕਰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਇਹ ਐਲਾਨ ਕਰ ਮਾਰਿਆ ਕਿ ਅਗਲੀ ਵਾਰੀ ਆਜਾਦ ਕਸ਼ਮੀਰ ਨੂੰ ਪਾਕਿਸਤਾਨ ਕੋਲੋ ਅਤੇ ਅਕਸਾਈ ਚਿੰਨ੍ਹ ਨੂੰ ਚੀਨ ਕੋਲੋ ਆਜਾਦ ਕਰਵਾਉਣ ਦੀ ਹੈ।

    ਬਸ ਇਥੇ ਹੀ ਮੋਦੀ-ਸ਼ਾਹ-ਡੋਵਾਲ ਤ੍ਰਿਕੜੀ ਮਾਰ ਖਾ ਗਈ। ਪੰਜਾਬੀ ਵਿਚ ਇਕ ਕਹਾਵਤ ਹੈ, ‘ਅਤਿ ਤੇ ਖੁਦਾ ਦਾ ਵੈਰ ਹੁੰਦਾ ਹੈ।’ ਦੇਸ ਅੰਦਰਲੇ ਸਿਖਾਂ ਅਤੇ ਮੁਸਲਮਾਨਾਂ ਸਮੇਤ ਧਾਰਮਿਕ ਘਟ ਗਿਣਤੀਆਂ ਅਤੇ ਦਲਿਤਾਂ ਦੇ ਮਨਾਂ ਵਿਚ ਪੁਲਸੀ ਦਹਿਸ਼ਤ ਪਾ ਕੇ ਸਦਾ ਲਈ ਰਾਜ ਕਰਨ ਦਾ ਸੁਪਨਾ ਲੈਣ ਵਾਲੀ ਇਹ ਤ੍ਰਿਕੜੀ ਅਮਰੀਕੀ ਸਾਮਰਾਜ ਦੀ ਸ਼ਹਿ ਉਤੇ ਚੀਨ ਨੂੰ ਵੰਗਾਰਨ ਦੀ ਹਿੰਮਤ ਕਰ ਬੈਠੀ। ਤ੍ਰਿਕੜੀ ਦੇ ਮਨ ਵਿਚ ਇਹ ਵਹਿਮ ਸੀ ਕਿ ਵਡੀ ਭਾਰਤੀ ਮੰਡੀ ਦੇ ਲਾਲਚ ਵਿਚ ਚੀਨ ਇਨ੍ਹਾਂ ‘ਰਾਮ ਭਗਤਾਂ’ ਦੀਆਂ ਧਮਕੀਆਂ ਬਾਰੇ ਦੜ ਵਟ ਜਾਏਗਾ। ਪਰ ਹੋਇਆ ਇਸ ਦੇ ਐਨ ਉਲਟ। ਇਸੇ ਨਫਰਤੀ ਰਾਜਨੀਤੀ ਦਾ ਸਿਟਾ ਇਹ ਨਿਕਲਿਆ ਹੈ ਕਿ ਅੱਜ ਦੇਸ ਦੋਹਾਂ ਪਾਸਿਆਂ ਤੋਂ ਘਿਰ ਗਿਆ ਹੈ।

    ਭਾਰਤੀ ਫੌਜ ਦੇ 20 ਜਵਾਨ ਮਾਰ ਕੇ, 76 ਬੁਰੀ ਤਰ੍ਹਾਂ ਜਖਮੀ ਕਰ ਕੇ ਅਤੇ 10 ਬੰਦੀ ਬਣਾ ਕੇ ਚੀਨ ਨੇ ਮੋਦੀ ਸਰਕਾਰ ਨੂੰ ਇਕ ਵਡਾ ਝਟਕਾ ਦਿਤਾ ਹੈ। ਲਦਾਖ ਵਿਚ ਚੀਨ ਦੀ ਇਸ ਫੌਜੀ ਕਾਰਵਾਈ ਨੇ ਨਾ ਸਿਰਫ ਭਾਰਤੀ ਫੌਜ ਬਲਕਿ ਆਰ. ਐਸ. ਐਸ. ਸਮੇਤ ਮੋਦੀ ਸਰਕਾਰ ਨੂੰ ਸੰਸਾਰ ਭਰ ਵਿਚ ਜਲੀਲ ਕੀਤਾ ਹੈ। ਸਾਰੇ ਮਿੰਨਤਾਂ ਤਰਲਿਆਂ ਦੇ ਬਾਵਜੂਦ ਚੀਨੀ ਫੌਜ ਪਿਛੇ ਹਟਣ ਤੋਂ ਸਾਫ ਇਨਕਾਰ ਕਰ ਰਹੀ ਹੈ। ਮੋਦੀ ਸਰਕਾਰ ਵਲੋਂ ਲਦਾਖ ਖੇਤਰ ਨੂੰ ਕਸ਼ਮੀਰ ਨਾਲੋਂ ਵਖ ਕਰਨਾ ਚੀਨ ਦੇ ਹਕ ਵਿਚ ਭੁਗਤਿਆ ਹੈ। ਕਿਉਂਕਿ ਕਸ਼ਮੀਰ ਦਾ ਮਸਲਾ ਯੂਨਾਈਟਡ ਨੇਸ਼ਨਜ ਵਿਚ ਹੋਣ ਕਰਕੇ ਚੀਨ ਇਸ ਇਲਾਕੇ ਉਤੇ ਆਪਣੇ ਦਾਅਵੇ ਨੂੰ ਜੋਰਦਾਰ ਢੰਗ ਨਾਲ ਪੇਸ਼ ਨਹੀਂ ਸੀ ਕਰ ਸਕਦਾ। ਪਰ ਹੁਣ ਜਦੋਂ ਕਿ ਮੋਦੀ ਸਰਕਾਰ ਨੇ ਖੁਦ ਹੀ ਲਦਾਖ ਨੂੰ ਕਸ਼ਮੀਰ ਨਾਲੋਂ ਵਖ ਕਰ ਦਿਤਾ ਹੈ ਤਾਂ ਚੀਨ ਸਰਕਾਰ ਦੇ ਇਸ ਇਲਾਕੇ ਉਤੇ ਦਾਅਵਾ ਕਰਨ ਨੂੰ ਯੂਨਾਈਟਡ ਨੇਸ਼ਨਜ ਵਿਚ ਚੁਣੌਤੀ ਨਹੀਂ ਦਿਤੀ ਜਾ ਸਕਦੀ। ਚ

    ੀਨ ਦੀ ਇਸ ਇਕੋ ਕਾਰਵਾਈ ਨੇ ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜਮੀਨ ਖਿਚ ਲਈ ਹੈ। ਨਾ ਸਿਰਫ ਏਸ਼ੀਆ ਬਲਕਿ ਸਮਾ ਪਾ ਕੇ ਸਾਰੇ ਸੰਸਾਰ ਦੇ ਚੌਧਰੀ ਬਣਨ ਦੀਆਂ ਉਸ ਦੀਆਂ ਸਾਮਰਾਜੀ ਲਾਲਸਾਵਾਂ ਉਤੇ ਪਾਣੀ ਫਿਰ ਗਿਆ ਹੈ। ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਜ’ ਨੇ ਮੋਦੀ ਸਰਕਾਰ ਨੂੰ ਬੜੀ ਸਪਸ਼ਟ ਚੇਤਾਵਨੀ ਦਿਤੀ ਹੈ ਕਿ ਜਾਂ ਤਾਂ ਉਹ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਬਣਨ ਵਾਲੇ ਨਵੇਂ ਸੰਸਾਰ ਪ੍ਰਬੰਧ ਵਿਚ ਚੀਨ ਦੀ ਚੌਧਰ ਕਬੂਲ ਕਰੇ, ਨਹੀਂ ਤੇ ਡੁਬ ਰਹੇ ਅਮਰੀਕੀ ਸਾਮਰਾਜ ਦੇ ਬੇੜੇ ਵਿਚ ਸੁਆਰ ਹੋ ਕੇ ਉਸ ਦੇ ਨਾਲ ਹੀ ਡੁਬਣ ਲਈ ਤਿਆਰ ਰਹੇ।

    ਚੀਨ ਦੀ ਇਹ ਫੌਜੀ ਕਾਰਵਾਈ ਮੋਦੀ ਸਰਕਾਰ ਵਲੋਂ ਆਜਾਦ ਕਸ਼ਮੀਰ ਵਿਚ ਕਿਸੇ ਵੀ ਕਿਸਮ ਦੀ ਮਾਅਰਕੇਬਾਜੀ ਕਰਨ ਵਿਚ ਵੀ ਵਡੀ ਰੁਕਾਵਟ ਬਣ ਗਈ ਹੈ। ਆਜਾਦ ਕਸ਼ਮੀਰ ਦੇ ਕੋਲ ਬੈਠੀ ਚੀਨੀ ਫੌਜ ਮੋਦੀ ਸਰਕਾਰ ਦੀ ਇਸ ਕਿਸਮ ਦੀ ਕਿਸੇ ਵੀ ਹਰਕਤ ਵਿਚ ਸੌਖਿਆ ਹੀ ਦਖਲ-ਅੰਦਾਜੀ ਕਰਨ ਦੀ ਹਾਲਤ ਵਿਚ ਹੋ ਗਈ ਹੈ। ਇਸ ਕਾਰਵਾਈ ਨੇ ਪਾਕਿਸਤਾਨ ਦੇ ਚਾਰ ਟੁਕੜੇ ਕਰਨ ਦਾ ਭਰਮ ਪਾਲ ਰਹੀ ਭਾਰਤੀ ਫੌਜ ਅਤੇ ਆਰ. ਐਸ. ਐਸ. ਦੇ ਵੀ ਹਥ ਬੰਨ ਦਿਤੇ ਹਨ। ਕਿਉਂਕਿ ਇਸ ਕਾਰਵਾਈ ਨਾਲ ਮੋਦੀ ਸਰਕਾਰ ਨੂੰ ਸਪਸ਼ਟ ਸੰਕੇਤ ਪਹੁੰਚ ਗਿਆ ਹੈ ਕਿ ਪਾਕਿਸਤਾਨ ਉਤੇ ਕੀਤੇ ਗਏ ਕਿਸੇ ਵੀ ਹਮਲੇ ਨੂੰ ਚੀਨੀ ਫੌਜ ਦਰਸ਼ਕ ਬਣ ਕੇ ਨਹੀਂ ਵੇਖੇਗੀ। ਫਿਰ ਨੇਪਾਲ ਕੋਲੋ ਇਸ ਖਿਤੇ ਵਿਚ ਭਾਰਤੀ ਚੌਧਰ ਨੂੰ ਚੁਣੌਤੀ ਦਿਵਾ ਕੇ ਚੀਨ ਨੇ ਸਾਰੇ ਸੰਸਾਰ ਨੂੰ ਇਹ ਵੀ ਵਿਖਾ ਦਿਤਾ ਹੈ ਕਿ ਨਾ ਸਿਰਫ ਪਾਕਿਸਤਾਨ ਬਲਕਿ ਇਸ ਖਿਤੇ ਵਿਚਲੇ ਸਾਰੇ ਛੋਟੇ ਗੁਆਂਢੀ ਮੁਲਕ ਹੀ ਮੋਦੀ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਤੋਂ ਪ੍ਰੇਸ਼ਾਨ ਹਨ।

    ਅਸਾਮ ਵਿਚਲੇ ਜਿਹੜੇ ਬੰਗਲਾ ਦੇਸ਼ੀਆਂ ਦੀ ਅਮਿਤ ਸ਼ਾਹ ਸਿਉਂਕ ਨਾਲ ਤੁਲਨਾ ਕਰਦਾ ਸੀ, ਅੱਜ ਉਸੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੀ ਰਾਜਦੂਤ ਨੂੰ ਮਿਲਣ ਤੋਂ ਵੀ ਇਨਕਾਰੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮੂੰਹਫਟ ਆਗੂ ਸੁਬਰਾਮਨੀਅਮ ਸੁਆਮੀ ਨੇ ਇਸ ਹਕੀਕਤ ਦੀ ਪੁਸ਼ਟੀ ਇਹ ਕਹਿ ਕੇ ਕੀਤੀ ਹੈ ਕਿ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਵਾਂਗ ਉਸਦੀ ਬਿਦੇਸ ਨੀਤੀ ਵੀ ਅਸਫਲ ਸਿਧ ਹੋਈ ਹੈ। ਉਲਟਾ ਹੁਣ ਪਾਕਿਸਤਾਨ ਨੇ ਜੂਨਾਗੜ੍ਹ ਉਤੇ ਆਪਣਾ ਹਕ ਜਤਾਅ ਕੇ ਜੰਗ ਲਗਣ ਦੀ ਸੂਰਤ ਵਿਚ ਗੁਜਰਾਤ ਸਰਹਦ ਉਤੇ ਚੌਥਾ ਮੋਰਚਾ ਖੋਲ੍ਹਣ ਦੀਆਂ ਸੰਭਾਵਨਾਵਾਂ ਪੈਦਾ ਕਰ ਦਿਤੀਆ ਹਨ। ਭਾਰਤ ਚੀਨ ਲੜਾਈ ਹੋਣ ਦੀ ਸੂਰਤ ਵਿਚ ਹੁਣ ਭਾਰਤੀ ਫੌਜ ਪਾਕਿਸਤਾਨ ਨਾਲ ਲਗਦੀ ਸਰਹਦ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਿਸਥਾਨ ਦੇ ਨਾਲ-ਨਾਲ ਗੁਜਰਾਤ ਦੀ ਸਰਹਦ ਉਤੇ ਵੀ ਤਾਇਨਾਤ ਕਰਨੀ ਪਵੇਗੀ।

    ਮੋਦੀ ਸਰਕਾਰ ਦੀ ਮੁਸਲਮਾਨ ਵਿਰੋਧੀ ਰਾਜਨੀਤੀ ਦੀ ਵੀ ਫੂਕ ਨਿਕਲ ਗਈ ਹੈ। ਦੇਸ ਵਿਚਲੇ ਮੁਸਲਮਾਨਾਂ ਨੂੰ ਡਰਾ-ਧਮਕਾ ਕੇ ਬ੍ਰਾਹਮਣ-ਬਾਣੀਆ ਵੋਟ ਇਕਠੀ ਕਰਨ ਦਾ ਰਾਹ ਮੁਸਲਿਮ ਮੁਲਕਾਂ ਵਿਚ ਪਨਪ ਰਹੇ ਭਾਰਤ ਵਿਰੋਧੀ ਰੋਹ ਨੇ ਰੋਕ ਦਿਤਾ ਹੈ। ਹੁਣ ਪਾਕਿਸਤਾਨ ਵਿਰੋਧੀ ਪ੍ਰਚਾਰ ਮਹਿੰਗਾ ਪੈ ਸਕਦਾ ਹੈ। ਕਿਉਂਕਿ ਇਸ ਕਿਸਮ ਦੇ ਪ੍ਰਚਾਰ ਨਾਲ ਜਦੋਂ ਹੀ ਪਾਕਿਸਤਾਨ ਵਿਰੁਧ ਕੋਈ ਕਾਰਵਾਈ ਕਰਨ ਦਾ ਦਬਾਅ ਬਣਿਆ, ਉਦੋਂ ਹੀ ਚੀਨੀ ਫੌਜ ਦੀ ਇਹ ਕਾਰਵਾਈ ਮੋਦੀ ਸਰਕਾਰ ਦੀ ਰਣਨੀਤੀ ਵਿਚ ਰੁਕਾਵਟ ਬਣੇਗੀ। ਇਸ ਤੋਂ ਪਹਿਲਾਂ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿਠਣ ਵਿਚ ਨਾਕਾਮ ਰਹੀ ਮੋਦੀ-ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਵਿਚ ਕੋਈ ਕਾਰਵਾਈ ਕਰਦੀ, ਚੀਨ ਨੇ ਭਾਰਤ ਨੂੰ ਲਦਾਖ ਵਿਚ ਉਲਝਾ ਲਿਆ ਹੈ।

    ਭਾਰਤ ਚੀਨ ਸਰਹਦੀ ਤਣਾਅ ਮਹਿਜ ਜਮੀਨੀ ਹਦਾਂ ਦਾ ਝਗੜਾ ਨਹੀਂ ਹੈ ਬਲਕਿ ਇਹ ਦੋ ਸਾਮਰਾਜੀ ਮੁਲਕਾਂ ਵਿਚਕਾਰ ਕੁਦਰਤੀ ਸੋਮਿਆਂ ਉਤੇ ਕਬਜਾ ਕਰਨ ਅਤੇ ਸੰਸਾਰ ਭਰ ਵਿਚ ਆਪਣੀ ਚੌਧਰ ਕਾਇਮ ਕਰਨ ਦੀ ਲੜਾਈ ਹੈ। ਚੀਨ ਆਪਣੀ ਆਰਥਿਕ ਅਤੇ ਫੌਜੀ ਸ਼ਕਤੀ ਦੇ ਬਲਬੂਤੇ ਅਮਰੀਕੀ ਸਾਮਰਾਜ ਕੋਲੋ ਸੰਸਾਰ ਦੀ ਇਕੋ-ਇਕ ਮਹਾਂਸ਼ਕਤੀ ਹੋਣ ਦਾ ਤਾਜ ਖੋਹਣਾ ਚਾਹੁੰਦਾ ਹੈ। ਇਸ ਖੇਤਰ ਦਾ ਚੌਧਰੀ ਹੋਣ ਦਾ ਐਲਾਨ ਉਸ ਨੇ ਪਹਿਲਾਂ ਹੀ ਕਰ ਦਿਤਾ ਹੈ। ਮੋਦੀ ਤ੍ਰਿਕੜੀ ਅਮਰੀਕੀ ਸਾਮਰਾਜ ਦੇ ਆਸਰੇ ਇਹ ਤਾਜ ਆਪਣੇ ਸਿਰ ਉਤੇ ਸਜਾਉਣ ਦੇ ਸੁਪਨੇ ਲੈ ਰਹੀ ਹੈ। ਪਰ ਹੁਣ ਉਸ ਦੇ ਇਨ੍ਹਾਂ ਸੁਪਨਿਆਂ ਉਤੇ ਪਾਣੀ ਫਿਰ ਗਿਆ ਹੈ। ਵਿਸ਼ਵ ਗੁਰੂ ਹੋਣ ਦਾ ਐਲਾਨ ਕਰ ਕੇ ਮੋਦੀ ਸਰਕਾਰ ਅਮਰੀਕੀ ਸਾਮਰਾਜ ਦੀ ਮਦਦ ਨਾਲ ਇਸ ਖਿਤੇ ਵਿਚ ਆਪਣੀ ਚੌਧਰ ਸਥਾਪਿਤ ਕਰਨ ਲਈ ਚੀਨ ਨੂੰ ਪਛਾੜਨ ਦਾ ਜਿਹੜਾ ਭਰਮ ਪਾਲ ਰਹੀ ਸੀ, ਉਹ ਹੁਣ ਉਲਟਾ ਪੈ ਗਿਆ ਹੈ। ਮੋਦੀ ਸਰਕਾਰ ਆਪਣੇ ਹੀ ਬਣਾਏ ਭਰਮਜਾਲ ਵਿਚ ਫਸ ਗਈ ਹੈ।

    10 ਅਪ੍ਰੈਲ 1974 ਨੂੰ ਯੂਨਾਈਟਡ ਨੇਸ਼ਨਜ ਦੀ ਆਮ ਸਭਾ ਦੇ ਖਾਸ ਇਜਲਾਸ ਵਿਚ ਚੀਨੀ ਆਗੂ ਡੇਂਗ-ਸਿਆਓ-ਪਿੰਗ ਨੇ ਇਕ ‘ਮਹਾਂਸ਼ਕਤੀ’ ਦੀ ਵਿਆਖਿਆ ਕਰਦਿਆਂ ਕਿਹਾ ਸੀ, ”ਮਹਾਂਸ਼ਕਤੀ ਇਕ ਸਾਮਰਾਜੀ ਮੁਲਕ ਹੁੰਦਾ ਹੈ, ਜਿਹੜਾ ਹਰੇਕ ਥਾਂ ਦੂਜੇ ਮੁਲਕਾਂ ਨੂੰ ਆਪਣੀਆ ਹਮਲਾਵਰ ਨੀਤੀਆਂ ਦਾ ਸ਼ਿਕਾਰ ਬਣਾਉਂਦਾ ਹੈ, ਉਨ੍ਹਾਂ ਦੇ ਅੰਦਰੂਨੀ ਮਸਲਿਆਂ ਵਿਚ ਦਖਲ ਦੇਂਦਾ ਹੈ, ਉਨ੍ਹਾਂ ਉਤੇ ਕਬਜਾ ਕਰਦਾ ਹੈ, ਉਨ੍ਹਾਂ ਅੰਦਰ ਭੰਨਤੋੜ ਕਰਦਾ ਹੈ ਜਾਂ ਉਨ੍ਹਾਂ ਦੀ ਲੁਟ ਕਰਦਾ ਹੈ ਅਤੇ ਆਪਣੀ ਸੰਸਾਰ ਚੌਧਰ ਸਥਾਪਿਤ ਕਰਨ ਦੇ ਯਤਨ ਕਰਦਾ ਹੈ। ਜੇ ਕਿਸੇ ਵਡੇ ਸਮਾਜਵਾਦੀ ਮੁਲਕ ਵਿਚ ਪੂੰਜੀਵਾਦ ਮੁੜ ਬਹਾਲ ਹੋ ਜਾਏ ਤਾਂ ਯਕੀਨੀ ਹੈ ਕਿ ਉਹ ਇਕ ਮਹਾਂਸ਼ਕਤੀ ਬਣ ਜਾਏਗਾ। …ਚੀਨ ਕਦੇ ਵੀ ਆਪਣਾ ਖਾਸਾ ਨਹੀਂ ਬਦਲੇਗਾ ਅਤੇ ਹਮੇਸ਼ਾਂ ਦਬੇ-ਕੁਚਲੇ ਲੋਕਾਂ ਅਤੇ ਦਬੀਆਂ-ਕੁਚਲੀਆਂ ਕੌਮਾਂ ਦੇ ਹਕ ਵਿਚ ਖੜੇਗਾ। ਪਰ ਜੇ ਇਕ ਦਿਨ ਚੀਨ ਨੇ ਆਪਣਾ ਰੰਗ ਬਦਲ ਲਿਆ ਅਤੇ ਉਹ ਮਹਾਂਸ਼ਕਤੀ ਬਣ ਗਿਆ, ਜੇ ਉਹ ਵੀ ਸੰਸਾਰ ਭਰ ਵਿਚ ਇਕ ਜਾਬਰ ਦਾ ਰੋਲ ਨਿਭਾਉਣ ਲਗ ਪਿਆ, ਜੇ ਉਸ ਨੇ ਵੀ ਧਕੜ, ਹਮਲਾਵਰ ਅਤੇ ਲੁਟੇਰੀਆਂ ਨੀਤੀਆਂ ਅਪਨਾ ਲਈਆ ਤਾਂ ਦੁਨੀਆਂ ਭਰ ਦੇ ਲੋਕ ਉਸ ਨੂੰ ਇਕ ਸਮਾਜਿਕ-ਸਾਮਰਾਜੀ ਵਜੋਂ ਪਛਾਣ ਕਰ ਕੇ, ਉਸ ਦਾ ਵਿਰੋਧ ਕਰਨ ਅਤੇ ਚੀਨੀ ਲੋਕਾਂ ਨਾਲ ਮਿਲ ਕੇ ਉਸ ਨੂੰ ਉਲਟਾ ਦੇਣ।”

    ਮਨੁਖੀ ਇਤਿਹਾਸ ਦਾ ਇਹ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ 46 ਸਾਲ ਬਾਅਦ ਡੇਂਗ-ਸਿਆਓ-ਪਿੰਗ ਦੇ ਇਹ ਸ਼ਬਦ ਅੱਜ ਅਖਰ-ਅਖਰ ਸਚ ਸਾਬਤ ਹੋ ਰਹੇ ਹਨ। ਅੱਜ ਚੀਨ ਦੁਨੀਆਂ ਦੀ ਇਕ ਹੋਰ ਮਹਾਂਸ਼ਕਤੀ ਬਣ ਗਿਆ ਹੈ ਅਤੇ ਐਨ ਇਹੀ ਰੋਲ ਨਿਭਾਅ ਰਿਹਾ ਹੈ, ਜਿਹੜਾ ਇਕ ਮਹਾਂ ਸ਼ਕਤੀ ਲਈ ਡੇਂਗ ਸਿਆਓ ਪਿੰਗ ਨੇ ਸਪਸ਼ਟ ਕੀਤਾ ਹੈ। ਇਹ ਵੀ ਮਨੁਖੀ ਇਤਿਹਾਸ ਦਾ ਇਕ ਕਰੂਰ ਵਿਅੰਗ ਹੀ ਹੈ ਕਿ ਇਸੇ ਡੇਂਗ-ਸਿਆਓ-ਪਿੰਗ ਨੇ ਮਾਓ-ਜੇ-ਤੁੰਗ ਦੀ ਮੌਤ ਤੋਂ ਬਾਅਦ ਚੀਨ ਨੂੰ ਸਾਮਰਾਜੀ ਰਾਹ ਵੱਲ ਤੋਰਨ ਵਿਚ ਮੁਖ ਭੂਮਿਕਾ ਨਿਭਾਈ ਸੀ। ਇਹ ਡੇਂਗ-ਸਿਆਓ-ਪਿੰਗ ਜੁੰਡਲੀ ਹੀ ਸੀ ਜਿਸਨੇ 1976 ਵਿਚ ਮਾਓ-ਜੇ-ਤੁੰਗ ਦੀ ਮੌਤ ਤੋਂ ਬਾਅਦ ਉਸ ਦੇ ਅਸਲੀ ਪੈਰੋਕਾਰ ਇਨਕਲਾਬੀ ਕਮਿਊਨਿਸਟਾਂ ਨੂੰ ਪਾਰਟੀ ਵਿਚੋਂ ਬਾਹਰ ਧਕਿਆ ਅਤੇ ਆਪਣੇ ਆਰਥਿਕਵਾਦੀ ਚੇਲਿਆਂ ਨੂੰ ਪਾਰਟੀ ਸਫਾਂ ਵਿਚ ਅਹਿਮ ਅਹੁਦਿਆਂ ਉਤੇ ਨਿਯੁਕਤ ਕੀਤਾ। ਸ

    ਾਰੀ ਉਮਰ ਮਾਓ-ਜੇ-ਤੁੰਗ ਦੀ ਵਿਚਾਰਧਾਰਾ ਨੂੰ ਸਿਰਮੌਰ ਮੰਨਣ ਵਾਲੇ ਮੌਕਾਪ੍ਰਸਤ ਆਗੂਆਂ ਨੇ ਉਸ ਦੇ ਅਕਾਲ ਚਲਾਣੇ ਤੋਂ ਫੌਰੀ ਬਾਅਦ ਹੀ ਚੀਨੀ ਕਮਿਊਨਿਸਟ ਪਾਰਟੀ ਦੇ ਅਹਿਮ ਅਹੁਦਿਆਂ ਉਤੇ ਕਬਜਾ ਕਰ ਲਿਆ ਅਤੇ ਸਮੁਚੇ ਦੇਸ ਨੂੰ ਪੂੰਜੀਵਾਦੀ ਰਾਹ ਵੱਲ ਤੋਰ ਦਿਤਾ। ਇਹ ਡੇਂਗ-ਸਿਆਓ-ਪਿੰਗ ਹੀ ਸੀ ਜਿਸਨੇ ਪੈਦਾਵਾਰ, ਹੋਰ ਪੈਦਾਵਾਰ ਅਤੇ ਹੋਰ ਵਧੇਰੇ ਪੈਦਾਵਾਰ ਦਾ ਨਾਹਰਾ ਦੇ ਕੇ ਅਮਰੀਕਾ ਦੀਆਂ ਬਹੁਕੌਮੀ ਸਾਮਰਾਜੀ ਕੰਪਨੀਆਂ ਨੂੰ ਚੀਨ ਵਿਚ ਪੂੰਜੀ ਲਾਉਣ ਦੀ ਖੁਲ੍ਹ ਦਿਤੀ ਤੇ ਹਰੇਕ ਤਰ੍ਹਾਂ ਦੇ ਸਾਮਰਾਜੀਆਂ ਲਈ ਚੀਨ ਦੇ ਦਰ ਖੋਲ੍ਹ ਦਿਤੇ। ਇਸ ਤੋਂ ਬਾਅਦ ਹੀ ਚੀਨ ਵਿਚ ਪੂੰਜੀਵਾਦ ਦੇ ਫੈਲਣ ਅਤੇ ਉਸ ਦੇ ਅਜੋਕੇ ਸਾਮਰਾਜ ਵਿਚ ਵਟਣ ਦਾ ਰਾਹ ਖੁਲ੍ਹਿਆ। ਇਹ ਡੇਂਗ-ਸਿਆਓ-ਪਿੰਗ ਹੀ ਸੀ, ਜਿਸ ਦਾ ਇਹ ਕਥਨ ਬੜਾ ਪ੍ਰਸਿਧ ਹੋਇਆ ਕਿ ਬਿਲੀ ਜਿੰਨਾ ਚਿਰ ਚੂਹੇ ਫੜਦੀ ਹੈ, ਓਨਾ ਚਿਰ ਕੋਈ ਫਰਕ ਨਹੀਂ ਪੈਂਦਾ ਕਿ ਉਹ ਚਿਟੀ ਹੈ ਜਾਂ ਕਾਲੀ। ਜਿਸ ਦਾ ਭਾਵ ਸੀ ਕਿ ਜਿੰਨਾ ਚਿਰ ਪੈਦਾਵਾਰ ਵਧਦੀ ਹੈ, ਓਨਾ ਚਿਰ ਕੋਈ ਫਰਕ ਨਹੀਂ ਪੈਂਦਾ ਕਿ ਇਹ ਪੈਦਾਵਾਰ ਸਮਾਜਵਾਦੀ ਆਰਥਿਕ ਰਿਸ਼ਤਿਆਂ ਅਧੀਨ ਹੋ ਰਹੀ ਹੈ ਜਾਂ ਪੂੰਜੀਵਾਦੀ ਆਰਥਿਕ ਰਿਸ਼ਤਿਆਂ ਅਧੀਨ।

    ਮਾਓ-ਜੇ-ਤੁੰਗ ਨੇ ਇਹ ਸਚ ਚੀਨੀ ਇਨਕਲਾਬ ਦੇ 20 ਸਾਲ ਬਾਅਦ 1969 ਵਿਚ ਹੀ ਭਾਂਪ ਲਿਆ ਸੀ ਕਿ ”ਸਾਡੀ ਪਾਰਟੀ ਦੀ ਕਮਿਊਨਿਸਟ ਬੁਨਿਆਦ ਮਜਬੂਤ ਨਹੀਂ। ਸਾਡਾ ਮਹਾਨ ਕਿਰਤੀ ਸਭਿਆਚਾਰਕ ਇਨਕਲਾਬ ਤੋਂ ਬਗੈਰ ਨਹੀਂ ਸਰਨਾ। ਆਪਣੀ ਸੂਝ ਦੇ ਆਧਾਰ ਉਤੇ ਮੈਂ ਕਹਿ ਸਕਦਾ ਹਾਂ ਕਿ ਸਾਡੀਆ ਭਾਰੀ ਬਹੁਗਿਣਤੀ ਫੈਕਟਰੀਆਂ ਵਿਚ, ਸਾਰੀਆਂ ਨਹੀਂ ਪਰ ਭਾਰੀ ਬਹੁਗਿਣਤੀ ਫੈਕਟਰੀਆਂ ਵਿਚ ਅਗਵਾਈ ਖਰੇ ਮਾਰਕਸਵਾਦੀਆਂ ਅਤੇ ਕਿਰਤੀ ਜਨਸਮੂਹਾਂ ਦੇ ਹਥਾਂ ਵਿਚ ਨਹੀਂ। ਪਾਰਟੀ ਕਮੇਟੀਆਂ ਦੇ ਮੈਂਬਰਾਂ, ਸਕਤਰਾਂ, ਉਪ ਸਕਤਰਾਂ, ਪਾਰਟੀ ਬਰਾਂਚ ਸਕਤਰਾਂ ਵਿਚ ਕੁਝ ਚੰਗੇ ਲੋਕ ਵੀ ਹਨ ਪਰ ਉਹ ਆਰਥਿਕਵਾਦੀ ਸੋਚ ਦੇ ਪੈਰੋਕਾਰ ਹਨ।” ਇਹ ਨਿਰੋਲ ਆਰਥਿਕਵਾਦੀ ਸੋਚ ਦੇ ਪੈਰੋਕਾਰ ਹੀ ਅੱਜ ਚੀਨ ਨੂੰ ਇਥੇ ਤਕ ਲੈ ਕੇ ਆਏ ਹਨ। ਅੱਜ ਇਨ੍ਹਾਂ ਆਰਥਿਕਵਾਦੀਆਂ ਨਾਲ ਹੀ ਮੋਦੀ ਸਰਕਾਰ ਦੀ ਟਕਰ ਹੈ।

    ਮੋਦੀ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਹੀ ਅੱਜ ਉਸ ਨੂੰ ਇਥੇ ਲੈ ਕੇ ਆਈਆ ਹਨ। ਦੇਸ ਵਿਚ ਇੰਡੀਅਨ ਨੈਸ਼ਨਲਿਜਮ (ਹਿੰਦੂ ਰਾਸ਼ਟਰਵਾਦ) ਨਾਂ ਦੀ ਕੋਈ ਚੀਜ ਨਹੀਂ ਹੈ। ਇਹ ਸਿਰਫ 15-20 ਫੀ ਸਦੀ ਬ੍ਰਾਹਮਣ-ਬਾਣੀਆ ਉਚ ਜਾਤੀ ਅਤੇ ਉਚ ਮਧ ਵਰਗੀ ਲੋਕਾਂ ਦਾ ਮਾਨਸਿਕ ਸ਼ੋਰ ਹੈ, ਜਿਹੜੇ ਮਨੂਵਾਦੀ ਸੋਚ ਅਧੀਨ ਰਬੋਂ ਹੀ ਆਪਣੇ-ਆਪ ਨੂੰ ਇਸ ਦੇਸ ਦੇ ਮਾਲਕ ਅਤੇ ਬਾਕੀ ਸਾਰਿਆਂ ਨੂੰ ਆਪਣਾ ਗੁਲਾਮ ਸਮਝਦੇ ਹਨ। ਇਹ ਮੂਰਖ ਲੋਕ ਕਿਸ ਕਿਸਮ ਦੀ ਮਾਨਸਿਕ ਕਲਪਨਾ ਵਿਚ ਜਿਉਂਦੇ ਹਨ ਕਿ ਦੇਸ ਅੰਦਰ ਰਹਿੰਦੀਆਂ ਧਾਰਮਿਕ ਘਟ ਗਿਣਤੀਆਂ ਅਤੇ ਦਲਿਤ-ਪਛੜੇ-ਗਰੀਬ ਵਰਗਾਂ ਦੀ ਤਾਂ ਗੱਲ ਛਡੋ, ਇਹ ਆਪਣੀਆਂ ਸਰਹਦਾਂ ਉਤੇ ਮੌਜੂਦ ਖੁਦ-ਮੁਖਤਿਆਰ ਆਜਾਦ ਗੁਆਂਡੀ ਮੁਲਕਾਂ, ਨੇਪਾਲ ਅਤੇ ਬੰਗਲਾ ਦੇਸ਼ ਨੂੰ ਵੀ ਆਪਣਾ ਗੁਲਾਮ ਹੀ ਸਮਝਦੇ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਆਗੂਆਂ ਪ੍ਰਤੀ ਇਨ੍ਹਾਂ ਦੀ ਸ਼ਬਦਾਵਲੀ ਨਿਹਾਇਤ ਘਟੀਆ ਕਿਸਮ ਦੀ ਹੈ।

    ‘ਦ ਹਿੰਦੂ’ ਅਖਬਾਰ ਦੀ ਇਕ ਖਬਰ ਅਨੁਸਾਰ ਬੰਗਲਾਦੇਸ਼ ਦੇ ਵਪਾਰ ਮੰਤਰੀ ਨੇ ਮੋਦੀ ਦੀ ਪਤਰਕਾਰ ਜੁੰਡਲੀ ਨੂੰ ਵਾਰਨਿੰਗ ਦਿਤੀ ਹੈ ਕਿ ਉਹ ਬੰਗਲਾਦੇਸ਼ ਅਤੇ ਚੀਨ ਵਿਚਕਾਰ ਹੋਏ ਸਮਝੌਤਿਆਂ ਬਾਰੇ ਬੰਦਿਆਂ ਵਾਲੀ ਭਾਸ਼ਾ ਵਿਚ ਗੱਲ ਕਰੇ। ਇਨ੍ਹਾਂ ਦੀ ਅਖੌਤੀ ਦੇਸ ਭਗਤੀ ਅਤੇ ਸਵੈਮਾਣ ਦੀ ਇਕੋ ਹੀ ਮਿਸਾਲ ਕਾਫੀ ਹੈ ਕਿ ਜਦੋਂ ਡੋਕਲਾਮ ਦੇ ਮਸਲੇ ਉਤੇ 73 ਦਿਨ ਚੀਨ ਨਾਲ ਫੌਜੀ ਤਣਾਅ ਬਣਿਆ ਰਿਹਾ ਤਾਂ ਉਨ੍ਹਾਂ ਦਿਨਾਂ ਵਿਚ ਵੀ ਅਡਾਨੀ ਐਂਡ ਕੰਪਨੀ ਨੇ ਚੀਨੀ ਕੰਪਨੀਆਂ ਨਾਲ ਅਰਬਾਂ ਰੁਪਏ ਦੇ ਸਮਝੌਤੇ ਕੀਤੇ।

    ਚੀਨ ਦੀ ਕਮਿਊਨਿਸਟ ਪਾਰਟੀ ਦੇ ਤਰਜਮਾਨ ‘ਗਲੋਬਲ ਟਾਈਮਜ’ ਨੇ ਮੋਦੀ ਸਰਕਾਰ ਨੂੰ ਬੜੀ ਸਖਤ ਭਾਸ਼ਾ ਵਿਚ ਚੇਤਾਵਨੀ ਦਿਤੀ ਹੈ, ”ਅਮਰੀਕਾ ਦੀਆਂ ਇਕਤਰਫਾ ਚਾਲਾਂ ਕਰਕੇ ਹੁਣ ਜਦੋਂ ਕਿ ਚੀਨ-ਅਮਰੀਕਾ ਵਿਚਲੇ ਰਿਸ਼ਤੇ ਲਗਾਤਾਰ ਤਨਾਅ ਭਰਪੂਰ ਹੁੰਦੇ ਜਾ ਰਹੇ ਹਨ ਤਾਂ ਭਾਰਤੀ ਮੌਕਾਪ੍ਰਸਤਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਨ੍ਹਾਂ ਨੇ ਚੀਨ ਉਤੇ ਦਬਾਅ ਪਾਉਣ ਲਈ ਇਸ ਟਕਰਾਅ ਨੂੰ ਵਰਤਣ ਦੇ ਯਤਨ ਕੀਤੇ ਤਾਂ ਇਹ ਭਾਰਤ-ਚੀਨ ਦੇ ਆਪਸੀ ਯੁਧਨੀਤਕ ਭਰੋਸੇ ਨੂੰ ਗੰਭੀਰ ਨੁਕਸਾਨ ਪਹੁੰਚਾਏਗਾ। ਜੇ ਭਾਰਤ ਨੇ ਹੋਰ ਦੁਸ਼ਮਣੀ ਭਰੀਆਂ ਚਾਲਾਂ ਚਲੀਆਂ ਤਾਂ ਚੀਨ ਨੂੰ ਇਨ੍ਹਾਂ ਦਾ ਜੁਆਬ ਦੇਣਾ ਪਵੇਗਾ ਅਤੇ ਫਿਰ ਉਸ ਹਾਲਤ ਵਿਚ ਭਾਰਤ ਅਮਰੀਕਾ ਕੋਲੋ ਸਹਾਇਤਾ ਮੰਗਣ ਜੋਗਾ ਵੀ ਨਹੀਂ ਰਹੇਗਾ।”

    ਅੱਜ ਮੋਦੀ ਤ੍ਰਿਕੜੀ ਦੀ ਨਫਰਤੀ ਰਾਜਨੀਤੀ ਦੇਸ ਨੂੰ ਜਿਥੇ ਲੈ ਆਈ ਹੈ, ਉਸ ਤੋਂ ਅਗੇ ਹਨੇਰਾ ਖੂਹ ਹੈ। ਦੇਸ ਦੇ ਲੋਕ ਕਿਡੇ ਭਿਆਨਕ ਸੰਕਟ ਵਿਚ ਫਸ ਗਏ ਹਨ, ਇਸ ਦਾ ਅੰਦਾਜਾ ਇਸ ਤਥ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ ਕੋਲ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਹਨ। ਅੱਜ ਕੇਂਦਰ ਸਰਕਾਰ ਜੀ ਐਸ ਟੀ ਦੇ ਰੂਪ ਵਿਚ ਸੂਬਿਆਂ ਦਾ ਇਕਠਾ ਕੀਤਾ 97000 ਕਰੋੜ ਰੁਪਈਆ ਉਨ੍ਹਾਂ ਨੂੰ ਦੇਣ ਤੋਂ ਇਨਕਾਰੀ ਹੈ। ਪਹਿਲਾਂ ਤਾਂ ਉਹ ਧੌਂਸ ਨਾਲ ਸੂਬਿਆਂ ਦਾ ਇਹ ਪੈਸਾ ਦਬਣ ਨੂੰ ਫਿਰਦੀ ਸੀ, ਪਰ ਜਦੋਂ ਸੋਨੀਆ ਗਾਂਧੀ ਨੇ ਕਾਂਗਰਸੀ ਤੇ ਵਿਰੋਧੀ ਸੂਬਿਆਂ ਦੇ 7 ਮੁਖ ਮੰਤਰੀਆਂ ਦੀ ਮੀਟਿੰਗ ਸੱਦ ਕੇ ਕੇਂਦਰ ਨੂੰ ਚੇਤਾਵਨੀ ਦਿਤੀ ਕਿ ਇਹ ਗੈਰਕਾਨੂੰਨੀ ਧਕੜਸ਼ਾਹੀ ਕੇਂਦਰ ਤੇ ਸੂਬਾ ਸਰਕਾਰਾਂ ਵਿਚਕਾਰ ਦਰਾੜ ਪੈਦਾ ਕਰ ਸਕਦੀ ਹੈ, ਤਾਂ ਲਦਾਖ ਘਟਨਾਵਾਂ ਕਾਰਨ ਪੈਦਾ ਹੋਈ ਰਾਸ਼ਟਰੀ ਸੁਰਖਿਆ ਦਾ ਵਾਸਤਾ ਪਾ ਕੇ ਉਨ੍ਹਾਂ ਨੂੰ ਰਿਜਰਵ ਬੈਂਕ ਤੋਂ ਕਰਜਾ ਲੈਣ ਲਈ ਮਨਾਇਆ ਜਾ ਰਿਹਾ ਹੈ। ਪੰਜਾਬ, ਦਿਲੀ ਅਤੇ ਕੇਰਲਾ ਨੇ ਇਉਂ ਕਰਨ ਤੋਂ ਸਾਫ ਇਨਕਾਰ ਕਰ ਦਿਤਾ ਹੈ।

    ਇਸ ਨੂੰ ਮੋਦੀ ਸਰਕਾਰ ਦਾ ਪਾਗਲਪਣ ਕਿਹਾ ਜਾਏ ਜਾਂ ਕੁਝ ਹੋਰ ਕਿ ਜਦੋਂ ਦੇਸ ਦੇ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਤੋਂ ਆਤੁਰ ਹਨ, ਕਰੋੜਾਂ ਲੋਕ ਕੋਰੋਨਾ ਵਾਇਰਸ ਦੇ ਸਾਏ ਹੇਠ ਜੀਅ ਰਹੇ ਹਨ, ਉਦੋਂ ਮੋਦੀ ਸਰਕਾਰ ਇਜਰਾਈਲ ਕੋਲੋ ਖੜੇ ਪੈਰ 15000 ਕਰੋੜ ਰੁਪਏ ਦੇ ਦੋ ਅਵਾਕਸ (ਰਾਡਾਰ) ਖਰੀਦ ਰਹੀ ਹੈ। ਦਲੀਲ ਇਹ ਦਿਤੀ ਜਾ ਰਹੀ ਹੈ ਕਿ ਜਦੋਂ ਪਾਕਿਸਤਾਨ ਵਿਚ ਬਾਲਾਕੋਟ ਸਰਜੀਕਲ ਸਟਰਾਈਕ ਕੀਤੀ ਗਈ ਸੀ ਤਾਂ ਪਾਕਿਸਤਾਨ ਕੋਲ ਸਵੀਡਨ ਦੇ ਰਾਡਾਰ ਹੋਣ ਕਾਰਨ ਉਸ ਨੇ ਭਾਰਤ ਦਾ ਇਕ ਜੰਗੀ ਬੰਬਾਰ ਫੁੰਡ ਲਿਆ ਸੀ, ਜਿਸ ਨਾਲ ਦੇਸ ਦੀ ਬੜੀ ਨਮੋਸ਼ੀ ਹੋਈ ਸੀ। ਦੇਸ ਦੀ ਸੁਰਖਿਆ ਨੂੰ ਖਤਰੇ ਦੀ ਦੁਹਾਈ ਪਾ ਕੇ ਅਤੇ ਚੀਨ ਦੀਆਂ ਜੰਗੀ ਤਿਆਰੀਆਂ ਨੂੰ ਵੇਖ ਕੇ ਹੁਣ ਧੜਾਧੜ ਜੰਗੀ ਹਥਿਆਰ ਖਰੀਦੇ ਜਾ ਰਹੇ ਹਨ। ਕਰੋੜਾਂ-ਕਰੋੜ ਲੋਕਾਂ ਦੀ ਜਿੰਦਗੀ ਦੀ ਕੀਮਤ ਉਤੇ ਇਹ ਜੰਗੀ ਹਥਿਆਰ ਖਰੀਦੇ ਜਾ ਰਹੇ ਹਨ।

    ਮੌਜੂਦਾ ਭਾਰਤੀ ਹੁਕਮਰਾਨ ਆਪਣੇ ਦਿਮਾਗ ਉਤੇ ਏਨਾ ਜੋਰ ਵੀ ਨਹੀਂ ਪਾ ਰਹੇ ਕਿ ਉਹ ਜੋ ਕੁਝ ਮਰਜੀ ਖਰੀਦ ਲੈਣ ਪਰ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਨਾਲ ਹਥਿਆਰਬੰਦ ਟਕਰ ਲੈਣ ਦਾ ਮਨ ਬਣਾਈ ਬੈਠੇ ਚੀਨ ਦਾ ਮੁਕਾਬਲਾ ਉਹ ਕਦੀ ਵੀ ਨਹੀਂ ਕਰ ਸਕਦੇ। ਜਿਨ੍ਹਾਂ ਅਮਰੀਕੀ ਜੰਗੀ ਬੇੜਿਆਂ ਦੀ ਤਬਾਹਕੁੰਨ ਸ਼ਕਤੀ ਉਤੇ ਭਾਰਤੀ ਹੁਕਮਰਾਨ ਝੂਠੀ ਆਸ ਲਾਈ ਬੈਠੇ ਹਨ, ਉਨ੍ਹਾਂ ਬਾਰੇ ਚੀਨੀ ਕਮਿਊਨਿਸਟ ਪਾਰਟੀ ਦੇ ਤਰਜਮਾਨ ਗਲੋਬਲ ਟਾਈਮਜ ਨੇ 30 ਅਗਸਤ ਦੇ ਆਪਣੇ ਸੰਪਾਦਕੀ ਵਿਚ ਅਮਰੀਕੀ ਸਾਮਰਾਜ ਨੂੰ ਚੇਤਾਵਨੀ ਦੇਂਦਿਆ ਲਿਖਿਆ ਹੈ ਕਿ ਜੇ ਉਸ ਦੇ ਜੰਗੀ ਬੇੜਿਆਂ ਨੇ ਦਖਣੀ ਚੀਨੀ ਸਮੁੰਦਰ ਵਿਚ ਕੋਈ ਵੀ ਭੜਕਾਊ ਕਾਰਵਾਈ ਕੀਤੀ ਤਾਂ ਚੀਨ ਦੀਆਂ ਖਾਸ ਤੌਰ ਉਤੇ ਇਸੇ ਕੰਮ ਲਈ ਵਿਕਸਿਤ ਕੀਤੀਆਂ ਆਧੁਨਿਕ ‘ਕਾਤਲ ਮਿਜਾਈਲਾਂ’ ਉਨ੍ਹਾਂ ਨੂੰ ਸਮੇਤ ਫੌਜ ਇਥੇ ਖੜੇ ਖੜੇ ਹੀ ਸਮੁੰਦਰ ਵਿਚ ਗਰਕ ਕਰ ਦੇਣਗੀਆ।

    ਦਰਅਸਲ ਅਜੋਕੇ ਸੰਸਾਰ ਪ੍ਰਬੰਧ ਨੂੰ ਤਿੰਨ ਮੁਖ ਵਰਤਾਰੇ ਗਤੀ ਦੇ ਰਹੇ ਹਨ। ਪਹਿਲਾਂ ਵਰਤਾਰਾ ਮੁਨਾਫੇ ਦੇ ਰੂਪ ਵਿਚ ਵਧੇਰੇ ਤੋਂ ਵਧੇਰੇ ਪੂੰਜੀ ਇਕਠੀ ਕਰਨ ਦੀ ਸਾਮਰਾਜੀ ਧੁਸ (ਹਵਸ) ਹੈ। ਦੂਜਾ ਵਰਤਾਰਾ ਹਰੇਕ ਦੂਜੇ ਪੂੰਜੀਪਤੀ ਤੋਂ ਵਧੇਰੇ ਪੂੰਜੀ ਇਕਠੀ ਕਰਨ ਅਤੇ ਇਕ-ਦੂਜੇ ਕੋਲੋ ਪੂੰਜੀ ਖੋਹਣ ਵਾਸਤੇ ਸਾਮਰਾਜੀਆਂ ਵਿਚਕਾਰ ਚਲ ਰਿਹਾ ਅੰਨ੍ਹਾਂ ਮੁਕਾਬਲਾ ਹੈ ਅਤੇ ਤੀਜਾ ਵਰਤਾਰਾ ਇਨ੍ਹਾਂ ਦੋਹਾਂ ਵਰਤਾਰਿਆਂ ਦੇ ਫਲਸਰੂਪ ਪੈਦਾ ਹੋ ਰਹੀ ਅਨਾਰਕੀ ਭਾਵ ਗੜਬੜਚੌਥ ਹੈ। ਜਿਸਦਾ ਸਮਾਜੀ ਅਤੇ ਰਾਜਸੀ ਪ੍ਰਗਟਾਵਾ ਅਮਰੀਕਾ ਸਮੇਤ ਸਮੁਚੇ ਸੰਸਾਰ ਦੇ ਸਮਾਜਾਂ ਵਿਚੋਂ ਹੋ ਰਿਹਾ ਹੈ। ਇਸ ਵੇਲੇ ਸੰਸਾਰ ਭਰ ਦੀਆਂ ਹੋਰਨਾਂ ਬਾਕੀ ਸਾਰੀਆਂ ਵਿਰੋਧਤਾਈਆਂ ਨੂੰ ਗਤੀ ਦੇ ਰਹੀ ਮੁਖ ਵਿਰੋਧਤਾਈ ਅਮਰੀਕੀ ਅਤੇ ਚੀਨੀ ਸਾਮਰਾਜ ਵਿਚਲੀ ਵਿਰੋਧਤਾਈ ਹੈ। ਸੰਸਾਰ ਦੇ ਪਿੜ ਵਿਚ ਚੀਨ ਦੇ ਇਕ ਮਹਾਂ ਸ਼ਕਤੀ ਵਜੋਂ ਪ੍ਰਗਟ ਹੋਣ ਤੋਂ ਪਹਿਲਾਂ ਅਮਰੀਕਾ ਇਕੋ-ਇਕ ਮਹਾਂ ਸ਼ਕਤੀ ਸੀ, ਜਿਹੜੀ ਆਪਣੀਆ ਮਨਮਾਨੀਆਂ ਕਰ ਰਹੀ ਸੀ।

    ਅਫਗਾਨਿਸਤਾਨ ਤੋਂ ਲੈ ਕੇ ਇਰਾਕ, ਸੀਰੀਆ, ਲਿਬੀਆ ਅਤੇ ਅਨੇਕ ਅਫਰੀਕੀ ਮੁਲਕ ਇਨ੍ਹਾਂ ਮਨਮਾਨੀਆਂ ਕਾਰਨ ਤਬਾਹ ਹੋ ਗਏ। ਰੂਸ ਭਾਵੇਂ ਅਮਰੀਕੀ ਮਨਮਾਨੀਆਂ ਤੋਂ ਦੁਖੀ ਸੀ ਪਰ ਪ੍ਰਮਾਣੂ ਹਥਿਆਰਾਂ ਨੂੰ ਛਡ ਕੇ ਬਾਕੀ ਫੌਜੀ ਅਤੇ ਆਰਥਿਕ ਪਖੋਂ ਉਹ ਇਕਲਾ ਅਮਰੀਕਾ ਦਾ ਮੁਕਾਬਲਾ ਕਰਨ ਦੇ ਸਮਰਥ ਨਹੀਂ ਸੀ। ਪਰ ਪਿਛਲੇ ਕੁਝ ਸਾਲਾਂ ਵਿਚ ਚੀਨ ਦੇ ਇਕ ਆਰਥਿਕ ਅਤੇ ਫੌਜੀ ਪਖੋਂ ਮਹਾਂਸ਼ਕਤੀ ਵਜੋਂ ਉਭਰਨ ਕਾਰਨ ਉਸਦਾ ਹੌਂਸਲਾ ਵਧਿਆ ਹੈ ਅਤੇ ਇਨ੍ਹਾਂ ਦੋਹਾਂ ਦੇਸਾਂ ਵਿਚਕਾਰ ਹੋਏ ਯੁਧਨੀਤਕ ਸਮਝੌਤੇ ਤੋਂ ਬਾਅਦ ਰੂਸ ਅਤੇ ਚੀਨ ਰਲ ਕੇ ਹਰ ਪਖੋਂ ਅਮਰੀਕੀ ਮਹਾਂਸ਼ਕਤੀ ਨੂੰ ਮਾਤ ਦੇਣ ਦੇ ਯੋਗ ਹੋ ਗਏ ਹਨ। ਇਸ ਹਾਲਤ ਵਿਚ ਸੰਸਾਰ ਦੀ ਸਾਮਰਾਜੀ ਸਰਦਾਰੀ ਹਾਸਲ ਕਰਨ ਲਈ ਅਮਰੀਕਾ ਅਤੇ ਚੀਨ ਵਿਚਕਾਰ ਚਲ ਰਿਹਾ ਟਕਰਾਅ ਹੁਣ ਆਪਣੇ ਉਚਤਮ ਪੜਾਅ ਉਤੇ ਪਹੁੰਚ ਗਿਆ ਹੈ। ਇਹ ਕਿਸੇ ਵੇਲੇ ਵੀ ਤੀਜੀ ਸੰਸਾਰ ਸਾਮਰਾਜੀ ਜੰਗ ਦਾ ਰੂਪ ਲੈ ਸਕਦਾ ਹੈ। ਮੋਦੀ ਜੁੰਡਲੀ ਆਪਣੀ ਸਾਮਰਾਜੀ ਹਵਸ ਵਿਚੋਂ ਖਾਹ-ਮਖਾਹ ਦੇਸ ਦੇ 138 ਕਰੋੜ ਲੋਕਾਂ ਨੂੰ ਇਸ ਸਾਮਰਾਜੀ ਜੰਗ ਦੀ ਭਠੀ ਵਿਚ ਝੋਕਣ ਲਈ ਤਿਆਰ ਬੈਠੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img