More

    ਖਾਲਿਸਤਾਨੀਆਂ ਦੀ ਭਾਰਤੀ ਪੈਵਿਲੀਅਨ ‘ਚ ਵਾਪਸੀ ਦਾ ਸਿੱਖ ਲਹਿਰ ਨੂੰ ਫਾਇਦਾ ਕਿ ਨੁਕਸਾਨ?

    “ਕਨਿਸ਼ਕ ਬੰਬ ਕਾਂਡ ਦੇ ਮਾਮਲੇ ‘ਤੇ ਭਾਰਤ ਘਿਰ ਸਕਦਾ ਹੈ ਨਵੀਂ ਮੁਸੀਬਤ ‘ਚ”

    ਸੁਰਿੰਦਰ ਸਿੰਘ ਟਾਕਿੰਗ ਪੰਜਾਬ

    ਰਿਪੁਦਮਨ ਸਿੰਘ ਮਲਿਕ ਦੇ ਭਾਰਤੀ ਜ਼ਮੀਨ ‘ਤੇ ਪੈਰ ਰੱਖਦਿਆਂ ਹੀ ਖਾਲਿਸਤਾਨੀ ਧਿਰਾਂ ਅੰਦਰ ਖ਼ਾਮੋਸ਼ੀ ਪਸਰ ਗਈ। ਹਾਲਾਂਕਿ ਮਲਿਕ ਸ਼ੁਰੂ ਤੋਂ ਹੀ ਖਾਲਿਸਤਾਨੀ ਕਾਜ ਲਈ ਕਦੇ ਸਰਗਰਮ ਨਹੀਂ ਰਿਹਾ। ਉਸ ਦਾ ਨਾਮ ਸਭ ਤੋਂ ਪਹਿਲਾਂ ਉਸ ਵੇਲੇ ਸੁਰਖ਼ੀਆਂ ‘ਚ ਆਇਆ ਸੀ ਜਦੋਂ 23 ਜੂਨ 1985 ਨੂੰ ਭਾਰਤੀ ਮੁਸਾਫ਼ਰ ਜਹਾਜ਼ ਨੂੰ ਅੱਧ ਅਸਮਾਨੀਂ ਬੰਬ ਨਾਲ ਉਡਾ ਕੇ 331 ਮੁਸਾਫ਼ਰਾਂ ਨੂੰ ਕਤਲ ਕੀਤਾ ਗਿਆ ਸੀ। ਇਸ ਮਾਮਲੇ ‘ਚ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਨੂੰ ਕੈਨੇਡਾ ਦੀ ਅਦਾਲਤ ਨੇ ਮਾਰਚ 2005 ‘ਚ ਬਰੀ ਕਰ ਦਿੱਤਾ ਸੀ। ਪਰ ਰਿਪੁਦਮਨ ਸਿੰਘ ਮਲਿਕ ਅਤੇ ਹੋਰਨਾਂ ਨੂੰ ਭਾਰਤ ਖ਼ਿਲਾਫ਼ ਬਗ਼ਾਵਤ ਕਰਨ ਅਤੇ ਮਾਰ-ਧਾੜ ਦੇ ਦੋਸ਼ਾਂ ਕਾਰਨ ਆਪਣੀ ਜ਼ਮੀਨ ‘ਤੇ ਪੈਰ ਰੱਖਣੋਂ ਹਮੇਸ਼ਾਂ ਲਈ ਵਰਜਿਆ ਹੋਇਆ ਸੀ। ਕੈਨੇਡਾ ਸਰਕਾਰ ਨੇ ਵੀ ਮਲਿਕ ਨੂੰ ਨੋ-ਫ਼ਲਾਈ ਜ਼ੋਨ ‘ਚ ਸ਼ਾਮਲ ਕਰ ਲਿਆ ਸੀ।

    ਮਲਿਕ ਨੂੰ ਲੈ ਕੇ ਬੀਤੇ ਦਿਨਾਂ ਤੋਂ ਚਰਚਾ ਇੱਕ ਵਾਰ ਫੇਰ ਗਰਮ ਹੈ। ਉਹ ਇਸ ਵੇਲੇ ਭਾਰਤ ਦੇ ਦੌਰੇ ‘ਤੇ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਹਦੇ ਵੱਲੋਂ ਭਾਰਤ ਸਰਕਾਰ ਦੀਆਂ ਕੂਟਨੀਤਕ ਸਰਗਰਮੀਆਂ ਦੇ ਹਿੱਸੇ ਵੱਜੋਂ ਦਿੱਲੀ ਦੇ ਗਲਿਆਰਿਆਂ ਦੀ ਆਓ-ਭਗਤ ਭੋਗਣ ਦੀ ਕੰਨਸੋਅ ਮਿਲੀ ਹੈ।

    ਜੂਨ 1984 ਤੋਂ ਬਾਅਦ ਭਾਰਤ ਸਰਕਾਰ ਦੇ ਖ਼ੂਫ਼ੀਆ ਮਹਿਕਮੇ ਨੇ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਦੇ ਰੋਹ ਨੂੰ ਕਾਬੂ ‘ਚ ਰੱਖਣ ਲਈ ਇੱਕ ਖਾਸ ਪ੍ਰੋਗ੍ਰਾਮ ਇਜਾਦ ਕੀਤਾ ਸੀ। ਇਸ ਅਧੀਨ ਕੁੱਝ ਲੀਡਰੀ ਗੁਣਾਂ ਵਾਲੇ ਬੰਦਿਆਂ ਨੂੰ ਅੱਗੇ ਲਾ ਕੇ ਸਿੱਖਾਂ ਦੇ ਗੁੱਸੇ ਨੂੰ ਠੰਡਿਆਂ ਕਰਨ ਦੇ ਨਾਲ ਨਾਲ ਉਹਨਾਂ ਦੀਆਂ ਜੇਬਾਂ ਢਿੱਲੀਆਂ ਕਰਾਉਣ ਦੀ ਘਾੜਤ ਤਿਆਰ ਕੀਤੀ ਗਈ ਸੀ। ‘ਰਾਅ’ ਦੇ ਜਾਇੰਟ ਡਾਇਰੈਕਟਰ ਮਲੋਇ ਕ੍ਰਿਸ਼ਨਾ ਧਰ ਨੇ ਆਪਣੀ ਕਿਤਾਬ ‘ਓਪਨ ਸੀਕਰੇਟ’ ‘ਚ ਲਿਖੀਆਂ ਗੱਲਾਂ ਤੋਂ ਇਸ ਦਾ ਸੰਕੇਤ ਦਿੱਤਾ ਸੀ ਜਿਸਨੂੰ ਸਹਿਜੇ ਹੀ ਡੀਕੋਡ ਕੀਤਾ ਜਾ ਸਕਦਾ ਹੈ। ਇਹ ਨੀਤੀ ਕੁੱਝ ਸਮੇਂ ਬਾਅਦ ਹੀ ਜੱਗ ਜ਼ਾਹਿਰ ਹੋ ਗਈ ਹਾਲਾਂਕਿ ਵਿਦੇਸ਼ਾਂ ‘ਚ ਸਿੱਖਾਂ ਨੂੰ (ਇਸੇ ਨੀਤੀ ਕਾਰਨ) ਜਥੇਬੰਦਕ ਤੌਰ ‘ਤੇ ਕਾਫ਼ੀ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਸੀ। ਇਸ ਨੀਤੀ ਦੇ ਇਲਾਵਾ ਭਾਰਤੀ ਤੰਤਰ ਦੀ ਇੱਕ ਲੁਕਵੀਂ ਅਤੇ ਬੇਹੱਦ ਮਾਰੂ ਨੀਤੀ ਦੇ ਦਰਸ਼ਨ ਉਸ ਵੇਲੇ ਹੋਏ ਜਦੋਂ ਕਨਿਸ਼ਕ ਹਵਾਈ ਹਾਦਸਾ ਵਾਪਰਿਆ। ਸਿੱਖ ਆਜ਼ਾਦੀ ਲਈ ਆਪਣੀ ਸੋਚ ਦਾ ਪ੍ਰਤੱਖ ਵਿਖ਼ਾਲ਼ਾ ਕਰਨ ਵਾਲੇ ਲੋਕ ਅਤੇ ਮੋਹਰੀ ਆਗੂ ਭਾਰਤ ਸਰਕਾਰ ਦੀ ਇਸ ਨੀਤੀ ਨੂੰ ਸਮਝਣ ਤੋਂ ਬਿਲਕੁਲ ਅਸਮਰੱਥ ਸਨ। ਪਰ ਸਿੱਖ ਬੁੱਧੀਜੀਵੀ ਵਰਗ ਨੇ ਇਸ ਬਾਰੇ ਸਿੱਖਾਂ ਨੂੰ ਚੌਕਸ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ। ਜ਼ੁਹੈਰ ਕਸ਼ਮੀਰੀ ਅਤੇ ਬਰਿਆਨ ਮੈਕਐਂਡਰਿਊ ਨਾਮ ਦੇ ਕੈਨੇਡਾ ਦੇ ਦੋ ਪੱਤਰਕਾਰਾਂ ਨੇ ਕਨਿਸ਼ਕ ਬੰਬ ਕਾਂਡ ਬਾਰੇ ਖੁਲਾਸਾ ਕਰਦੀ ਇੱਕ ਪੂਰੀ ਕਿਤਾਬ ‘ਸਾਫ਼ਟ ਟਾਰਗੇਟ’ ਨਾਲ ਦਹਿਸ਼ਤਗਰਦੀ ਦੀ ਇਸ ਘਿਨੌਣੀ ਕਾਰਵਾਈ ਲਈ ਭਾਰਤ ਨੂੰ ਪੂਰੀ ਤਰਾਂ ਜ਼ਿੰਮੇਵਾਰ ਸਿੱਧ ਕਰ ਦਿੱਤਾ ਸੀ। ਇਸ ਦੇ ਬਾਅਦ ਸਿੱਖ ਚਿੰਤਕ ਗੁਰਤੇਜ ਸਿੰਘ ਨੇ ਸਮੇਂ ਸਮੇਂ ਕਨਿਸ਼ਕ ਕਾਂਡ ਬਾਰੇ ਜਾਣਕਾਰੀ ਦਿੱਤੀ। 1984 ਤੋਂ ਪਹਿਲਾਂ ਅਤੇ ਬਾਅਦ ‘ਚ ਭਾਰਤੀ ਤੰਤਰ ਨੇ ਪੰਜਾਬ ਦੀ ਸਿੱਖ ਖਾੜਕੂ ਲਹਿਰ ਨੂੰ ਬਦਨਾਮ ਕਰਨ ਲਈ ਅਜਿਹੀਆਂ ਕਾਰਵਾਈਆਂ ਨੂੰ ਲਗਾਤਾਰ ਅੰਜਾਮ ਦਿੱਤਾ, ਜਿਹਨਾਂ ‘ਚ ਬੇਕਸੂਰ ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਅਤੇ ਕੁੱਝ ਹਿੰਦੂਆਂ ਨੂੰ ਵੀ ਕਤਲ ਕੀਤਾ। ਅਜਿਹੀਆਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨੂੰ ਸਿੱਖਾਂ ਦੇ ਸਿਰ ਲਾ ਕੇ ਭਾਰਤੀ ਤੰਤਰ ਨੇ ਸਿੱਖਾਂ ਨੂੰ ਦੁਨੀਆ ਭਰ ‘ਚ ਸ਼ੱਕੀ ਬਣਾ ਦਿੱਤਾ। ਸਿੱਖਾਂ ਨੂੰ ਹਰ ਜਨਤਕ ਥਾਂ ਅਤੇ ਹਵਾਈ ਅੱਡਿਆਂ ‘ਤੇ ਜ਼ਲੀਲ ਕੀਤਾ ਜਾਣ ਲੱਗਾ ਜਿਸ ਦੀ ਬਦੌਲਤ ਵੱਡੀ ਗਿਣਤੀ ਸਿੱਖਾਂ ਨੇ ਖਾਲਿਸਤਾਨੀਆਂ ਨੂੰ ਭੰਡਣਾ ਸ਼ਰੂ ਕਰ ਦਿੱਤਾ ਅਤੇ ਉਹਨਾਂ ਦੀ ਲਹਿਰ ਨਾਲੋਂ ਹਮਦਰਦੀ ਖ਼ਤਮ ਹੋ ਗਈ। ਭਾਵ ਸਰਕਾਰ ਆਪਣੀਆਂ ਦੋਵਾਂ ਨੀਤੀਆਂ ‘ਚ ਸਫ਼ਲ ਰਹੀ।

    ਅਜਿਹੀਆਂ ਕਾਰਵਾਈਆਂ ਬਹੁਤ ਗੁਪਤ ਤਰੀਕੇ ਨਾਲ ਕੀਤੀਆਂ ਗਈਆਂ ਅਤੇ ਸੰਭਵ ਤੌਰ ‘ਤੇ ਭਾਰਤ ਸਰਕਾਰ ਨੇ ਕੌਮਾਂਤਰੀ ਅਤੇ ਰਾਸ਼ਟਰੀ ਪੱਧਰ ‘ਤੇ ਅਜਿਹੀਆਂ ਕਾਰਵਾਈਆਂ ‘ਤੇ ਲਗਾਤਾਰ ਚੁੱਪੀ ਧਾਰ ਕੇ ਰੱਖੀ। ‘ਸਾਫ਼ਟ ਟਾਰਗੇਟ’ ਕਿਤਾਬ ਛਪਣ ਦੇ ਬਾਅਦ ਵੀ ਸਰਕਾਰੀ ਪੱਧਰ ‘ਤੇ ਕੋਈ ਪੁਸ਼ਟੀ ਜਾਂ ਨਿਖੇਧ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ। ਉਂਜ ਸਿੱਖਾਂ ਨੂੰ ਬਦਨਾਮ ਕਰਨ ਦੀ ਥਾਂ ਭਾਰਤ ਇਸ ਮਾਮਲੇ ‘ਚ ਬੁਰੀ ਤਰਾਂ ਘਿਰ ਗਿਆ ਸੀ। ਜਿਸਨੂੰ ਦੂਜੇ ਮੁਲਕਾਂ ਨਾਲ ਕਈ ਕੂਟਨੀਤਕ ਸਮਝੌਤਿਆਂ ਰਾਹੀਂ ਆਰਜੀ ਤੌਰ ‘ਤੇ ਹੱਲ ਕਰ ਲਿਆ ਗਿਆ। ਕਨਿਸ਼ਕ ਕਾਂਡ ਦੇ 34 ਸਾਲਾਂ ਬਾਅਦ ਹੁਣ ਰਿਪੁਦਮਨ ਸਿੰਘ ਮਲਿਕ ਦੇ ਭਾਰਤ ਜਾਣ ਨਾਲ ਭਾਰਤ ਦੀਆਂ ਦਹਿਸ਼ਤਗਰਦੀ ਦੀਆਂ ਨੀਤੀਆਂ ਦਾ ਇੱਕ ਫ਼ੇਰ ਚਰਚਾ ‘ਚ ਆਉਣਾ ਸੁਭਾਵਕ ਹੈ। ਇਸ ਨਾਲ ਖਾਲਿਸਤਾਨ ਲਈ ਸ਼ਬਦ ਜੰਗ ਲੜ ਰਹੀਆਂ ਧਿਰਾਂ ਆਪਣੇ ਆਪ ਨੂੰ ਸਕਤੇ ‘ਚ ਆਇਆਂ ਮਹਿਸੂਸ ਕਰ ਰਹੀਆਂ ਹਨ। ਹਿੰਦੂਵਾਦੀ ਰਾਸ਼ਟਰਵਾਦੀ, ਖੱਬੇਪੱਖੀ, ਮਾਡਰੇਟ ਸਿੱਖ ਅਤੇ ਖਾਲਿਸਤਾਨੀ ਸਾਰੇ ਚੁੱਪ ਹਨ।

    ਰਿਪੁਦਮਨ ਸਿੰਘ ਮਲਿਕ ਦੇ ਭਾਰਤ ਪਹੁੰਚਣ ਨਾਲ ਜ਼ੁਹੈਰ ਕਸ਼ਮੀਰੀ ਅਤੇ ਬਰਿਆਨ ਮੈਕਐਂਡਰਿਊ ਦੀ ਥਿਊਰੀ ਨੂੰ ਬਲ ਮਿਲਿਆ ਹੈ। ਪਰ ਭਾਰਤੀ ਮੀਡੀਆ ਚੁੱਪ ਹੈ। ਜਦਕਿ ਕੁੱਝ ਪੰਜਾਬੀ ਪੱਤਰਕਾਰੀ ਦੇ ਹਲਕੇ ਝਿਜਕਦੇ ਹੋਇਆਂ ਦੱਬੀ ਜ਼ੁਬਾਨ ਨਾਲ ਚਰਚਾ ਕਰ ਰਹੇ ਹਨ ਕਿ ਰਿਪੁਦਮਨ ਸਿੰਘ ਮਲਿਕ, ਜਸਵੰਤ ਸਿੰਘ ਠੇਕੇਦਾਰ, ਖਾਲਿਸਤਾਨ ਦੇ ਸਾਬਕਾ ਰਾਸ਼ਟਰਪਤੀ (ਆਪੂੰ ਬਣਿਆ) ਸੇਵਾ ਸਿੰਘ ਲਾਲੀ ਅਤੇ ਕੁੱਝ ਹੋਰਨਾਂ ਸਰਕਰਦਾ ਖਾਲਿਸਤਾਨੀ ਟੈਗ ਵਾਲੇ ਬੰਦਿਆਂ ਨੂੰ ਭਾਰਤ ਨੇ ‘2020 ਰੈਫ਼ਰੈਂਡਮ’ ਦੀ ਲਹਿਰ ਨੂੰ ਫ਼ੇਲ ਕਰਨ ਲਈ ‘ਜੀਓ ਆਇਆਂ’ ਕਿਹਾ ਹੈ। ਇਸ ਸਾਰੀ ਕਾਰਵਾਈ-ਏ-ਅਮਲ ਨੂੰ ਭਾਰਤੀ ਤੰਤਰ ਨੇ ਇੱਕ ਜੂਏ ਦੀ ਖੇਡ ਵਾਂਗ ਅੰਜਾਮ ਦਿੱਤਾ ਜਾਪਦਾ ਹੈ। ਕਿਉਂਕਿ ਇਸ ਨਾਲ ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਦਹਿਸ਼ਤਗਰਦੀ ਵਾਲ਼ਾ ਚਿਹਰਾ ਬੇਨਕਾਬ ਹੋਣ ਦਾ ਖ਼ਦਸ਼ਾ ਵੀ ਲਗਾਤਾਰ ਬਣਿਆ ਰਹੇਗਾ। ਹਾਲ ਦੀ ਘੜੀ ਕੌਮਾਂਤਰੀ ਮੀਡੀਆ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹੋ ਸਕਦਾ ਹੈ ਕਿ ਜਿਸ ਤਰੀਕੇ ‘ਟਰੂਡੋ ਦੀ ਭਾਰਤ ਫ਼ੇਰੀ’ ਨੂੰ ਭਾਰਤ ਨੇ ਕੌਮਾਂਤਰੀ ਮੀਡੀਆ ‘ਚ ਕੰਟਰੋਲ ਕੀਤਾ ਸੀ ਉਸ ਤਰਾਂ ਕਨਿਸ਼ਕ ਕਾਂਡ ਨਾਲ ਸੰਬੰਧਤ ਮਾਮਲੇ ਨੂੰ ਵੀ ਕੰਟਰੋਲ ਕਰਨ ਦੇ ਬਾਅਦ ਹੀ ਮਲਿਕ ਨੂੰ ਭਾਰਤ ਸੱਦਿਆ ਗਿਆ ਹੋਵੇ। ਉਂਝ ‘ਖਾਲਿਸਤਾਨ’ ਕਹਿਣ ਵਾਲੇ ਮੋਹਰੀਆਂ ਨੂੰ ਸਾਰਾ ਕੁੱਝ ਪਹਿਲਾਂ ਹੀ ਸਪੱਸ਼ਟ ਹੈ ਜਦਕਿ ਪਿੱਛੇ ‘ਜਿੰਦਾਬਾਦ’ ਕਹਿਣ ਵਾਲ਼ੇ ਸਿੱਖਾਂ ਨੂੰ ਹੁਣ ਅੱਗੋਂ ਤੋਂ ਕਿਸੇ ਵੀ ਭੀੜ ਦਾ ਹਿੱਸਾ ਬਣਨ ਜਾਂ ਨਾ ਬਣਨ ਦੀ ਸਸ਼ੋਪੰਜ ਵਿੱਚ ਪਾ ਦਿੱਤਾ ਹੈ। ਨਤੀਜੇ ਵੱਜੋਂ ਮੌਜੂਦਾ ਸਮੇਂ ‘ਚ ਜ਼ੋਰ ਸ਼ੋਰ ਨਾਲ ਖਾਲਿਸਤਾਨ ਦੀ ਗੱਲ ਕਰਨ ਵਾਲ਼ੇ ਆਗੂਆਂ ਜਾਂ ਕਾਰਕੁੰਨਾਂ ਦੀ ਗੱਲ ‘ਤੇ ਆਮ ਸਿੱਖਾਂ ਦਾ ਯਕੀਨ ਹੋਰ ਡਿੱਗਿਆ ਹੈ। 1984 ਤੋਂ ਬਾਅਦ ਵਿਦੇਸ਼ਾਂ ‘ਚ ਸਰਗਰਮ ਹੋਏ ਖਾਲਿਸਤਾਨੀ ਆਗੂਆਂ ਦੇ ਕਿਰਦਾਰਾਂ ‘ਤੇ ਸਵਾਲ ਉੱਠਣੇ ਸੁਭਾਵਕ ਹਨ। ਇਸ ਨਾਲ ਆਜ਼ਾਦੀ ਪਸੰਦ ਹਲਕਿਆਂ ‘ਚ ਜਿਹੜੇ ਆਗੂਆਂ ਦੇ ਨਾਮ ਹਾਲ਼ੇ ਤੱਕ ਵੀ ਸਤਿਕਾਰ ਨਾਲ ਲਏ ਜਾਂਦੇ ਹਨ ਉਹਨਾਂ ਦਾ ਭਵਿੱਖ ਡਾਵਾਂਡੋਲ ਹੋ ਗਿਆ ਹੈ। ਪੰਜਾਬ ‘ਚ ‘ਖਾਲਿਸਤਾਨ’ ਬਾਰੇ ਖੁੱਲ ਕੇ ਗੱਲ ਕਰਨ ਵਾਲੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਅਧਿਕਾਰਕ ਤੌਰ ‘ਤੇ ਇਸ ਹਾਲੇ ਕੋਈ ਬਿਆਨ ਜਾਰੀ ਨਹੀਂ ਕੀਤਾ।

    ਸਿੱਖ ਜੱਦੋ-ਜਹਿਦ ਬਾਰੇ ਵਿਚਾਰ ਚਰਚਾਵਾਂ ਅਤੇ ਮਲਿਕ ਦੇ ਭਾਰਤ ਜਾਣ ਦੀਆਂ ਘਟਨਾਵਾਂ ਮੱਦੇਨਜ਼ਰ ਇੱਕ ਗੱਲ ਨਿਖ਼ਰ ਕੇ ਸਾਹਮਣੇ ਆਈ ਹੈ। ਉਹ ਇਹ ਕਿ ਸਿੱਖ ਚਿੰਤਕ ਭਾਰਤ ਵੱਲੋਂ ਖੇਡੇ ਗਏ ਇਸ ਜੂਏ ਦੀ ਬਾਜ਼ੀ ਦਾ ਲਾਹਾ ਲੈਣ ‘ਚ ਬਿਲਕੁਲ ਅਸਫ਼ਲ ਸਾਬਿਤ ਹੋਏ ਹਨ। ਭਾਰਤ ਨੇ ਹਾਰੀ ਹੋਈ ਖੇਡ ਨੂੰ ਵੀ ਆਪਣੇ ਪੱਖ ਵਿਚ ਇਸ ਤਰੀਕੇ ਵਰਤਿਆ ਕਿ ਇਹ ਤੰਤਰ ਦੀ ਵਿਦੇਸ਼ ਅਤੇ ਗ੍ਰਹਿ ਨੀਤੀ ਦੀ ਪੀਡੀ ਚਾਲ ਦਾ ਪ੍ਰਗਟਾਵਾ ਕਰਦੀ ਹੈ। ਜੇਕਰ ਸਿੱਖ ਹਲਕੇ ਇਸ ‘ਤੇ ਕੰਮ ਕਰਨ ਤਾਂ ਭਾਰਤੀ ਤੰਤਰ ਨੂੰ ਇਸੇ ਘਟਨਾ ‘ਤੇ ਮਾਤ ਦੇ ਸਕਦੇ ਹਨ। ਰਿਪੁਦਮਨ ਸਿੰਘ ਮਲਿਕ ਅਤੇ ਬਾਕੀ ਖਾਲਿਸਤਾਨੀਆਂ ਨੂੰ ਵਾਪਸ ਬੁਲਾਉਣਾ ਭਾਰਤ ਨੂੰ ਹੁਣ ਵੀ ਦਹਸ਼ਤਗਰਦ ਮੁਲਕ ਸਾਬਤ ਕਰਨ ਲਈ ਕਾਫ਼ੀ ਹੋ ਸਕਦਾ ਹੈ।

    ਸੁਰਿੰਦਰ ਸਿੰਘ ਟਾਕਿੰਗ ਪੰਜਾਬ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img