More

    ਗਠੀਏ ਸਣੇ ਕਈ ਰੋਗਾਂ ’ਚ ਆਰਾਮ ਪਹੁੰਚਾਉਂਦੀ ਐ ਹਲਦੀ

    ਹਲਦੀ ਦਾਲਾਂ-ਸਬਜ਼ੀਆਂ ਨੂੰ ਇੱਕ ਖ਼ਾਸ ਰੰਗਤ ਅਤੇ ਸੁਆਦ ਪ੍ਰਦਾਨ ਕਰਦੀ ਹੈ। ਚਮੜੀ ਦੀਆਂ ਅਨੇਕਾਂ ਅਲਾਮਤਾਂ ਲਈ ਇਹ ਅਤਿ ਪ੍ਰਭਾਵਸ਼ਾਲੀ ਦਵਾਈ ਹੈ। ਕਿਸੇ ਵੀ ਜ਼ਖ਼ਮ ’ਤੇ ਦੇਸੀ ਘਿਓ ਵਿੱਚ ਗਰਮ ਕਰਕੇ ਹਲਦੀ ਲਾਉਣ ਨਾਲ ਜ਼ਖ਼ਮ ਦੇ ਠੀਕ ਹੋਣ ਦੀ ਰਫ਼ਤਾਰ ਹੈਰਾਨੀਜਨਕ ਤਰੀਕੇ ਨਾਲ ਤੇਜ਼ ਹੋ ਜਾਂਦੀ ਹੈ। ਚਮੜੀ ਉੱਪਰ ਫਿਨਸੀਆਂ ਹੋਣ ਜਾਂ ਚਿਹਰੇ ਉੱਪਰ ਕਿੱਲ-ਮੁਹਾਸੇ, ਹਲਦੀ ਪਾਊਡਰ ਨੂੰ ਥੋੜ੍ਹੇ ਜਿਹੇ ਦੁੱਧ ਵਿੱਚ ਮਿਲਾ ਕੇ ਮਾਲਿਸ਼ ਕਰਦੇ ਰਹਿਣ ਨਾਲ ਲਾਭ ਹੁੰਦਾ ਹੈ ਅਤੇ ਕਿੱਲਾਂ-ਮੁਹਾਸਿਆਂ ਤੋਂ ਬਾਅਦ ਕਾਲੇ ਦਾਗ਼ ਵੀ ਨਹੀਂ ਬਣਦੇ।

    ਉਂਜ ਵੀ ਚਮੜੀ ਉੱਪਰ ਹਲਦੀ ਦੀ ਮਾਲਿਸ਼ ਕਰਨ ਨਾਲ ਚਮੜੀ ਦੀ ਹਰ ਤਰ੍ਹਾਂ ਦੀ ਲਾਗ ਤੋਂ ਛੁਟਕਾਰਾ ਤਾਂ ਮਿਲਦਾ ਹੀ ਹੈ, ਚਮੜੀ ਵੀ ਨਰਮ ਰਹਿੰਦੀ ਹੈ। ਹਲਦੀ ਅਸਲ ਵਿੱਚ ਹਲਦੀ ਪੌਦੇ ਦੀਆਂ ਜੜ੍ਹਾਂ ਹੁੰਦੀਆਂ ਹਨ। ਇਸ ਪੌਦੇ ਦੇ ਪੱਤੇ ਵੀ ਸਬਜ਼ੀ/ਸਲਾਦ ਆਦਿ ਦੇ ਰੂਪ ਵਿੱਚ ਖਾਧੇ ਜਾ ਸਕਦੇ ਹਨ ਪਰ ਜ਼ਿਆਦਾਤਰ ਲੋਕ ਇਸ ਦੀਆਂ ਜੜ੍ਹਾਂ ਹੀ ਵਰਤਦੇ ਹਨ। ਇਸ ਪੌਦੇ ਦੀਆਂ ਜੜ੍ਹਾਂ ਹਰੀ ਜਾਂ ਕੱਚੀ ਹਲਦੀ ਦੇ ਰੂਪ ਵਿੱਚ ਅਚਾਰ ਜਾਂ ਸਬਜ਼ੀ ਬਣਾ ਕੇ ਵੀ ਖਾਧੀਆਂ ਜਾ ਸਕਦੀਆਂ ਹਨ। ਇਨ੍ਹਾਂ ਜੜ੍ਹਾਂ ਨੂੰ ਸੁਕਾ ਕੇ ਜਾਂ ਉਬਾਲਣ ਮਗਰੋਂ ਸੁਕਾ ਕੇ ਇਨ੍ਹਾਂ ਦਾ ਰੰਗ ਪੀਲਾ ਹੋ ਜਾਂਦਾ ਹੈ। ਇਸ ਹਲਦੀ ਨੂੰ ਪਿਸਾ ਕੇ ਆਮ ਵਰਤੋਂ ਵਾਲੀ ਹਲਦੀ (ਪਾਊਡਰ ਰੂਪ) ਤਿਆਰ ਕੀਤੀ ਜਾਂਦੀ ਹੈ।

    ਨੱਕ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ, ਸਾਈਨੋਸਾਈਟਿਸ, ਪੁਰਾਣਾ ਜ਼ੁਕਾਮ ਆਦਿ ਹਲਦੀ ਪਾਊਡਰ ਲੈਣ ਨਾਲ ਠੀਕ ਹੁੰਦੇ ਹਨ। ਜਿਗਰ ਦੇ ਰੋਗਾਂ ਅਤੇ ਪੀਲੀਆ ਆਦਿ ਲਈ ਹਲਦੀ ਦੀ ਸਫ਼ਲ ਵਰਤੋਂ ਬੜੇ ਲੰਮੇ ਸਮੇਂ ਤੋਂ ਹੁੰਦੀ ਰਹੀ ਹੈ। ਪੇਸ਼ਾਬ ਸਬੰਧੀ ਰੋਗਾਂ ਵਿੱਚ ਵੀ ਹਲਦੀ ਉਪਯੋਗੀ ਰਹਿੰਦੀ ਹੈ। ਹਲਦੀ ਅਤੇ ਚੰਦਨ ਪਾਊਡਰ ਨੂੰ ਦੁੱਧ ਨਾਲ ਮਿਲਾ ਕੇ ਚਿਹਰੇ ਦੀ ਮਾਲਿਸ਼ ਕਰਦੇ ਰਹਿਣ ਨਾਲ ਚਿਹਰਾ ਨਿੱਖਰ ਜਾਂਦਾ ਹੈ। ਕੋਈ ਵੀ ਸੱਟ ਆਦਿ ਲੱਗੀ ਹੋਵੇ ਤਾਂ ਗਰਮ/ਕੋਸੇ ਦੁੱਧ ਨਾਲ ਹਲਦੀ ਲੈਣ ਨਾਲ ਅਰਾਮ ਮਿਲਦਾ ਹੈ ਕਿਉਂਕਿ ਇਹ ਦਰਦ ਨਾਸ਼ਕ ਅਤੇ ਸੋਜ਼ ਉਤਾਰਨ ਵਾਲੇ ਗੁਣ ਰੱਖਦੀ ਹੈ। ਦੁੱਧ ਨਾਲ ਲੈਣ ’ਤੇ ਇਹ ਬਲੱਡ-ਸ਼ੂਗਰ ਦਾ ਪੱਧਰ ਵੀ ਕੰਟਰੋਲ ਕਰਦੀ ਹੈ। ਇਹ ਗਠੀਏ ਦੀ ਤਕਲੀਫ਼ ਨੂੰ ਕਾਫ਼ੀ ਘਟਾਉਂਦੀ ਹੈ ਅਤੇ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਸ ਵਿੱਚ ਕੈਂਸਰ ਵਿਰੋਧੀ ਗੁਣ ਵੀ ਹੁੰਦਾ ਹੈ। ਛਾਲੇ, ਭਾਵੇਂ ਉਹ ਬਵਾਸੀਰ ਦੇ ਹੋਣ ਤੇ ਭਾਵੇਂ ਸੜ ਜਾਣ ਕਾਰਨ, ਹਲਦੀ ਪਾਊਡਰ ਛਿੜਕਣ ਨਾਲ ਵਧੇਰੇ ਛੇਤੀ ਠੀਕ ਹੁੰਦੇ ਹਨ। ਸੋਜ਼ ਜਾਂ ਦਰਦ ਵਾਲੀ ਥਾਂ ’ਤੇ ਹਲਦੀ ਦਾ ਪੇਸਟ ਲਾਉਣ ਨਾਲ ਸੋਜ਼ ਅਤੇ ਦਰਦ ਤੋਂ ਅਰਾਮ ਮਿਲਦਾ ਹੈ। ਆਯੁਰਵੈਦਿਕ ਇਲਾਜ ਪੱਧਤੀ ਵਿੱਚ ਹਲਦੀ ਦੀ ਵੱਡੇ ਪੱਧਰ ’ਤੇ ਵਰਤੋਂ ਹੁੰਦੀ ਹੈ। ਇਸ ਪੱਧਤੀ ਅਨੁਸਾਰ ਹਲਦੀ ਦੀ ਤਾਸੀਰ ਗਰਮ ਅਤੇ ਖ਼ੁਸ਼ਕ ਹੁੰਦੀ ਹੈ। ਇਹ ਖੰਘ ਅਤੇ ਪਿੱਤ ਦੋਸ਼ਾਂ ਨੂੰ ਦੂਰ ਕਰਦੀ ਹੈ। ਇਸ ਦਾ ਕੋਈ ਬੁਰਾ ਪ੍ਰਭਾਵ ਵੀ ਨਹੀਂ ਮੰਨਿਆ ਗਿਆ। ਇਹ ਲੋੜ ਅਨੁਸਾਰ ਕੋਸੇ ਪਾਣੀ, ਚਾਹ ਜਾਂ ਗਰਮ ਦੁੱਧ ਨਾਲ ਤਕਲੀਫ਼ ਦੇ ਹਿਸਾਬ ਨਾਲ ਦਿਨ ਵਿੱਚ ਇੱਕ ਤੋਂ ਲੈ ਕੇ ਚਾਰ-ਪੰਜ ਵਾਰੀ ਲਈ ਜਾ ਸਕਦੀ ਹੈ।

    ਖੰਘ, ਜ਼ੁਕਾਮ, ਬੁਖਾਰ ਆਦਿ ਦੇ ਇਲਾਜ ਵਿੱਚ ਹਲਦੀ ਬਹੁਤ ਸਹਾਈ ਹੁੰਦੀ ਹੈ। ਜੁਆਨ ਹੋ ਰਹੇ ਮੁੰਡੇ-ਕੁੜੀਆਂ, ਜੇ ਚਿਹਰੇ ਦੇ ਕਿੱਲ-ਮੁਹਾਸਿਆਂ ਤੋਂ ਪਰੇਸ਼ਾਨ ਹੋਣ ਤਾਂ ਹਲਦੀ ਦਾ ਸੇਵਨ ਅਤੇ ਚਿਹਰੇ ਉੱਪਰ ਮਾਲਸ਼ ਬਹੁਤ ਹੀ ਫਾਇਦੇਮੰਦ ਰਹਿੰਦੀ ਹੈ।
    ਹਲਦੀ ਦਾ ਪੀਲਾ ਰੰਗ ਇਸ ਵਿੱਚ ਮੌਜੂਦ ਇੱਕ ਵਿਸ਼ੇਸ਼ ਯੋਗਿਕ ਕਾਰਨ ਹੁੰਦਾ ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ਕਰਕਿਊਮਨ ਕਹਿੰਦੇ ਹਨ। ਉਂਜ ਹਲਦੀ ਵਿੱਚ ਪ੍ਰੋਟੀਨ, ਚਰਬੀ, ਰੇਸ਼ਾ, ਕਾਫ਼ੀ ਜ਼ਿਆਦਾ ਕਾਰਬੋਹਾਈਡਰੇਟ, ਵਿਟਾਮਿਨ ‘ਏ’, ਵਿਟਾਮਿਨ ‘ਬੀ’, ਕੈਲਸ਼ੀਅਮ, ਫਾਸਫੋਰਸ ਤੇ ਲੋਹੇ ਵਰਗੇ ਖਣਿਜ ਪਦਾਰਥ ਹੁੰਦੇ ਹਨ, ਜੋ ਕਿ ਸਰੀਰ ਲਈ ਲਾਹੇਵੰਦ ਹੁੰਦੇ ਹਨ। ਜੇ ਕਿਸੇ ਬੀਮਾਰੀ ਲਈ ਅੰਗਰੇਜ਼ੀ ਜਾਂ ਦੇਸੀ ਦਵਾਈ ਖਾਧੀ ਜਾ ਰਹੀ ਹੋਵੇ ਤਾਂ ਵੀ ਉਸ ਬੀਮਾਰੀ ਦੇ ਇਲਾਜ ਲਈ ਹਲਦੀ ਖਾਣ ਉੱਪਰ ਰੋਕ ਨਹੀਂ ਲਾਈ ਜਾਂਦੀ ਕਿਉਂਕਿ ਹਲਦੀ ਅਜਿਹੇ ਇਲਾਜ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪਾਉਂਦੀ, ਸਗੋਂ ਇਹ ਖਾਧੀ ਜਾ ਰਹੀ ਦਵਾਈ ਦਾ ਪ੍ਰਭਾਵ ਵਧਾਉਂਦੀ ਹੈ। ਹਲਦੀ ਨੂੰ ਭਾਰਤੀ ਕੇਸਰ ਵੀ ਕਿਹਾ ਜਾਂਦਾ ਹੈ। ਗਰਮੀਆਂ ਵਿੱਚ ਰਸੋਈ ਵਿਚੋਂ ਕੀੜੇ, ਕੀੜੀਆਂ ਆਦਿ ਨੂੰ ਭਜਾਉਣ ਲਈ ਹਲਦੀ ਪਾਊਡਰ ਛਿੜਕਿਆ ਜਾ ਸਕਦਾ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਦੇ ਵੱਖੋ-ਵੱਖ ਨਾਂ ਹੋ ਸਕਦੇ ਹਨ। ਉਦਾਹਰਨ ਵਜੋਂ ਇਸ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਹਲਦੀ; ਸੰਸਕ੍ਰਿਤ ਵਿੱਚ ਹਰਿਦਰਾ ਜਾਂ ਕਾਂਚਨੀ; ਬੰਗਲਾ ਭਾਸ਼ਾ ਵਿੱਚ ਹਲੁਦ ਅਤੇ ਹਰਿਦਰਾ; ਮਰਾਠੀ ਵਿੱਚ ਹਲਦ; ਗੁਜਰਾਤੀ ਵਿੱਚ ਹਲਦਰ; ਕੰਨੜ ਵਿੱਚ ਅਰਸੀਨ; ਤੇਲਗੂ ਵਿੱਚ ਪਾਸੁਪੂ; ਫ਼ਾਰਸੀ ਵਿੱਚ ਜਰਦਪੋਪ ਅਤੇ ਅੰਗਰੇਜ਼ੀ ਵਿੱਚ ਟਰਮਰਿਕ ਕਹਿੰਦੇ ਹਨ। ਹਲਦੀ ਦੇ ਐਨੇ ਲਾਭ ਵੇਖਦੇ ਹੋਏ ਏਦਾਂ ਹੀ ਇਸ ਦਾ ਸੇਵਨ ਸ਼ੁਰੂ ਕਰਨਾ ਕੋਈ ਵਧੀਆ ਗੱਲ ਨਹੀਂ ਹੋਵੇਗੀ। ਯਕੀਨੀ ਬਣਾਓ ਕਿ ਜਿਹੜੀ ਹਲਦੀ ਤੁਸੀਂ ਵਰਤਣ ਜਾ ਰਹੇ ਹੋ, ਉਹ ਸ਼ੁੱਧ ਅਤੇ ਤਾਜ਼ੀ ਪਿਸੀ ਹੋਵੇ। ਚੰਗਾ ਹੋਵੇ ਜੇ ਸਾਬਤ ਹਲਦੀ ਲੈ ਕੇ ਉਸ ਨੂੰ ਘਰੇ ਪੀਸਿਆ ਜਾਵੇ ਜਾਂ ਕਿਸੇ ਵਿਸ਼ਵਾਸਪਾਤਰ ਚੱਕੀ ਵਾਲੇ ਤੋਂ ਪਿਸਵਾਇਆ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img