More

    ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਿਆਰੀ ਖੋਜ ਲਈ ਯੰਗ ਸਾਇੰਟਿਸਟ ਅਵਾਰਡ ਪ੍ਰਦਾਨ

    ਅੰਮ੍ਰਿਤਸਰ, 16 ਜੂਨ (ਬੁਲੰਦ ਆਵਾਜ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਪੌਦਾ ਅਤੇ ਵਾਤਾਵਰਣ ਵਿਗਿਆਨ ਵਿੱਚ ਯੰਗ ਸਾਇੰਟਿਸਟ ਐਵਾਰਡ ਪ੍ਰਦਾਨ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਪੌਦਾ ਵਿਗਿਆਨ ਵਿੱਚ ਯੰਗ ਸਾਇੰਟਿਸਟ ਅਵਾਰਡ ਕੋਰੀਆ ਰੀਪਬਲਿਕ ਦੇ ਪੌਦਾ ਵਿਗਿਆਨ ਦੇ ਖੇਤਰ ਦੇ ਵਿਗਿਆਨੀ, ਡਾ. ਜਸਕਰਨ ਕੌਰ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੋਂ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ, ਨੂੰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਵਾਤਾਵਰਣ ਵਿਗਿਆਨ ਵਿੱਚ ਯੰਗ ਸਾਇੰਟਿਸਟ ਅਵਾਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਦੇ ਖੋਜਾਰਥੀ ਸ਼੍ਰੀ ਅਜੈ ਕੁਮਾਰ ਨੂੰ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਡਾ. ਅਵਿਨਾਸ਼ ਕੌਰ (ਪ੍ਰੋਫ਼ੈਸਰ ਸੇਵਾਮੁਕਤ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚਕਾਰ ਹੋਏ ਸਮਝੌਤਾ ਤਹਿਤ ਸਥਾਪਿਤ ਕੀਤੇ ਗਏ ਹਨ।

    ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੇ ਦੱਸਿਆ ਕਿ “ਸਰਦਾਰਨੀ ਦਰਸ਼ਨ ਕੌਰ ਅਤੇ ਸਰਦਾਰ ਰਾਮ ਸਿੰਘ ਮੈਮੋਰੀਅਲ ਯੰਗ ਸਾਇੰਟਿਸਟ ਅਵਾਰਡ ਇਨ ਪਲਾਂਟ ਸਾਇੰਸਜ਼” ਉਹਨਾਂ ਦੇ ਮਾਤਾ-ਪਿਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਪੌਦਾ ਵਿਗਿਆਨ ਦੇ ਨੌਜਵਾਨ ਖੋਜਕਾਰਾਂ ਨੂੰ ਨਵੇਂ ਖੇਤਰਾਂ ਦੀ ਖੋਜ ਕਰਨ ਅਤੇ ਉਹਨਾਂ ਦੇ ਕੰਮ ਨੂੰ ਪ੍ਰਕਾਸ਼ਿਤ ਕਰਨ ਲਈ ਉਤਸ਼ਾਹਿਤ ਕਰਨ ਲਈ ਸਥਾਪਿਤ ਕੀਤਾ ਗਿਆ ਹੈ। “ਸਰਦਾਰਨੀ ਕੁਲਦੀਪ ਕੌਰ ਅਤੇ ਸਰਦਾਰ ਗੁਰਮੁਖ ਸਿੰਘ ਮੈਮੋਰੀਅਲ ਯੰਗ ਸਾਇੰਟਿਸਟ ਅਵਾਰਡ ਇਨ ਇਨਵਾਇਰਮੈਂਟਲ ਸਾਇੰਸਿਜ਼” ਦੀ ਸਥਾਪਨਾ ਸ਼ਰਧਾਂਜਲੀ ਦੇਣ ਅਤੇ ਵਾਤਾਵਰਣ ਵਿਗਿਆਨ ਦੇ ਖੇਤਰ ਵਿੱਚ ਨੌਜਵਾਨ ਖੋਜਕਰਤਾਵਾਂ ਨੂੰ ਵਾਤਾਵਰਣ ਖੋਜ ਦੇ ਨਵੇਂ ਖੇਤਰਾਂ ਦੀ ਪੜਚੋਲ ਕਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ। ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ. ਜਤਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਮਾਗਮ ਦੇ ਕੋਆਰਡੀਨੇਟਰ ਪ੍ਰੋਫੈਸਰ ਸਤਵਿੰਦਰਜੀਤ ਕੌਰ ਨੇ ਐਵਾਰਡ ਪ੍ਰਾਪਤ ਕਰਤਾ ਬਾਰੇ ਜਾਣ ਪਛਾਣ ਕਰਵਾਈ।

    ਇਨ੍ਹਾਂ ਇਨਾਮਾਂ ਵਿੱਚ ਇੱਕ ਸਰਟੀਫਿਕੇਟ, ਇੱਕ ਟਰਾਫੀ ਅਤੇ ਦਸ ਹਜ਼ਾਰ ਰੁਪਏ ਦਾ ਨਕਦ ਇਨਾਮ ਸ਼ਾਮਲ ਸੀ। ਪੌਦਾ ਵਿਗਿਆਨ ਵਿੱਚ ਯੰਗ ਸਾਇੰਟਿਸਟ ਅਵਾਰਡ ਡਾ. ਜਸਕਰਨ ਕੌਰ ਦੀ ਤਰਫੋਂ ਉਨ੍ਹਾਂ ਦੇ ਪਿਤਾ ਸਰਦਾਰ ਅਮਰਜੀਤ ਸਿੰਘ ਨੇ ਪ੍ਰਾਪਤ ਕੀਤਾ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਸਰਬਜੋਤ ਸਿੰਘ ਬਹਿਲ, ਡੀਨ ਅਕਾਦਮਿਕ ਮਾਮਲੇ ਨੇ ਕੀਤੀ। ਉਨ੍ਹਾਂ ਵਿਭਾਗ ਦੇ ਖੋਜਾਰਥੀਆਂ ਨੂੰ ਪੌਦੇ ਵਿਗਿਆਨ ਦੇ ਆਧੁਨਿਕ ਖੇਤਰਾਂ ਵਿੱਚ ਖੋਜ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ: ਰਜਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ.ਹਰਦੀਪ ਸਿੰਘ, ਓ.ਐਸ.ਡੀ ਟੂ ਵਾਈਸ-ਚਾਂਸਲਰ, ਡਾ. ਹਰਮੋਹਿੰਦਰ ਸਿੰਘ ਨਾਗਪਾਲ ਅਤੇ ਹਰਤੇਜ ਨਰਸਿੰਗ ਹੋਮ ਦੇ ਡਾ. ਤੇਜਿੰਦਰ ਕੌਰ ਨਾਗਪਾਲ, ਅਵੀਮੀਤ ਡੈਂਟਲ ਕਲੀਨਿਕ ਦੇ ਡਾ. ਜਗਮੀਤ ਨਾਗਪਾਲ ਅਤੇ ਡਾ. ਜੀ.ਐਸ.ਵਿਰਕ (ਸੇਵਾਮੁਕਤ ਪ੍ਰੋ.) ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img