ਨਵੀ ਦਿੱਲੀ, 11 ਫਰਵਰੀ (ਬੁਲੰਦ ਅਵਾਜ਼ ਬਿਊਰੋ) – ਤੁਰਕੀ ਅਤੇ ਸੀਰੀਆ ’ਚ ਭੂਚਾਲ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਹੁਣ ਤੱਕ 22 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜ਼ਖਮੀਆਂ ਦੀ ਗਿਣਤੀ 78 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਤੁਰਕੀ ਵਿੱਚ 19,388 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਸੀਰੀਆ ’ਚ 3,384 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਮਰਨ ਵਾਲਿਆਂ ਦੀ ਗਿਣਤੀ 22,772 ਹੋ ਗਈ ਹੈ। ਇਸ ਦੌਰਾਨ ਤੁਰਕੀ ਦੇ ਪਰਿਵਾਰ ਅਤੇ ਸਮਾਜ ਸੇਵਾ ਮੰਤਰਾਲੇ ਦਾ ਕਹਿਣਾ ਹੈ ਕਿ 6 ਫਰਵਰੀ ਨੂੰ ਆਏ ਭੂਚਾਲ ਤੋਂ ਬਾਅਦ ਹੁਣ ਤੱਕ 263 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 18 ਬੱਚਿਆਂ ਦੇ ਪਰਿਵਾਰਾਂ ਨੂੰ ਲੱਭ ਲਿਆ ਗਿਆ ਹੈ। ਬਾਕੀ ਬੱਚਿਆਂ ਨੂੰ ਸ਼ੈਲਟਰ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਤੁਰਕੀ ਦੇ ਭੂਚਾਲ ਪ੍ਰਭਾਵਿਤ ਸ਼ਹਿਰਾਂ ਵਿੱਚ ਬਿਲਡਰਾਂ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੁਰਕੀ ਦੇ ਨਿਆਂ ਮੰਤਰੀ ਬੇਕਿਰ ਬੋਜ਼ਦਾਗ ਦਾ ਕਹਿਣਾ ਹੈ ਕਿ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ। ਇਸ ਵਿੱਚ ਜੋ ਵੀ ਕੋਈ ਗਲਤੀ, ਅਣਗਹਿਲੀ ਜਾਂ ਕਮੀ ਹੈ, ਉਸ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਅਤੇ ਕਾਨੂੰਨ ਦੇ ਸਾਹਮਣੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।