More

    ਗੜ੍ਹਾ ਨਿਵਾਸੀਆਂ ਨੇ ਰੋਸ ਮਾਰਚ ਕਰਕੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ 

    ਮੁਹੱਲਾ ਕਲੀਨਿਕ ਦੇ ਨਾਂ ‘ਤੇ ਡਿਸਪੈਂਸਰੀ ਖਤਮ ਕਰਨ ਦੀਆਂ ਸਾਜ਼ਿਸ਼ਾਂ ਬੰਦ ਕਰਨ ਦੀ ਕੀਤੀ ਮੰਗ
    ਜਲੰਧਰ, 23 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਸਥਾਨਕ ਸ਼ਹਿਰ ਦੇ ਇਲਾਕਾ ਗੜ੍ਹਾ ਦੇ ਨਿਵਾਸੀਆਂ ਨੇ ਅੱਜ ਇਲਾਕੇ ਦੀ ਇੱਕੋ-ਇੱਕ ਸਰਕਾਰੀ ਸਿਹਤ ਸੰਸਥਾ ‘ਅਰਬਨ ਪ੍ਰਾਇਮਰੀ ਹੈਲਥ ਸੈਂਟਰ’ ਦੇ ਖਾਤਮੇ ਦੀਆਂ ਸਰਕਾਰੀ ਕੁਚਾਲਾਂ ਦੇ ਵਿਰੋਧ ਵਿੱਚ ਕੌਂਸਲਰ ਪ੍ਰਭ ਦਿਆਲ ਭਗਤ ਅਤੇ ਸਾਬਕਾ ਕੌਂਸਲਰਾਂ ਕਮਲਾ ਕਾਲਾ ਤੇ ਕ੍ਰਿਪਾਲ ਪਾਲੀ ਦੀ ਅਗਵਾਈ ਵਿੱਚ ਗਲੀਆਂ-ਬਾਜ਼ਾਰਾਂ ‘ਚ  ਰੋਹ ਭਰਿਆ ਮੁਜ਼ਾਹਰਾ ਕਰਨ ਪਿੱਛੋਂ ਹੈਲਥ ਸੈਂਟਰ ਦੀ ਬਿਲਡਿੰਗ ਸਾਹਵੇਂ ਜ਼ੋਰਦਾਰ ਰੋਸ ਰੈਲੀ ਕਰਕੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਭਾਰੀ ਗਿਣਤੀ ਇਸਤਰੀਆਂ ਸਮੇਤ ਇਕੱਤਰ ਹੋਏ ਸੈਂਕੜੇ ਲੋਕਾਂ ਨੇ ਆਕਾਸ਼ ਗੂੰਜਾਊ ਨਾਹਰਿਆਂ ਨਾਲ ਸੂਬਾ ਸਰਕਾਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਕਰਨ ਦੇ ਕੋਝੇ ਇਰਾਦਿਆਂ ਵਿਰੁੱਧ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ।
    ਰੈਲੀ-ਮੁਜ਼ਾਹਰੇ ਵਿੱਚ ਉਚੇਚੇ ਸ਼ਾਮਲ ਹੋਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਬਿਜਲੀ ਕਾਮਿਆਂ ਦੀ ਸਿਰਮੌਰ ਜੱਥੇਬੰਦੀ  ਟੈਕਨੀਕਲ ਸਰਵਿਸ ਯੂਨੀਅਨ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਖੰਨਾ, ਪੈਨਸ਼ਨਰਜ ਐਸੋਸੀਏਸ਼ਨ ਦੇ ਸੂਬਾਈ ਆਗੂ ਸ਼ਿਵ ਕੁਮਾਰ ਤਿਵਾੜੀ ਨੇ ਇਲਾਕਾ ਵਾਸੀਆਂ ਦੀ ਵਾਜਬ ਮੰਗ ਅਤੇ ਹੱਕੀ ਘੋਲ ਦਾ ਪੂਰਨ ਸਮਰਥਨ ਕਰਨ ਦਾ ਐਲਾਨ ਕੀਤਾ।
    ਸੂਬਾਈ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਲਾਕਾ ਨਿਵਾਸੀਆਂ ਵੱਲੋਂ ਜਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਗਏ ਮੰਗ ਪੱਤਰ ਵਿਚਲੀਆਂ ਹੈਲਥ ਸੈਂਟਰ ਨੂੰ ਅਪਗ੍ਰੇਡ ਕਰਨ,  ਲੋੜੀਂਦਾ ਅਮਲਾ ਨਿਯੁਕਤ ਕਰਨ ਅਤੇ ਅਤਿ ਆਧੁਨਿਕ ਮਸ਼ੀਨਾਂ ਸਥਾਪਤ ਕਰਨ ਆਦਿ ਮੰਗਾਂ ਮੰਨਣ ਦਾ ਫੌਰੀ ਐਲਾਨ ਕਰੇ ‘ਆਮ ਆਦਮੀ ਮੁਹੱਲਾ ਕਲੀਨਿਕ’ ਖੋਲ੍ਹਣ ਦੇ ਨਾਂ ‘ਤੇ ਚੰਗੇ-ਭਲੇ ਚਲਦੇ ਹੈਲਥ ਸੈਂਟਰ ਤੋਂ ਲੋਕਾਂ ਨੂੰ ਵਾਂਝੇ ਕਰਨ ਦੇ ਕੋਝੇ ਇਰਾਦਿਆਂ ਤੋਂ ਬਾਜ ਆਵੇ।  ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਸੀਟੀਯੂ ਪੰਜਾਬ ਦੇ ਜਿਲ੍ਹਾ ਪ੍ਰਧਾਨ ਰਾਮ ਕਿਸ਼ਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਛੇਹਰਟਾ, ਔਰਤ ਮੁਕਤੀ ਮੋਰਚਾ ਦੀ ਆਗੂ ਸੁਨੀਤਾ ਨੂਰਪੁਰੀ ਨੇ ਵੀ ਵਿਚਾਰ ਰੱਖੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img