More

    ਗੁਰੂ ਨਾਨਕ ਦੇਵਯੂਨੀਵਰਸਿਟੀ ਵਿਖੇ ਸ਼ੁਰੂ ਹੋਇਆ ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਐਬਿਲਟੀ) ਦਾ ਕੋਰਸ

    ਗੁਰੂ ਨਾਨਕ ਦੇਵ ਯੂਨੀਵਰਸਿਟੀ ਉਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਜੋ ਪੈਦਾ ਕਰੇਗੀ ਵਿਸ਼ੇਸ਼ ਬੱਚਿਆਂ ਲਈ ਅਧਿਆਪਕ

    ਅੰਮ੍ਰਿਤਸਰ, 15 ਸਤੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਹਰ ਸਾਲ ਸਮਾਜ ਨੂੰ ਨਵੇਂ ਵਿਦਿਆਰਥੀ ਦਿੰਦੀ ਹੈ ਜੋ ਕਿ ਸਮਾਜ ਦੇ ਵੱਖ ਵੱਖ ਵਰਗਾਂ ਅਤੇ ਖੇਤਰਾਂ ਦੀ ਸੇਵਾ ਕਰਦੇ ਹਨ ਅਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਹਨ। ਇਸ ਵਿਚ ਹੋਰ ਵਾਧਾ ਕਰਦਿਆਂ ਯੂਨੀਵਰਸਿਟੀ ਹੁਣ ਵਿਸ਼ੇਸ਼ (ਬਹੁ-ਅਯੋਗਤਾ ਵਾਲੇ) ਬੱਚਿਆਂ  ਦੀ ਪੜ੍ਹਾਈ ਅਤੇ ਸਿਖਲਾਈ ਲਈ ਵਿਸ਼ੇਸ਼ ਅਧਿਆਪਕ ਤਿਆਰ ਕਰੇਗੀ। ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਕੋਰਸਾਂ ਰਾਹੀਂ ਪੜ੍ਹਾਈ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਰਾਜ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਉਤਰੀ ਭਾਰਤ `ਚ ਗੁਆਂਢੀ ਰਾਜਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜੋ ਕਿ ਸਪੈਸ਼ਲ ਐਜੂਕੇਸ਼ਨ (ਬਹੁ-ਅਯੋਗਤਾ) ਵਾਲੇ ਕੋਰਸ ਕਰਵਾਏਗੀ। ਪੰਜਾਬ ਸਰਕਾਰ ਸਕੂਲਾਂ ਵਿਚ ਵਿਸ਼ੇਸ਼ ਬੱਚਿਆਂ ਦੀ ਪੜ੍ਹਾਈ ਤੇ ਸਿਖਲਾਈ ਲਈ ਅਧਿਆਪਕਾਂ ਦੀ ਭਰਤੀ ਲਈ ਗੰਭੀਰ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਅਧਿਆਪਕ ਵੀ ਵਿਸ਼ੇਸ਼ ਸਿਖਲਾਈ ਵਾਲੇ ਹੀ ਭਰਤੀ ਕੀਤੇ ਜਾਣ।

    ਇਸ ਸਬੰਧੀ ਰੀਹੈਬਲੀਟੇਸ਼ਨ ਕੌਂਸਲ ਆਫ ਇੰਡੀਆ, ਮਨਿਸਟਰੀ ਆਫ ਐਜੂਕੇਸ਼ਨ, ਨਵੀਂ ਦਿੱਲੀ ਨੇ ਬੈ.ਐਡ. ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਐਬਿਲਟੀ) ਦੇ ਕੋਰਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵਿਚ ਸੈਸ਼ਨ 2021-22 ਤੋਂ 30 ਸੀਟਾਂ ਨਾਲ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੋਰਸ ਦਾ ਉਦੇਸ਼ ਵਿਸ਼ੇਸ਼ ਬੱਚਿਆਂ ਨੂੰ ਸਕੂਲਾਂ ਵਿਚ ਵਧੀਆ ਮਾਹੌਲ ਦੇਣਾ ਹੈ ਤਾਂ ਜੋ ਉਹ ਬੇਝਿਜਕ ਹੋ ਕੇ ਆਮ ਬੱਚਿਆਂ ਦੀ ਤਰ੍ਹਾਂ ਪੜ੍ਹਾਈ ਕਰ ਸਕਣ। ਮੌਜੂਦਾ ਸਮੇਂ ਵਿੱਚ ਸਿਖਿਆ ਖੇਤਰ ਵਿਚ ਵਾਪਰ ਰਹੀਆਂ ਉਸਾਰੂ ਤਬਦੀਲੀਆਂ ਦੇ ਮੱਦੇ ਨਜ਼ਰ ਇਹ ਕਦਮ ਲਾਹੇਵੰਦ ਸਾਬਤ ਹੋਵੇਗਾ ਅਤੇ ਇਸਦੇ ਨਾਲ ਹੀ ਸਿਖਲਾਈ ਪ੍ਰਾਪਤ ਵਿਸ਼ੇਸ਼ ਅਧਿਆਪਕਾਂ ਦੀ ਘਾਟ ਨੂੰ ਵੀ ਪੂਰਾ ਕੀਤਾ ਜਾਵੇਗਾ। ਸੀਬੀਐਸਈ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ, ਸਾਰੇ ਸਕੂਲਾਂ ਵਿੱਚ ਵਿਸ਼ੇਸ਼ ਅਧਿਆਪਕਾਂ ਦਾ ਹੋਣਾ ਲਾਜ਼ਮੀ ਹੈ ਅਤੇ ਇਹ ਕੋਰਸ ਨਿਸ਼ਚਤ ਤੌਰ `ਤੇ ਉਨ੍ਹਾਂ ਅਧਿਆਪਕਾਂ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ ਜੋ ਸਕੂਲਾਂ ਵਿੱਚ ਸਲਾਹਕਾਰ ਅਤੇ ਵਿਸ਼ੇਸ਼ ਅਧਿਆਪਕਾਂ ਦੀ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਨਾਲ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋਣਗੀਆਂ। ਇਸ ਨਵੇਂ ਕੋਰਸ ਨੂੰ ਸ਼ੁਰੂ ਕਰਨ ਪਿੱਛੇ ਪ੍ਰੇਰਣਾਦਾਇਕ ਉਦਮ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਆਉਣ ਵਾਲੇ ਸਮੇਂ ਦੀ ਲੋੜ ਨੂੰ ਪਹਿਚਾਣਿਆ ਹੈ ਅਤੇ ਨਵੀਆਂ ਪਹਿਲਕਦਮੀਆਂ ਨੂੰ ਵਧਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਪ੍ਰੋਫੈਸਰ ਸੰਧੂ ਸ਼ੁਰੂ ਤੋਂ ਹੀ ਯੂਨੀਵਰਸਿਟੀ ਵਿੱਚ ਇਹ ਕੋਰਸ ਸ਼ੁਰੂ ਕਰਨ ਲਈ ਬਹੁਤ ਉਤਸੁਕ ਸਨ ਕਿਉਂਕਿ ਇਹ ਸਰਹੱਦੀ ਖੇਤਰ ਦੇ ਸਕੂਲਾਂ ਵਿੱਚ ਵਿਸ਼ੇਸ਼ ਅਧਿਆਪਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗਾ ਅਤੇ ਅਪਾਹਜ ਬੱਚਿਆਂ ਨੂੰ ਸਹਾਇਤਾ ਅਤੇ ਵਿਸ਼ੇਸ਼ ਸੇਵਾਵਾਂ ਪ੍ਰਾਪਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img