ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ ਹਨ – ਮੇਅਰ ਰਿੰਟੂ
ਅੰਮ੍ਰਿਤਸਰ, 30 ਅਗਸਤ (ਗਗਨ) – ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਲਗਾਤਾਰ ਅਣਥੱਕ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸੇ ਵਿਕਾਸ ਦੀ ਲੜੀ ਨੂੰ ਜਾਰੀ ਰਖਦਿਆਂ ਬੀਤੇ ਦਿਨੀ ਵਿਧਾਨ ਸਭਾ ਹਲਕਾ ਉੱਤਰੀ ਵਿਖੇ ਵਾਰਡ ਨੰ. 12 ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਹਜ਼ਾਰਾਂ ਦੀ ਗਿਣਤੀ ’ਚ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡੇ ਗਏ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ। ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਉੱਤਰੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ਤੇ ਹੱਲ ਕਰਵਾਏ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦਸਿਆ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਹਰੇਕ ਪਰਿਵਾਰ ਦਾ ਖਾਸ ਖਿਆਲ ਰੱਖਦੇ ਹੋਏ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਦੇਣ ਦਾ ਸ਼ਲਾਘਾਯੋਗ ਕਦਮ ਉਠਾਇਆ ਹੈ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਹਰ ਅਹਿਮ ਵਾਅਦਾ ਪੂਰਾ ਕੀਤਾ ਹੈ ਅਤੇ ਹਰ ਯੋਗ ਲਾਭਪਾਤਰੀ ਦਾ ਕਾਰਡ ਬਣਾਇਆ ਹੈ ਤਾਂ ਜੋ ਸਰਕਾਰ ਵੱਲੋਂ ਸਸਤੇ ਭਾਅ ਦੀ ਦਿੱਤੀ ਜਾਣ ਵਾਲੀ ਕਣਕ ਲੋਕਾਂ ਨੂੰ ਆਸਾਨ ਢੰਗ ਨਾਲ ਮਿਲੇ। ਮੇਅਰ ਰਿੰਟੂ ਨੇ ਕਿਹਾ ਕਿ ਰਾਸ਼ਨ ਕਾਰਡ ਪ੍ਰਣਾਲੀ ਦੇ ਇਸ ਤਰ੍ਹਾਂ ਡਿਜੀਟਲ ਹੋ ਜਾਣ ਨਾਲ ਯੋਜਨਾ ਵਿਚ ਪਾਰਦਰਸ਼ਤਾ ਵਧੇਗੀ। ਕੋਈ ਵੀ ਲੋੜਵੰਦ ਦਾ ਹੱਕ ਨਹੀਂ ਮਾਰ ਸਕੇਗਾ। ਮੇਅਰ ਨੇ ਕਿਹਾ ਸਮਾਰਟ ਕਾਰਡ ਬਣਾਉਣ ਤੋਂ ਜੋ ਲਾਭਪਾਤਰੀ ਵਾਂਝੇ ਰਹਿ ਗਏ ਹਨ ਉਹਨਾਂ ਦੇ ਕਾਰਡ ਵੀ ਜਲਦ ਬਣਾਏ ਜਾਣਗੇ ਤਾਂ ਜੋ ਇਸ ਸਕੀਮ ਦਾ ਲਾਹਾ ਹਰੇਕ ਲੋੜਵੰਦ ਪਰਿਵਾਰ ਨੂੰ ਮਿਲ ਸਕੇ। ਮੇਅਰ ਰਿੰਟੂ ਨੇ ਕਿਹਾ ਕਿ ਇਸ ਸਕੀਮ ਨਾਲ ਲਾਭਪਾਤਰੀ ਕਿਸੇ ਵੀ ਡੀਪੂ ਤੋਂ ਅਨਾਜ ਪ੍ਰਾਪਤ ਕਰ ਸਕਦੇ ਹਨ। ਜਿਸ ਨਾਲ ਰਾਸ਼ਨ ਵੰਡ ਵਿਚ ਪਾਰਦਰਸ਼ਤਾ ਵੀ ਆਵੇਗੀ ਤੇ ਆਸਾਨੀ ਵੀ ਹੋਵੇਗੀ।ਇਸ ਮੌਕੇ ਕੌਂਸਲਰ ਪ੍ਰਿਅੰਕਾ ਸ਼ਰਮਾ, ਸ੍ਰੀ ਰਿਤੇਸ਼ ਸ਼ਰਮਾ, ਅਸ਼ਵਨੀ ਕੁਮਾਰ, ਸੰਜੀਵ, ਰੂਬੀ, ਬਿੰਟੂ, ਰਜਨੀਸ਼ ਸ਼ਰਮਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।