More

    ਪੰਜਾਬ ਦੀ ਸਿਆਸੀ ਹੱਡਾਰੋੜੀ

    ਵੋਟਾਂ ਤੇ ਭਾਵੇਂ ਮੋਦੀ ਹੁਰੀੰ ਉਮੀਕਰੋਨ ਦੇ ਬਹਾਨੇ ਮਹੀਨਾ ਖੰਡ ਅਗਾਂਹ ਕਰ ਦੇਣ ਪਰ ਪੰਜਾਬ ‘ਚ ਮੁਖ ਧਰਾਈ ਸਿਆਸਤ ਕਰਨ ਵਾਲਿਆਂ ਦੀ ਜੀਭ ਬਾਹਰ ਆਈ ਪਈ, ਧੜਾ ਭਾਵੇੰ ਕੋਈ ਵੀ ਹੋਵੇ। ਮੇਰੇ ਦਿਮਾਗ ‘ਚ ਜਿਹੜਾ ਕੈਰੀਕੈਚਰ (ਕਮਲੀ ਤਸਵੀਰ) ਬਣਨ ਡਿਹਾ, ਉਹਦੇ ਮੁਤਾਬਕ ਦਿੱਲੀ ਇਕ ਡਾਂਗ ਅੱਗੇ ਰੱਸੀ ਬੰਨ ਹੱਡ ਲਮਕਾਈ ਬੈਠੀ ਏ, ਜੀਹਦੇ ਤੇ ਪੰਜਾਬ ਅਸੈਬਲੀ ਬਣੀ ਏ। ਥੱਲੇ ਕੁੱਤਾ ਦੌੜ ‘ਚ ਸ਼ਾਮਲ ਕਈ ਕੁੱਤੇ ਨੇ। ਦੋ ਕੱਦਵਾਰ ਕੁੱਤੇ ਨੇ ਜਿਹੜੇ ਏਸ ਹੱਡੀ ਪਿਛੇ ਪੁਰਾਣੇ ਲੜਦੇ ਆ ਰਹੇ ਨੇ, ਇਹਨਾਂ ਚੋੰ ਇਕ ਨਸਲੀ ਸੀ ਜੀਹਦਾ ਵਾਸਘਾਸ ਹੋ ਗਿਆ ਨਾਲੇ ਚਿਚੜਾਂ ਦਾ ਇਕ ਹੀ ਕੁਨਬਾ ਇਸ ਦਾ ਖੂਨ ਪੀੰਦਾ ਰਿਹਾ ਤਾਂ ਕਰਕੇ ਕਮਜੋਰੀ ਫੜ ਗਿਆ। ਦੂਜਾ ਵੱਡੇ ਘਰਾਣੇ ਦਾ ਕੁੱਤਾ ਪਰ ਖੁਰਕ ਪਈ ਏ, ਕਈ ਚਿੱਚੜ ਕੁੱਤਾ ਕਾਬੂ ਰੱਖਣ ਦਾ ਦਾਹਵਾ ਕਰੀ ਬੈਠੇ ਨੇ। ਇਕ ਸ਼ਹਿਰੀਆ ਜਿਹਾ ਫੈੰਸੀ ਕੁੱਤਾ ਨਵਾਂ ਆਇਆ ਏ, ਛੋਹਲਾ ਵੀ ਬਹੁਤ ਆ, ਪਰ ਪੁਰਾਣੇ ਕੁੱਤਿਆਂ ਵਾਲੇ ਲੱਛਣ ਫੜ ਗਿਆ, ਰੂੜੀਆਂ ਕੱਛਦਾ ਰਹਿੰਦਾ। ਮਾਲਕਾਂ ਨੇ ਅਜੇ ਦਾਹਵਾ ਨਹੀੰ ਛੱਡਿਆ ਪਰ ਸਾਂਭ ਸੰਭਾਲ ਵੀ ਕੋਈ ਨਹੀੰ। ਦੌੜਨਾ ਨਹੀੰ ਜਾਣਦਾ ਬੱਸ ਹੱਡੀ ਬੋਚਣ ਲਈ ਉਚੀ ਛਾਲ ਦੀ ਪਰੈਕਟਿਸ ਆ।

    ਰਿੰਗ ਤੋੰ ਬਾਹਰ ਬੈਠੇ ਇਹਦੇ ਤੇ ਅਰਬਾਂ ਰੁਪਈਆ ਲਾਈ ਬੈਠੇ ਨੇ ਕਿ ਇਹ ਹੱਡੀ ਬੋਚ ਲਊ। ਹੱਡੀ ਬੋਚ ਕੇ ਕਿੱਥੇ ਜਾ ਕੇ ਚੱਟੂ ਤੇ ਕਿਨੂੰ ਚਟਵਾਊ ਕਿਸੇ ਨੂੰ ਪਤਾ ਨਹੀੰ। ਸਿਆਲੀ ਦਿਨਾਂ ਚ ਇਹ ਮਫਲਰ ਤੇ ਟੋਪੀ ਪਾ ਕੇ ਵੀ ਗਲੀ ਦੇ ਦੂਜੇ ਕੁਤਿਆਂ ਤੋੰ ਪਾਸੇ ਬੈਠਾ ਘੰਗਦਾ ਏ।
    ਐਤਕੀਂ ਜੱਟਾਂ ਨੇ ਫਸਲਾਂ ਖਰਾਬ ਕਰਦਾ ਇਕ ਅਵਾਰਾ ਸਾਨ੍ਹ ਸੁੱਟ ਲਿਆ। ਸਾਨ੍ਹ ਦੀ ਲੋਥ ‘ਤੇ ਕੁਝ ਕੁੱਤੇ ਉੱਚੇ ਚੜ੍ਹ ਬਹਿ ਗਏ। ਉਨ੍ਹਾਂ ਨੇ ਵੀ ਸੋਚਿਆ ਕੇ ਚਲੋੰ ਜੇ ਜੱਟ ਪਿਛੇ ਲੱਗੇ ਈ ਆ ਤਾਂ ਇਹ ਵਜ਼ਾਰਤ ਵਾਲੀ ਹੱਡੀ ਵੀ ਚੂਸ ਲਈਏ। ਸੋ ਉਹ ਰੂਸੀ ਦੇਸੀ ਮਿਕਸ ਡੌਗ ਵੀ ਛਾਲਾਂ ਮਾਰ ਰਹੇ ਨੇ ਪਰ ਟਰੇੰਡ ਕਤੀੜ ਨੂੰ ਪਤਾ ਕਿ ਇਨਾਂ ਨੂੰ ਕਿਵੇੰ ਉਲਝਾਉਣਾ। ਏਨਾ ਨੂੰ ਕਹਿੰਦੇ ਇਹ ਹੱਡੀ ਚੂਸਣਯੋਗ ਨਹੀੰ, ਤੁਸੀਂ ਬਾਹਰ ਬਹਿ ਕੇ ਦੱਸੋ ਕਿ ਕਿਵੇੰ ਚੂਸਣੀ ਚਾਹੀਦੀ। ਏਦੋੰ ਇਲਾਵਾ ਏਨਾ ਵੱਡੇ ਪੁਰਾਣੇ ਕੁੱਤਿਆਂ ਨੂੰ ਚੂਸ ਚੂਸ ਕੇ ਪਲੇ ਕੁਝ ਵੱਡੇ ਚਿੱਚੜ ਵੀ ਮੈਦਾਨ ‘ਚ ਨੇ। ਦਿੱਲੀ ਦੀ ਇਕ ਡੌਗ ਟਰੇਨਰ ਫਰਮ ਇਨਾਂ ਨੂੰ ਚੰਭਲਾ ਕੇ ਅਹਿਸਾਸ ਕਰਵਾ ਰਹੀ ਕਿ ਤੁਸੀਂ ਚਿੱਚੜ ਨਹੀੰ, ਖ਼ੁਦ ਕੁੱਤੇ ਹੋ। ਹੱਡੀ ਦਾ ਸਵਾਦ ਵੇਖਿਆ ਹੋਣ ਕਰਕੇ ਇਹ ਚਿੱਚੜ ਵੀ ਕੱਦੋੰ ਵਧ ਕੇ ਛਾਲਾਂ ਮਾਰ ਰਹੇ ਨੇ। ਸਭ ਤੋੰ ਵੱਡੀ ਕਮਾਲ ਏਹ ਆ ਕਿ ਰਿੰਗ ਦੇ ਬਾਹਰ ਬੈਠੇ ਭੋਲੇ ਪੰਜਾਬੀ ਇਸ ਡੌਗ ਫਾਇਟ ਨੂੰ ਕੁੱਤ ਕਲੇਸ਼ ਨਹੀੰ ਸਮਝਦੇ ਸਗੋੰ ਉਹ ਇਨਾਂ ਕੁੱਤਿਆਂ ‘ਤੇ ਯਕੀਨ ਕਰੀੰ ਬੈਠੇ ਨੇ ਕਿ ਜਦੋੰ ਇਹ ਹੱਡੀ ਉਨ੍ਹਾਂ ਚੋੰ ਕਿਸੇ ਦੇ ਹੱਥ ਆ ਗਈ ਤੇ ਸਾਡਾ ਵੀ ਰੱਜ ਹੋ ਜਾਵੇਗਾ। ਜਦੋੰ ਕੋਈ ਅਸਲ ਨੂੰ ਖੇਡ ਤੇ ਖੇਡ ਨੂੰ ਅਸਲ ਸਮਝਣ ਲੱਗ ਜਾਵੇ ਤੇ ਇਹ ਰੋਗ ਹੁੰਦਾ, ਮਨ ਪ੍ਰਚਾਵਾ ਨਹੀੰ।

    -ਐਂਟੀਡੌਗ ਸਕੁਐਡ (ਪਿੰਡ ਵੀਲ੍ਹਾ ਤੇਜਾ)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img