More

    ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ, ਘਟਨਾਵਾਂ ਰੋਕਣ ਲਈ ਜਥੇਦਾਰ ਨੇ ਸੱਦੀ ਮੀਟਿੰਗ

    ਪੁਰਾਤਨ ਇਮਾਰਤੀ ਢਾਂਚੇ ’ਤੇ ਰਾਜਨੀਤੀ ਠੀਕ ਨਹੀਂ: ਜਥੇਦਾਰ

    ਅੰਮ੍ਰਿਤਸਰ, 21 ਜੁਲਾਈ (ਗਗਨ) – ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਰੋਕਣ ਸਬੰਧੀ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਵਿਚਾਰ-ਵਟਾਂਰਾ ਕਰਨ ਲਈ 26 ਜੁਲਾਈ ਨੂੰ ਮੀਟਿੰਗ ਸੱਦੀ ਹੈ, ਜਿਸ ਵਿੱਚ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਭਾ, ਸੁਸਾਇਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਦੌਰਾਨ ਉਨ੍ਹਾਂ ਨੇ ਅਕਾਲ ਤਖ਼ਤ ਨੇੜੇ ਖੁਦਾਈ ਦੌਰਾਨ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਨਿੱਜੀ ਜਾਇਦਾਦ ਦਾ ਹਿੱਸਾ ਦੱਸਿਆ ਹੈ।ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਸਿੱਖ ਸੰਗਤ ਵਿਚ ਰੋਸ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 26 ਜੁਲਾਈ ਨੂੰ ਅਕਾਲ ਤਖ਼ਤ ਵਿੱਚ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਸਿੰਘ ਸਾਹਿਬਾਨ ਤੋਂ ਇਲਾਵਾ ਵੱਖ ਵੱਖ ਸਿੱਖ ਜਥੇਬੰਦੀਆਂ, ਸੰਪਰਦਾਵਾਂ ਤੇ ਸਭਾ ਸੁਸਾਇਟੀਆਂ ਦੇ ਪ੍ਰਤੀਨਿਧ ਸੱਦੇ ਜਾ ਰਹੇ ਹਨ। ਉਨ੍ਹਾਂ ਕੋਲੋਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸੁਝਾਅ ਲਏ ਜਾਣਗੇ। ਮਿਲੇ ਵੇਰਵਿਆਂ ਮੁਤਾਬਕ ਇਸ ਮੀਟਿੰਗ ਵਿੱਚ ਬਹਿਬਲ ਕਲਾਂ ਤੇ ਬਰਗਾੜੀ ਬੇਅਦਬੀ ਘਟਨਾ ਦੀ ਜਾਂਚ ਕਮੇਟੀ ਦੇ ਇੱਕ ਮੈਂਬਰ ਨੂੰ ਵੀ ਸੱਦਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਸਿੱਖ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਮੌਜੂਦ ਸਨ।

    ਅਕਾਲ ਤਖ਼ਤ ਦੇ ਸਕੱਤਰੇਤ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਾ ਰਹੇ ਜੋੜਾ ਘਰ ਅਤੇ ਸਕੂਟਰ ਸਟੈਂਡ ਵਾਲੀ ਥਾਂ ਦੀ ਖੁਦਾਈ ਦੌਰਾਨ ਮਿਲੇ ਪੁਰਾਤਨ ਇਮਾਰਤੀ ਢਾਂਚੇ ਬਾਰੇ ਜਥੇਦਾਰ ਨੇ ਕਿਹਾ ਕਿ ਇਸ ਮੁੱਦੇ ’ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ। ਇਹ ਇਮਾਰਤ ਨਿੱਜੀ ਜਾਇਦਾਦ ਦਾ ਹਿੱਸਾ ਹੈ, ਜਿਸ ਨੂੰ ਬੂੰਗਾ ਗਿਆਨੀਆਂ ਵਜੋਂ ਜਾਣਿਆ ਜਾਂਦਾ ਸੀ। ਇਸ ਵਿੱਚ ਉਨ੍ਹਾਂ ਦੇ ਵਾਰਸ ਰਹਿੰਦੇ ਸਨ ਅਤੇ 1988 ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਮੁਆਵਜ਼ਾ ਲੈ ਕੇ ਜ਼ਮੀਨ ਦਾ ਕਬਜ਼ਾ ਸਰਕਾਰ ਨੂੰ ਦੇ ਦਿੱਤਾ ਸੀ। ਉਸ ਵੇਲੇ ਸਰਕਾਰ ਵੱਲੋਂ ਇਸ ਇਮਾਰਤ ਦੀਆਂ ਧਰਾਤਲ ਤੋਂ ਉੱਪਰਲੀਆਂ ਤਿੰਨ ਮੰਜ਼ਲਾਂ ਢਾਹ-ਢੇਰੀ ਕਰ ਦਿੱਤੀਆਂ ਗਈਆਂ ਸਨ। ਉਸ ਵੇਲੇ ਨਾ ਕਿਸੇ ਨੇ ਵਿਰੋਧ ਕੀਤਾ ਤੇ ਨਾ ਹੀ ਇਸ ਨੂੰ ਢਾਹੁਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦਾ ਜ਼ਮੀਨਦੋਜ਼ ਹਿੱਸਾ ਇੰਝ ਹੀ ਦੱਬ ਦਿੱਤਾ ਗਿਆ, ਜੋ ਹੁਣ ਖੁਦਾਈ ਵੇਲੇ ਸਾਹਮਣੇ ਆਇਆ ਹੈ। ਹੁਣ ਇਸ ਮੁੱਦੇ ’ਤੇ ਰੌਲਾ ਪਾਉਣਾ ਅਤੇ ਵਿਵਾਦ ਖੜ੍ਹਾ ਕਰਨਾ ਠੀਕ ਨਹੀਂ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img