ਅੰਮ੍ਰਿਤਸਰ,17 ਸਤੰਬਰ (ਬੁਲੰਦ ਆਵਾਜ਼):- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਅੱਜ “ਪੀਕੌਕਜ਼ ਸੇਰੇਨੇਡ-ਨੇਚਰਜ਼ ਐਲੀਗੈਂਸ ਇਨ ਬੋਟੈਨੀਕਲ ਗਾਰਡਨ ਆਫ਼ ਜੀਐਨਡੀਯੂ” ਸਿਰਲੇਖ ਵਾਲੀ ਇਕ ਦਸਤਾਵੇਜ਼ੀ ਫਿਲਮ ਅਤੇ ਫੋਟੋਗ੍ਰਾਫੀ ਕਾਰਜ ਰਿਲੀਜ਼ ਕੀਤਾ ਜਿਸ ਵਿੱਚ ਯੂਨੀਵਰਸਿਟੀ ਦੇ ਮਾਤਾ ਕੌਲਾਂ ਬੌਟਾਨੀਕਲ ਗਾਰਡਨ ਦੇ ਹਰੇ ਭਰੇ ਅਤੇ ਸੁੰਦਰ ਵਾਤਾਵਰਣ ਨੂੰ ਦ੍ਰਿਸ਼ਾਂ ਅਤੇ ਤਸਵੀਰਾਂ ਨਾਲ ਦਰਸਾਇਆ ਗਿਆ ਹੈ। ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਕਲਾ ਕਾਰਜ ਵਿਚ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਦੇ ਅੰਦਰ ਅਤੇ ਇਸ ਦੇ ਆਲੇ-ਦੁਆਲੇ ਰਾਸ਼ਟਰੀ ਪੰਛੀ ਮੋਰ ਨੂੰ ਆਪਣੇ ਖੰਭਾਂ ਨਾਲ ਦਿਲਖਿਚਵੀ ਅਕ੍ਰਿਤੀ ਬਣਾਉਂਦੇ ਹੋਏ ਵੀ ਦਿਖਾਇਆ ਗਿਆ ਹੈ। ਪੰਜਾਬ ਦੇ ਉੱਘੇ ਲੇਖਕ, ਹੈਰੀਟੇਜ ਪ੍ਰਮੋਟਰ, ਨੇਚਰ ਆਰਟਿਸਟ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਹਰਪ੍ਰੀਤ ਸੰਧੂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਅਤੇ ਪਿਕਟੋਰੀਅਲ ਆਰਟ ਨੂੰ ਰਿਲੀਜ਼ ਕਰਦੇ ਹੋਏ ਪ੍ਰੋ (ਡਾ.) ਸੰਧੂ ਨੇ ਕਿਹਾ ਕਿ ਇਸ ਦਾ ਉਦੇਸ਼ ਯੂਨੀਵਰਸਿਟੀ ਦੇਵਿਦਿਆਰਥੀ, ਅਧਿਆਪਕਾਂ ਅਤੇ ਸੈਲਾਨੀਆਂ ਦੇ ਅੰਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੁਦਰਤ ਸੁਹੱਪਣ ਦਾ ਲਬਰੇਜ਼ ਸ਼ਾਨੋ-ਸ਼ੌਕਤ ਨੂੰ ਮਾਨਣ ਅਤੇ ਉਨ੍ਹਾਂ ਦੀ ਕਦਰ ਕਰਨ ਲਈ ਪਿਆਰ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਡੇ ਰਾਜ ਪੰਜਾਬ ਨੂੰ ਹਰ ਰੁੱਤ ਦੇ ਰੰਗਾਂ ਅਤੇ ਸੁੰਦਰਤਾ ਦੀ ਬਖਸ਼ਿਸ਼ ਕੀਤੀ ਹੈ। ਸਾਡੇ ਆਲੇ ਦੁਆਲੇ ਦੀ ਕੁਦਰਤ ਪ੍ਰਮਾਤਮਾ ਦੀਆਂ ਸਭ ਤੋਂ ਵੱਡੀਆਂ ਬਖਸ਼ਿਸ਼ਾਂ ਵਿੱਚੋਂ ਇੱਕ ਹੈ, ਇਸੇ ਤਰ੍ਹਾਂ ਯੂਨੀਵਰਸਿਟੀ ਦਾ ਮਨਮੋਹਕ ਕੁਦਰਤੀ ਮਾਹੌਲ, ਸੁੰਦਰ ਬਨਸਪਤੀ, ਜੀਵ-ਜੰਤੂ, ਕੁਦਰਤੀ ਸ਼ਾਂਤੀ ਅਤੇ ਯੂਨੀਵਰਸਿਟੀ ਕੈਂਪਸ ਦੇ ਹਰੇ ਭਰੇ ਮੈਦਾਨਾਂ ਵਾਲਾ ਬੋਟੈਨੀਕਲ ਗਾਰਡਨ ਹੈ। ਡਾ. ਸੰਧੂ ਵੱਲੋਂ ਕੈਮਰੇ ਦੇ ਲੈਂਜ਼ ਰਾਹੀਂ ਦਰਖਤਾਂ ਦੇ ਸੰਘਣੇਪਨ ਤੋਂ ਲੈ ਕੇ ਖੁੱਲ੍ਹੇ ਘਾਹ ਦੇ ਮੈਦਾਨਾਂ ਤੱਕ, ਖਾਸ ਤੌਰ ‘ਤੇ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਨੂੰ ਦਰਸਾਉਂਦੇ ਹੋਏ ਕੈਂਪਸ ਦੀ ਕੁਦਰਤੀ ਸੁੰਦਰਤਾ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਤਸਵੀਰਾਂ ਨੂੰ ਸਲਾਹੁਦਿਆਂ ਹਰਪੀ੍ਰਤ ਸੰਧੂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਤਸਵੀਰਾਂ ਰਾਹੀਂ ਯੂਨੀਵਰਸਿਟੀ ਦੀ ਸ਼ਾਂਤੀ ਦੀ ਆਭਾ ਅਤੇ ਕੁਦਰਤੀ ਸਹਿਜਤਾ ਨੂੰ ਚੰਗੀ ਕਲਾਕਾਰੀ ਨਾਲ ਪੇਸ਼ ਕੀਤਾ ਗਿਆ ਹੈ।