More

    ਪਿਆਰੀ ਮਾਸ਼ਾ (ਕੋਮਲ) ਤੇ ਰਿਸ਼ੀ ਨੂੰ ਫ਼ੇਰ ਮਿਲਣ ਦੇ ਵਾਅਦੇ ਨਾਲ਼ ਅਲਵਿਦਾ!

    ਚਾਰ ਸਾਲ ਪਹਿਲਾਂ ਇੱਕ ਨਿੱਕੀ ਜਿਹੀ ਸ਼ਰਾਰਤੀ ਕੁੜੀ ਅਤੇ ਭੋਲ਼ੇ ਜਿਹੇ ਚਿਹਰੇ ਵਾਲ਼ਾ ਸ਼ਰਾਰਤੀ ਮੁੰਡਾ ਪਹਿਲੀ ਵਾਰ ਨਵੀਂ ਸਵੇਰ ਪਾਠਸ਼ਾਲਾ ਵਿੱਚ ਪੜ੍ਹਣ ਆਏ। ਕੁੜੀ ਬਹੁਤ ਤੇਜ਼ ਸੀ, ਏਨੀਂ ਫ਼ੁਰਤੀਲੀ ਕਿ ਪਤਾ ਨਹੀਂ ਲੱਗਦਾ ਸੀ ਕਦੋਂ ਕਿਧਰੋਂ-ਕਿਧਰ ਪਹੁੰਚ ਜਾਂਦੀ। ਉਸਦਾ ਨਾਮ ਕੋਮਲ ਸੀ ਪਰ ਅਸੀਂ ਪਿਆਰ ਨਾਲ਼ ਉਸਦਾ ਨਾਮ ਮਾਸ਼ਾ ਰੱਖ ਲਿਆ, ਓਦੋਂ ਤੋਂ ਉਸਨੂੰ ਸਾਰੇ ਇਸੇ ਨਾਮ ਨਾਲ਼ ਬੁਲਾਉਂਦੇ ਰਹੇ। ਮਾਸ਼ਾ ਨੂੰ ਮੈਂ ਹਮੇਸ਼ਾ ਬਹੁਤ ਲਾਡ-ਪਿਆਰ ਨਾਲ਼ ਰੱਖਿਆ, ਉਸਦੀਆਂ ਸ਼ਰਾਰਤਾਂ ਨੂੰ ਕਦੇ ਰੋਕਣ ਦੀ ਕੋਸ਼ਿਸ਼ ਨੀ ਕੀਤੀ, ਮੈਂ ਬੱਚਿਆਂ ਤੇ ਘੱਟ ਹੀ ਖਿਝਦੀ ਹਾਂ, ਮੈਨੂੰ ਉਹਨਾਂ ਤੇ ਗੁੱਸਾ ਨਹੀਂ ਆਉਂਦਾ ਪਰ ਮੈਂ ਕਦੇ ਗੰਭੀਰ ਗ਼ਲਤੀਆਂ ਅੱਖੋਂ-ਪਰੋਖੇ ਨੀ ਕਰਦੀ ਸਗੋਂ ਹਰ ਵਾਰ ਉਹਨਾਂ ਨਾਲ਼ ਗੱਲ ਕਰਕੇ ਉਸ ਗ਼ਲਤੀ ਦੇ ਚੰਗੇ-ਬੁਰੇ ਨਤੀਜੇ ਬਾਰੇ ਦੱਸਦੀ ਹਾਂ ਅਤੇ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੀ ਹਾਂ। ਪਰ ਇੱਕ ਵਾਰ ਮਾਸ਼ਾ ਨੇ ਇੱਕ ਵੱਡੀ ਗ਼ਲਤੀ ਕੀਤੀ, ਉਸਨੇ ਇੱਕ ਜ਼ਹਿਰੀਲੀ ਸਪ੍ਰੇ ਨਾਲ਼ ਛੇੜਖਾਨੀ ਕੀਤੀ ਇਸਦਾ ਉਸਨੂੰ ਨੁਕਸਾਨ ਵੀ ਹੋ ਸਕਦਾ ਸੀ ਮੇਰੇ ਤੋਂ ਉਸਦੇ ਬਹੁਤ ਕਰਾਰੀ ਚਪੇੜ ਪਈ । ਅਸੀਂ ਉਸ ਚਪੇੜ ਵਾਲ਼ੀ ਕਹਾਣੀ ਨੂੰ ਬਹੁਤ ਵਾਰ ਹੱਸ ਕੇ ਯਾਦ ਕਰਦੇ ਹਾਂ।
    ਰਿਸ਼ੀ ਉਸਦਾ ਵੱਡਾ ਭਰਾ ਹੈ, ਜਦੋਂ ਪੜ੍ਹਨ ਲੱਗਿਆ ਤਾਂ ਉਸਨੂੰ ਕੁੱਝ ਵੀ ਪੜ੍ਹਨਾ ਨਹੀਂ ਆਉਂਦਾ ਸੀ, ਪਰ ਸ਼ਰਾਰਤ ਕਰਨ ਵਿੱਚ ਸਭ ਤੋਂ ਅੱਗੇ ਸੀ। ਉਹ ਰੋਜ਼ ਕੋਈ ਨਾ ਕੋਈ ਅਨੋਖੀ ਜਿਹੀ ਚੀਜ਼ ਲੈ ਆਉਂਦਾ ਅਤੇ ਸਾਰੇ ਬੱਚਿਆਂ ਦਾ ਧਿਆਨ ਆਪਣੀ ਚੀਜ਼ ਵੱਲ ਖਿੱਚ ਲੈਂਦਾ। ਮੈਂ ਉਸਦੀਆਂ ਚੀਜ਼ਾਂ ਫੜ੍ਹ ਕੇ ਰੱਖ ਲੈਂਦੀ। ਮੈਂ ਹੈਰਾਨ ਸੀ ਕਿ ਇਸਨੂੰ ਇਹੋ ਜਿਹਾ ਸਮਾਨ ਕਿੱਥੋਂ ਮਿਲਦਾ ਹੈ। ਫ਼ੇਰ ਪਤਾ ਲੱਗਿਆ ਕਿ ਪੜ੍ਹਾਈ ਕਰਨ ਵਾਸਤੇ ਇਹ ਬੱਚੇ ਕਬਾੜ ਚੁਗਦੇ ਹਨ ਅਤੇ ਉਸੇ ਨੂੰ ਵੇਚ ਕੇ ਕਿਤਾਬਾਂ ਕਾਪੀਆਂ ਖਰੀਦਦੇ ਹਨ। ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਰਿਸ਼ੀ ਪੜ੍ਹਾਈ ‘ਚ ਹੁਸ਼ਿਆਰ ਨਹੀਂ ਪਰ ਉਸਦਾ ਦਿਮਾਗ ਬਹੁਤ ਤੇਜ਼ ਹੈ। ਦੋਨੋਂ ਨਿੱਤ ਨਵੀਆਂ ਸ਼ਰਾਰਤਾਂ ਕਰਦੇ ਪਰ ਮੈਨੂੰ ਹਮੇਸ਼ਾ ਬਹੁਤ ਪਿਆਰੇ ਲੱਗਦੇ। ਰਿਸ਼ੀ ਨੂੰ ਮੈਂ ਰੋਜ਼ ਪਿਆਰ ਨਾਲ਼ ਦੋ-ਤਿੰਨ ਮੁੱਕੇ ਲਾਉਂਦੀ ਸੀ ਤੇ ਕਈ ਵਾਰ ਉਸਦੇ ਸਜਾਅ ਕੇ ਵਾਹੇ ਵਾਲ਼ ਖਿੰਡਾ ਦਿੰਦੀ ਸੀ। ਉਹ ਹੱਸਦਾ ਰਹਿੰਦਾ ਅਤੇ ਜੇ ਕਦੇ ਮੈਂ ਉਸਦੇ ਮੁੱਕੇ ਮਾਰਨਾ ਭੁੱਲ ਜਾਂਦੀ ਤਾਂ ਉਹ ਮੇਰੇ ਕੋਲ ਆ ਕੇ ਸ਼ਰਾਰਤਾਂ ਕਰਨ ਲੱਗ ਜਾਂਦਾ, ਉਹ ਜਾਣ ਕੇ ਆਵਦੀਆਂ ਚੀਜ਼ਾਂ ਕੱਢ ਕੇ ਖੇਡਦਾ ਤੇ ਪੜ੍ਹਾਈ ਨਾ ਕਰਨ ਦਾ ਨਾਟਕ ਕਰਦਾ, ਚੋਰ ਅੱਖ ਨਾਲ਼ ਮੇਰੇ ਵੱਲ ਦੇਖਦਾ, ਮੈਂ ਉਸਨੂੰ ਕੁੱਝ ਨਾ ਕਹਿੰਦੀ ਤਾਂ ਬਹੁਤ ਤਰੀਕੇ ਅਪਣਾਉਂਦਾ ਕਿ ਮੈਂ ਕਿਸੇ ਤਰ੍ਹਾਂ ਉਸ ਨੂੰ ਝਿੜਕਾਂ, ਉਸਨੂੰ ਪਤਾ ਹੁੰਦਾ ਸੀ ਕਿ ਮੈਂ ਉਸਨੂੰ ਸੱਚੀਂ ਨਹੀਂ ਝਿੜਕ ਰਹੀ, ਕਿਉਂਕਿ ਉਸਨੂੰ ਝਿੜਕਦੇ ਸਮੇਂ ਮੈਂ ਹੱਸਣ ਲੱਗ ਜਾਂਦੀ ਸੀ, ਇਹੀ ਉਸਨੂੰ ਪਸੰਦ ਸੀ। ਮੈਂ ਕਦੇ ਉਸਨੂੰ ਅਹਿਸਾਸ ਨੀ ਹੋਣ ਦਿੱਤਾ ਕਿ ਉਹ ਪੜ੍ਹਾਈ ‘ਚ ਕਮਜ਼ੋਰ ਹੈ, ਉਸਨੇ ਵੀ ਵਧੀਆ ਪੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਸਕੂਲ ਵਿੱਚ ਉਸਦੇ ਜਿਹੜੇ ਅਧਿਆਪਕ ਉਸਨੂੰ ਕੁੱਟਦੇ ਸੀ ਓਹੀ ਉਸਦੀਆਂ ਤਰੀਫਾਂ ਕਰਨ ਲੱਗੇ। ਉਹ ਸਭ ਤੋਂ ਪਹਿਲਾਂ ਸਵਾਲ ਸਮਝ ਜਾਂਦਾ ਸੀ ਅਤੇ ਬਾਕੀਆਂ ਦੀ ਵੀ ਮਦਦ ਕਰਦਾ ਸੀ। ਪਿਛਲੇ ਦਿਨਾਂ ਤੋਂ ਉਹ ਛੋਟੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਮੇਰੀ ਮਦਦ ਕਰ ਰਿਹਾ ਸੀ। ਉਸਨੂੰ ਸਾਰਿਆਂ ਨੂੰ ਹਸਾਉਣਾ ਪਸੰਦ ਹੈ ਇਸ ਲਈ ਉਹ ਕਦੇ ਕੋਈ ਨਾਟਕ ਕਰਕੇ, ਕਦੇ ਕੋਈ ਊਟ-ਪਟਾਂਗ ਗੱਲ ਕਰਕੇ, ਕਦੇ ਵਿੰਗੇ-ਟੇਢੇ ਮੂੰਹ ਬਣਾ ਕੇ ਸਭਨੂੰ ਹਸਾਉਂਦਾ ਰਹਿੰਦਾ।
    ਰਿਸ਼ੀ ਸਕੂਲ ਵਿੱਚ ਨਲਾਇਕ ਜਵਾਕਾਂ ‘ਚ ਗਿਣਿਆ ਜਾਂਦਾ ਰਿਹਾ ਹੈ ਪਰ ਪਾਠਸ਼ਾਲਾ ਵਿੱਚ ਉਹ ਸਭਦਾ ਹਰਮਨ ਪਿਆਰਾ ਅਤੇ ਹੋਣਹਾਰ ਬੱਚਾ ਰਿਹਾ ਹੈ, ਜਿਸਦਾ ਬਹੁਤ ਚੰਗਾ ਦਿਲ ਹੈ। ਖ਼ੁਦ ਕਬਾੜ ਇਕੱਠਾ ਕਰਕੇ ਕਿਤਾਬਾਂ ਖ਼ਰੀਦਣ ਲਈ ਪੈਸੇ ਜੋੜਦਾ ਸੀ ਪਰ ਜਦੋਂ ਵੀ ਕਿਸੇ ਹੋਰ ਨੂੰ ਕੋਈ ਚੀਜ਼ ਲੈਣ ਲਈ ਪੈਸੇ ਦੀ ਕਮੀ ਕਰਕੇ ਪ੍ਰੇਸ਼ਾਨ ਦੇਖਦਾ ਸੀ ਤਾਂ ਝੱਟ ਆਪਣੇ ਪੈਸੇ ਦੇ ਕੇ ਮਦਦ ਕਰਨੀ ਚਾਹੁੰਦਾ ਸੀ। ਮੈਂ ਉਹਨਾਂ ਦੋਨਾਂ ਦੇ ਰੋਟੀ ਵਾਲ਼ੇ ਡੱਬੇ ਵਿੱਚ ਕਈ ਵਾਰ ਬਿਨ੍ਹਾਂ ਦਾਲ਼-ਸਬਜ਼ੀ ਤੋਂ ਸੁੱਕੀ ਰੋਟੀ, ਫਿੱਕੇ ਚੌਲ ਅਤੇ ਕਦੇ ਹਲਦੀ ਤੋਂ ਬਿਨ੍ਹਾਂ ਸਬਜ਼ੀ ਦੇਖੀ ਹੈ। ਉਹ ਹੱਸ ਕੇ ਖਾਂਦੇ, ਮੈਂ ਉਹਨਾਂ ਨੂੰ ਕਹਿੰਦੀ ਹੋਰ ਕੁੱਝ ਨੀ ਤਾਂ ਆਲੂ ਹੀ ਉਬਾਲ ਲਿਆਇਆ ਕਰੋ, ਉਹ ਹੱਸ ਕੇ ਕਹਿੰਦੇ ਦੀਦੀ ਪੈਸੇ ਹੈਨੀ। ਦੋਨੋਂ ਬਹੁਤ ਕਮਜ਼ੋਰ ਸੀ, ਮਾਸ਼ਾ ਦਾ ਕੱਦ ਨੀ ਵੱਧ ਰਿਹਾ ਅਤੇ ਰਿਸ਼ੀ ਨੂੰ ਤਾਂ ਪਤਲਾ ਹੋਣ ਕਰਕੇ ਬੱਚੇ ਸੁੱਕੀ ਹੱਡੀ ਵੀ ਕਹਿ ਦਿੰਦੇ ਸੀ। ਪਰ ਮੇਰੇ ਬਿਮਾਰ ਹੋਣ ਤੇ ਉਹ ਪੈਸੇ ਜੋੜ ਕੇ ਦਹੀਂ ਤੇ ਕੇਲੇ ਲੈ ਆਉਂਦੇ ਸੀ।
    ਇੱਕ ਵਾਰ ਮਾਸ਼ਾ ਦਾ ਜਨਮਦਿਨ ਸੀ, ਉਹ ਉਦਾਸ ਸੀ ਕਿਉਂਕਿ ਸਾਰੇ ਬੱਚੇ ਜਨਮਦਿਨ ਮਨਾਉਂਦੇ ਹਨ ਪਰ ਓਹ ਨਹੀਂ ਮਨਾ ਸਕਦੀ ਕਿਉਂਕਿ ਉਸ ਕੋਲ਼ ਪੈਸੇ ਨਹੀਂ। ਰਿਸ਼ੀ ਕੋਲ਼ 30 ਰੁਪਏ ਸੀ, ਉਸਨੇ 10 ਰੁਪਏ ਦਾ ਫਰੂਟ ਕੇਕ, 10 ਰੁਪਏ ਦੇ ਗ਼ੁਬਾਰੇ ਅਤੇ 10 ਰੁਪਏ ਦੀਆਂ ਮੋਮਬਤੀਆਂ ਖ਼ਰੀਦ ਕੇ ਲਾਇਬ੍ਰੇਰੀ ਸਜਾਈ। ਬੱਚਿਆਂ ਨੇ ਪੁਰਾਣੇ ਚਾਰਟ ਤੋਂ ਜਨਮਦਿਨ ਵਾਲ਼ੀ ਟੋਪੀ ਬਣਾ ਲਈ ਅਤੇ 30 ਰੁਪਏ ਵਿੱਚ ਜਨਮਦਿਨ ਮਨਾ ਲਿਆ। ਮਾਸ਼ਾ ਉਸ ਦਿਨ ਬਹੁਤ ਖੁਸ਼ ਸੀ।
    ਪਿਛਲੇ ਲਾਕਡਾਉਨ ਸਮੇਂ ਹੀ ਮਾਸ਼ਾ ਅਤੇ ਰਿਸ਼ੀ ਦੇ ਮਾਪਿਆਂ ਨੇ ਰਾਜਸਥਾਨ ਆਪਣੇ ਪਿੰਡ ਜਾਣ ਦਾ ਮਨ ਬਣਾ ਲਿਆ ਸੀ। ਉਦੋਂ ਤੋਂ ਮਾਸ਼ਾ ਉਦਾਸ ਅਤੇ ਬੁਝੀ ਜਿਹੀ ਰਹਿਣ ਲੱਗੀ ਸੀ, ਰਿਸ਼ੀ ਕੁੱਝ ਜਿਆਦਾ ਹੱਸਣ ਲੱਗ ਗਿਆ ਪਰ ਸ਼ਰਾਰਤਾਂ ਬੰਦ ਹੋ ਗਈਆਂ। ਇੱਕ ਦਿਨ ਰਿਸ਼ੀ ਨੇ ਦੱਸਿਆ ਕਿ ਉਹ ਹਮੇਸ਼ਾ ਲਈ ਚਲੇ ਜਾਣਗੇ ਅਤੇ ਦੋਨਾਂ ਨੇ ਪੜ੍ਹਨ ਆਉਣਾ ਬੰਦ ਕਰ ਦਿੱਤਾ। ਬਹੁਤ ਵਾਰ ਪੁੱਛਣ ਤੇ ਪਤਾ ਲੱਗਿਆ ਕਿ ਉਹ ਬਹੁਤ ਉਦਾਸ ਹਨ, ਉਹ ਜਾਣਾ ਨਹੀਂ ਚਾਹੁੰਦੇ ਪਰ ਕੁਝ ਕਰ ਨਹੀਂ ਸਕਦੇ। ਇਸ ਲਈ ਉਹ ਪਾਠਸ਼ਾਲਾ ਨਹੀਂ ਆਉਣਾ ਚਾਹੁੰਦੇ ਤਾਂ ਕਿ ਸਭ ਕੁੱਝ ਭੁੱਲ ਜਾਣ ਅਤੇ ਜਾਂਦੇ ਸਮੇਂ ਉਹਨਾਂ ਨੂੰ ਦੁੱਖ ਨਾ ਲੱਗੇ। ਅਸੀਂ ਕਿਸੇ ਤਰੀਕੇ ਉਹਨਾਂ ਨੂੰ ਦੁਬਾਰਾ ਪੜ੍ਹਨ ਆਉਣ ਲਗਾਇਆ। 8-9 ਮਹੀਨਿਆਂ ਬਾਅਦ ਉਹ ਪੜ੍ਹਨ ਆਉਣ ਤਾਂ ਲੱਗ ਗਏ ਪਰ ਉਹਨਾਂ ਵਿੱਚ ਬਹੁਤ ਬਦਲਾਅ ਆ ਗਿਆ ਸੀ। ਮਾਸ਼ਾ ਹੁਣ ਸ਼ਰਾਰਤੀ ਨਹੀਂ ਰਹੀ ਸੀ, ਜਦੋਂ ਸਾਰੇ ਹੱਸਦੇ ਖੇਡਦੇ ਤਾਂ ਉਹ ਚੁੱਪ ਕਰਕੇ ਬੈਠੀ ਉਹਨਾਂ ਨੂੰ ਦੇਖਦੀ ਰਹਿੰਦੀ, ਰਿਸ਼ੀ ਆਪਣੀਆਂ ਕੋਸ਼ਿਸ਼ਾਂ ਨਾਲ਼ ਸਭ ਨੂੰ ਹਸਾਉਂਦਾ ਤੇ ਖੁਸ਼ ਰੱਖਦਾ।
    ਕੁੱਝ ਦਿਨ ਪਹਿਲਾਂ ਬਾਲ ਸਿਰਜਣਾਤਮਕਤਾ ਕੈਂਪ ਵਿੱਚ ਇੱਕ ਬੱਚੇ ਨੇ ਆਪਣੀ ਚਿੱਠੀ ਪੜ੍ਹਣ ਸਮੇਂ ਮਾਸ਼ਾ ਅਤੇ ਰਿਸ਼ੀ ਦੇ ਜਾਣ ਦੀ ਗੱਲ ਛੇੜ ਦਿੱਤੀ, ਮਾਸ਼ਾ ਜਿਵੇਂ ਬੜੇ ਸਮੇਂ ਤੋਂ ਦੱਬੀ-ਘੁੱਟੀ ਬੈਠੀ ਸੀ, ਉਸਨੇ ਰੋਣਾ ਸ਼ੁਰੂ ਕਰ ਦਿੱਤਾ, ਸਾਰੇ ਬੱਚੇ ਅਤੇ ਵੱਡੇ ਰੋਣ ਲੱਗੇ। ਸਾਨੂੰ ਅਹਿਸਾਸ ਹੋਇਆ ਕਿ ਇਹਨਾਂ ਬੱਚਿਆਂ ਦੀਆਂ ਭਾਵਨਾਵਾਂ ਵਿੱਚ ਕਿੰਨੀ ਗਹਿਰਾਈ ਹੈ। ਇੱਕ ਦੂਜੇ ਦੇ ਗਲ ਲੱਗ ਕੇ ਰੋ ਰਹੇ ਬੱਚਿਆਂ ਨੂੰ ਦੇਖ ਕੇ ਮੈਂ ਦੋ ਗੱਲਾਂ ਸੋਚ ਰਹੀ ਸੀ, ਇੱਕ ਤਾਂ ਮੈਨੂੰ ਵੀ ਮਾਸ਼ਾ ਅਤੇ ਰਿਸ਼ੀ ਦੇ ਜਾਣ ਦਾ ਦੁੱਖ ਸੀ ਦੂਜਾ ਮੈਂ ਖੁਸ਼ ਸੀ ਕਿ ਮੈਂ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹਾਂ। ਕਿਉਂਕਿ ਇਹੀ ਬੱਚੇ ਜਦੋਂ ਪਾਠਸ਼ਾਲਾ ਵਿੱਚ ਨਵੇਂ-ਨਵੇਂ ਆਏ ਸੀ ਉਦੋਂ ਇਹਨਾਂ ਦੀ ਪਹਿਚਾਣ ਸੀ ਕਬਾੜ ਚੁਗਣ ਵਾਲੇ, ਸੈਂਸੀ, ਮੁਸਲਮਾਨ, ਹਿੰਦੂ, ਪੰਜਾਬੀ, ਬਿਹਾਰੀ, ਯੂਪੀ ਵਾਲ਼ੇ, ਬਾਲਮੀਕੀ, ਕਾਲ਼ੇ, ਗੋਰੇ, ਮੁੰਡਾ, ਕੁੜੀ ਵਗੈਰਾ ਅਤੇ ਇੱਕ ਦੂਜੇ ਤੋਂ ਨਫ਼ਰਤ ਅਤੇ ਭੇਦਭਾਵ। ਪਰ ਅੱਜ ਇਹ ਸਾਰੇ ਸਭ ਭੁੱਲ ਕੇ ਚੰਗੇ ਮਨੁੱਖ ਹਨ ਅਤੇ ਇੱਕ ਦੂਜੇ ਦੇ ਬਹੁਤ ਕਰੀਬੀ ਦੋਸਤ।
    ਅੱਜ ਅਲਵਿਦਾ ਕਰਨ ਸਮੇਂ ਰਿਸ਼ੀ ਬਹੁਤ ਪ੍ਰੇਸ਼ਾਨ ਹੋਣ ਕਰਕੇ ਆ ਹੀ ਨਹੀਂ ਸਕਿਆ, ਮਾਸ਼ਾ ਆਉਂਦੇ ਹੀ ਮੇਰੇ ਗ਼ਲ ਲੱਗ ਕੇ ਰੋਈ, ਫੇਰ ਅਸੀਂ ਵਾਅਦਾ ਕੀਤਾ ਕਿ ਹੱਸ ਕੇ ਵਿਦਾ ਹੋਣਾ ਹੈ। ਦੋਨਾਂ ਲਈ ਪਾਠਸ਼ਾਲਾ ਵੱਲੋਂ ਤੋਹਫ਼ੇ ਵਜੋਂ ਕੁੱਝ ਕਿਤਾਬਾਂ ਮਾਸ਼ਾ ਨੂੰ ਦਿੱਤੀਆਂ ਗਈਆਂ।
    ਫ਼ੇਰ ਮਿਲਣ ਦੀ ਉਮੀਦ ਨਾਲ਼ ਅਲਵਿਦਾ ਕਰਦੇ ਹੋਏ ਅਸੀਂ ਸਾਰੇ ਬਾਹਰੋਂ ਹੱਸਦੇ ਪਰ ਅੰਦਰੋਂ ਉਦਾਸ ਚਿਹਰੇ ਨਾਲ਼ ਵਿਦਾ ਹੋਏ।
    ਮੈਨੂੰ ਪੂਰਾ ਯਕੀਨ ਹੈ ਕਿ ਰਿਸ਼ੀ ਅਤੇ ਕੋਮਲ (ਮਾਸ਼ਾ) ਵੱਡੇ ਹੋ ਕੇ ਚੰਗੇ ਮਨੁੱਖ ਬਣਨਗੇ ਸਗੋਂ ਇਹ ਹੁਣ ਵੀ ਚੰਗੇ ਮਨੁੱਖ ਹਨ। ਇਹ ਇੱਥੇ ਸਿੱਖੀਆਂ ਗੱਲਾਂ ਕਦੇ ਨਹੀਂ ਭੁੱਲਣਗੇ।
    ਬਲਜੀਤ ਕੌਰ            (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img