More

    ਮਹਿੰਗਾਈ ਦੇ ਮਸਲੇ ’ਤੇ ਵਿਚਾਰ ਗੋਸ਼ਠੀ ਕਰਵਾਈ

    ਲੁਧਿਆਣਾ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਲੱਕ ਤੋੜ ਮਹਿੰਗਾਈ ਨੇ ਕਿਰਤੀ ਲੋਕਾਂ ਦੀ ਜ਼ਿੰਦਗੀ ਮੁਹਾਲ ਕਰ ਦਿੱਤੀ ਹੈ। ਸਰਮਾਏਦਾਰਾਂ ਦੀ ਮੁਨਾਫੇ ਦੀ ਅੰਤਹੀਣ ਭੁੱਖ ਅਤੇ ਸਰਕਾਰਾਂ ਦੀਆਂ ਸਰਮਾਏਦਾਰੀ ਪੱਖੀ ਨੀਤੀਆਂ ਇਸ ਮਹਿੰਗਾਈ ਲਈ ਜਿੰਮੇਵਾਰ ਹਨ। ਇਹ ਵਿਚਾਰ ਅੱਜ ਜਮਾਲਪੁਰ ਕਲੋਨੀ ਵਿਖੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਕਰਵਾਈ ਗਈ ਵਿਚਾਰ ਗੋਸ਼ਠੀ ਦੌਰਾਨ ਮੁੱਖ ਬੁਲਾਰੇ ਰਾਜਵਿੰਦਰ ਸਿੰਘ ਵੱਲੋਂ ਪ੍ਰਗਟਾਏ ਗਏ। ਉਹਨਾਂ ਕਿਹਾ ਕਿ ਭਾਰਤ ਦੇ ਸਰਮਾਏਦਾਰਾ ਹਾਕਮ ਮੰਗ ਅਤੇ ਪੂਰਤੀ ਵਿਚਲੇ ਪਾੜੇ, ਕੌਮਾਂਤਰੀ ਪੱਧਰ ਉੱਤੇ ਕੱਚੇ ਤੇਲ ਦੀਆਂ ਵਧੀਆ ਕੀਮਤਾਂ, ਵੱਧ ਅਬਾਦੀ ਜਿਹੇ ਬਹਾਨਿਆਂ ਹੇਠ ਮਹਿੰਗਾਈ ਦੇ ਅਸਲ ਕਾਰਨਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਸਰਮਾਏਦਾਰ ਜਮਾਤ ਨੂੰ ਸਰਕਾਰੀ ਖਜਾਨੇ ਵਿੱਚੋਂ ਖੁੱਲ੍ਹੇ ਗੱਫੇ ਦੇਣਾ ਬੰਦ ਹੋਵੇ, ਉਹਨਾਂ ਉੱਤੇ ਵੱਡੇ ਟੈਕਸ ਲਗਾਏ ਜਾਣ, ਕਿਰਤੀ ਲੋਕਾਂ ਉੱਤੇ ਲਗਾਏ ਜਾਣ ਵਾਲ਼ੇ ਸਾਰੇ ਟੈਕਸ ਰੱਦ ਕਰ ਦਿੱਤੇ ਜਾਣ, ਸਰਕਾਰ ਵੱਲੋਂ ਲੋਕਾਂ ਦੀਆਂ ਸਾਰੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ। ਪਰ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਹੋਵੇ, ਭਾਵੇਂ ਪੰਜਾਬ ਜਾਂ ਹੋਰ ਸੂਬਿਆਂ ਦੀਆਂ ਸਰਕਾਰਾਂ ਹੋਣ ਸਾਰੀਆਂ ਸਰਮਾਏਦਾਰਾਂ ਦੀ ਸੇਵਾ ਵਿੱਚ ਇਸ ਤੋਂ ਉਲਟ ਲੋਕ ਦੋਖੀ ਨੀਤੀ ਉੱਤੇ ਚੱਲ ਰਹੀਆਂ ਹਨ।

    ਉਹਨਾਂ ਕਿਹਾ ਅੱਜ ਲੋਕਾਂ ਨੂੰ ਮਹਿੰਗਾਈ ਨੂੰ ਨੱਥ ਪਾਉਣ ਲਈ ਜ਼ੋਰਦਾਰ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨਾ ਪਵੇਗਾ। ਲੋਕਾਂ ਨੂੰ ਮੰਗ ਕਰਨੀ ਪਵੇਗੀ ਕਿ ਸਰਕਾਰ ਵੱਲੋਂ ਸਾਰੇ ਗਰੀਬਾਂ ਨੂੰ ਖਾਣ-ਪੀਣ ਦੀਆਂ ਸਾਰੀਆਂ ਚੀਜਾਂ ਸਸਤੀਆਂ ਮੁਹੱਈਆ ਕਰਵਾਈਆਂ ਜਾਣ। ਸਾਰੇ ਗਰੀਬਾਂ ਦੇ ਰਾਸ਼ਨ ਕਾਰਡ ਬਣਾਏ ਜਾਣ। ਪੈਟਰੋਲ, ਡੀਜਲ, ਰਸੋਈ ਗੈਸ ਦੀਆਂ ਕੀਮਤਾਂ ਤੁਰੰਤ ਘਟਾਈਆਂ ਜਾਣ। ਰੇਲਾਂ-ਬੱਸਾਂ ਦੇ ਕਿਰਾਏ, ਬਿਜਲੀ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ। ਸਾਰੀ ਕਿਰਤੀ ਅਬਾਦੀ ਨੂੰ ਸਰਕਾਰ ਵੱਲੋਂ ਮੁਫ਼ਤ ਦਵਾ-ਇਲਾਜ, ਸਿੱਖਿਆ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਮਜ਼ਦੂਰਾਂ ਦੀਆਂ ਤਨਖਾਹਾਂ, ਦਿਹਾੜੀ, ਪੀਸ ਰੇਟ ਵਧਾਏ ਜਾਣ। ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਰੁਜ਼ਗਾਰ ਨਾ ਮਿਲ਼ਣ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਵਰਣਨਯੋਗ ਹੈ ਕਿ ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ 4 ਅਗਸਤ ਨੂੰ ਡੀਸੀ ਦਫਤਰ, ਲੁਧਿਆਣਾ ਵਿਖੇ ਸਵੇਰੇ 9 ਵਜੇ ਤੋਂ ਮਹਿੰਗਾਈ ਵਿਰੁੱਧ ਉਪਰੋਕਤ ਮੰਗਾਂ ਲਈ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰੋਸ ਮੁਜ਼ਾਹਰੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img