ਨਵੀਂ ਦਿੱਲੀ,16 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-ਪਿਛਲੇ 40 ਸਾਲਾਂ ਤੋਂ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਅਤੇ ਕਾਤਲਾਂ ਨੂੰ ਸਜ਼ਾ ਦਿਲਵਾਉਣ ਲਈ ਨਿਰੰਤਰ ਸੰਗਰਸ਼ ਕਰ ਰਹੇ ਅਖਿਲ ਭਾਰਤੀ 1984 ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਦਾ ਤਖਤ ਪਟਨਾ ਸਾਹਿਬ ਕਮੇਟੀ ਨੇ ਸਿਰੋਪਾ ਪਹਿਨਾ ਕੇ ਸਨਮਾਨ ਕੀਤਾ। ਜਥੇਦਾਰ ਭੋਗਲ ਨੇ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਂਸਚਿਵ ਇੰਦਰਜੀਤ ਸਿੰਘ ਸਮੇਤ ਸਾਰੀ ਕਮੇਟੀ ਦਾ ਧੰਨਵਾਦ ਕੀਤਾ। ਤਖਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਜਥੇਦਾਰ ਕੁਲਦੀਪ ਸਿੰਘ ਭੋਗਲ ਦਿੱਲੀ, ਕਾਨਪੁਰ, ਬੋਕਾਰੋ ਆਦਿ ਰਾਜਿਆਂ ਵਿੱਚ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਅਤੇ ਕਾਤਲਾਂ ਨੂੰ ਸਜ਼ਾ ਦਿਲਵਾਉਣ ਲਈ ਨਿਰੰਤਰ ਸੰਗਰਸ਼ ਕਰ ਰਹੇ ਹਨ ਅਤੇ ਅਜਿਹੇ ਲੋਕਾਂ ਦੇ ਕਾਰਨ ਹੀ ਸੱਜਨ ਕੁਮਾਰ ਵਰਗੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਜਾਣਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਪਾਰਟੀ ਸੀ, ਜਿਸ ਨੇ ਇਸ ਦੇਸ਼ ਵਿੱਚ ਸਿੱਖ ਕੌਮ ਉਤੇ ਕਤਲੇਆਮ ਕੀਤਾ ਅਤੇ 40 ਸਾਲਾਂ ਤੱਕ ਇਨਸਾਫ ਨਹੀਂ ਮਿਲ ਸਕਿਆ ਕਿਉਂਕਿ ਇਸ ਦੇਸ਼ ਵਿੱਚ ਜ਼ਿਆਦਾਤਰ ਕਾਂਗਰਸ ਦੀਆਂ ਹੀ ਸਰਕਾਰਾਂ ਰਹੀਆਂ, ਪਰ ਜਦੋਂ ਤੋਂ ਦੇਸ਼ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਆਈ ਹੈ, ਕਾਤਲਾਂ ਨੂੰ ਸਜ਼ਾ ਮਿਲਣੀ ਸ਼ੁਰੂ ਹੋਈ। ਇਸੇ ਕਾਰਨ ਸੱਜਨ ਕੁਮਾਰ ਜੇਲ ਵਿੱਚ ਗਏ ਅਤੇ ਜਗਦੀਸ਼ ਟਾਈਟਲਰ ਸਮੇਤ ਹੋਰ ਲੋਕਾਂ ਉਤੇ ਵੀ ਕੇਸ ਚੱਲ ਰਹੇ ਹਨ। ਸ੍ਰੀ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਗੁਰੂ ਮਹਾਰਾਜ਼ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਲੰਬੀ ਉਮਰ ਬਖ਼ਸ਼ਣ ਤਾਂ ਜੋ ਉਹ ਅੱਗੇ ਵੀ ਇਸ ਲੜਾਈ ਨੂੰ ਜਾਰੀ ਰੱਖ ਸਕਣ। ਤਖਤ ਕਮੇਟੀ ਦੇ ਮਹਾਂਸਚਿਵ ਇੰਦਰਜੀਤ ਸਿੰਘ ਅਤੇ ਮੀਡੀਆ ਪ੍ਰਧਾਨ ਸੁਦੀਪ ਸਿੰਘ ਵੱਲੋਂ ਜਥੇਦਾਰ ਕੁਲਦੀਪ ਸਿੰਘ ਭੋਗਲ ਨੂੰ ਸਿਰੋਪਾ ਭੇਟ ਕੀਤਾ ਗਿਆ।