ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿਤੀ ਸਾਲ 2021-22 ਦਾ 589 ਕਰੋੜ 18 ਲੱਖ 95 ਹਜ਼ਾਰ ਰੁਪਏ ਦਾ ਬਜਟ ਪਾਸ

ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿਤੀ ਸਾਲ 2021-22 ਦਾ 589 ਕਰੋੜ 18 ਲੱਖ 95 ਹਜ਼ਾਰ ਰੁਪਏ ਦਾ ਬਜਟ ਪਾਸ

ਅੰਮ੍ਰਿਤਸਰ, 22 ਫਰਵਰੀ 2021: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਵਿੱਤੀ ਸਾਲ 2021-22 ਦੇ 589 ਕਰੋੜ 18 ਲੱਖ 95 ਹਜ਼ਾਰ ਰੁਪਏ ਦੇ ਬਜਟ ਨੂੰ ਸਰਬ-ਸੰਮਤੀ ਦੇ ਨਾਲ ਪ੍ਰਵਾਨ ਕਰ ਲਿਆ ਗਿਆ। ਇਸ ਬਜਟ ਵਿਚ ਜਿਥੇ ਪ੍ਰਮੁੱਖ ਤੌਰ ਤੇ ਕਿਤਾ ਮੁਖੀ ਕੋਰਸਾਂ ਨੂੰ ੳਤਸ਼ਾਹਿਤ ਕਰਨ ਤੇ ਜ਼ੋਰ ਦਿਤਾ ਗਿਆ ਹੈ ਉਥੇ ਯੂਨੀਵਰਸਿਟੀ ਦੇ ਮੁਢਲੇ ਢਾਂਚੇ ਤੇ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰਖਿਆ ਗਿਆ ਹੈ। ਯੂਨੀਵਰਸਿਟੀ ਇਸ ਬੱਜਟ ਵਿਚੋਂ 51.71 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।

ਯੂਨੀਵਰਸਿਟੀ ਦੇ ਦੋਵਾਂ ਸਦਨਾਂ ਦੀਆਂ ਵੱਖ ਵੱਖ ਮੀਟਿੰਗਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ ਅਤੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਇਸ ਮੌਕੇ ਹਾਜ਼ਰ ਸਨ। ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤੋਂ ਇਲਾਵਾ ਦੋਵਾਂ ਮੀਟਿੰਗਾਂ ਦੌਰਾਨ ਜਿਥੇ ਹਾਜ਼ਰ ਮੈਂਬਰਾਂ ਨੇ ਉਚੇਰੀ ਸਿਖਿਆ ਦੇ ਖੇਤਰ ਅਤੇ ਵਿਕਾਸ ਵਿਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਉਥੇ ਪਿਛਲੇ ਸਾਲ ਵੱਖ ਵੱਖ ਖੇਤਰਾਂ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਪ੍ਰਾਪਤ ਕੀਤੀਆਂ ਗਈਆ ਪ੍ਰਾਪਤੀਆ ਦੀ ਸ਼ਲਾਘਾ ਕੀਤੀ ਗਈ।

ਬਜ਼ਟ ਦਾ 51.71 ਫੀਸਦ ਅਧਿਆਪਨ ਅਲਾਈਡ ਖੋਜ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 12.25 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.57 ਫੀਸਦ, ਪ੍ਰੀਖਿਆਵਾਂ ਦੇ ਸੰਚਾਲਨ ਤੇ 3.70 ਫੀਸਦ, ਆਮ ਮੱਦਾਂ ( ਟੀਚਿੰਗ ਅਤੇ ਨੋਨ ਟੀਚਿੰਗ ) ਤੇ 14.75 ਫੀਸਦ ਅਤੇ ਇਮਾਰਤਾਂ ਦੀ ਉਸਾਰੀ ਤੇ 7.02 ਫੀਸਦ ਖਰਚ ਕੀਤਾ ਜਾਵੇਗਾ।

ਸੈਨੇਟ ਦੀ ਮੀਟਿੰਗ ਦੋਰਾਨ ਬਜ਼ਟ ਪੇਸ਼ ਕਰਨ ਤੋ ਪਹਿਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਪਿਛਲੇ ਸਾਲ ਦੀਆ ਪ੍ਰਾਪਤੀਆ ਦਾ ਜ਼ਿਕਰ ਕਰਦਿਆਂ ਆਉਣ ਵਾਲੇ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਤੋ ਵੀ ਜਾਣੂ ਕਰਵਾਇਆ।

ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਸਾਲ 2020-21 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ ਦੀ ਆਰਥਿਕ ਮਦਦ ਲਈ 2 ਕਰੋੜ 45 ਲੱਖ ਰੁਪਏ ਦੀ ਟਿਊਸ਼ਨ ਫੀਸ (ਪੂਰੀ ਅਤੇ ਅੱਧੀ) ਦੀ ਮੁਆਫੀ ਦਿੱਤੀ ਗਈ। ਇਸੇ ਤਰ੍ਹਾਂ ਪੋਸਟ ਮੈਟਰਿਕ ਸਕਾਲਰਸ਼ਿਪ ਟੂ ਐਸ.ਸੀ. ਸਟੂਡੈਂਟ ਸਕੀਮ ਅਧੀਨ ਅਨੂਸੂਚਿਤ ਜਾਤੀ ਦੇ 1040 ਵਿਦਿਆਰਥੀਆਂ ਦਾ 7 ਕਰੋੜ 70 ਲੱਖ ਰੁਪਏ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ। ਇਸ ਤੋਂ ਛੁੱਟ ਨੈਸ਼ਨਲ ਸਕਾਲਰਸ਼ਿਪ ਸਕੀਮ ਅਧੀਨ ਲਗਪਗ 78 ਵਿਦਿਆਰਥੀਆਂ ਦੇ ਫਾਰਮ ਆਨਲਾਈਨ ਸਰਕਾਰ ਪਾਸ ਭੇਜੇ ਜਾ ਚੁੱਕੇ ਹਨ। ਯੂਨੀਵਰਸਿਟੀ ਵੱਲੋਂ ਗਰੀਬ ਵਰਗ ਦੇ ਵਿਦਿਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਉਹ ਉਚੇਰੀ ਵਿਦਿਆ ਹਾਸਲ ਕਰਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।

ਪੰਜਾਬ ਸਰਕਾਰ ਵੱਲੋਂ ਸਾਲ-2021-22 ਦੇ ਬਜਟ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤੀ ਜਾਂਦੀ ਨਿਰਬਾਹ ਗ੍ਰਾਂਟ (ਸਮੇਤ 13 ਕਾਂਸਟੀਚਿਉਐਂਟ ਕਾਲਜਾਂ) ਨੂੰ ਵਧਾ ਕੇ 74 ਕਰੋੜ 73 ਲੱਖ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਯੂਨੀਵਰਸਿਟੀ ਵਿਖੇ ਜਲ੍ਹਿਆਂ ਵਾਲੇ ਬਾਗ ਚੇਅਰ ਦੀ ਸਥਾਪਨਾ ਹਿਤ ਸਾਲ 2021-22 ਦੇ ਬਜਟ ਅਨੁਮਾਨਾਂ ਵਿਚ 41 ਲੱਖ 45 ਹਜ਼ਾਰ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਣ ਦੀ ਆਸ ਹੈ।

ਦੋਵਾਂ ਸਦਨਾਂ ਦੌਰਾਨ ਯੂਨੀਵਰਸਿਟੀ ਵਿਚ ਸ਼ੁਰੂ ਹੋਣ ਵਾਲੇ ਨਵੇਂ ਕੋਰਸਾਂ ਬੈਚੁਲਰ ਆਫ ਵੋਕੇਸ਼ਨ ਨਿਊਟ੍ਰੀਸ਼ੀਅਨ ਐਂਡ ਡਾਇਟਿਕਸ; ਮਾਸਟਰ ਆਫ ਵੋਕੇਸ਼ਨ ਫੈਸ਼ਨ ਟੈਕਨਾਲੋਜੀ; ਬੈਚੁਲਰ ਆਫ ਵੋਕੇਸ਼ਨ ਇਲੈਕਟ੍ਰੌਨਿਕ ਇਕਵਿਊਪਮੈਂਟਸ (ਰਿਪੇਅਰ ਐਂਡ ਮੇਂਟੀਨੈਂਸ); ਬੈਚੁਲਰ ਆਫ ਵੋਕੇਸ਼ਨ ਹੈਲਥ ਕੇਅਰ ਐਂਡ ਹੌਸਪਿਟਲ ਅਡਮਨਿਸਟਰੇਸ਼ਨ; ਮਾਸਟਰ ਆਫ ਵੋਕੇਸ਼ਨ ਈ ਕਾਮਰਸ ਅਤੇ ਐਡਵਾਂਸ ਡਿਪਲੋਮਾ ਇਨ ਉਰਦੂ (ਪਾਰਟ ਟਾਈਮ) ਨੂੰ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਇਲਾਵਾ ਸੈਂਟਰ ਫਾਰ ਇੰਟਰਫੇਥ ਸਟੱਡੀਜ਼, ਸੈਂਟਰ ਫਾਰ ਟਰਾਂਸਲੇਸ਼ਨਲ ਐਂਡ ਰੀਸਰਚ ਇਨ ਹੈਲਥ ਸਾਇੰਸ਼ਜ਼, ਸੈਂਟਰ ਫਾਰ ਐਗਰੀਕਲਚਰ ਰੀਸਰਚ ਐਂਡ ਇਨੋਵੇਸ਼ਨ ਅਤੇ ਸੈਂਟਰ ਫਾਰ ਸਸਟੇਨਏਬਲ ਹੈਬੀਟੇਟ ਵਿਚ ਪੀ.ਐਚ.ਡੀ. ਇਨਰਾਲਮੈਂਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਸਿੰਡੀਕੇਟ ਵੱਲੋਂ ਯੂਨੀਵਰਸਿਟੀ ਵੱਲੋਂ ਜਾਰੀ ਹੋਣ ਵਾਲੇ ਮਾਈਗਰੇਸ਼ਨ ਸਰਟੀਫਿਕੇਟ ਉਪਰ ਹੁਣ ਮਾਈਗਰੇਸ਼ਨ ਸਰਟੀਫਿਕੇਟ/ਟਰਾਂਸਫਰ ਸਰਟੀਫਿਕੇਟ ਲਿਖੇ ਜਾਣ ਨੂੰ ਪ੍ਰਵਾਨ ਕਰ ਲਿਆ ਗਿਆ।

ਯੂਨੀਵਰਸਿਟੀ ਕੈਂਪਸ ਵਿਖੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਉਤਸ਼ਾਹਿਤ ਕਰਨ ਲਈ ਇੰਟਰਨੈਸ਼ਨਲ ਸਟੂਡੈਂਟ ਸੈਲ ਦੀ ਸਥਾਪਨਾ ਨੂੰ ਵੀ ਹਰੀ ਝੰੰਡੀ ਦੇ ਦਿੱਤੀ ਗਈ ਹੈ। ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਿਖੇ 500 ਤੋਂ ਵੱਧ ਖੋਜਾਰਥੀ ਵੱਖ ਵੱਖ ਅਨੁਸ਼ਾਸਨਾਂ ਵਿਚ ਵੱਖ ਵੱਖ ਫੰਡ ਮੁਹਈਆ ਕਰਵਾਉਣ ਵਾਲੀਆਂ ਏਜੰਸੀਆਂ ਤੋਂ ਵੱਖ ਵੱਖ ਸਕੀਮਾਂ ਅਧੀਨ ਖੋਜ ਕਾਰਜ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਅਧਿਅਪਕਾਂ ਨੂੰ ਵੀ ਵੱਖ ਵੱਖ ਪ੍ਰੋਜੈਕਟਾਂ `ਤੇ ਕਾਰਜ ਕਰਨ ਲਈ ਫੰਡ ਏਜੰਸੀਆਂ ਤੋਂ 3 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ।

ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਯਤਨਾਂ ਸਦਕਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਤੋਂ 49.10 ਕਰੋੜ ਦੀ ਗ੍ਰਾਂਟ ਪ੍ਰਵਾਨ ਹੋਈ ਸੀ ਜਿਸ ਵਿਚੋਂ 24 ਕਰੋੜ 56 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ। ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਨੂੰ ਵੀ ਇਕ ਕਰੋੜ ਰੁਪਏ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਭਾਗਾਂ ਨੂੰ ਰੂਸਾ-2.0 ਸਕੀਮ ਅਧੀਨ 3 ਕਰੋੜ 50 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਯੂਨੀਵਰਸਿਟੀ ਨੇ ਵੱਖ ਵੱਖ ਵਿਭਾਗਾਂ ਦੇ 831 ਵਿਦਿਆਰਥੀਆਂ ਵੱਲੋਂ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵਿਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ।

Bulandh-Awaaz

Website: