More

    ਪ੍ਰੀਖਿਆ ’ਚ ਬੈਠਣ ਲਈ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਤੇ ਕਿਰਪਾਨ ਅਤੇ ਕੜਾ ਉਤਾਰਨ ਲਈ ਪਾਇਆ ਗਿਆ ਜ਼ੋਰ

    ਕੇਂਦਰ, ਦਿੱਲੀ ਸਰਕਾਰ ਤੇ ਸਰਵਿਸਜ਼ ਸਿਲੈਕਸ਼ਨ ਬੋਰਡ ਨੂੰ ਨੋਟਿਸ ਕੀਤਾ ਜਾਰੀ

    ਨਵੀਂ ਦਿੱਲੀ, 23 ਜੁਲਾਈ (ਬੁਲੰਦ ਆਵਾਜ ਬਿਊਰੋ) – ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਕਿਰਪਾਨ ਤੇ ਕੜੇ ਕਾਰਨ ਪ੍ਰੀਖਿਆ ’ਚ ਬੈਠਣ ਤੋਂ ਰੋਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਦਿੱਲੀ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਦਿੱਲੀ ਹਾਈਕੋਰਟ ਵਿੱਚ ਆਪਣੇ ਵਕੀਲ ਕਪਿਲ ਮਦਾਨ ਅਤੇ ਗੁਰਮੁੱਖ ਸਿੰਘ ਅਰੋੜਾ ਰਾਹੀਂ ਪਟੀਸ਼ਨ ਦਾਖ਼ਲ ਕਰਦਿਆਂ ਸਿੱਖ ਵਿਦਿਆਰਥਣ ਮਨਹਰਲੀਨ ਕੌਰ ਨੇ ਦੱਸਿਆ ਕਿ ਉਹ ਬੀਤੀ 17 ਜੁਲਾਈ ਨੂੰ ਪੀਜੀਟੀ ਇਕਨਾਮਿਕਸ ਦੇ ਅਹੁਦੇ ਲਈ ਵਿਵੇਕ ਵਿਹਾਰ ’ਚ ਸਥਿਤ ਅਰਵਾਚਿਨ ਭਾਰਤੀ ਭਵਨ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰੀਖਿਆ ਦੇਣ ਗਈ ਸੀ, ਜਿੱਥੇ ਦਿੱਲੀ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ (ਡੀਐਸਐਸਐਸਬੀ) ਵੱੱਲੋਂ ਪ੍ਰੀਖਿਆ ਲਈ ਜਾ ਰਹੀ ਸੀ। ਜਦੋਂ ਉਹ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ਲੱਗੀ ਤਾਂ ਉਸ ਨੂੰ ਕਿਰਪਾਨ ਤੇ ਕੜਾ ਉਤਾਰਨ ਲਈ ਕਿਹਾ ਗਿਆ, ਪਰ ਮਨਹਰਲੀਨ ਕੌਰ ਨੇ ਆਪਣੇ ਧਾਰਮਿਕ ਚਿੰਨ੍ਹ ਉਤਾਰਨ ਤੋਂ ਮਨ੍ਹਾ ਕਰ ਦਿੱਤਾ।

    ਇਸ ’ਤੇ ਉਸ ਨੂੰ ਪ੍ਰੀਖਿਆ ਵਿੱਚ ਹੀ ਨਹੀਂ ਬੈਠਣ ਦਿੱਤਾ ਗਿਆ। ਇਸ ਕਾਰਨ ਮਨਹਰਲੀਨ ਕੌਰ ਨੂੰ ਬਹੁਤ ਦੁੱਖ ਹੋਇਆ, ਕਿਉਂਕਿ ਉਹ ਪਿਛਲੇ ਲਗਭਗ ਡੇਢ ਸਾਲ ਤੋਂ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਸ ਨੇ ਪ੍ਰੀਖਿਆ ਲੈ ਰਹੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਸ ਨੂੰ ਪ੍ਰੀਖਿਆ ਵਿੱਚ ਬੈਠਣ ਦਿੱਤਾ ਜਾਵੇ, ਪਰ ਉਸ ਦੀ ਇੱਕ ਨਹੀਂ ਸੁਣੀ ਗਈ। ਇਸ ਮਗਰੋਂ ਮਜਬੂਰ ਹੋ ਕੇ ਮਨਹਰਲੀਨ ਕੌਰ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, ਜਿੱਥੇ ਉਸ ਨੇ ਇਨਸਾਫ਼ ਦੀ ਗੁਹਾਰ ਲਾਈ।

    ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਦਿਆਂ ਮਨਹਰਲੀਨ ਕੌਰ ਨੇ ਤਰਕ ਦਿੱਤਾ ਕਿ ਉਸ ਨੇ ਅੰਮ੍ਰਿਤ ਛਕਿਆ ਹੋਇਆ ਹੈ। ਇਸ ਲਈ ਉਹ ‘ਕਿਰਪਾਨ’ ਤੇ ‘ਕੜਾ’ ਵੀ ਪਾ ਕੇ ਰੱਖਦੀ ਹੈ, ਜੋ ਕਿ ਸਿੱਖ ਧਰਮ ਦੇ ਅਹਿਮ ਚਿੰਨ੍ਹ ਹਨ। ਭਾਰਤੀ ਸੰਵਿਧਾਨ ਧਾਰਮਿਕ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਪਰ ਦਿੱਲੀ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਵੱਲੋਂ ਲਈ ਜਾ ਰਹੀ ਪ੍ਰੀਖਿਆ ਦੌਰਾਨ ਉਸ ਦੇ ਧਾਰਮਿਕ ਅਧਿਕਾਰਾਂ ਦਾ ਉਲੰਘਣ ਹੋਇਆ ਹੈ, ਜਿਸ ਦੇ ਲਈ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਮਨਹਰਲੀਨ ਕੌਰ ਨੂੰ ਜਲਦ ਤੋਂ ਜਲਦ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਪ੍ਰਦਾਨ ਕੀਤਾ ਜਾਵੇ।
    ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਕਿ ਦਸੰਬਰ 2017 ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਨੂੰ ਜ਼ਰੂਰੀ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਵੱਲੋਂ ਖਾਸ ਤੌਰ ’ਤੇ ਇਸ ਦਾ ਜ਼ਿਕਰ ਕੀਤਾ ਗਿਆ ਸੀ ਕੋਈ ਵੀ ਪ੍ਰੀਖਿਆ ਦੇਣ ਆਉਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾ ਸਣੇ ਪ੍ਰੀਖਿਆ ਹਾਲ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇ।

    ਦੱਸ ਦੇਈਏ ਕਿ 2018 ਵਿੱਚ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਸੀਬੀਐਸਈ ਵੱਲੋਂ ਸਿੱਖ ਵਿਦਿਆਰਥੀਆਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਸੀ। ਇਹ ਮਾਮਲਾ ਵੀ ਹਾਈਕੋਰਟ ਪੁੱਜਿਆ ਸੀ। ਦਿੱਲੀ ਹਾਈਕੋਰਟ ਵਿੱਚ ਮਨਹਰਲੀਨ ਕੌਰ ਦੇ ਕੇਸ ਦੀ ਅਗਲੀ ਸੁਣਵਾਈ ਹੁਣ 11 ਅਗਸਤ ਨੂੰ ਹੋਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img