More

    ਮਿਸ਼ਨ ਫ਼ਤਿਹ ਵਿਚ ਨੌਜਵਾਨਾਂ ਦਾ ਸਾਥ ਮਿਲਣਾ ਜਿੱਤ ਵੱਲ ਵੱਧਦੇ ਕਦਮ-ਡਿਪਟੀ ਕਮਿਸ਼ਨਰ

    ਪੰਜਾਬੀ ਕੋਰੋਨਾ ਨੂੰ ਚੁਣੌਤੀ ਵਾਂਗ ਲੈਣ ਤਾਂ ਸਾਡੀ ਜਿੱਤ ਪੱਕੀ

    ਅੰਮ੍ਰਿਤਸਰ, 4 ਜੁਲਾਈ (ਰਛਪਾਲ ਸਿੰਘ)-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੋ ਕੋਵਿਡ-19 ਫੈਲਾਉਣ ਵਾਲੇ ਕੋਰੋਨਾ ਵਾਇਰਸ ਨੂੰ ਚੁਣੌਤੀ ਵਾਂਗ ਲੈਣ ਉਤੇ ਜ਼ੋਰ ਦਿੰਦੇ ਕਿਹਾ ਕਿ ਜੇਕਰ ਆਪਾਂ ਸਾਰੇ ਤਹੱਈਆ ਕਰ ਲਈਏ ਤਾਂ ਇਹ ਸਾਡੇ ਜਿਲੇ ਵਿਚ ਜ਼ਿਆਦਾ ਦਿਨ ਟਿਕ ਨਹੀਂ ਸਕਦਾ। ਉਨਾਂ ਕਿਹਾ ਕਿ ਪੰਜਾਬੀ ਚਾਹੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਰਹਿ ਰਿਹਾ ਹੈ, ਉਸਦੀ ਇਹ ਫਿਤਰਤ ਹੈ ਕਿ ਉਹ ਜਦੋਂ ਵੀ ਕਿਸੇ ਚੁਣੌਤੀ ਨਾਲ ਕੰਮ ਕਰੇ ਤਾਂ ਉਹ ਕਿਸੇ ਵੀ ਹਾਲਤ ਵਿਚ ਜਿੱਤ ਪ੍ਰਾਪਤ ਕਰ ਲੈਂਦਾ ਹੈ, ਸੋ ਕੋਰੋਨਾ ਸੰਕਟ ਵਿਚ ਵੀ ਸਾਨੂੰ ਕੋਰੋਨਾ ਦੇ ਖਾਤਮੇ ਲਈ ਚੁਣੌਤੀ ਵਾਂਗ ਕੰਮ ਕਰਨਾ ਚਾਹੀਦਾ ਹੈ। ਅੱਜ ਮਿਸ਼ਨ ਫ਼ਤਿਹ ਤਹਿਤ ਪੰਜਾਬ ਯੂਥ ਡਿਵਲਪਮੈਂਟ ਬੋਰਡ, ਨਹਿਰੂ ਯੁਵਾ ਕੇਂਦਰ ਤੇ ਹੋਰ ਯੂਥ ਕੱਲਬਾਂ ਵੱਲੋਂ ਵਿੱਢੀ ਚੇਤਨਾ ਮੁਹਿੰਮ ਨੂੰ ਸ਼ੁਰੂ ਕਰਨ ਮੌਕੇ ਨੌਜਵਾਨਾਂ ਨੂੰ ਮੁਖਾਤਿਬ ਹੁੰਦੇ ਸ. ਢਿੱਲੋਂ ਨੇ ਕਿਹਾ ਕਿ ਜਿਸ ਤਰਾਂ ਸਾਨੂੰ ਨੌਜਵਾਨਾਂ ਦਾ ਸਾਥ ਮਿਲਿਆ ਹੈ, ਉਹ ਸਾਡੀ ਜਿੱਤ ਵੱਲ ਵੱਧਦੇ ਕਦਮਾਂ ਦਾ ਪ੍ਰਤੀਕ ਹੈ, ਕਿਉਂਕਿ ਨੌਜਵਾਨ ਸਾਡੀ ਤਾਕਤ ਤੇ ਸਾਡਾ ਭਵਿੱਖ ਹਨ, ਜਦੋਂ ਇਹ ਕਿਸੇ ਕੰਮ ਵਿਚ ਲੱਗ ਜਾਣ ਤਾਂ ਉਹ ਕੰਮ ਅਸਾਨੀ ਨਾਲ ਪੂਰਾ ਹੋ ਜਾਂਦਾ ਹੈ।

    ਸ. ਢਿੱਲੋਂ ਨੇ ਉਨਾਂ ਜਿਲਾ ਵਾਸੀਆਂ ਦਾ ਧੰਨਵਾਦ ਕੀਤਾ ਜੋ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਸਕ, ਆਪਸੀ ਦੂਰੀ ਅਤੇ ਹੱਥਾਂ ਦੀ ਸਫਾਈ ਵਰਗੇ ਗੁਰਮੰਤਰ ਅਪਨਾ ਕੇ ਰੋਜ਼ਮਰਾ ਦੇ ਕੰਮ ਕਰ ਰਹੇ ਹਨ। ਇਸਦੇ ਨਾਲ ਹੀ ਉਨਾਂ ਇੰਨਾਂ ਹਦਾਇਤਾਂ ਨੂੰ ਅਣਗੌਲੇ ਕਰਦੇ ਕਰੀਬ 2 ਤੋਂ 5 ਪ੍ਰਤੀਸ਼ਤ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਰੱਖਿਆ ਲਈ ਇੰਨਾਂ ਹਦਾਇਤਾਂ ਨੂੰ ਅਪਨਾਉਣਾ ਸ਼ੁਰੂ ਕਰਨ। ਉਨਾਂ ਕਿਹਾ ਕਿ ਜਿਸ ਦਿਨ ਅਸੀਂ ਸਾਰੇ ਸਾਵਧਾਨੀ ਨਾਲ ਘਰੋਂ ਬਾਹਰ ਨਿਕਲਾਂਗੇ, ਉਸ ਦਿਨ ਤੋਂ ਕੋਰੋਨਾ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਵੇਗਾ, ਕਿਉਂਕਿ ਇਹ ਵਾਇਰਸ ਬੇਜ਼ਾਨ ਵਸਤੂਆਂ ਉਤੇ ਜ਼ਿਆਦਾ ਦੇਰ ਟਿਕ ਨਹੀਂ ਸਕਦਾ ਅਤੇ ਅਸੀਂ ਇਸ ਨੂੰ ਆਪਣੇ ਘਰ ਲੈ ਕੇ ਨਹੀਂ ਆਉਣਾ।

    ਇਸੇ ਦੌਰਾਨ ਪੰਜਾਬ ਯੂਥ ਡਿਵਲਪਮੈਂਟ ਬੋਰਡ ਦੇ ਡਾਇਰੈਕਟਰ ਡਾ. ਆਂਚਲ ਅਰੋੜਾ ਨੇ ਦੱਸਿਆ ਕਿ ਸਾਡੇ ਸਾਰੇ ਮੈਂਬਰ ਆਪਣੇ-ਆਪਣੇ ਇਲਾਕੇ ਵਿਚ ਘਰ-ਘਰ ਜਾ ਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਪ੍ਰਚਾਰ ਕਰਨਗੇ, ਜਿਸਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸਾਹਿਬ ਨੇ ਕਰ ਦਿੱਤੀ ਹੈ। ਉਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਹਰ ਹਦਾਇਤ ਦਾ ਪਾਲਣ ਕਰਨਾ ਯਕੀਨੀ ਬਨਾਉਣ। ਇਸੇ ਦੌਰਾਨ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੇ ਵੀ ਘਰ-ਘਰ ਜਾਗਰੂਕਤਾ ਫੈਲਾਉਣ ਦਾ ਅਹਿਦ ਲੈਂਦੇ ਹੋਏ ਮੁਹਿੰਮ ਵਿਚ ਸਾਥ ਦਿੱਤਾ। ਨਹਿਰੂ ਯੁਵਾ ਕੇਂਦਰ ਦੇ ਜਿਲਾ ਕੁਆਰਡੀਨੇਟਰ ਮਿਸ ਅਕਾਂਸ਼ਾ ਨੇ ਦੱਸਿਆ ਕਿ ਸਾਡੀਆਂ ਸਾਰੀਆਂ ਕਲੱਬਾਂ ਨੂੰ ਹਦਾਇਤ ਹੈ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਅਪਨਾਉਂਦੇ ਹੋਏ ਘਰ-ਘਰ ਦਸਤਕ ਦੇਣ, ਤਾਂ ਜੋ ਲੋਕ ਕੋਵਿਡ ਸੰਕਟ ਵਿਚ ਲਾਪਰਵਾਹੀ ਨਾ ਵਰਤਣ। ਇਸ ਮੌਕੇ ਰਿਤਿਕਾ ਸ਼ਰਮਾ, ਦਿਲਬਾਗ ਸਿੰਘ, ਅਜੈ ਸ਼ਰਮਾ, ਮਲਵਿੰਦਰ ਸਿੰਘ, ਸਚਿਨ ਕੁਮਾਰ ਅਤੇ ਬਲਬੀਰ ਸਿੰਘ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img