More

    ਪਰਵਾਸ ਜਾਣ ਦੀ ਪੰਜਾਬ ਦੇ ਉਜਾੜੇ ਦੀ ਪੀੜਾ

    ਭਾਰਤ, 21 ਜੁਲਾਈ (ਬੁਲੰਦ ਆਵਾਜ ਬਿਊਰੋ) – ਭਾਰਤ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ, ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ ਤੇ ਚਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਾਡੇ ਬਜ਼ੁਰਗ ਤਾਂ ਇਸ ਪੀੜਾ ਨੂੰ ਸਹਾਰ ਗਏ ਤੇ ਅਸੀਂ ਵੀ ਸਹਾਰ ਰਹੇ ਹਾਂ ਪਰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਸ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਰਹੀ ਹੈ। ਹੋਵੇ ਵੀ ਕਿਉਂ ਨਾ, ਉਚੇਰੀਆਂ ਪੜ੍ਹਾਈਆਂ, ਵੱਡੀਆਂ ਡਿਗਰੀਆਂ ਤੇ ਵਿਗਿਆਨਕ ਯੁੱਗ ਦੇ ਧਾਰਨੀ ਨੌਜਵਾਨ ਘੱਟੋ-ਘੱਟ ਇਸ ਗੱਲ ਨੂੰ ਤਾਂ ਜਾਣਨ ਵਿਚ ਸਫਲ ਹੋ ਚੁੱਕੇ ਹਨ ਕਿ ਦੁਨੀਆ ਦੇ ਕਿਸ ਕੋਨੇ ’ਚ ਕਿਹੋ ਜਿਹੇ ਲੋਕ ਰਹਿੰਦੇ ਹਨ ਤੇ ਉੱਥੋਂ ਦੇ ਕਿਹੋ ਜਿਹੇ ਦਸਤੂਰ ਹਨ।ਇਹ ਖ਼ੁਸ਼ੀ ਦੀ ਵੀ ਗੱਲ ਹੈ ਕਿ ਸਾਡੇ ਨੌਜਵਾਨ ਹੁਣ ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਦੇ ਸਮਰੱਥ ਹੋ ਚੁੱਕੇ ਹਨ ਪਰ ਇੱਥੇ ਦੁੱਖ ਦੀ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਦੇਸ਼ ਦੇ ਸਿਸਟਮ ਨੂੰ ਉਨ੍ਹਾਂ ਦੇ ਫ਼ੈਸਲਿਆਂ ਦੇ ਅਨੁਕੂਲ ਨਹੀਂ ਰੱਖ ਸਕੇ। ਇੱਥੇ ਮਨੁੱਖ ਦੀਆਂ ਲਾਲਸਾਵਾਂ ਕਾਰਨ ਸਮਾਜ, ਸਿਆਸਤ ਅਤੇ ਵਾਤਾਵਰਨ ਸਮੇਤ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਹੋ ਕਾਰਨ ਹੈ ਕਿ ਪੜਿ੍ਹਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਹੀ ਆਪਣਾ ਸੁਪਨਾ ਬਣਾ ਚੁੱਕਾ ਹੈ।ਇਕ ਪਾਸੇ ਦੇਸ਼ ਦੇ ਫ਼ਿਕਰਮੰਦ ਲੋਕ ਦਲੀਲ ਦੇ ਰਹੇ ਹਨ ਕਿ ਜੇ ਪੜ੍ਹੇ-ਲਿਖੇ ਨੌਜਵਾਨ ਇਸੇ ਤਰ੍ਹਾਂ ਵਿਦੇਸ਼ਾਂ ਨੂੰ ਭੱਜਦੇ ਰਹੇ ਤਾਂ ਪਿੱਛੇ ਦੇਸ਼ ਦਾ ਕੀ ਬਣੇਗਾ ਪਰ ਦੂਜੇ ਪਾਸੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਆਪਣੀ ਦਲੀਲ ਨਾਲ ਜਵਾਬ ਦਿੰਦੇ ਹਨ ਕਿ ਜੇ ਅਸੀਂ ਇਸ ਦੇਸ਼ ਵਿਚ ਰਹੇ ਤਾਂ ਸਾਡਾ ਕੀ ਬਣੇਗਾ? ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ’ਚ ਜਾਣ ਨੂੰ ਕਾਹਲ਼ੇ ਇਹ ਨੌਜਵਾਨ ਆਪਣੇ ਦੇਸ਼ ’ਚੋਂ 10+2 ਪਾਸ ਕਰਦਿਆਂ ਹੀ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਕੋਰਸਾਂ ਲਈ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਹਨ।

    ਦੂਜੇ ਪਾਸੇ ਸਾਡੇ ਦੇਸ਼ ’ਚ ਰਹਿ ਕੇ ਨੌਜਵਾਨ ਗ੍ਰੈਜੂਏਟ ਜਾਂ ਹੋਰ ਉਚੇਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਲਈ ਦਰ-ਬ-ਦਰ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ। ਇਸੇ ਕਰਕੇ ਜਿਨ੍ਹਾਂ ਨੌਜਵਾਨਾਂ ਦੇ ਮਾਪਿਆਂ ਕੋਲ ਚੰਗੀ ਗੁੰਜਾਇਸ਼ ਹੁੰਦੀ ਹੈ, ਉਹ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਸਟੱਡੀ ਬੇਸ ਜਾਂ ਪੀ.ਆਰ. ਬੇਸ ’ਤੇ ਦੂਜੇ ਦੇਸ਼ਾਂ ਦਾ ਰਾਹ ਪੱਧਰਾ ਕਰ ਦਿੰਦੇ ਹਨ ਕਿਉਂਕਿ ਸਭ ਦਾ ਮੰਨਣਾ ਹੈ ਕਿ ਸਾਡੇ ਦੇਸ਼ ’ਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈ।ਇਕ ਚਪੜਾਸੀ ਦੀ ਅਸਾਮੀ ਲਈ ਜਦੋਂ ਲੱਖਾਂ ਦੀ ਤਦਾਦ ਵਿਚ ਫਾਰਮ ਭਰੇ ਜਾਂਦੇ ਹਨ ਤੇ ਉਨ੍ਹਾਂ ਵਿਚ ਵੀ ਬਹੁਗਿਣਤੀ ਗ੍ਰੈਜੂਏਟ ਤੇ ਪੋਸਟ ਗੈ੍ਰਜੂਏਟ ਨੌਜਵਾਨਾਂ ਦੀ ਹੋਵੇ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਕਿਉਂ ਨਾ ਹੋਣ। ਸਾਡੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਕੂਚ ਕਰਨ ਪਿੱਛੇ ਵੱਡਾ ਕਾਰਨ ਇਹ ਵੀ ਹੈ ਕਿ ਬਾਹਰਲੇ ਦੇਸ਼ਾਂ ’ਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਵੀ ਉਨ੍ਹਾਂ ਦੇ ਪੱਲੇ ਪੈਂਦਾ ਹੈ।ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਬਾਹਰਲੇ ਦੇਸ਼ਾਂ ਦਾ ਸਿਸਟਮ, ਨਿਯਮ, ਕਾਨੂੰਨ, ਸਾਫ਼-ਸੁਥਰਾ ਵਾਤਾਵਰਨ, ਬਰਾਬਰੀ ਵਾਲਾ ਮਾਹੌਲ ਵੀ ਪ੍ਰਭਾਵਿਤ ਕਰਦਾ ਹੈ, ਜੋ ਉਨ੍ਹਾਂ ਨੂੰ ਆਪਣੇ ਦੇਸ਼ ’ਚ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ, ਮੰਦਹਾਲੀ ਦੀ ਭੇਂਟ ਚੜ੍ਹੇ ਵਪਾਰ, ਘਾਟੇ ਦਾ ਵਣਜ ਸਾਬਿਤ ਹੋ ਰਹੀ ਕਿਸਾਨੀ, ਬੇਹੱਦ ਮਹਿੰਗੀ ਹੋ ਰਹੀ ਸਿੱਖਿਆ ਪ੍ਰਣਾਲੀ ਅਤੇ ਸਿਖ਼ਰਾਂ ਨੂੰ ਛੋਹ ਰਹੇ ਭ੍ਰਿਸ਼ਟਾਚਾਰ ਨੂੰ ਦੇਖਦਿਆਂ ਸੂਬੇ ਦੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ਼ ਅਖਤਿਆਰ ਕਰ ਲਿਆ ਹੈ। ਹਰ ਸਾਲ ਲੱਖਾਂ ਵਿਦਿਆਰਥੀ ‘ਆਈਲੈਟਸ’ ਦਾ ਟੈਸਟ ਪਾਸ ਕਰਨ ਉਪਰੰਤ ਵੱਖ-ਵੱਖ ਦੇਸ਼ਾਂ ਦੇ ਸਫ਼ਾਰਤਖ਼ਾਨਿਆਂ ’ਚ ਅਰਜ਼ੀਆਂ ਦਿੰਦੇ ਹਨ, ਇਸੇ ਕਰਕੇ ਸੂਬੇ ਅੰਦਰ ‘ਆਈਲੈਟਸ ਕੋਚਿੰਗ ਸੈਂਟਰਾਂ’ ਦੀ ਭਰਮਾਰ ਦਿਨ-ਬ- ਦਿਨ ਵਧਦੀ ਜਾ ਰਹੀ ਹੈ, ਜਿੱਥੇ ਨੌਜਵਾਨਾਂ ਦੀਆਂ ਡਾਰਾਂ ਦੀਆਂ ਡਾਰਾਂ ਆਉਂਦੀਆਂ ਆਮ ਹੀ ਦਿਖਾਈ ਪੈਂਦੀਆਂ ਹਨ। ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਵਿਦੇਸ਼ ਜਾਣ ਲਈ ਜਾਂ ਤਾਂ ਪੂਰਾ ਪੈਸਾ ਨਹੀਂ ਹੁੰਦਾ ਅਤੇ ਜਾਂ ਫਿਰ ਉਹ ਫੰਡ ਵਗੈਰਾ ਸ਼ੋਅ ਕਰਨ ਵਿਚ ਅਸਮਰੱਥ ਹੁੰਦੇ ਹਨ।ਅਕਸਰ ਅਜਿਹੇ ਨੌਜਵਾਨ ਨੌਸਰਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਜਿੱਥੇ ਆਪਣੀ ਆਰਥਿਕ ਲੁੱਟ ਕਰਵਾ ਬੈਠਦੇ ਹਨ, ਉੱਥੇ ਹੀ ਏਜੰਟਾਂ ਕੋਲ ਗਵਾਏ ਆਪਣੇ ਪੈਸਿਆਂ ਦਾ ਸਿਤਮ ਝੱਲਦਿਆਂ ਜਾਂ ਤਾਂ ਖ਼ੁਦਕੁਸ਼ੀ ਜਿਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ ਤੇ ਜਾਂ ਫਿਰ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਸਹੇੜ ਬੈਠਦੇ ਹਨ।ਸੋ ਅੱਜ ਲੋੜ ਹੈ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਇਸ ਗੰਭੀਰ ਮਸਲੇ ’ਤੇ ਵਿਚਾਰ ਕਰਨ ਦੀ ਕਿ ਸਾਡੇ ਦੇਸ਼ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਿਉਂ ਕਰ ਰਹੇ ਹਨ? ਅਜਿਹੇ ਕੀ ਕਾਰਨ ਹਨ? ਇਸ ਪ੍ਰਤੀ ਉਨ੍ਹਾਂ ਨੂੰ ਗੰਭੀਰ ਮੰਥਨ ਕਰਨਾ ਪਵੇਗਾ। ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਇਮਾਨਦਾਰ ਹੋਣਾ ਪਵੇਗਾ ਤੇ ਸਾਨੂੰ ਵੀ ਆਪਣੇ ਨਿਜ਼ਾਮ ਨੂੰ ਖ਼ੁਦ ਸੁਧਾਰਨ ਲਈ ਲਾਮਬੰਦ ਹੋਣਾ ਪਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img