More

    ਨਵਦੀਪ ਦੀ ਸ਼ਹੀਦੀ ਬਨਾਮ ਬਾਪੂ ਡਿਬਡਿਬਾ ਬਨਾਮ ਮੌਕਾਪ੍ਰਸਤਾਂ ਦੀ ਕੋਝੀ ਚਾਲ

    ਗੋਲਡੀਦਿਓਲ

    ਅੰਮ੍ਰਿਤਸਰ, 15 ਸਤੰਬਰ (ਬੁਲੰਦ ਆਵਾਜ ਬਿਊਰੋ) – ਕਿਸਾਨ ਮੋਰਚੇ ਦੇ ਆਗੂਆਂ ਨੇ ਆਪਣੀ ਉਹ ਨਫ਼ਰਤ ਜੋ ਪੰਜਾਬ ਅਤੇ ਪੰਥ ਪ੍ਰਸਤਾਂ ਨਾਲ ਰੱਜ ਕੇ ਕਰਦੇ ਹਨ ਬਾਪੂ ਹਰਦੀਪ ਸਿੰਘ ਡਿਬਡਿਬਾ ਦੀ ਕਿਰਦਾਰ ਕੁਸ਼ੀ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਨਵਰੀਤ ਸਿੰਘ ਇਕਲੌਤਾ ਨੌਜਵਾਨ ਹੈ ਜੋ 26 ਜਨਵਰੀ ਵਾਲੇ ਘਟਨਾਕ੍ਰਮ ਵਿੱਚ ਭਾਰਤੀ ਸਟੇਟ ਪੁਲਿਸ ਦੀ ਗੋਲੀ ਨਾਲ ਸਿੱਧਾ ਮਾਰਿਆ ਗਿਆ ਅਤੇ ਉਸ ਸਮੇਂ ਸਟੇਟ, ਰਾਸ਼ਟਰਵਾਦੀ ਮੀਡੀਆ ਅਤੇ ਕਿਸਾਨ ਯੂਨੀਅਨਾਂ ਨੇ ਝੂਠੇ ਬਿਰਤਾਂਤ ਸਿਰਜਕੇ ਨਵਰੀਤ ਦੀ ਮੌਤ ਨੂੰ ਰੱਜ ਕੇ ਮਿੱਟੀ ਵਿੱਚ ਰੋਲਣ ਦਾ ਯਤਨ ਕੀਤਾ। ਜਨਵਰੀ 26 ਤੋਂ ਬਾਅਦ ਦਾ ਸਮਾਂ ਅਜਿਹਾ ਸੀ ਕਿ ਕੋਈ ਵੀ ਸਟੇਟ ਅਤੇ ਯੁਨੀਅਨਾਂ ਦੇ ਝੂਠੇ ਬਿਰਤਾਂਤ ਅੱਗੇ ਬੋਲਣ ਤੋਂ ਅਸਮਰੱਥ ਲੱਗ ਰਿਹਾ ਸੀ, ਪਰ ਫੇਰ ਵੀ ਅਸਲ ਪੰਜਾਬ ਅਤੇ ਪੰਥ ਪ੍ਰਸਤ ਸਿਆਸਤ ਨੇ ਸਟੇਟ ਅਤੇ ਯੁਨੀਅਨਾਂ ਦੇ ਝੂਠ ਦਾ ਲੱਕ ਤੋੜ ਕੇ ਰੱਖ ਦਿੱਤਾ। ਨਵਰੀਤ ਸਿੰਘ ਦੇ ਇਨਸਾਫ ਲਈ ਬਾਪੂ ਹਰਦੀਪ ਸਿੰਘ ਡਿਬਡਿਬਾ ਦੇ ਯਤਨਾਂ ਅਤੇ ਕਿਰਦਾਰ ਕਰਕੇ ਹਰ ਉਹ ਮਾਨਸਿਕਤਾ ਇਮਾਨਦਾਰੀ ਨਾਲ ਖੜੀ ਹੋਈ ਜੋ ਨਿਰੋਲ ਪੰਜਾਬ ਅਤੇ ਪੰਥ ਪ੍ਰਸਤ ਹੈ। ਬਾਪੂ ਡਿਬਡਿਬਾ ਹੁਣਾਂ ਨੇ ਨਵਰੀਤ ਸਿੰਘ ਦੀ ਮੌਤ ਨੂੰ ਉਹ ਰੁਤਬਾ ਹਾਸਲ ਕਰਾਇਆ ਜੋ ਕਿਸਾਨ ਸੰਘਰਸ਼ ਦੀ ਅਸਲ ਸ਼ਹਾਦਤ ਮੰਨੀ ਗਈ। ਸਮਾਂ ਬਦਲਿਆ, ਫਸੇ ਹੋਏ ਕਿਸਾਨ ਯੂਨੀਅਨਾਂ ਦੇ ਆਗੂ ਆਪਣਾ ਚੰਮ ਬਚਾਉਣ ਲਈ ਨਵਰੀਤ ਸਿੰਘ ਨੂੰ ਝੂਠ ਮੂਠ ਦਾ ਸਤਿਕਾਰ ਦੇਣ ਲੱਗੇ ਅਤੇ ਬਾਪੂ ਹੁਣਾਂ ਨੂੰ ਕਿਸਾਨ ਮੋਰਚੇ ਦੀ ਸਟੇਜ ‘ਤੇ ਸੱਦਿਆ ਗਿਆ। ਪੋਤੇ ਦੀ ਮੌਤ ਦੇ ਬਾਵਜੂਦ ਬਾਪੂ ਹੁਣਾਂ ਦਾ ਪਹਿਲੇ ਦਿਨ ਤੋਂ ਇਹ ਯਤਨ ਰਿਹਾ ਹੈ ਕਿ ਕਿਸਾਨ ਯੂਨੀਅਨਾਂ ਦੇ ਆਗੂ ਬੇਈਮਾਨ ਸਿਆਸਤ ਛੱਡ ਕੇ ਅਸਲ ਸਿਆਸਤ ਦੇ ਰਾਹ ਤੁਰਨ ਅਤੇ ਸਭ ਧਿਰਾਂ ਨੂੰ ਬਣਦਾ ਮਾਣ ਦੇਣ ਤਾਂ ਜੋ ਪੰਜਾਬ ਅਤੇ ਕਿਸਾਨੀ ਦਾ ਭਲਾ ਹੋਵੇ।

    ਸਮਾਂ ਚਲਦਾ ਰਿਹਾ, ਕਿਸਾਨ ਆਗੂ ਨਹੀਂ ਬਦਲੇ, ਬਾਪੂ ਡਿਬਡਿਬਾ ਨੌਜਵਾਨਾਂ ਦੀ ਏਕਤਾ ਅਤੇ ਪੰਜਾਬ ਦੇ ਭਲੇ ਵਾਲੀ ਸਿਆਸਤ ਖੜ੍ਹੀ ਕਰਨ ਦੇ ਯਤਨ ਕਰਦੇ ਰਹੇ, ਪਰ ਕਾਮਯਾਬ ਨਹੀਂ ਹੋਏ। ਹੁਣ ਜਦੋਂ ਕਿਸਾਨ ਆਗੂਆਂ ਨੇ ਦੇਖਿਆ ਕਿ ਪੰਜਾਬ ਅਤੇ ਪੰਥ ਪ੍ਰਸਤਾਂ ਦੀ ਸਿਆਸਤ ਇੱਕਮੁੱਠ ਨਹੀਂ ਹੋ ਸਕੀ ਤਾਂ ਨਵਰੀਤ ਸਿੰਘ ਦੇ ਪਿਓ ਨੂੰ ਕਿਸਾਨ ਮੋਰਚੇ ਦੀ ਸਟੇਜ ‘ਤੇ ਸੱਦ ਕੇ ਪਰਿਵਾਰਕ ਮਸਲੇ ਰਾਹੀਂ ਬਾਪੂ ਹੁਣਾਂ ਦੇ ਕਿਰਦਾਰ ਅਤੇ ਨਵਰੀਤ ਸਿੰਘ ਦੀ ਸ਼ਹਾਦਤ ਨੂੰ ਮੁੜ ਮਿੱਟੀ ਵਿੱਚ ਰੋਲਿਆ ਗਿਆ ਹੈ। ਨਵਰੀਤ ਸਿੰਘ ਦਾ ਪਿਓ ਬੋਲਣ ਤੋਂ ਹੀ ਸਪੱਸ਼ਟ ਹੈ ਕਿ ਯੁਨੀਅਨ ਸਿਆਸਤ ਦੇ ਨਾਲ ਨਾਲ ਉਹ ਇਤਿਹਾਸਕ ਪੰਜਾਬ ਅਤੇ ਪੰਥਕ ਸਿਆਸਤ ਨੂੰ ਸਮਝਣ ਤੋਂ ਬਿਲਕੁਲ ਨਲਾਇਕ ਹੈ। ਪਦਾਰਥਵਾਦੀ ਮਾਨਸਿਕਤਾ ਵਾਲੇ ਨਲਾਇਕ ਪੁੱਤ ਨੇ ਬੇਈਮਾਨ ਸ਼ਾਤਰ ਆਗੂਆਂ ਦੇ ਧੱਕੇ ਚੜ੍ਹ ਕੇ ਕੇਵਲ ਆਪਣੇ ਪਿਓ ਹਰਦੀਪ ਸਿੰਘ ਦਾ ਹੀ ਨਿਰਾਦਰ ਨਹੀਂ ਕੀਤਾ ਬਲਕਿ ਨਵਰੀਤ ਸਿੰਘ ਦੀ ਸ਼ਹਾਦਤ ਨੂੰ ਵੀ ਖੁਦ ਆਪਣੇ ਹੱਥੀਂ ਕਲੰਕਤ ਕੀਤਾ ਹੈ। ਨਵਰੀਤ ਸਿੰਘ ਦਾ ਪਿਓ ਆਪਣੀ ਇਸ ਗਲਤੀ ਦੀ ਸਜ਼ਾ ਸਾਰੀ ਉਮਰ ਭੁਗਤੇਗਾ, ਕਿਉਂਕਿ ਯੁਨੀਅਨ ਆਗੂਆਂ ਨੇ ਉਸ ਵਰਤ ਕੇ ਸੁੱਟ ਦਿੱਤਾ ਹੈ ਅਤੇ ਹੁਣ ਉਸ ਨੂੰ ਕੋਈ ਵੀ ਪੰਜਾਬ ਅਤੇ ਪੰਥ ਪ੍ਰਸਤ ਮੂੰਹ ਨਹੀਂ ਲਾਵੇਗਾ।

    ਬਾਪੂ ਹਰਦੀਪ ਸਿੰਘ ਡਿਬਡਿਬਾ ਹੁਣਾਂ ਨਾਲ ਉਹਨਾਂ ਦੀ ਵਕਤੀ ਸਮਝ ਕਰਕੇ ਸਾਡੇ ਮਤਭੇਦ ਹੋ ਸਕਦੇ ਹਨ ਪਰ ਕਿਸਾਨ ਆਗੂਆਂ ਵਲੋਂ ਉਹਨਾਂ ਦੇ ਪਰਿਵਾਰਕ ਮਸਲੇ ਦਾ ਲਾਹਾ ਲੈਕੇ ਜੋ ਹਮਲਾ ਉਹਨਾਂ ‘ਤੇ ਕੀਤਾ ਗਿਆ ਹੈ, ਇਹ ਸਪੱਸ਼ਟ ਤੌਰ ‘ਤੇ ਸਮੁੱਚੀ ਪੰਥਕ ਸਿਆਸਤ ਅਤੇ ਪੰਜਾਬ ਪ੍ਰਸਤਾਂ ‘ਤੇ ਕੀਤਾ ਗਿਆ ਹਮਲਾ ਹੈ। ਜਿਹੜੇ ਕਿਸਾਨ ਆਗੂ ਨਵਰੀਤ ਸਿੰਘ ਨੂੰ ਪਹਿਲੇ ਦਿਨ ਤੋਂ ਸ਼ਹੀਦ ਨਹੀਂ ਮੰਨਦੇ ਸਨ ਉਹਨਾਂ ਬਾਪੂ ਹੁਣਾਂ ਦੇ ਨਿੱਜੀ ਪਰਿਵਾਰਕ ਮਸਲੇ ਦਾ ਲਾਭ ਲੈਂਦੇ ਹੋਏ ਹੁਣ ਤੱਕ ਦਾ ਸਭ ਤੋਂ ਘਟੀਆ ਕਿਰਦਾਰ ਨਿਭਾਇਆ ਹੈ। ਕਿਸਾਨ ਆਗੂਆਂ ਦੀ ਸਿਆਣਪ ਦੇ ਸੋਹਲੇ ਗਾਉਣ ਵਾਲੇ ਵਿਦਵਾਨਾਂ, ਪੱਤਰਕਾਰਾਂ ਅਤੇ ਕਲਾਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਦੀ ਘਟੀਆ ਹਰਕਤ ‘ਤੇ ਬਿਲਕੁਲ ਚੁੱਪ ਹਨ। ਕਿਸੇ ਵੀ ਸੰਘਰਸ਼ ਦਾ ਭਵਿੱਖ ਆਗੂਆਂ ਦੇ ਕਿਰਦਾਰ ਅਤੇ ਦੂਰ ਦ੍ਰਿਸ਼ਟੀ ‘ਤੇ ਨਿਰਭਰ ਕਰਦਾ ਹੁੰਦਾ। ਮੌਜੂਦਾ ਕਿਸਾਨ ਯੂਨੀਅਨ ਆਗੂਆਂ ਦੀ ਸਿਆਸਤ ਪਹਿਲੇ ਦਿਨ ਤੋਂ ਬੇਈਮਾਨ ਅਤੇ ਆਪਣਾ ਚੰਮ ਬਚਾਉਣ ਵਾਲੀ ਅਤੇ ਪੰਜਾਬ ਪ੍ਰਸਤਾਂ ਦੇ ਵਿਰੋਧ ਵਾਲੀ ਹੈ। ਫਸੇ ਹੋਏ ਆਮ ਲੋਕ ਜਿਸ ਤਰਾਂ ਬੇਈਮਾਨ ਰਾਜਨੀਤਕਾਂ ਦਾ ਕੇਡਰ ਬਣਨ ਲਈ ਮਜਬੂਰ ਹਨ ਉਸੇ ਤਰਾਂ ਯੁਨੀਅਨ ਆਗੂਆਂ ਦਾ ਕੇਡਰ ਬਣਨ ਲਈ ਮਜਬੂਰ ਹਨ। ਜੇ ਸਮੁੱਚੇ ਵਰਤਾਰੇ ਤੋਂ ਵੀ ਅਸੀਂ ਬੇਈਮਾਨ ਸ਼ਾਤਰ ਯੁਨੀਅਨ ਆਗੂਆਂ ਅਤੇ ਰਾਜਨੀਤਕ ਆਗੂਆਂ ਦੀ ਸਿਆਸਤ ਸਮਝ ਨਹੀਂ ਸਕੇ ਤਾਂ ਹਰ ਇੱਕ ਨੂੰ ਸ਼ਹੀਦ ਨਵਰੀਤ ਸਿੰਘ ਅਤੇ ਬਾਪੂ ਹਰਦੀਪ ਸਿੰਘ ਡਿਬਡਿਬਾ ਵਾਂਗ ਜਲੀਲ ਹੋਣਾ ਪਵੇਗਾ। ਬਾਕੀ ਸਮਾਂ ਬੜਾ ਸਮਰੱਥ ਹੁੰਦਾ ਹੈ, ਸਭ ਨੂੰ ਬੇਈਮਾਨ ਸਿਆਸਤ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ, ਯੂਨੀਅਨ ਆਗੂਆਂ ਨੂੰ ਵੀ ਦੇਣਾ ਪਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img