More

    ਪਾਕਿਸਤਾਨ ’ਚ ਹਿੰਦੂ ਤੇ ਸਿੱਖ ਡਰ ਦੇ ਸਾਏ ’ਚ ਰਹਿਣ ਲਈ ਮਜਬੂਰ : ਪ੍ਰੋ: ਸਰਚਾਂਦ ਸਿੰਘ ਖਿਆਲਾ

    ਸੂਬਾ ਸਿੰਧ ’ਚ ਹਰੀਸ਼ ਸਿੰਘ ਦੀ ਕੁੱਟਮਾਰ ਕਰਨ ਵਾਲੇ ਮੌਲਵੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ

    ਅੰਮ੍ਰਿਤਸਰ, 31 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਦੇ ਸੂਬਾ ਸਿੰਧ ਦੇ ਜੈਕਬਾਬਾਦ ਜ਼ਿਲ੍ਹੇ ‘ਚ ਇਕ ਮੌਲਵੀ ਵੱਲੋਂ ਉੱਥੋਂ ਦੇ ਸਿੱਖ ਭਾਈਚਾਰੇ ਦੇ ਆਗੂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰੀਸ਼ ਸਿੰਘ ਨਾਲ ਬਿਨਾ ਵਜ੍ਹਾ ਮਾਰਕੁੱਟ ਕੀਤੇ ਜਾਣ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਪਾਕਿਸਤਾਨ ਸਰਕਾਰ ਤੋਂ ਦੋਸ਼ੀ ਮੌਲਵੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉੱਥੋਂ ਦੇ ਹਿੰਦੂ ਅਤੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਪਾਕਿਸਤਾਨ ’ਚ ਘੱਟਗਿਣਤੀਆਂ ਨਾਲ ਮਾੜੇ ਸਲੂਕ ਦਾ ਇਹ ਪਹਿਲਾ ਵਾਕਿਆ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਹਿੰਦੂ ਤੇ ਸਿੱਖਾਂ ’ਤੇ ਹਮਲੇ ਕੀਤੇ ਜਾ ਚੁੱਕੇ ਹਨ। ਉਨਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਇਸਲਾਮਿਕ ਕੱਟੜਪੰਥੀਆਂ ਨੇ ਘੱਟ ਗਿਣਤੀਆਂ ਲਈ ਆਮ ਜੀਵਨ ਜਿਊਣਾ ਬੇਹੱਦ ਮੁਸ਼ਕਲ ਬਣਾ ਦਿੱਤਾ ਹੈ। ਦੇਸ਼ ਵਿੱਚ ਘੱਟ ਗਿਣਤੀ ਹਿੰਦੂ ਤੇ ਸਿੱਖਾਂ ਦੇ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਕਤਲ ਦੀਆਂ ਕਈ ਘਟਨਾਵਾਂ ਲਗਾਤਾਰ ਜਾਰੀ ਹਨ।

    ਹਿੰਦੂ ਤੇ ਸਿੱਖ ਔਰਤਾਂ ਅਤੇ ਨੌਜਵਾਨ ਲੜਕੀਆਂ ਨੂੰ ਅਗਵਾ ਕਰਕੇ ਜਬਰੀ ਇਸਲਾਮ ਕਬੂਲ ਕਰਾਇਆ ਜਾ ਰਿਹਾ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸ਼ਾਹ ਗ਼ਾਜ਼ੀ ਮੁਹੱਲਾ ’ਚ ਰਹਿਣ ਵਾਲੇ ਪਾਕਿਸਤਾਨੀ ਸਿੱਖ ਨਾਗਰਿਕ ਹਰੀਸ਼ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਰਾਹੀਂ ਸਾਂਝੀ ਕੀਤੀ ਗਈ ਘਟਨਾ ਨੇ ਸਿੱਖਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਅਤੇ ਵਿਸ਼ਵ ਭਾਈਚਾਰੇ ਲਈ ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਤੇ ਹਿੰਦੂਆਂ ਨੂੰ ਬਿਨਾ ਵਜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਸਿੰਘ ਜੋ ਆਪਣੀ ਧੀ ਨੂੰ ਸਕੂਲ ਤੋਂ ਲੈਣ ਗਿਆ ਸੀ, ਨੂੰ ਸਕੂਲ ਦੇ ਬਾਹਰ ਮੁਸਲਿਮ ਭਾਈਚਾਰੇ ਦੇ ਮੌਲਵੀ ਅਤੇ ਉਸ ਦੇ ਸਾਥੀਆਂ ਨੇ ਆਪਣੀ ਧੌਂਸ ਜਮਾਉਣ ਲਈ ਉੱਥੋਂ ਵਾਪਸ ਜਾਣ ਲਈ ਕਿਹਾ। ਫਿਰ ਉਸ ਦੀ ਬੇਟੀ ਦੇ ਸਾਹਮਣੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਤੋਂ ਇਲਾਵਾ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਸੂਬੇ ‘ਚ ਘੱਟਗਿਣਤੀ ਭਾਈਚਾਰੇ ‘ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਹੋਰ ਸ਼ਹਿ ਮਿਲੇਗੀ।

    ਪ੍ਰੋ: ਸਰਚਾਂਦ ਸਿੰਘ ਨੇ ਸਥਾਨਕ ਭਾਈਚਾਰੇ ਨੂੰ ਹਿੰਦੂ ਸਿੱਖਾਂ ਨਾਲ ਖੜ੍ਹਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ ਸਿੱਖ ਭਾਈਚਾਰਾ ਡਰ ਅਤੇ ਸਹਿਮ ’ਚ ਹਨ। ਉਨ੍ਹਾਂ ਦੇ ਬੱਚੇ ਡਰ ਦੇ ਮਾਰੇ ਸਕੂਲ ਜਾਣ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਅਧਿਕਾਰੀਆਂ ਨੇ ਰਾਵਲਪਿੰਡੀ ਦੇ ਛਾਉਣੀ ਖੇਤਰ ਵਿੱਚ ਪਿਛਲੇ 70 ਸਾਲਾਂ ਤੋਂ ਰਹਿ ਰਹੇ ਹਿੰਦੂ ਅਤੇ ਈਸਾਈ ਘੱਟ ਗਿਣਤੀ ਭਾਈਚਾਰਿਆਂ ਦੇ 5 ਘਰਾਂ ਨੂੰ ਢਾਹ ਦਿੱਤਾ ਹੈ। ਉਨ੍ਹਾਂ ਦਾ ਸਮਾਨ ਸੜਕਾਂ ‘ਤੇ ਸੁੱਟ ਦਿੱਤਾ ਗਿਆ, ਜਿਸ ਕਰ ਕੇ ਉਨ੍ਹਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਪੀੜਤ ਹਿੰਦੂ ਪਰਿਵਾਰਾਂ ਨੇ ਨੇੜਲੇ ਮੰਦਰ ਵਿੱਚ ਸ਼ਰਨ ਲਈ ਹੋਈ ਹੈ। ਜਦੋਂ ਕਿ ਈਸਾਈ ਪਰਿਵਾਰਾਂ ਨੂੰ ਬਿਨਾਂ ਕਿਸੇ ਪਨਾਹ ਦੇ ਸੜਕਾਂ ‘ਤੇ ਛੱਡ ਦਿੱਤਾ ਗਿਆ। ਉਨਾਂ ਕਿਹਾ ਕਿ 2017 ਵਿੱਚ ਪਾਕਿਸਤਾਨ ਵਿੱਚ ਸਿੱਖਾਂ ਨੂੰ ਮਰਦਮਸ਼ੁਮਾਰੀ ਤੋਂ ਬਾਹਰ ਰੱਖਿਆ ਗਿਆ ਸੀ। ਜਿਸ ਨੂੰ ਬਹਾਲ ਕਰਨ ਲਈ ਸੁਪਰੀਮ ਕੋਰਟ ਨੂੰ ਦਖ਼ਲ ਦੇਣਾ ਪਿਆ। ਉਨ੍ਹਾਂ ਕਿਹਾ ਕਿ ਕੱਟੜਪੰਥੀਆਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਕਾਰਨ ਸਿਰਫ਼ ਦੋ ਦਹਾਕਿਆਂ ਵਿੱਚ ਸਿੱਖਾਂ ਦੀ ਆਬਾਦੀ ਵਿੱਚ ਲਗਭਗ 80 ਪ੍ਰਤੀਸ਼ਤ ਦੀ ਗਿਰਾਵਟ ਆ ਚੁੱਕੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img