More

  ਬਲਾਕ ਪੱਧਰੀ ਖੇਡਾਂ ‘ਚ ਕਲੱਸਟਰ ਬਹਾਦਰਪੁਰ ਬਣਿਆ ਓਵਰਆਲ ਚੈਂਪੀਅਨ

  ਸੀਐੱਚਟੀ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਲਗਾਤਾਰ ਦੂਸਰੀ ਵਾਰ ਜਿੱਤੀ ਓਵਰਆਲ ਟਰਾਫੀ
  ਬਲਾਕ ਬਰੇਟਾ ਦੇ ਲੱਗਭੱਗ ਅੱਧੇ ਗੋਲਡ ਮੈਡਲ ਆਪਣੇ ਨਾਮ ਕੀਤੇ

  ਚੰਡੀਗੜ੍ਹ, 24 ਅਕਤੂਬਰ (ਬੁਲੰਦ ਅਵਾਜ਼ ਬਿਊਰੋ):- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਇੱਕ ਵਾਰ ਫਿਰ ਕਲੱਸਟਰ ਬਹਾਦਰਪੁਰ ਨੇ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਆਪਣੀ ਧਾਕ ਜਮਾਉੰਦੇ ਹੋਏ ਬਲਾਕ ਚੈਂਪੀਅਨ ਬਣ ਕੇ ਓਵਰਆਲ ਟਰਾਫੀ ਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਬਲਾਕ ਪੱਧਰੀ ਟੂਰਨਾਮੈਂਟ ‘ਚ ਸੈਂਟਰ ਹੈੱਡ ਟੀਚਰ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਕਲੱਸਟਰ ਬਹਾਦਰਪੁਰ ਨੇ ਲਗਾਤਾਰ ਦੂਸਰੀ ਵਾਰ ਓਵਰਆਲ ਟਰਾਫੀ ਜਿੱਤ ਕੇ ਸਭ ਨੂੰ ਚਿੱਤ ਕਰ ਦਿੱਤਾ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿੰਡ ਬਖਸ਼ੀਵਾਲਾ ਦੇ ਸਟੇਡੀਅਮ ਵਿੱਚ ਹੋਈਆਂ ਇਨ੍ਹਾਂ ਬਲਾਕ ਪੱਧਰੀ ਖੇਡਾਂ ਦੀ ਮੇਜ਼ਬਾਨੀ ਵੀ ਕਲੱਸਟਰ ਬਹਾਦਰਪੁਰ ਨੇ ਸੀਐੱਚਟੀ ਵਿਜੈ ਕੁਮਾਰ ਮਿੱਤਲ ਦੀ ਅਗਵਾਈ ਹੇਠ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਟੇਟ ਪੈਟਰਨ ਤੇ ਕੀਤੀ ਸੀ। ਜਿਸ ਦੇ ਖ਼ੂਬਸੂਰਤ ਪ੍ਰਬੰਧਾਂ ਦੀ ਤਾਰੀਫ਼ ਜ਼ਿਲ੍ਹਾ ਪੱਧਰ ਤੱਕ ਹੋਈ ਸੀ।ਬਲਾਕ ਬਰੇਟਾ ਦੇ 6 ਕਲੱਸਟਰਾਂ ਦੇ ਹੋਏ ਸਖ਼ਤ ਮੁਕਾਬਲਿਆਂ ‘ਚੋਂ ਕਲੱਸਟਰ ਬਹਾਦਰਪੁਰ ਨੇ ਬਲਾਕ ਬਰੇਟਾ ਦੇ ਲੱਗਭੱਗ ਅੱਧੇ ਗੋਲਡ ਮੈਡਲ ਆਪਣੇ ਨਾਮ ਕਰ ਕੇ ਜ਼ਿਲ੍ਹਾ ਪੱਧਰੀ ਖੇਡਾਂ ‘ਚ ਆਪਣੀ ਵੱਡੀ ਥਾਂ ਪੱਕੀ ਕਰ ਲਈ ਹੈ। ਜਿੰਨ੍ਹਾਂ ਵਿੱਚ ਕਬੱਡੀ ਨੈਸ਼ਨਲ ਸਟਾਇਲ ਲੜਕੇ ਅਤੇ ਲੜਕੀਆਂ, ਫੁੱਟਬਾਲ ਲੜਕੀਆਂ, ਜਿਮਨਾਸਟਿਕ ਆਰਟਿਸਟਿਕ ਲੜਕੇ, ਰਿਧਮਿਕ ਲੜਕੀਆਂ, ਯੋਗਾ ਵਿਅਕਤੀਗਤ ਲੜਕੀਆਂ, ਯੋਗਾ ਗਰੁੱਪ ਲੜਕੇ ਤੇ ਲੜਕੀਆਂ, ਯੋਗਾ ਰਿਧਮਿਕ ਲੜਕੇ ਤੇ ਲੜਕੀਆਂ, ਕੁਸ਼ਤੀਆਂ, ਸਤਰੰਜ਼ ਲੜਕੇ ਤੇ ਲੜਕੀਆਂ, ਰੱਸਾਕਸੀ ਲੜਕੇ, ਬੈਡਮਿੰਟਨ ਲੜਕੇ ਤੇ ਲੜਕੀਆਂ, ਮਿੰਨੀ ਹੈੱਡਬਾਲ ਲੜਕੇ ਤੇ ਲੜਕੀਆਂ, ਰਿਲੇਅ ਲੜਕੀਆਂ ਤੋਂ ਇਲਾਵਾ ਦੌੜਾਂ ਤੇ ਕਰਾਟਿਆਂ ਦੇ ਵੱਖ-ਵੱਖ ਵਰਗਾਂ ਵਿੱਚ ਪਹਿਲੀ ਪੋਜ਼ੀਸ਼ਨ ਲੈ ਕੇ ਗੋਲਡ ਅਤੇ ਦਰਜ਼ਨਾਂ ਭਰ ਈਵੈਂਟਾਂ ਵਿੱਚ ਦੂਸਰੀ ਪੋਜ਼ੀਸ਼ਨ ਹਾਸਲ ਕੀਤੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਖੇਡਾਂ ‘ਚ ਪਿਛਲੇ ਸਾਲ ਕਲੱਸਟਰ ਬਹਾਦਰਪੁਰ ਨੇ ਸਟੇਟ ਪੱਧਰ ਤੱਕ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਗੋਲਡ ਮੈਡਲ ਆਪਣੇ ਨਾਮ ਕੀਤੇ ਸਨ। ਬਲਾਕ ਬਰੇਟਾ ਦੀਆਂ ਇਹ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਮਨਦੀਪ ਸਿੰਘ ਦੀ ਰਹਿਨੁਮਾਈ ਹੇਠ ਹੋਈਆਂ ਸਨ। ਲਗਾਤਾਰ ਤਿੰਨ ਦਿਨ ਚੱਲੀਆਂ ਇਨ੍ਹਾਂ ਖੇਡਾਂ ਵਿੱਚ ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਮੈਡਮ ਰੂਬੀ ਬਾਂਸਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਲਾਭ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੀ। ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ, ਸਿੱਖਿਆ ਵਿਕਾਸ ਮੰਚ ਮਾਨਸਾ ਅਤੇ ਵੱਖ-ਵੱਖ ਅਧਿਆਪਕ ਜੰਥੇਬੰਦੀਆਂ ਨੇ ਕਲੱਸਟਰ ਇੰਚਾਰਜ਼ ਵਿਜੈ ਕੁਮਾਰ ਮਿੱਤਲ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਇਹ ਬੱਚੇ ਸਟੇਟ ਪੱਧਰ ਤੇ ਵੀ ਜਾ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਕਲੱਸਟਰ ਖੇਡ ਇੰਚਾਰਜ਼ ਵਿਨੋਦ ਕੁਮਾਰ, ਹਰਮੀਤ ਸਿੰਘ, ਹਰਜਿੰਦਰ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਸਿੰਗਲਾ, ਗੁਰਇਕਬਾਲ ਸਿੰਘ, ਕਰਮਦੀਨ ਖਾਨ, ਮਹਿੰਦਰ ਪਾਲ, ਨਾਇਬ ਸਿੰਘ, ਦਿਨੇਸ਼ ਗਰਗ, ਅਸੋਕ ਸ਼ਰਮਾਂ, ਅਮਨਦੀਪ, ਜਗਜੀਵਨ ਕੁਮਾਰ, ਜਗਸੀਰ ਸਿੰਘ, ਰਾਮਜਸ ਸਿੰਘ, ਕੇਵਲ ਕ੍ਰਿਸ਼ਨ, ਪਾਰਸਮਨੀ, ਰਜਨੀਸ਼ ਅਰੋੜਾ ਗੁਰਵਿੰਦਰ ਸਿੰਘ, ਬ੍ਰਿਛ ਭਾਨ, ਅਰਚਿਤ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img