ਡਾ.ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
ਹੁਣ ਤੱਕ 136 ਬਦਨਸੀਬ ਲੋਕਾਂ ਦੀਆਂ ਮ੍ਰਿਤਕ ਦੇਹਾਂ ਵਾਰਿਸਾਂ ਤੱਕ ਪਹੁੰਚਾ ਚੁੱਕਾ ਹੈ ਟਰੱਸਟ : ਸੰਧੂ,ਘਈ
ਡਾ: ਓਬਰਾਏ ਵਲੋਂ ਕੀਤਾ ਪਰਉਪਕਾਰ ਰਹੇਗਾ ਹਮੇਸ਼ਾ ਯਾਦ – ਪੀੜ੍ਹਤ ਪਰਿਵਾਰ
ਅੰਮ੍ਰਿਤਸਰ, ( ਰਛਪਾਲ ਸਿੰਘ ) – ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਅਾਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਸ਼ਾਰਜਾਹ (ਯੂ.ਏ.ਈ.) ਗਏ 23 ਸਾਲਾ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। 
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਬਠਰਾ ਨਾਲ ਸੰਬੰਧਿਤ ਮ੍ਰਿਤਕ ਮਨੋਜ ਕੁਮਾਰ 8 ਮਹੀਨੇ ਪਹਿਲਾਂ ਹੀ ਸ਼ਾਰਜਾਹ ਗਿਆ ਸੀ ਕਿ ਬੀਤੀ 1 ਨਵੰਬਰ ਨੂੰ ਜਦ ਉਹ ਕਿਸੇ ਕੰਮ ਦੀ ਭਾਲ ‘ਚ ਨਿਕਲਿਆ ਸੀ ਕਿ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਫੜ ਕੇ ਉਸ ਦੀ ਭਾਰੀ ਕੁੱਟਮਾਰ ਕੀਤੀ ਸੀ,ਜਿਸ ਕਾਰਨ ਉਸ ਦੀਆਂ ਲੱਤਾਂ ਤੇ ਪਸਲੀਆਂ ਟੁੱਟ ਗਈਆਂ ਸਨ ਅਤੇ ਕਿਡਨੀ ਵੀ ਪ੍ਰਭਾਵਿਤ ਹੋਈ ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮਨੋਜ ਕੁਮਾਰ ਬੀਤੀ 10 ਨਵੰਬਰ ਨੂੰ ਹਸਪਤਾਲ ਅੰਦਰ ਹੀ ਦਮ ਤੋੜ ਗਿਅਾ ਸੀ।
ਜ਼ਿਕਰਯੋਗ ਹੈ ਕਿ ਜਦ ਪਰਿਵਾਰ ਨੂੰ ਮਨੋਜ ਕੁਮਾਰ ਦੀ ਮੌਤ ਦੀ ਖਬਰ ਮਿਲੀ ਤਾਂ ਉਸਦਾ ਪਿਤਾ ਜੈ ਸਿੰਘ ਅਤੇ ਦੋਸਤ ਸੁਨੀਲ ਕੁਮਾਰ ਉਸ ਦੀ ਮ੍ਰਿਤਕ ਦੇਹ ਲੈਣ ਸ਼ਾਰਜਾਹ ਪਹੁੰਚੇ ਸਨ ਪਰ ਲੰਮੀ ਜੱਦੋ ਜਾਹਿਦ ਕਰਨ ਦੇ ਬਾਵਜੂਦ ਵੀ ਜਦ ਉਹ ਮਨੋਜ ਕੁਮਾਰ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ ‘ਚ ਅਸਮਰੱਥ ਰਹੇ। ਫ਼ਿਰ ਉਨ੍ਹਾਂ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਬਾਰੇ ਦੱਸਿਆ ਤਾਂ ਉਨ੍ਹਾਂ ਡਾ.ਓਬਰਾਏ ਨੂੰ ਅਾਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ,ਜਿਸਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਉਨਾਂ ਨੂੰ ਮ੍ਰਿਤਕ ਦੇਹ ਜਲਦ ਭੇਜਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਪਹਿਲਾਂ ਹੀ ਵਾਪਸ ਭਾਰਤ ਭੇਜ ਦਿੱਤਾ ਸੀ ਜਦ ਕਿ ਉਨ੍ਹਾਂ ਦੀ ਟੀਮ ਨੇ ਸ਼ਾਰਜਾਹ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਜਿਸ ਨਾਲ ਡਾ.ਓਬਰਾਏ ਦੀ ਕੰਪਨੀ ਦਾ ਸੰਦੀਪ ਕੁਮਾਰ ਨਾਮੀ ਇੱਕ ਕਰਮਚਾਰੀ ਵੀ ਨਾਲ ਅਾਇਅਾ ਹੈ।
ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਅਹੁਦੇਦਾਰ ਮਨਪ੍ਰੀਤ ਸਿੰਘ ਸੰਧੂ ਤੇ ਨਵਜੀਤ ਸਿੰਘ ਘਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਵਿਅਕਤੀ ਸਮੇਤ ਟਰੱਸਟ ਵਲੋਂ ਹੁਣ ਤੱਕ 136 ਬਦਨਸੀਬਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਮਨੋਜ ਕੁਮਾਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਹਾਇਕ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।
ਇਸੇ ਦੌਰਾਨ ਮ੍ਰਿਤਕ ਦੇਹ ਲੈਣ ਹਵਾਈ ਅੱਡੇ ਤੇ ਪਹੁੰਚੇ ਮ੍ਰਿਤਕ ਦੇ ਪਿਤਾ ਜੈ ਸਿੰਘ,ਸੁਨੀਲ ਕੁਮਾਰ, ਰਜਨੀਸ਼ ਕੁਮਾਰ,ਵਿਵੇਕ ਕੁਮਾਰ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ: ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜਿੰਦਗੀ ਰਿਣੀ ਰਹੇਗਾ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਮਨੋਜ ਕੁਮਾਰ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਵਿਖੇ ਹੋਣੀਆਂ ਸੰਭਵ ਹੋ ਸਕੀਆਂ ਹਨ।
- Advertisment -