More

    ਮਿੰਨੀ ਕਹਾਣੀ #ਧੀ# ਹਰਪ੍ਰੀਤ ਸਿੰਘ ਜਵੰਦਾ

    ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲਿਆ ਕਰਦੀਆਂ..
    ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ!

    ਉਸ ਰਾਤ ਵੀ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆਣ ਪਹੁੰਚਿਆ..
    ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਦੀ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ!

    ਸਾਰੀ ਪੀਤੀ ਹੋਈ ਲਹਿ ਗਈ..ਅੱਗੇ ਹੋ ਕੇ ਵੇਖਿਆ..ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋਅ ਲਾਈ ਬੈਠਾ ਸੀ..

    ਹੱਥ ਨਾਲ ਟੋਹਿਆ ਤਾਂ ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਹੋਈ ਤੇ ਠੰਡ ਨਾਲ ਪੂਰੀ ਤਰਾਂ ਕੰਬਦੀ ਹੋਈ!
    ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਹੈ?
    ਅੱਗੋਂ ਚੁੱਪ ਰਹੀ..ਫੇਰ ਗੁੱਸੇ ਨਾਲ ਚੀਕਿਆ “ਕੌਣ ਹੈ ਤੇ ਕਿਥੇ ਜਾਣਾ ਏਂ ਦੱਸ ਮੈਨੂੰ..ਦੱਸਦੀ ਕਿਓਂ ਨਹੀਂ ਤੂੰ?

    ਇਸ ਵਾਰ ਸ਼ਾਇਦ ਉਹ ਡਰ ਗਈ ਸੀ..
    ਆਖਣ ਲੱਗੀ “ਸ਼ਹਿਰ ਅਨਾਥ ਆਸ਼ਰਮ ਚੋਂ ਭੱਜ ਕੇ ਗੱਡੀ ਚੜ੍ਹ ਇਥੇ ਆਣ ਉੱਤਰੀ ਹਾਂ..ਉਹ ਚਾਰ ਬੰਦੇ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ!

    ਉਹ ਚੀਕਿਆ “ਕੌਣ ਹੋ ਓਏ ਤੁਸੀਂ..ਦੌੜ ਜਾਓ ਨਹੀਂ ਤੇ ਲੱਗੀ ਜੇ ਗੋਲੀ ਆਉਣ..ਆਹ ਦੇਖੋ ਮੇਰੇ ਡੱਬ ਵਿਚ ਪਿਸਤੌਲ”

    ਏਨਾ ਸੁਣ ਉਹ ਚਾਰੇ ਪਰਛਾਵੇਂ ਹਨੇਰੇ ਵਿਚ ਕਿਧਰੇ ਅਲੋਪ ਹੋ ਗਏ!

    ਉਸ ਨੇ ਫੇਰ ਸਵਾਲ ਕੀਤਾ..”ਕਿਥੇ ਜਾਵੇਂਗੀ..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਨਹੀਂ ਛੱਡਣਗੇ ਤੈਨੂੰ…ਨੋਚ ਨੋਚ ਖਾ ਜਾਣਗੇ”
    ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ “ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਮਰ ਗਈ ਤੇ ਪਿਓ ਦੂਜਾ ਵਿਆਹ ਤੇ ਸ਼ਹਿਰ ਅਨਾਥ ਆਸ਼ਰਮ ਵਾਲੇ ਗੰਦੇ ਲੋਕ”

    ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ “ਚੱਲੇਂਗੀ ਮੇਰੇ ਨਾਲ..ਮੇਰੇ ਘਰ..ਹਮੇਸ਼ਾਂ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ”
    “ਹੋਰ ਵੀ ਬਹੁਤ ਕੁਝ” ਸੁਣ ਉਹ ਅਨਾਥ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਸ਼ਾਇਦ ਏਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ!

    ਅਗਲੇ ਹੀ ਪਲ ਉਹ ਉਸਨੂੰ ਬਾਹੋਂ ਫੜ ਆਪਣੇ ਨਾਲ ਲਈ ਜਾ ਰਿਹਾ ਸੀ..
    ਬਾਹਰ ਖੇਤਾਂ ਵਿਚ ਬਣੇ ਇੱਕ ਸੁੰਨਸਾਨ ਜਿਹੇ ਘਰ ਦਾ ਬੂਹਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਹ ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁਕੀ ਸੀ..ਚਾਰੇ ਪਾਸੇ ਘੁੱਪ ਹਨੇਰਾ!

    ਉਹ ਉਸਨੂੰ ਇੱਕ ਹਨੇਰੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿਚੋਂ ਤੀਲਾਂ ਵਾਲੀ ਡੱਬੀ ਕੱਢੀ..
    ਫੇਰ ਤੀਲੀ ਬਾਲ ਅੱਗ ਦੀ ਲੋ ਵਿਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ..”ਪਿਆਰ ਕੁਰੇ..ਉੱਠ ਆ ਵੇਖ ਕੀ ਲਿਆਇਆ ਹਾਂ ਤੇਰੇ ਜੋਗਾ..”ਧੀ” ਲਿਆਇਆਂ ਹਾਂ “ਧੀ”..ਉਹ ਵੀ ਜਿਉਂਦੀ ਜਾਗਦੀ ਗੱਲਾਂ ਕਰਦੀ ਧੀ..ਤੇਰੇ ਤੇ ਆਪਣੇ ਦੋਹਾਂ ਲਈ..ਹੁਣ ਕੋਈ ਮਾਈ ਦਾ ਲਾਲ ਸਾਨੂੰ “ਬੇਔਲਾਦਾ’ ਆਖ ਕੇ ਤਾਂ ਦਿਖਾਵੇ”

    ਬਾਹਰ ਗੱਜਦੇ ਹੋਏ ਬੱਦਲ ਹੁਣ ਪੂਰੀ ਤਰਾਂ ਸ਼ਾਂਤ ਹੋ ਚੁਕੇ ਸਨ ਤੇ ਆਸਮਾਨੀ ਚੜਿਆ ਪੂਰਨਮਾਸ਼ੀ ਦਾ ਪੂਰਾ ਚੰਨ ਆਪਣੇ ਪੂਰੇ ਜਲੌਅ ਤੇ ਅੱਪੜ ਪੂਰੀ ਕਾਇਨਾਤ ਨੂੰ “ਦੁੱਧ ਧੋਤਾ ਚਾਨਣ” ਵੰਡ ਰਿਹਾ ਸੀ..!

    ਹਰਪ੍ਰੀਤ ਸਿੰਘ ਜਵੰਦਾ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img