ਪਿੰਡਾਂ ਨੂੰ ਛੇ ਕਰੋੜ ਤੋਂ ਵੱਧ ਦੀ ਰਾਸ਼ੀ ਵੰਡੀ
ਅੰਮ੍ਰਿਤਸਰ, 17 ਸਤੰਬਰ (ਬੁਲੰਦ ਆਵਾਜ਼):-ਪੰਜਾਬ ਸਰਕਾਰ ਸਾਰੇ ਸੂਬੇ ਦੀ ਖੁਸ਼ਹਾਲੀ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਨਿਰੰਤਰ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਸਾਡੇ ਪਿੰਡ ਜਿਨਾਂ ਵਿੱਚ ਕਿਸੇ ਵੇਲੇ ਰੱਬ ਦੇ ਵਸਣ ਵਰਗਾ ਸੁਖ ਅਤੇ ਸ਼ਾਂਤੀ ਸੀ ਨੂੰ ਵਿਕਸਿਤ ਕਰਨ ਲਈ ਵੱਡੇ ਪੱਧਰ ਤੇ ਯਤਨ ਹੋ ਰਹੇ ਹਨ। ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਮੌਕੇ ਕੀਤਾ । ਉਹਨਾਂ ਕਿਹਾ ਕਿ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਮੱਸਿਆ, ਪਾਰਕਾਂ ਦੀ ਉਸਾਰੀ, ਗਲੀਆਂ ਨਾਲੀਆਂ ਦੇ ਮਸਲੇ, ਸਾਫ ਸਫਾਈ ਅਤੇ ਛੱਪੜਾਂ ਦੇ ਨਵੀਨੀਕਰਨ ਵਰਗੇ ਵੱਡੇ ਮੁੱਦੇ ਸਰਕਾਰ ਤੋਂ ਸਹਿਯੋਗ ਮੰਗ ਰਹੇ ਹਨ, ਜਿਸ ਵਾਸਤੇ ਅਸੀਂ ਆਪਣੇ ਕਮਰ ਕੱਸੇ ਕਰ ਲਏ ਹਨ ਅਤੇ ਹੁਣ ਪਿੰਡਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਪੱਕਾ ਹੱਲ ਆਉਣ ਵਾਲੇ ਸਮੇਂ ਵਿੱਚ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਰਾਹ ਪੱਧਰੇ ਕਰਨ ਲਈ ਪਿੰਡਾਂ ਨੂੰ ਵਿਕਸਿਤ ਕੀਤਾ ਜਾਣਾ ਜਰੂਰੀ ਹੈ ਅਤੇ ਹੁਣ ਪਿੰਡਾਂ ਦੀਆਂ ਮੁਢਲੀਆਂ ਲੋੜਾਂ ਨੂੰ ਸ਼ਹਿਰਾਂ ਦੀ ਤਰਜ ਉੱਤੇ ਵਿਕਸਿਤ ਕੀਤਾ ਜਾਵੇਗਾ। ਸ ਹਰਭਜਨ ਸਿੰਘ ਨੇ ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਇੰਨਾ ਕੰਮਾਂ ਵਿੱਚ ਸਹਿਯੋਗ ਦੇਣ ਤਾਂ ਜੋ ਅਸੀਂ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਲਏ ਹੋਏ ਰੰਗਲੇ ਪੰਜਾਬ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕੀਏ। ਕੈਬਨਿਟ ਮੰਤਰੀ ਨੇ ਅੱਜ 57 ਪਿੰਡਾਂ ਨੂੰ 6 ਕਰੋੜ 19 ਲੱਖ ਰੁਪਏ ਦੀ ਰਾਸ਼ੀ ਵੱਖ ਵੱਖ ਕੰਮਾਂ ਲਈ ਜਾਰੀ ਕੀਤੀ। ਇਸ ਮੌਕੇ ਪਾਰਟੀ ਦੇ ਸਾਰੇ ਬਲਾਕ ਪ੍ਰਧਾਨ, ਚੇਅਰਮੈਨ, ਜੁਇੰਟ ਸਕੱਤਰ, ਵੱਡੀ ਗਿਣਤੀ ਵਿੱਚ ਵਰਕਰ, ਸਤਿੰਦਰ ਸਿੰਘ ਸੁਖਵਿੰਦਰ ਸਿੰਘ, ਸੁਨੈਣਾ ਰੰਧਾਵਾ, ਸਰਬਜੀਤ ਡਿੰਪੀ, ਪਿੰਡਾਂ ਦੇ ਨੁਮਾਇੰਦੇ, ਬੀਡੀਪੀਓ ਰਈਆ, ਤਰਸਿੱਕਾ ਤੇ ਜੰਡਿਆਲਾ ਗੁਰੂ ਵੀ ਹਾਜ਼ਰ ਸਨ।