ਲੁਧਿਆਣਾ, 07 ਸਤੰਬਰ (ਬੁਲੰਦ ਆਵਾਜ਼):-ਲੁਧਿਆਣਾ ਵਿਚ ਗਲੋਬਲ ਵੇਅ ਇਮੀਗ੍ਰੇਸ਼ਨ ਦੇ ਮਾਲਕ ਭੈਣ-ਭਰਾ ਨੂੰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨੀਂ ਕਈ ਪੀੜਤਾਂ ਨੇ ਇਮੀਗ੍ਰੇਸ਼ਨ ਕੰਪਨੀ ਖ਼ਿਲਾਫ਼ ਮੋਰਚਾ ਖੋਲ੍ਹਿਆ ਸੀ। ਧੂਰੀ ਇਲਾਕੇ ਦੇ ਰਹਿਣ ਵਾਲੇ ਜੋੜੇ ਨੇ ਕੰਪਨੀ ਮਾਲਕਾਂ ਖ਼ਿਲਾਫ਼ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕੋਲੋਂ 1.07 ਕਰੋੜ ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਗਲੋਬਲ ਵੇਅ ਇਮੀਗ੍ਰੇਸ਼ਨ ਦੇ ਮਾਲਕ ਅਮਿਤ ਮਲਹੋਤਰਾ ਅਤੇ ਵੀਨੂ ਮਲਹੋਤਰਾ ਵਜੋਂ ਹੋਈ ਹੈ। ਪੁਲਿਸ ਉਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਇਸ ਮੌਕੇ ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਕੁਝ ਦਿਨੀਂ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਪੀੜਤਾਂ ਨੇ ਗਲੋਬਲ ਵੇਅ ਇਮੀਗ੍ਰੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਜਾਣਕਾਰੀ ਅਨੁਸਾਰ ਉਹ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨੂੰ ਠੱਗਦੇ ਸਨ ਅਤੇ ਉਨ੍ਹਾਂ ਨੂੰ ਇਹ ਧੋਖਾ ਦਿੰਦੇ ਸਨ ਕਿ ਫਾਈਲ ਜਮ੍ਹਾਂ ਕਰਵਾ ਕੇ ਵੀਜ਼ਾ ਲਗਵਾਉਣ ਤੋਂ ਬਾਅਦ ਹੀ ਉਹ ਪੂਰੀ ਰਕਮ ਲੈਣਗੇ, ਜਦੋਂ ਮੁਲਜ਼ਮ ਫਾਈਲ ਬਣਾ ਕੇ ਲੋਕਾਂ ਵਿੱਚ ਇਹ ਡਰ ਪੈਦਾ ਕਰਦੇ ਸਨ ਕਿ ਉਨ੍ਹਾਂ ਦੀ ਫਾਈਲ ਰੱਦ ਹੋ ਸਕਦੀ ਹੈ। ਇਸ ਤਰ੍ਹਾਂ ਮੁਲਜ਼ਮ ਲੋਕਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਈ ਵਿਅਕਤੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮਾਂ ਕੋਲੋਂ 1 ਕਰੋੜ 7 ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ।