More

    ਪੰਜਾਬ ’ਚ ਕੋਰੋਨਾ ਨੂੰ ਮਾਤ! ਪਿਛਲੇ 12 ਦਿਨਾਂ ਦੌਰਾਨ ਘਟੇ 50% ਮਰੀਜ਼

    ਚੰਡੀਗੜ੍ਹ, 27 ਮਈ (ਬੁਲੰਦ ਆਵਾਜ ਬਿਊਰੋ)  ਕੋਰੋਨਾ ਨਾਲ ਜੂਝ ਰਹੇ ਪੰਜਾਬ ’ਚ ਪਿਛਲੇ 12 ਦਿਨਾਂ ਤੋਂ ਕੋਰੋਨਾ ਦੇ ਮਾਮਲੇ 50 ਫ਼ੀਸਦੀ ਘਟ ਗਏ ਹਨ; ਜਿਸ ਨੂੰ ਇੱਕ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਐਕਟਿਵ ਮਰੀਜ਼ਾਂ ਦਾ ਅੰਕੜਾ ਵੀ 37 ਫ਼ੀਸਦੀ ਤੱਕ ਘਟਿਆ ਹੈ। ਬੁੱਧਵਾਰ ਨੂੰ 4,152 ਨਵੇਂ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹੋਏ। ਇਹ ਅੰਕੜਾ ਮਈ ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਬੀਤੀ 14 ਮਈ ਨੂੰ 8,036 ਮਰੀਜ਼ ਪੌਜ਼ੇਟਿਵ ਆਏ। ਹੁਣ ਤੱਕ ਕੋਵਿਡ-19 ਦੀ ਲਪੇਟ ’ਚ ਆਏ ਮਰੀਜ਼ਾਂ ਦੀ ਕੁੱਲ ਗਿਣਤੀ ਵੀ ਵਧ ਕੇ ਸਾਢੇ 5 ਲੱਖ ਤੋਂ ਪਾਰ ਹੋ ਗਈ ਹੈ।

    ਕੱਲ੍ਹ ਬੁੱਧਵਾਰ ਨੂੰ ਇਹ ਗਿਣਤੀ 5 ਲੱਖ 50 ਹਜ਼ਾਰ 354 ’ਤੇ ਪੁੱਜ ਗਈ ਸੀ। ਦੂਜੇ ਮੋਰਚੇ ਵੱਡੀ ਰਾਹਤ ਐਕਟਿਵ ਮਰੀਜ਼ਾਂ (ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ) ਦੇ ਮਾਮਲੇ ’ਚ ਮਿਲੀ ਹੈ। ਕੱਲ੍ਹ ਐਕਟਿਵ ਮਰੀਜ਼ਾਂ ਦੀ ਗਿਣਤੀ 37 ਫ਼ੀਸਦੀ ਤੱਕ ਘਟ ਕੇ 50 ਹਜ਼ਾਰ ਦੇ ਲਗਭਗ ਰਹਿ ਗਈ, ਜੋ 12 ਮਈ ਨੂੰ 79,196 ਸੀ। ਭਾਵੇਂ ਕੋਵਿਡ ਦੀ ਛੂਤ ਕਾਰਨ ਹੋਣ ਵਾਲੀਆਂ ਮੌਤਾਂ ਦੀ ਰਫ਼ਤਾਰ ਸਿਹਤ ਮਹਿਕਮੇ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਘੱਟ ਨਹੀਂ ਹੋ ਰਹੀ।

    22 ਮਈ ਨੂੰ 24 ਘੰਟਿਆਂ ਦੌਰਾਨ 195 ਮੌਤਾਂ ਤੋਂ ਬਾਅਦ ਇਹ ਅੰਕੜਾ 176 ’ਤੇ ਚਲਾ ਗਿਆ ਸੀ ਪਰ ਬੁੱਧਵਾਰ ਨੂੰ ਇਹ ਮੁੜ 195 ’ਤੇ ਚਲਾ ਗਿਆ। ਲੁਧਿਆਣਾ ਤੇ ਪਟਿਆਲਾ ’ਚ ਸਭ ਤੋਂ ਵੱਧ 20-20 ਮੌਤਾਂ ਹੋਈਆਂ। ਸੂਬੇ ’ਚ ਬੁੱਧਵਾਰ ਨੂੰ 6,397 ਮਰੀਜ਼ ਠੀਕ ਹੋਏ। ਠੀਕ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 4,87,859 ਹੋ ਗਈ ਹੈ।

    ਸੂਬੇ ’ਚ ‘ਮਿਊਕਰਮਾਇਕੌਸਿਸ’ ਭਾਵ ‘ਬਲੈਕ ਫ਼ੰਗਸ’ ਦੇ ਮਰੀਜ਼ ਵਧ ਰਹੇ ਹਨ। ਬੁੱਧਵਾਰ ਨੂੰ ਫ਼ਾਜ਼ਿਲਕਾ ਜ਼ਿਲ੍ਹੇ ’ਚ ਵੀ ‘ਬਲੈਕ ਫ਼ੰਗਸ’ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ; ਜਦ ਕਿ ਦੋ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਭ ਤੋਂ ਵੱਧ ਲੁਧਿਆਣਾ ’ਚ 9, ਪਟਿਆਲਾ ’ਚ 6, ਫ਼ਾਜ਼ਿਲਕਾ ’ਚ 3, ਫ਼ਰੀਦਕੋਟ ’ਚ 3 ਤੇ ਹੁਸ਼ਿਆਰਪੁਰ ’ਚ 1 ਕੇਸ ਸਮੇਤ 24 ਘੰਟਿਆਂ ਦੌਰਾਨ 22 ਨਵੇਂ ਕੇਸ ਸਾਹਮਣੇ ਆਏ ਹਨ।

    ਫ਼ਾਜ਼ਿਲਕਾ ਤੇ ਲੁਧਿਆਣਾ ’ਚ 1-1 ਮੌਤ ਹੋਈਹੈ। ਸਾਰੇ ਸੂਬੇ ’ਚ ‘ਬਲੈਕ ਫ਼ੰਗਸ’ ਦੇ ਹੁਣ ਤੱਕ 168 ਮਾਮਲੇ ਆ ਚੁੱਕੇ ਹਨ ਤੇ 23 ਮੌਤਾਂ ਹੋ ਚੁੱਕੀਆਂ ਹਨ। ਫ਼ਾਜ਼ਿਲਕਾ ਲਈ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ, ਉਹ ਡੀਐਮਸੀ ਲੁਧਿਆਣਾ ’ਚ ਜ਼ੇਰੇ ਇਲਾਜ ਸੀ।

    ਲੁਧਿਆਣਾ ’ਚ ਜਿਹੜੀ ਮੌਤ ਹੋਈ ਹੈ, ਉਹ ਵਿਅਕਤੀ ਦਰਅਸਲ ਬਰਨਾਲਾ ਦਾ ਨਿਵਾਸੀ ਹੈ। ਇੱਕ ਮਹਿਲਾ ਜੋ ਕੋਰੋਨਾ ਦੀ ਲਾਗ ਤੋਂ ਗ੍ਰਸਤ ਹੋਣ ਤੋਂ ਬਾਅਦ ‘ਬਲੈਕ ਫ਼ੰਗਸ’ ਤੋਂ ਵੀ ਪੀੜਤ ਹੋ ਗਈ ਸੀ। ਲੁਧਿਆਣਾ ਜ਼ਿਲ੍ਹੇ ’ਚ ਡੀਐਮਸੀ ’ਚ 23, ਸੀਐਮਸੀ ’ਚ 10, ਦੀਪ ਹਸਪਤਾਲ ’ਚ 6, ਓਸਵਾਲ ਹਸਪਤਾਲ ’ਚ 2, ਐਸਪੀਐਸ ’ਚ 9, ਫ਼ੌਰਟਿਸ, ਐਸਏਐਸ ਗਰੇਵਾਲ ਤੇ ਸਿਵਲ ਹਸਪਤਾਲ ’ਚ ‘ਬਲੈਕ ਫ਼ੰਗਸ’ ਦਾ 1-1 ਮਰੀਜ਼ ਹੁਣ ਤੱਕ ਮਿਲ ਚੁੱਕਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img