More

  ਗ਼ਦਰ ਲਹਿਰ ਦੇ ਸਭ ਤੋਂ ਘੱਟ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ :-ਲੈਕਚਰਾਰ ਲਲਿਤ ਗੁਪਤਾ

  16 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼

  ਭਾਰਤ ਦਾ ਇਤਿਹਾਸ ਸੂਰਬੀਰਾਂ, ਯੋਧਿਆਂ ਤੇ ਬਹਾਦਰਾਂ ਦੀ ਕੁਰਬਾਨੀ ਨਾਲ ਭਰਿਆ ਪਿਆ ਹੈ। ਇਹ ਵੀਰ ਯੋਧੇ ਇਸ ਦੇਸ਼ ਦੀ ਸ਼ਾਨ ਹਨ, ਲੋਕ-ਦਿਲਾਂ ‘ਤੇ ਰਾਜ ਕਰਨ ਵਾਲੇ ਨਾਇਕ ਹਨ। ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸੂਰਬੀਰਾਂ ਦੀ ਸ਼ਹੀਦੀ ਸਦਕਾ ਹੀ ਅੱਜ ਅਸੀਂ ਅਜ਼ਾਦ ਭਾਰਤ ਦੇ ਵਸਨੀਕ ਹਾਂ। ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾਇਆ। ਉਨ੍ਹਾਂ ਵਿਚੋਂ ਇੱਕ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਇਨ੍ਹਾਂ ਦੇ ਦਿਲਾਂ ਵਿੱਚ ਦੇਸ਼-ਭਗਤੀ ਦਾ ਜਜ਼ਬਾ ਠਾਠਾਂ ਮਾਰਦਾ ਸੀ ਤਾਂ ਹੀ ਤਾਂ ਇਹ ਬੋਲ ਉੱਠਦੇ ਸਨ _ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।
  ਆਓ ਆਪਾਂ ਉਸ ਮਹਾਨ ਸ਼ਹੀਦ ਤੇ ਗ਼ਦਰ ਲਹਿਰ ਦੇ ਸਭ ਤੋਂ ਘੱਟ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰੀਏ ਜਿਨ੍ਹਾਂ ਨੇ ਚੜ੍ਹਦੀ ਉਮਰੇ ਹੀ ਦੇਸ਼ ਨੂੰ ਆਜ਼ਾਦ ਕਰਾਉਣ ਖ਼ਾਤਰ ਅਤੇ ਆਪਣੇ ਲੋਕਾਂ ਨੂੰ ਫਰੰਗੀ ਜ਼ਾਲਮ ਸਰਕਾਰ ਦੇ ਜ਼ੁਲਮਾਂ ਤੋਂ ਨਿਜ਼ਾਤ ਦਿਵਾਉਣ ਲਈ ਹੱਸਦਿਆਂ-ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ ਸੀ। ਕਰਤਾਰ ਸਿੰਘ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਇੱਕ ਗਰੇਵਾਲ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੰਗਲ ਸਿੰਘ ਗਰੇਵਾਲ ਅਤੇ ਮਾਤਾ ਸਾਹਿਬ ਕੌਰ ਸਨ। ਉਹ ਬਹੁਤ ਛੋਟਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਸਦੇ ਦਾਦਾ ਜੀ ਨੇ ਉਸਨੂੰ ਪਾਲਿਆ। ਉਹਨਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ”ਸਰਾਭਾ” ਵਿੱਚ ਹੋਇਆ ਹੋਣ ਕਰਕੇ ਉਹਨਾਂ ਦਾ ਨਾਮ ‘ਕਰਤਾਰ ਸਿੰਘ ਸਰਾਭਾ’ ਲਿਆ ਜਾਣ ਲੱਗ ਪਿਆ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਕਰਤਾਰ ਸਿੰਘ ਸਰਾਭਾ ਬਚਪਨ ਵਿੱਚ ਬਹੁਤ ਫੁਰਤੀਲਾ ਤੇ ਚੁਸਤ ਚਲਾਕ ਸੀ ਜਿਸ ਕਰਕੇ ਉਨ੍ਹਾਂ ਦੇ ਸਾਰੇ ਸਾਥੀ ਉਨ੍ਹਾਂ ਨੂੰ ਉੱਡਣਾ ਸੱਪ ਕਿਹਾ ਕਰਦੇ ਸਨ। ਅੱਠਵੀਂ ਤੱਕ ਦੀ ਵਿੱਦਿਆ ਮਾਲਵਾ ਖਾਲਸਾ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। ਇਸ ਤੋਂ ਇਲਾਵਾ ਕਰਤਾਰ ਸਿੰਘ ਨੇ ਬਰਕਲੇ ਯੂਨੀਵਰਸਿਟੀ ਕੈਲੇਫੋਰਨੀਆ ਤੋਂ ਕੈਮਿਸਟਰੀ ਵਿਸ਼ੇ ਵਿੱਚ ਡਿਗਰੀ ਹਾਸਿਲ ਕੀਤੀ । ( ਬਾਬਾ ਜਵਾਲਾ ਸਿੰਘ ਦੁਆਰਾ ਇੱਕ ਇਤਿਹਾਸਕ ਨੋਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਉਹ ਦਸੰਬਰ 1912 ਵਿੱਚ ਅਸਟੋਰੀਆ, ਓਰੇਗਨ ਗਏ ਤਾਂ ਉਨ੍ਹਾਂ ਨੇ ਕਰਤਾਰ ਸਿੰਘ ਨੂੰ ਇੱਕ ਮਿੱਲ ਫੈਕਟਰੀ ਵਿੱਚ ਕੰਮ ਕਰਦੇ ਦੇਖਿਆ। ਕੁਝ ਕਹਿੰਦੇ ਹਨ ਕਿ ਉਸਨੇ ਬਰਕਲੇ ਵਿੱਚ ਪੜ੍ਹਾਈ ਕੀਤੀ ਸੀ, ਪਰ ਕਾਲਜ ਨੂੰ ਉਸਦੇ ਨਾਮ ਨਾਲ ਦਾਖਲੇ ਦਾ ਕੋਈ ਰਿਕਾਰਡ ਨਹੀਂ ਮਿਲਿਆ। )
  ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਲਈ ਘਾਲੀ ਗਈ ਘਾਲਣਾ ਵਿੱਚ ਸ੍ਰ. ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਅਣਮੋਲ, ਕਦੇ ਨਾ-ਭੁੱਲਣ ਵਾਲਾ ਅਤੇ ਸ਼ਲਾਂਘਾਯੋਗ ਹੈ । 1912 ਵਿੱਚ ਜਦੋਂ ਕਰਤਾਰ ਸਿੰਘ ਸਨਫਰਾਂਸਿਸਕੋ ਗਿਆ ਤਾਂ ਉੱਥੇ ਅਮਰੀਕੀ ਸਿਪਾਹੀਆਂ ਦੇ ਭਾਰਤੀਆਂ ਪ੍ਰਤੀ ਵਰਤੇ ਗਏ ਘਟੀਆ ਤਰੀਕੇ ਨੇ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਇਸ ਛੋਟੇ ਜਿਹੇ ਕਰਤਾਰ ਸਿੰਘ ਦੇ ਦਿਲ ਅਤੇ ਮਨ ਨੇ ਇਹ ਮਹਿਸੂਸ ਕੀਤਾ ਕਿ ‘ਗੁਲਾਮੀ ਸਭ ਤੋਂ ਵੱਡਾ ਸਰਾਪ ਹੈ’ । ਬਰਕਲੇ ਵਿਖੇ ਭਾਰਤੀ ਵਿਦਿਆਰਥੀਆਂ ਦੇ ਨਾਲੰਦਾ ਕਲੱਬ ਨਾਲ ਉਸ ਦੀ ਸਾਂਝ ਨੇ ਉਸ ਦੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਜਗਾਇਆ ਅਤੇ ਉਹ ਭਾਰਤ ਤੋਂ ਆਏ ਪ੍ਰਵਾਸੀਆਂ ਨਾਲ ਕੀਤੇ ਸਲੂਕ ਨੂੰ ਲੈ ਕੇ ਪਰੇਸ਼ਾਨ ਮਹਿਸੂਸ ਕਰਦਾ ਸੀ। ਗੁਲਾਮੀ ਦੇ ਇਸੇ ਸਰਾਪ ਤੋਂ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਨਿਜ਼ਾਤ ਦਿਵਾਉਣ ਲਈ ਕਰਤਾਰ ਸਿੰਘ ਨੇ 21 ਅਪ੍ਰੈਲ 1913 ਈ: ਨੂੰ ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਆਦਿ ਨਾਲ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ ਅਤੇ ਲੋਕਾਂ ਵਿੱਚ ਅਜ਼ਾਦੀ ਦੀ ਪ੍ਰਾਪਤੀ ਲਈ ਜੋਸ਼ ਭਰਨ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਲੋਕਾਂ ਨੂੰ ਆਪਣਾ ਸਭ ਕੁਝ ਦਾਅ ਤੇ ਲਾਉਣ ਲਈ ਪ੍ਰੇਰਿਤ ਕੀਤਾ।1913  ਵਿਚ ਗ਼ਦਰ ਪਾਰਟੀ ਦੀ ਸਥਾਪਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਦੇ ਇਕ ਸਿੱਖ ਸੋਹਣ ਸਿੰਘ ਨਾਲ ਹੋਈ ਸੀ, ਜਿਸ ਨੂੰ ਪ੍ਰਧਾਨ ਅਤੇ ਲਾਲਾ ਹਰਦਿਆਲ ਨੂੰ ਸਕੱਤਰ ਬਣਾਇਆ ਗਿਆ ਸੀ। ਕਰਤਾਰ ਸਿੰਘ ਨੇ ਯੂਨੀਵਰਸਿਟੀ ਦਾ ਕੰਮ ਬੰਦ ਕਰ ਦਿੱਤਾ ਅਤੇ ਲਾਲਾ ਹਰਦਿਆਲ ਨਾਲ ਚਲਾ ਗਿਆ ਅਤੇ ਇਨਕਲਾਬੀ ਅਖਬਾਰ ਗਦਰ ਚਲਾਉਣ ਵਿਚ ਉਸ ਦਾ ਸਹਾਇਕ ਬਣ ਗਿਆ। 1 ਨਵੰਬਰ 1913 ਈ: ਨੂੰ ਇਸ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ‘ਗ਼ਦਰ’ ਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਅਖ਼ਬਾਰ ਪੰਜਾਬੀ ਤੋਂ ਇਲਾਵਾ ਉਰਦੂ,ਹਿੰਦੀ, ਗੁਜਰਾਤੀ, ਬੰਗਾਲੀ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ । ਕਾਮਾਗਾਟਾਮਰੂ ਦੀ ਘਟਨਾ ਨੇ ਭਾਰਤੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਦੇ ਮਨ ਨੂੰ ਝੰਜੋੜ ਦਿੱਤਾ ਸੀ। ਸਤੰਬਰ 1914 ‘ਚ ਇਹ ਜਹਾਜ ਕਲਕੱਤੇ ਕੋਲ ਬਜਬਜ ਘਾਟ ‘ਤੇ ਪਹੁੰਚਿਆ ਸੀ ਤਾਂ ਅੰਗਰੇਜੀ ਸਰਕਾਰ ਦੀਆਂ ਵਧੀਕੀਆਂ ਨੇ ਮੁਸਾਫਿਰਾਂ ਵਿੱਚ ਰੋਹ ਭਰ ਦਿੱਤਾ ਸੀ ਪੁਲਿਸ ਝੜਪ ਦੌਰਾਨ ਕਾਫੀ ਲੋਕ ਮਾਰੇ ਗਏ ਸਨ।ਇਸ ਘਟਨਾ ਨੂੰ ਗਦਰ ਲਹਿਰ ਦੀ ੳਤਪਤੀ ਦਾ ਮੁੱਖ ਕਾਰਨ ਮੰਨਿਆ ਜਾਦਾ ਹੈ।
  1914 ਦੇ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਅੰਗਰੇਜਾਂ ਖਿਲਾਫ ਵਿਦਰੋਹ ਲਈ ਸਹੀ ਨੀਤੀ ਘੜਨ ਲਈ 15 ਸਤੰਬਰ 1914 ਨੂੰ ਕਰਤਾਰ ਸਿੰਘ ਸ਼੍ਰੀ ਲੰਕਾ ਹੁੰਦਾ ਹੋਇਆ ਭਾਰਤ ਪੁੱਜਾ । 25 ਜਨਵਰੀ 1915 ਈ: ਨੂੰ ਰਾਸ ਬਿਹਾਰੀ ਬੋਸ ਦੇ ਅੰਮ੍ਰਿਤਸਰ ਪੁੱਜਣ ‘ਤੇ ਗ਼ਦਰ ਪਾਰਟੀ ਦੀ ਇੱਕ ਮੀਟਿੰਗ ਹੋਈ ਅਤੇ ਉਸ ਮੀਟਿੰਗ ਵਿੱਚ 21 ਫਰਵਰੀ 1915 ਈ: ਦੇ ਦਿਨ ਨੂੰ ਵਿਦਰੋਹ ਦੀ ਸ਼ੁਰੂਆਤ ਵਾਲੇ ਦਿਨ ਵਜੋਂ ਐਲਾਨਿਆ ਗਿਆ।25 ਜਨਵਰੀ 1915 ਨੂੰ ਰਾਸ ਬਿਹਾਰੀ ਬੋਸ ਦੇ ਅੰਮ੍ਰਿਤਸਰ ਆਉਣ ਤੋਂ ਬਾਅਦ 12 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 21 ਫਰਵਰੀ ਨੂੰ ਵਿਦਰੋਹ ਸ਼ੁਰੂ ਕੀਤਾ ਜਾਵੇ। ਇਹ ਯੋਜਨਾ ਬਣਾਈ ਗਈ ਸੀ ਕਿ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ‘ਤੇ ਕਬਜ਼ਾ ਕਰਨ ਤੋਂ ਬਾਅਦ ਅੰਬਾਲਾ ਅਤੇ ਦਿੱਲੀ ਦੇ ਨੇੜੇ ਬਗਾਵਤ ਦਾ ਮੁੱਢ ਬੰਨਿਆ ਜਾਵੇਗਾ ।  ਪਰ ਗਦਰ ਪਾਰਟੀ ਵਿੱਚ ਇੱਕ ਸਰਕਾਰੀ ਮੁਖਬ਼ਰ ਕਿਰਪਾਲ ਸਿੰਘ ਨੇ ਇਸ ਘਟਨਾ ਦੀ ਖਬ਼ਰ ਅੰਗਰੇਜ਼ ਸਰਕਾਰ ਨੂੰ ਦੇ ਦਿੱਤੀ । ਕਰਤਾਰ ਸਿੰਘ ਨੂੰ ਕਿਰਪਾਲ ਸਿੰਘ ਦੀ ਗੱਦਾਰੀ ਦਾ ਪਤਾ ਚਲ ਗਿਆ ਅਤੇ ਫਿਰ ਵਿਦਰੋਹ ਦੀ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਗਈ, ਪਰ ਕਿਸੇ ਤਰਾਂ ਇਹ ਖਬ਼ਰ ਵੀ ਅੰਗਰੇਜ਼ਾਂ ਤੱਕ ਪਹੁੰਚ ਗਈ ਅਤੇ ਬਹੁਤ ਸਾਰੇ ਗਦਰੀਆਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ । ਅਖ਼ੀਰ 2 ਮਾਰਚ 1915 ਨੂੰ ਪੁਲਿਸ ਨੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ 5 ਤੋਂ ਰਿਸਾਲਦਾਰ ਗੰਡਾ ਸਿੰਘ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਵਰਗੇ ਗ਼ਦਰੀਆਂ ਸਮੇਤ ਕਰਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਹਨਾਂ ਵਿਰੁਧ ”ਲਾਹੌਰ ਬਗ਼ਾਵਤ” ਦਾ ਕੇਸ ਪਾਇਆ ਗਿਆ । ਮੁਕੱਦਮੇ ਦੇ ਦੌਰਾਨ ਅਦਾਲਤ ਨੇ ਇਸ ਛੋਟੀ ਜਿਹੀ ਉਮਰ ਦੇ ਕਰਤਾਰ ਨੂੰ ਸਾਰੇ ਗ਼ਦਰੀਆਂ ਤੋਂ ਵੱਧ ਖ਼ਤਰਨਾਕ ਮੰਨਿਆ ਅਤੇ ਇਸੇ ਲਈ ਕਰਤਾਰ ਸਿੰਘ ਨੂੰ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਪ੍ਰਤੀ ਦਿਖਾਏ ਪਿਆਰ ਅਤੇ ਵਿਸ਼ਵਾਸ਼ ਦੇ ‘ਇਨਾਮ’ ਵਜੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ ਅਖੀਰ ਅੱਜ ਹੀ ਦੇ ਦਿਨ 16 ਨਵੰਬਰ 1915 ਈ: ਨੂੰ ਦੇਸ਼ ਦੇ ਇਸ ਨਿਧੜਕ ਅਤੇ ਮਹਾਨ ਸਪੂਤ ਨੂੰ ਲਾਹੌਰ ਦੀ ਸੈਂਟਰਲ ਜੇਲ ਵਿੱਚ ਫਾਂਸੀ ਦੇ ਦਿੱਤੀ ਗਈ ।ਉਸਨੇ ਕਿਹਾ ਸੀ ਕਿ ਹਰ ‘ਗੁਲਾਮ’ ਨੂੰ ਬਗਾਵਤ ਕਰਨ ਦਾ ਅਧਿਕਾਰ ਹੈ ਅਤੇ ਧਰਤੀ ਦੇ ਪੁੱਤਰਾਂ ਦੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਲਈ ਉੱਠਣਾ ਕਦੇ ਵੀ ਅਪਰਾਧ ਨਹੀਂ ਹੋ ਸਕਦਾ। ਜਦੋਂ ਉਸ ‘ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਸਾਰਾ ਦੋਸ਼ ਆਪਣੇ ਸਿਰ ਲੈ ਲਿਆ। ਅਜਿਹੇ ਨੌਜਵਾਨ ਲੜਕੇ ਦਾ ਅਜਿਹਾ ਗੈਰ-ਚਲਣ ਵਾਲਾ ਵਿਵਹਾਰ ਦੇਖ ਕੇ ਜੱਜ ਹੈਰਾਨ ਰਹਿ ਗਏ। ਉਸਦੀ ਕੋਮਲ ਉਮਰ ਦੇ ਮੱਦੇਨਜ਼ਰ ਜੱਜ ਨੇ ਨੌਜਵਾਨ ਕ੍ਰਾਂਤੀਕਾਰੀ ਨੂੰ ਆਪਣੇ ਬਿਆਨ ਵਿੱਚ ਸੋਧ ਕਰਨ ਦੀ ਸਲਾਹ ਦਿੱਤੀ। ਪਰ ਨਤੀਜਾ ਉਸਦੀ ਇੱਛਾ ਦੇ ਬਿਲਕੁਲ ਉਲਟ ਸੀ। ਜਦੋਂ ਅਪੀਲ ਕਰਨ ਲਈ ਕਿਹਾ ਗਿਆ ਤਾਂ ਕਰਤਾਰ ਸਿੰਘ ਨੇ ਜਵਾਬ ਦਿੱਤਾ,”ਮੈਂ ਕਿਉਂ ਕਰਾਂ? ਜੇ ਮੇਰੇ ਕੋਲ ਇੱਕ ਤੋਂ ਵੱਧ ਜਾਨਾਂ ਹੁੰਦੀਆਂ, ਤਾਂ ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੁੰਦੀ ਕਿ ਮੈਂ ਆਪਣੇ ਦੇਸ਼ ਲਈ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਕੁਰਬਾਨ ਕਰਾਂ।”
  ਕਰਤਾਰ ਸਿੰਘ ਤੋਂ ‘ਸ਼ਹੀਦ ਕਰਤਾਰ ਸਿੰਘ’ ਦੇ ਖਿਤਾਬ ਨਾਲ ‘ਸਨਮਾਨਿਤ’ ਹੋਣ ਵਾਲੇ ਅਜ਼ਾਦੀ ਦੇ ਇਸ ਜਾਂਬਾਜ਼ ਸਿਪਾਹੀ ਦੀ ਸ਼ਹਾਦਤ ਨੇ ਲੋਕ ਮਨਾਂ ਵਿੱਚ ਜਿੱਥੇ ਅਥਾਹ ਸ਼ਰਧਾ ਅਤੇ ਸਤਿਕਾਰ ਕਾਇਮ ਕੀਤਾ ਉੱਥੇ ਹੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਜਾਨ ਤਲੀ ‘ਤੇ ਧਰ ਕੇ ਇਸ ਜੰਗ-ਏ-ਅਜ਼ਾਦੀ ਵਿੱਚ ਜੂਝਣ ਲਈ ਵੀ ਤਿਆਰ ਕੀਤਾ । ਕਰਤਾਰ ਸਿੰਘ ਦੀ ਸ਼ਹਾਦਤ ਨੇ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ੀ ਸਾਮਰਾਜ ਪ੍ਰਤੀ ਨਫਰਤ ਦਾ ਵਿਕਾਸ ਕੀਤਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੌਜੁਆਨਾਂ ਲਈ ਇੱਕ ਪ੍ਰੇਰਨਾ-ਸ੍ਰੋਤ ਬਣ ਗਿਆ । ਇਹਨਾਂ ਹੀ ਨੌਜੁਆਨਾਂ ਵਿੱਚੋਂ ਇੱਕ ਨੌਜੁਆਨ ਸੀ ਸ਼ਹੀਦ ਭਗਤ ਸਿੰਘ, ਜੋ ਸਰਾਭੇ ਨੂੰ ਆਪਣਾ ਗੁਰੂ ਮੰਨਦਾ ਸੀ ਅਤੇ ‘ਸਰਾਭੇ’ ਦੀ ਫੋਟੋ ਆਪਣੀ ਜੇਬ ਵਿੱਚ ਰੱਖਦਾ ਹੁੰਦਾ ਸੀ । ਭਗਤ ਸਿੰਘ ਦੀ ਮਾਤਾ ਦੇ ਅਨੁਸਾਰ ਸ. ਭਗਤ ਸਿੰਘ ‘ਸਰਾਭੇ’ ਦੀ ਫੋਟੋ ਵੱਲ ਵੇਖ ਕੇ ਕਹਿੰਦਾ ਹੁੰਦਾ ਸੀ ਕਿ ‘ਸਰਾਭਾ ਮੈਨੂੰ, ਮੇਰਾ ਵੱਡਾ ਵੀਰ ਲਗਦਾ।” ਲੱਖਾਂ ਮੁਸੀਬਤਾਂ ਝੱਲ ਕੇ ਦੇਸ਼ ਦੀ ਅਜ਼ਾਦੀ ਦੇ ਰਾਹ ਨੂੰ ਆਪਣੀ ਸ਼ਹਾਦਤ ਨਾਲ ਪੱਧਰਾ ਕਰਨ ਵਾਲੇ ਇਸ ਮਹਾਨ ਸ਼ਹੀਦ ਨੇ ਕਦੇ ਆਖਿਆ ਸੀ :
  ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
  ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
   ਸਾਰੇ ਸ਼ਹੀਦਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਈਏ । ਸੋ ਆਓ ਆਪਾਂ ਉਸ ਮਹਾਨ ਸ਼ਹੀਦ ਤੇ ਗ਼ਦਰ ਲਹਿਰ ਦੇ ਹੀਰੋ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰੀਏ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਹਿੰਮਤ, ਅਟੁੱਟ ਸਮਰਪਣ ਅਤੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਲੜਨ ਲਈ ਦ੍ਰਿੜ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਸਦੀ ਸ਼ਹਾਦਤ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਵਿਅਕਤੀਆਂ ਦੁਆਰਾ ਕੀਤੀਆਂ ਅਣਗਿਣਤ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਰਹੇਗੀ ।
  “ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
  ਵਤਨ ਪੇ ਮਿਟਨੇਂ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ”।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img