More

    ਭਾਰਤ ਦੀ ਮੁੱਕੇਬਾਜ਼ ਮੈਰੀ ਕੌਮ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵਾਲੇਂਸ਼ਿਆ ਕੋਲੋਂ ਹਾਰੀ

    ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ.ਮੈਰੀਕੌਮ (51 ਕਿਲੋ) ਦਾ ਦੂਜਾ ਓਲੰਪਿਕ ਤਗ਼ਮਾ ਜਿੱਤਣ ਦਾ ਸੁਪਨਾ ਪ੍ਰੀ-ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਨਾਲ ਟੁੱਟ ਗਿਆ। ਮੈਰੀਕੌਮ ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵਾਲੇਂਸ਼ਿਆ ਖਿਲਾਫ਼ ਤਿੰਨ ਵਿੱਚੋਂ ਦੋ ਰਾਊਂਡਾਂ ਵਿੱਚ ਜਿੱਤਣ ਦੇ ਬਾਵਜੂਦ 2-3 ਨਾਲ ਹਾਰ ਗਈ। ਮੁਕਾਬਲੇ ਮਗਰੋਂ 38 ਸਾਲਾ ਮੈਰੀਕੌਮ ਨੇ ਕਿਹਾ, ‘‘ਨਹੀਂ ਪਤਾ ਕੀ ਹੋਇਆ। ਪਹਿਲੇ ਦੌਰ ਵਿੱਚ ਮੈਨੂੰ ਲੱਗਿਆ ਕਿ ਅਸੀਂ ਇਕ ਦੂਜੇ ਦੀ ਰਣਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਗਰੋਂ ਮੈਂ ਦੋਵੇਂ ਰਾਊਂਡ ਜਿੱਤੇ।’’ ਭਾਰਤੀ ਮੁੱਕੇਬਾਜ਼ ਪਹਿਲੇ ਰਾਊਂਡ ਵਿੱਚ 1-4 ਨਾਲ ਪੱਛੜ ਗਈ, ਪੰਜ ਵਿੱਚੋਂ ਚਾਰ ਜੱਜਾਂ ਨੇ 10-9 ਦੇ ਸਕੋਰ ਨਾਲ ਵੈਲੇਂਸੀਆ ਦੇ ਹੱਕ ਵਿੱਚ ਫੈਸਲਾ ਕੀਤਾ। ਅਗਲੇ ਦੋ ਰਾਊਂਡਾਂ ਵਿੱਚ ਪੰਜ ਵਿੱਚੋਂ ਤਿੰਨ ਜੱਜਾਂ ਨੇ ਮੈਰੀਕੌਮ ਦੇ ਹੱਕ ਵਿੱਚ ਫੈਸਲਾ ਕੀਤਾ ਹਾਲਾਂਕਿ ਕੁੱਲ ਸਕੋਰ ਫਿਰ ਵੀ ਵੈਲੇਂਸੀਆ ਦੇ ਹੱਕ ਵਿੱਚ ਗਿਆ। ਮੈਰੀ ਕੌਮ ਦਾ ਇਹ ਆਖਰੀ ਓਲੰਪਿਕ ਹੋ ਸਕਦਾ ਹੈ। ਮੈਚ ਮਗਰੋਂ ਰੈਫ਼ਰੀ ਨੇ ਵੈਲੇਂਸੀਆ ਦਾ ਹੱਥ ਉਪਰ ਚੁੱਕਿਆ ਤਾਂ ਮੈਰੀ ਕੌਮ ਦੀਆਂ ਅੱਖਾਂ ਵਿੱਚ ਹੰਝੂ ਤੇ ਚਿਹਰੇ ’ਤੇ ਮੁਸਕਾਨ ਸੀ। ਇਸ ਨਿਰਾਸ਼ਾ ਦੇ ਬਾਵਜੂਦ ਮੈਰੀ ਕੌਮ ਨੇ ਕਿਹਾ ਕਿ ਉਹਦੀ ਅਜੇ ਖੇਡਾਂ ਤੋਂ ਸੰਨਿਆਸ ਲੈਣ ਦੀ ਕੋਈ ਇੱਛਾ ਨਹੀਂ ਹੈ। ਇਸ ਦੌਰਾਨ ਸਾਬਕਾ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮੁੱਕੇਬਾਜ਼ ਐੱਮ.ਸੀ.ਮੌਰੀਕੌਮ ਟੋਕੀਓ ਓਲੰਪਿਕ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਪਸ਼ਟ ਵਿਜੇਤਾ ਸੀ, ਜੱਜਾਂ ਦੀ ਆਪਣੀ ਗਿਣਤੀ ਹੁੰਦੀ ਹੈ। ਮੈਰੀ ਨੇ ਕਿਹਾ ਕਿ “ਜਦੋਂ ਮੈਂ ਕਿਰਨ ਰਿਜੀਜੂ ਦਾ ਮੈਸੇਜ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ, ਮੈਂ ਪਰੇਸ਼ਾਨ ਹੋ ਰਹੀ ਹਾਂ ਕਿ ਮੇਰੀ ਫਾਈਟ ਵਿੱਚ ਇਸ ਤਰ੍ਹਾਂ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ, “ਮੈਂ ਰੋਸ ਵੀ ਜ਼ਾਹਿਰ ਨਹੀਂ ਕਰ ਸਕਦੀ ਹਾਂ, ਇਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਇਸ ਓਲੰਪਿਕ ਵਿੱਚ ਰੋਸ ਨਹੀਂ ਕੀਤਾ ਜਾ ਸਕੇਗਾ, ਫ਼ੈਸਲੇ ਨਹੀਂ ਬਦਲੇ ਜਾਣਗੇ।ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਮੁਕਬਾਲਿਆਂ ਵਿੱਚ ਮੇਰੇ ਨਾਲ ਅਜਿਹਾ ਅਕਸਰ ਹੋ ਜਾਂਦਾ ਹੈ, ਇਹ ਕੋਈ ਪਹਿਲਾਂ ਓਲੰਪਿਕ ਨਹੀਂ ਹੈ।ਉਹ ਅੱਗੇ ਕਹਿੰਦੀ ਹੈ, “ਮੈਨੂੰ ਲੱਗ ਰਿਹਾ ਹੈ ਕਿ ਇਹ ਸਭ ਤੋਂ ਖ਼ਰਾਬ ਓਲੰਪਿਕ ਹੈ, ਬੇਕਾਰ ਪ੍ਰਬੰਧ ਹੈ।”

    38 ਸਾਲਾ ਮੈਰੀ ਕੌਮ ਦਾ ਇੱਕ ਹੀ ਟੀਚਾ ਸੀ- ਦੋ ਵਾਰ ਮੁੱਕੇਬਾਜ਼ੀ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣਨਾ ਪਰ ਇਸ ਹਾਰ ਨਾਲ ਸੁਪਨਾ ਅਧੂਰਾ ਹੀ ਰਹਿ ਗਿਆ।ਪਿਛਲੇ 20 ਸਾਲ ਤੋਂ ਵੀ ਜ਼ਿਆਦਾ ਸਾਲਾਂ ਤੋਂ ਮੈਰੀ ਕੌਮ ਇਸੇ ਹਿੰਮਤ ਦੇ ਬਲਬੂਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾਉਂਦੀ ਆਈ ਹੈ ਅਤੇ ਤੋੜਦੀ ਆਈ ਹੈ।ਮੈਰੀ ਕੌਮ ਦਾ ਕਹਿਣਾ ਹੈ ਕਿ ਉਂਝ ਤਾਂ ਮੈਰੀ ਦੀ ਜ਼ਿੰਦਗੀ ਦੇ ਅਨੇਕ ਪਹਿਲੂਆਂ ‘ਤੇ ਅਖ਼ਬਾਰਾਂ ਦੇ ਅਣਗਿਣਤ ਪੰਨੇ ਭਰੇ ਜਾ ਚੁੱਕੇ ਹਨ, ਟੀਵੀ ਸ਼ੋਅ ਦੇ ਕਈ ਪ੍ਰੋਗਰਾਮ ਹੋ ਚੁੱਕੇ ਹਨ। ਇੱਥੋਂ ਤੱਕ ਕਿ ਫ਼ਿਲਮ ਵੀ ਬਣ ਚੁੱਕੀ ਹੈ।ਵਰਲਡ ਬਾਕਸਿੰਗ ਚੈਂਪੀਅਨ, ਓਲੰਪਿਕ ਚੈਂਪੀਅਨ, ਸੰਸਦ ਮੈਂਬਰ, ਬਾਕਸਿੰਗ ਅਕਾਦਮੀ ਦੀ ਮਾਲਕ, ਮਾਂ ਅਤੇ ਪਤਨੀ ਮੈਰੀ ਕਾਮ ਕਈ ਰੋਲ ਇਕੱਠੇ ਨਿਭਾਉਂਦੀ ਹੈ ਅਤੇ ਹਰ ਕੰਮ ਵਿੱਚ ਓਨੀ ਹੀ ਲਗਨ ਜਿੰਨੀ ਲਗਨ ਨਾਲ ਉਹ ਰਿੰਗ ਵਿੱਚ ਖੇਡਦੀ ਹੈ। ਉਸ ਨੂੰ ਐਵੇਂ ਹੀ ਆਇਰਨ ਲੇਡੀ ਨਹੀਂ ਕਿਹਾ ਜਾਂਦਾ। ਮੁੱਕੇਬਾਜ਼ੀ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। 2012 ਦੇ ਲੰਡਨ ਓਲੰਪਿਕ ਵਿੱਚ ਵੀ ਉਨ੍ਹਾਂ ਨੂੰ ਕਾਂਸੀ ਦਾ ਮੈਡਲ ਮਿਲਿਆ ਸੀ।ਪਹਿਲੀ ਵਿਸ਼ਵ ਚੈਂਪੀਅਨਸ਼ਿਪ ਉਸ ਨੇ 2001 ਵਿੱਚ ਜਿੱਤੀ ਸੀ ਅਤੇ ਉਦੋਂ ਤੋਂ ਲੈ ਕੇ 2019 ਤੱਕ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ ਅੱਠ ਵਾਰ ਮੈਡਲ ਜਿੱਤ ਚੁੱਕੀ ਹੈ।ਮੈਰੀ ਬਾਕਸਿੰਗ ਰਿੰਗ ਦੇ ਅੰਦਰ ਜਿੰਨੀ ਜੁਝਾਰੂ ਹੈ। ਅਸਲ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਵੀ ਉਨ੍ਹਾਂ ਨੇ ਡਟ ਕੇ ਸਾਹਮਣਾ ਕੀਤਾ ਹੈ।2011 ਵਿੱਚ ਮੈਰੀ ਕਾਮ ਦੇ ਸਾਢੇ ਤਿੰਨ ਸਾਲ ਦੇ ਬੇਟੇ ਦੇ ਦਿਲ ਦਾ ਅਪਰੇਸ਼ਨ ਹੋਣਾ ਸੀ। ਉਸੀ ਦੌਰਾਨ ਮੈਰੀ ਕਾਮ ਨੂੰ ਚੀਨ ਵਿੱਚ ਏਸ਼ੀਆ ਕੱਪ ਲਈ ਵੀ ਜਾਣਾ ਸੀ। ਫ਼ੈਸਲਾ ਮੁਸ਼ਕਿਲ ਸੀ।ਆਖਿਰਕਾਰ ਮੈਰੀ ਕਾਮ ਦੇ ਪਤੀ ਓਨਲਰ ਬੇਟੇ ਨਾਲ ਰਹੇ ਅਤੇ ਮੈਰੀ ਕਾਮ ਏਸ਼ੀਆ ਕੱਪ ਵਿੱਚ ਗਈ ਅਤੇ ਗੋਲਡ ਮੈਡਲ ਜਿੱਤ ਕੇ ਲਿਆਈ।

    ਮੈਰੀ ਦਾ ਬਚਪਨ ਤੇ ਸੰਘਰਸ਼

    ਮਣੀਪੁਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਮੈਰੀ ਕਾਮ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਉਹ ਮੁੱਕੇਬਾਜ਼ੀ ਵਿੱਚ ਜਾਵੇ। ਬਚਪਨ ਵਿੱਚ ਮੈਰੀ ਕਾਮ ਘਰ ਦਾ ਕੰਮ ਕਰਦੀ, ਖੇਤ ਵਿੱਚ ਜਾਂਦੀ, ਭਰਾ-ਭੈਣ ਨੂੰ ਸੰਭਾਲਦੀ ਅਤੇ ਪ੍ਰੈਕਟਿਸ ਕਰਦੀ।ਦਰਅਸਲ ਡਿੰਕੋ ਸਿੰਘ ਨੇ ਉਨ੍ਹਾਂ ਦਿਨਾਂ 1998 ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉੱਥੋਂ ਹੀ ਮੈਰੀ ਕਾਮ ਨੂੰ ਵੀ ਮੁੱਕੇਬਾਜ਼ੀ ਦਾ ਚਸਕਾ ਲੱਗਿਆ। ਕਾਫ਼ੀ ਸਮੇਂ ਤੱਕ ਤਾਂ ਉਸ ਦੇ ਮਾਂ-ਬਾਪ ਨੂੰ ਪਤਾ ਹੀ ਨਹੀਂ ਸੀ ਕਿ ਮੈਰੀ ਕਾਮ ਮੁੱਕੇਬਾਜ਼ੀ ਕਰ ਰਹੀ ਹੈ।ਸਾਲ 2000 ਵਿੱਚ ਅਖ਼ਬਾਰ ਵਿੱਚ ਛਪੀ ਸਟੇਟ ਚੈਂਪੀਅਨ ਦੀ ਫੋਟੋ ਤੋਂ ਉਨ੍ਹਾਂ ਨੂੰ ਪਤਾ ਲੱਗਿਆ। ਪਿਤਾ ਨੂੰ ਡਰ ਸੀ ਕਿ ਮੁੱਕੇਬਾਜ਼ੀ ਵਿੱਚ ਸੱਟ ਲੱਗੀ ਤਾਂ ਇਲਾਜ ਕਰਾਉਣਾ ਮੁਸ਼ਕਿਲ ਹੋਵੇਗਾ ਅਤੇ ਵਿਆਹ ਵਿੱਚ ਵੀ ਦਿੱਕਤ ਹੋਵੇਗੀ।ਪਰ ਮੈਰੀ ਕਾਮ ਨਹੀਂ ਮੰਨੀ। ਮਾਂ-ਬਾਪ ਨੂੰ ਹੀ ਜ਼ਿੱਦ ਮੰਨਣੀ ਪਈ। ਮੈਰੀ ਨੇ 2001 ਦੇ ਬਾਅਦ ਤੋਂ ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਇਸੀ ਦੌਰਾਨ ਮੈਰੀ ਕਾਮ ਦਾ ਵਿਆਹ ਹੋਇਆ ਅਤੇ ਦੋ ਜੌੜੇ ਬੱਚੇ ਵੀ।ਵਿਸ਼ਵ ਚੈਂਪੀਅਨ ਰਹਿ ਚੁੱਕੀ ਮੈਰੀ ਕਾਮ ਨੇ ਕਈ ਵਿਸ਼ਵ ਚੈਂਪੀਅਨਸ਼ਿਪ ਮੈਡਲ ਅਤੇ ਓਲੰਪਿਕ ਮੈਡਲ ਮਾਂ ਬਣਨ ਤੋਂ ਬਾਅਦ ਜਿੱਤੇ।2012 ਓਲੰਪਿਕ ਵਿੱਚ ਤਾਂ ਚੁਣੌਤੀ ਇਹ ਵੀ ਸੀ ਕਿ ਮੈਰੀ ਕਾਮ ਨੂੰ ਆਪਣੇ ਭਾਰ ਵਰਗ 48 ਕਿਲੋਗ੍ਰਾਮ ਦੀ ਬਜਾਏ 51 ਕਿਲੋਗ੍ਰਾਮ ਵਰਗ ਵਿੱਚ ਖੇਡਣਾ ਪਿਆ ਸੀ। ਇਸ ਵਰਗ ਵਿੱਚ ਉਨ੍ਹਾਂ ਨੇ ਸਿਰਫ਼ ਦੋ ਹੀ ਮੈਚ ਖੇਡੇ ਸਨ।

    ਮੈਰੀ ਕਾਮ ਨੇ ਕਰੀਅਰ ਵਿੱਚ ਬੁਰੇ ਦਿਨ ਵੀ ਦੇਖੇ ਜਦੋਂ ਉਹ 2014 ਵਿੱਚ ਗਲਾਸਗੋ ਵਿੱਚ ਕੁਆਲੀਫਾਈ ਨਹੀਂ ਕਰ ਸਕੀ ਅਤੇ ਨਾ ਹੀ ਰੀਓ ਓਲੰਪਿਕ ਲਈ ਕੁਆਲੀਫਾਈ ਕਰ ਸਕੀ ਸੀ।ਮੈਰੀ ਕਾਮ ਨੇ ਨਿੱਜੀ ਜ਼ਿੰਦਗੀ ਵਿੱਚ ਵੀ ਕਈ ਚੁਣੌਤੀਆਂ ਝੱਲੀਆਂ ਹਨ। ‘ਹਿੰਦੁਸਤਾਨ ਟਾਈਮਜ਼’ ਵਿੱਚ ਛਪੇ ਆਪਣੇ ਬੇਟਿਆਂ ਦੇ ਨਾਂ ਲਿਖੇ ਖ਼ਤ ਵਿੱਚ ਉਨ੍ਹਾਂ ਨੇ ਸਾਂਝਾ ਕੀਤਾ ਸੀ ਕਿ ਕਿਵੇਂ ਜਦੋਂ ਉਹ 17 ਸਾਲ ਦੀ ਸੀ ਤਾਂ ਉਹ ਜਿਨਸੀ ਉਤਪੀੜਨ ਦਾ ਸ਼ਿਕਾਰ ਹੋਈ ਸੀ-ਪਹਿਲੀ ਵਾਰ ਮਣੀਪੁਰ ਵਿੱਚ, ਫਿਰ ਦਿੱਲੀ ਵਿੱਚ ਅਤੇ ਹਿਸਾਰ ਵਿੱਚ। ਇਹ ਉਹ ਦੌਰ ਸੀ ਜਦੋਂ ਮੈਰੀ ਕਾਮ ਮੁੱਕੇਬਾਜ਼ੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਹੀ ਸੀ।ਜਦੋਂ ਉਹ ਆਪਣੀ ਤੀਜੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਘਰ ਪਰਤੀ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਸਹੁਰੇ ਦਾ ਕਤਲ ਕਰ ਦਿੱਤਾ ਗਿਆ ਸੀ।ਪਰ ਹਰ ਬਾਰ ਮੈਰੀ ਨੇ ਹਾਲਾਤ ਨੂੰ ਮਾਤ ਦਿੱਤੀ ਅਤੇ ਬਾਕਸਿੰਗ ਰਿੰਗ ਵਿੱਚ ਉਹ ਅਲੱਗ ਹੀ ਰੂਪ ਵਿੱਚ ਨਜ਼ਰ ਆਉਂਦੀ ਹੈ।ਉਨ੍ਹਾਂ ਨੇ ਕਿਹਾ ਸੀ, ”ਅੱਜ ਦੀ ਮੈਰੀ ਅਤੇ 2012 ਤੋਂ ਪਹਿਲਾਂ ਦੀ ਮੈਰੀ ਵਿੱਚ ਫਰਕ, ਨੌਜਵਾਨ ਮੈਰੀ ਇੱਕ ਤੋਂ ਬਾਅਦ ਇੱਕ ਲਗਾਤਾਰ ਪੰਚ ਮਾਰਦੀ ਸੀ। ਹੁਣ ਮੈਰੀ ਹਮਲਾ ਕਰਨ ਲਈ ਸਹੀ ਵਕਤ ਦਾ ਇੰਤਜ਼ਾਰ ਕਰਦੀ ਹੈ ਅਤੇ ਇਸ ਤਰ੍ਹਾਂ ਆਪਣੀ ਊਰਜਾ ਬਚਾਉਂਦੀ ਹੈ।”

    ਪ੍ਰਗਟ ਸਿੰਘ ਜੰਡਿਆਲਾ ਗੁਰੂ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img