More

    ਖਡੂਰ ਸਾਹਿਬ ਪੰਜਾਬ ਦੀ ਸਭ ਤੋਂ ਮਹੱਤਵਪੂਰਨ ਸੀਟ

    ਲੇਖਕ: ਪ੍ਰੋ. ਪ੍ਰੀਤਮ ਸਿੰਘ (ਆਕਸਫੋਰਡ)

    ਕਿਸੇ ਵੀ ਚੋਣ ਵਿੱਚ ਹਰ ਉਮੀਦਵਾਰ ਲਈ ਆਪਣੀ ਸੀਟ ਮਹੱਤਵਪੂਰਨ ਹੁੰਦੀ ਹੈ ਪਰ ਨਿਰਪੱਖ ਤੇ ਸਮੂਹਿਕ ਤੌਰ ਤੇ ਵੇਖਿਆ ਜਾਵੇ ਤਾਂ ਕੁਝ ਸੀਟਾਂ ਦੂਜੀਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ। ਪੰਜਾਬ ਦੀਆਂ ਇਹਨਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਖਡੂਰ ਸਾਹਿਬ ਦੀ ਸੀਟ ਨੇ ਇਕ ਵੱਖਰੀ ਤਰਾਂ ਦੀ ਮਹੱਤਤਾ ਇਖਤਿਆਰ ਕਰ ਲਈ ਹੈ। ਇਸਦਾ ਕਾਰਨ ਇਸ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਉਮੀਦਵਾਰ ਹੋਣ ਕਰਕੇ ਹੈ। ਇਸ ਲਈ ਇਹ ਸੀਟ ਸਿਰਫ ਉਹਨਾਂ ਦੀ ਜਿੱਤ ਹਾਰ ਦਾ ਸੁਆਲ ਨਹੀਂ ਬਲਕਿ ਮਨੁੱਖੀ ਅਧਿਕਾਰਾਂ ਦੀ ਜਿੱਤ ਜਾਂ ਹਾਰਦਾ ਸੁਆਲ ਹੈ। ਬੀਬੀ ਪਰਮਜੀਤ ਕੌਰ ਖਾਲੜਾ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਵੀ ਆਪਣੀ ਚੋਣ ਲੜਨ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਹੀ ਮੁੱਖ ਬਣਾਇਆ ਹੈ।

    ਸ਼ਹੀਦ ਜਸਵੰਤ ਸਿੰਘ ਖਾਲੜਾ (ਪੁਰਾਣੀ ਤਸਵੀਰ)

    ਪਰਿਭਾਸ਼ਾ ਦੁਆਰਾ ਮਨੁੱਖੀ ਅਧਿਕਾਰਾਂ ਦੀ ਧਾਰਨਾ ਦਾ ਮਤਲਬ ਹੈ ਕਿ ਮਨੁੱਖੀ ਅਧਿਕਾਰ ਉਹ ਅਧਿਕਾਰ ਹਨ ਜਿਹੜੇ ਹਰ ਮਨੁੱਖ ਨੂੰ ਮਨੁੱਖ ਹੋਣ ਦੇ ਨਾ ਤੇ ਉਹਨਾਂ ਅਧਿਕਾਰਾਂ ਦਾ ਹੱਕ ਹੈ। ਇਸ ਕਰਕੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਕਿਸੇ ਖੇਤਰ ਜਾਂ ਦੇਸ਼ ਦੀ ਬੰਦਿਸ਼ ਤੋਂ ਆਜ਼ਾਦ ਹੈ। ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਮਨੁੱਖੀ ਅਧਿਕਾਰਾਂ ਨੂੰ ਤਾਕਤਵਰ ਕਰਨ ਲਈ ਲੜ ਰਿਹਾ ਹਰਮਰਦ, ਔਰਤ ਜਾਂ ਬੱਚਾ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਦੀ ਲਹਿਰ ਦਾ ਹਿੱਸਾ ਹੈ। ਕਿਸੇ ਇਕ ਜਗ੍ਹਾ ਤੇ ਵੀ ਮਨੁੱਖੀ ਅਧਿਕਾਰਾਂ ਦੀ ਹਾਰ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਦੀ ਲਹਿਰ ਨੂੰ ਸੱਟ ਮਾਰਦੀ ਹੈ ਤੇ ਇਸੇ ਤਰਾਂ ਹੀ ਉਸਦੀ ਕਾਮਯਾਬੀ ਉਸ ਲਹਿਰ ਨੂੰ ਤਕੜਾ ਕਰਦੀ ਹੈ ਅਤੇ ਹੱਲਾਸ਼ੇਰੀ ਦਿੰਦੀ ਹੈ। ਇਸ ਪੱਖੋਂ ਬੀਬੀ ਖਾਲੜਾ ਨੇ ਆਪਣੀ ਚੋਣ ਮੁਹਿੰਮ ਵਿੱਚ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਵਿਸ਼ੇਸ਼ ਮਹੱਤਤਾ ਦੇ ਕੇ ਆਪਣੀ ਸੀਟ ਤੇ ਜਿੱਤ ਹਾਰ ਦਾ ਮਸਲਾ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਦੀ ਲਹਿਰ ਨਾਲ ਜੋੜ ਦਿੱਤਾ ਹੈ।

    6 ਸਤੰਬਰ 2018 ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ 23ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਸਾਮਗਮ ਦੀ ਇਕ ਤਸਵੀਰ ਵਿਚ ਬੀਬੀ ਪਰਮਜੀਤ ਕੌਰ ਖਾਲੜਾ ਸ਼ਹੀਦਾਂ ਦੇ ਪਰਵਾਰਕ ਜੀਆਂ ਨਾਲ

    ਬੀਬੀ ਪਰਮਜੀਤ ਕੌਰ ਖਾਲੜਾ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਵਿਧਵਾ ਹੈ। ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਦਿੱਤੀ ਅਤੇ ਇਸ ਕਰਕੇ ਉਹਨਾਂ ਦਾ ਦੁਨੀਆਂ ਦੀ ਮਨੁੱਖੀ ਅਧਿਕਾਰਾਂ ਦੀ ਲਹਿਰ ਵਿਚ ਉਚੇ ਦਰਜੇ ਦਾ ਜਾਣਿਆ ਪਹਿਚਾਣਿਆ ਨਾਮ ਹੈ। ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਉਹਨਾਂ ਲੋਕਾਂ ਦੀ ਪਹਿਚਾਣ ਕਰਨ ਦੀ ਖੋਜ ਸ਼ੁਰੂ ਕੀਤੀ ਜਿੰਨਾ ਨੂੰ ਲਾਪਤਾ ਕਹਿ ਕਿ ਭਾਰਤੀ ਸੁਰੱਖਿਆ ਬਲਾਂ ਨੇ ਜਲਾ ਦਿੱਤਾ ਸੀ। ਉਹਨਾਂ ਨੂੰ ਇਸ ਮਹਾਨ ਮਨੁੱਖੀ ਕੰਮ ਤੋਂ ਰੋਕਣ ਲਈ 6 ਸਿਤੰਬਰ 1995 ਨੂੰ ਘਰੋਂ ਅਗਵਾਹ ਕਰ ਲਿਆ ਗਿਆ। ਪੰਜਾਬ ਪੁਲਿਸ ਨੇ ਉਹਨਾਂ ਤੇ ਅੰਨਾ ਤਸ਼ੱਦਦ ਕਰਕੇ ਇਸ ਕੰਮ ਤੋਂ ਰੋਕਣ ਲਈ ਦਬਾ ਪਾਇਆ ਗਿਆ ਪਰ ਉਹਨਾਂ ਨੇ ਦਬਾ ਥੱਲੇ ਝੁਕਣ ਦੇ ਬਜਾਏ ਮੌਤ ਨੂੰ ਕਬੂਲਿਆ। ਸ਼ਾਇਦ ਉਹਨਾਂ ਨੂੰ ਨੌਵੇਂ ਗੁਰੂ ਗੁਰੂ ਤੇਗ ਬਹਾਦਰ, ਅਤੇ ਉਹਨਾਂ ਦੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਦੀ ਮਨੁੱਖੀ ਅਧਿਕਾਰਾਂ ਲਈ ਅਨੋਖੀ ਕੁਰਬਾਨੀ ਨੇ ਰੂਹਾਨੀ ਤਾਕਤ ਅਤੇ ਸੇਧ ਦਿੱਤੀ ਹੋਵੇਗੀ। ਬਹੁਤ ਜਾਲਮਾਨਾ ਤਸ਼ੱਦਦ ਤੋਂ ਬਾਅਦ ਜਸਵੰਤ ਸਿੰਘ ਖਾਲੜਾ ਨੂੰ 28 ਅਕਤੂਬਰ 1995 ਨੂੰ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਉਹਨਾਂ ਦੀ ਲਾਸ਼ ਹਰੀ ਕੇ ਪੱਤਣ ਨਹਿਰ ਵਿਚ ਸੁੱਟ ਦਿੱਤੀ। ਪੰਜਾਬ ਪੁਲਿਸ ਦੀਆਂ ਬਹੁਤ ਘਿਨਾਉਣੀਆਂ ਕਾਰਵਾਈਆਂ ਵਿਚੋਂ ਇਹ ਇਕ ਅੱਤ ਦਰਜੇ ਦਾ ਘਿਨਾਉਣਾ ਅਤੇ ਨਿੰਦਣਯੋਗ ਕਾਰਾ ਸੀ।

    ਬੀਬੀ ਪਰਮਜੀਤ ਕੌਰ ਖਾਲੜਾ (ਪੁਰਾਣੀ ਤਸਵੀਰ)

    ਭਾਈ ਖਾਲੜਾ ਦੀ ਸ਼ਹੀਦੀ ਤੋਂ ਬਾਅਦ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੇ ਪਤੀ ਦੇ ਕੰਮ ਦੀ ਮਹਾਨਤਾ ਨੂੰ ਸਮਝਦਿਆਂ ਹੋਇਆਂ ਆਪਣੇ ਆਪ ਨੂੰ ਮਨੁੱਖੀ ਲਹਿਰ ਨਾਲ ਪੂਰੀ ਤਰਾਂ ਜੋੜ ਦਿੱਤਾ। ਬੀਬੀ ਜੀ ਨੇ ਸ਼ਹੀਦ ਖਾਲੜਾ ਦੇ ਸਾਥੀਆਂ ਨਾਲ ਮਿਲ ਕੇ ਖਾਲੜਾ ਮਿਸ਼ਨ ਸੰਗਠਨ ਸਥਾਪਤ ਕੀਤਾ ਜਿਹਦਾ ਕੰਮ ਸ਼ਹੀਦ ਖਾਲੜਾ ਵਾਂਗ ਲਾਪਤਾ ਕੀਤੇ ਲੋਕਾਂ ਦੀ ਭਾਲ ਅਤੇ ਪਹਿਚਾਣ ਕਰਨੀ ਅਤੇ ਉਹਨਾਂ ਨੂੰ ਇਨਸਾਫ ਦਿਵਾਉਣਾ ਸੀ। ਉਹਨਾਂ ਦੇ ਅਣਥੱਕ ਯਤਨਾਂ ਕਰਕੇ 6 ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ 2005 ਵਿਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾਹ ਅਤੇ ਕਤਲ ਕਰਨ ਦੇ ਜੁਰਮ ਵਿਚ ਸੱਤ ਸੱਤ ਸਾਲ ਦੀ ਸਜ਼ਾ ਹੋਈ। ਉਹਨਾਂ ਵਿਚੋਂ ਚਾਰ ਕਰਮਚਾਰੀਆਂ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਦੀ ਸਜ਼ਾ ਨੂੰ ਉਮਰ ਕੈਦ ਵਿਚ ਵਧਾ ਦਿੱਤਾ ਗਿਆ। ਇਕ ਦੋਸ਼ੀ ਅਜੀਤ ਸਿੰਘ ਸੰਧੂ ਨੇ 1997 ਵਿਚ ਆਤਮਹਤਿਆ ਕਰ ਲਈ ਸੀ। ਉਸ ਵਕਤ ਪੰਜਾਬ ਪੁਲਿਸ ਦੇ ਮੁਖੀ ਕੇਪੀ ਐਸ ਗਿੱਲ ਤੇ ਇਹ ਦੋਸ਼ ਵੀ ਸਾਬਤ ਹੋ ਚੁੱਕਾ ਹੈ ਕਿ ਉਸਨੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੀ ਪੁਲਿਸ ਥਾਣੇ ਵਿੱਚ ਖੁਦ ਪੁੱਛਗਿੱਛ ਕੀਤੀ ਸੀਅਤੇ ਇਸ ਕਰਕੇ ਗਿੱਲ ਵੀ ਇਸ ਜੁਰਮ ਵਿੱਚ ਸ਼ਾਮਲ ਸੀ। ਪਰ ਇਸ ਤੋਂ ਪਹਿਲਾਂ ਕਿ ਗਿੱਲ ਨੂੰ ਕਾਨੂੰਨਨ ਤੌਰ ਤੇ ਸਜਾ ਹੁੰਦੀ ਉਸਦੀ 2017 ਵਿੱਚ ਮੌਤ ਹੋ ਗਈ।

    ਦੁਨੀਆਂ ਦੀ, ਭਾਰਤ ਦੀ ਅਤੇ ਪੰਜਾਬ ਦੀ ਮਨੁੱਖੀ ਅਧਿਕਾਰਾਂ ਦੀ ਲਹਿਰ ਬੀਬੀ ਖਾਲੜਾ ਦੀ ਬੜੀ ਰਿਣੀ ਹੈ ਕਿ ਉਹਨਾਂ ਨੇ ਆਪਣੇ ਪਤੀ ਦੇ ਅਤਦੁਖਦਾਈ ਅੰਤ ਤੋਂ ਬਾਅਦ ਆਪਣੇ ਆਪ ਨੂੰ ਗ਼ਮੀ ਵਿਚ ਸੁੱਟਣ ਦੀ ਬਜਾਏ ਉਹਨਾਂ ਦੇ ਮਹਾਨ ਕੰਮ ਤੋਂ ਪ੍ਰੇਰਨਾ ਲੈਂਦੇ ਹੋਏ ਆਪਣਾ ਜੀਵਨ ਮਨੁੱਖੀ ਅਧਿਕਾਰਾਂ ਦੀਸੁਰੱਖਿਆ ਲਈ ਅਰਪਤ ਕਰ ਦਿੱਤਾ ਹੈ।

    ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਲਹਿਰ ਦਾ ਇਹ ਦੁਖਾਂਤ ਰਿਹਾ ਹੈ ਕਿ ਇਹ ਸੰਕੀਰਨਤਾ ਦੀ ਸ਼ਿਕਾਰ ਰਹੀ ਹੈ। ਮਿਸਾਲ ਵਜੋਂ ਉੱਨੀ ਸੋ ਸੱਤਰਵਿਆਂ ਵਿਚ ਜਦੋਂ ਨਕਸਲੀ ਲਹਿਰ ਨਾਲ ਜੁੜੇ ਕਾਰਕੁਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਤਾਂ ਇਸਦੇ ਖਿਲਾਫ ਦੂਜੀਆਂ ਸਿਆਸੀ ਪਾਰਟੀਆਂ ਅਤੇ ਕਿਸੇ ਸਿੱਖ ਜਥੇਬੰਦੀ ਨੇ ਆਪਣੀ ਆਵਾਜ਼ ਨਹੀਂ ਉਠਾਈ। ਉਸੇ ਤਰਾਂ 1984 ਤੋਂ ਬਾਅਦ ਸਿੱਖ ਜਥੇਬੰਦਿਆਂ ਨਾਲ ਜੁੜੇ ਕਾਰਕੁਨਾਂ ਤੇ ਬੇਹੱਦ ਜ਼ੁਲਮ ਹੋਏ ਤਾਂ ਇਕ ਦੋ ਨੂੰ ਛੱਡ ਕੇ ਖੱਬੇ ਪੱਖੀ ਜਥੇਬੰਦੀਆਂ ਨੇ ਇਹਨਾਂ ਜ਼ੁਲਮਾਂ ਦੇ ਖਿਲਾਫ ਆਵਾਜ਼ ਨਹੀਂ ਉਠਾਈ। ਮੁਖ ਤੌਰ ਤੇ ਵੇਖਿਆ ਜਾਵੇ ਤਾਂ ਇਹ ਦੋਨੋ ਧਿਰਾਂ ਸਰਕਾਰੀ ਅੱਤਵਾਦ ਦਾ ਵੱਖ ਵੱਖ ਸਮਿਆਂ ‘ਤੇ ਸ਼ਿਕਾਰ ਰਹੀਆਂ ਹਨ। ਇਸ ਦੇ ਨਾਲ ਹੀ ਔਰਤਾਂ, ਦਲਿਤ, ਕਿਸਾਨੀ, ਮਜਦੂਰ, ਵਿਦਿਆਰਥੀ ਅਤੇ ਕਰਮਚਾਰੀ ਲਹਿਰਾਂ ਨਾਲ ਜੁੜੇ ਕਾਰਕੁਨਾਂ ਦੇ ਮਨੁੱਖੀ ਅਧਿਕਾਰ ਵੱਖ ਵੱਖ ਸਮਿਆਂ ਤੇ ਸਰਕਾਰੀ ਜ਼ੁਲਮ ਦਾ ਸ਼ਿਕਾਰ ਰਹੇ ਹਨ। ਜਿੰਨੀ ਦੇਰ ਤਕ ਸੱਚ ਅਤੇ ਇਨਸਾਫ ਲਈ ਸੰਘਰਸ਼ ਕਰ ਰਹੀਆਂ ਜਥੇਬੰਦਿਆਂ ਅਤੇ ਕਾਰਕੁਨ ਇਹ ਸਮਝ ਨਹੀਂ ਲੈਂਦੇ ਕਿ ਉਹਨਾਂ ਵਿੱਚੋ ਕਿਸੇ ਇਕ ਦੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਭ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਓਨੀ ਦੇਰ ਤਕ ਮਨੁੱਖੀ ਅਧਿਕਾਰ ਲਹਿਰ ਸਮਾਜ ਵਿਚ ਆਪਣੀਆਂ ਜੜਾਂ ਡੂੰਘੀਆਂ ਨਹੀਂ ਕਰ ਸਕਦੀ। ਜੇ ਅਸੀਂ ਗੁਰੂ ਤੇਗ ਬਹਾਦਰ ਤੋਂ ਪ੍ਰੇਰਨਾ ਲੈਣੀ ਹੈ ਤਾਂ ਇਸਦਾ ਅਰਥ ਇਹ ਹੈ ਕਿ ਨੈਤਿਕ ਤੌਰ ਤੇ ਆਪਣੇ ਵਿਰੋਧੀ ਦੇ ਵੀ ਮਨੁੱਖੀ ਅਧਿਕਾਰ ਬਚਾਉਣਾ ਸਹੀ ਅਰਥਾਂ ਵਿਚ ਮਾਨਵਤਾ ਦੀ ਸੇਵਾ ਕਰਨਾ ਹੈ। ਕਸ਼ਮੀਰੀ ਬ੍ਰਾਹਮਣ ਸਿਧਾਂਤਿਕ ਤੌਰ ਤੇ ਗੁਰੂ ਤੇਗ ਬਹਾਦਰ ਦੇ ਵਿਰੋਧੀ ਸਨ ਪਰ ਫਿਰ ਵੀ ਉਹਨਾਂ ਦੇ ਧਾਰਮਿਕ ਮਨੁੱਖੀ ਅਧਿਕਾਰ ਬਚਾਉਣ ਲਈ ਗੁਰੂ ਸਾਹਬ ਨੇ ਆਪਣਾ ਜੀਵਨ ਦਾਨ ਕਰ ਦਿੱਤਾ।

    ਐਸੇ ਇਨਸਾਨ ਜੋ ਬੀਬੀ ਪਰਮਜੀਤ ਕੌਰ ਖਾਲੜਾ ਵਾਂਗ ਆਪਣਾ ਜੀਵਨ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਲਾ ਦਿੰਦੇ ਹਨ, ਉਹ ਕਿਸੇ ਇਕ ਜਥੇਬੰਦੀ ਜਾਂ ਸਮਾਜਕ ਸਮੂਹ ਦੇ ਮੁਥਾਜ ਨਹੀਂ ਹੁੰਦੇ। ਇਸ ਕਰਕੇ ਬੀਬੀ ਖਾਲੜਾ ਦੀ ਇਹਨਾਂ ਚੋਣਾਂ ਵਿਚ ਮਦਦ ਕਰਨ ਲਈ ਆਪਣੇ ਫਿਰਕੇ, ਪਾਰਟੀ ਜਾਂ ਜਥੇਬੰਦੀ ਤੋਂ ਉਪਰ ਉੱਠਣਾ ਇਕ ਇਤਿਹਾਸਿਕ ਲੋੜ ਹੈ। ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਕ ਉਮੀਦਵਾਰ ਮੁਖ ਤੌਰ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਚੋਣ ਲੜ ਰਿਹਾ ਹੈ।

    ਨੈਤਿਕ ਪੱਖੋਂ ਵੇਖਿਆ ਜਾਵੇ ਤਾਂ ਲੋੜ ਇਸ ਗੱਲ ਦੀ ਸੀ ਕਿ ਪੰਜਾਬ ਪੱਖੀ ਸਭ ਸਿਆਸੀ ਧਿਰਾਂ ਬੀਬੀ ਖਾਲੜਾ ਦੇ ਵਿਰੁੱਧ ਕੋਈ ਵੀ ਉਮੀਦਵਾਰ ਖੜਾ ਨਾ ਕਰਦੀਆਂ। ਅਕਾਲੀ ਦਲ (ਬਾਦਲ) ਵਾਸਤੇ ਇਹ ਇਕ ਸੁਨਹਿਰੀ ਮੌਕਾ ਸੀ ਕਿ ਜੇ ਉਹ ਬੀਬੀ ਖਾਲੜਾ ਦੀ ਮਦਦ ਵਿੱਚ ਆਪਣਾ ਉਮੀਦਵਾਰ ਵਾਪਸ ਲੈ ਲੈਂਦੇ ਤਾਂ ਸ਼ਾਇਦ ਉਹਨਾਂ ਦਾ ਖੁੱਸਿਆ ਜਨਤਕ ਆਧਾਰ ਕੁਝ ਮੁੜ ਪੈਂਦਾ। ਭਾਵੇਂ ਹੁਣ ਅਕਾਲੀ ਦਲ (ਬਾਦਲ) ਦਾ ਚਰਿਤਰ ਬੀਜੇਪੀ ਨਾਲ ਸਬੰਧ ਹੋਣ ਕਰਕੇ ਬਦਲ ਚੁੱਕਾ ਹੈ ਪਰ ਅਕਾਲੀ ਇਤਿਹਾਸ ਇਸ ਗੱਲ ਦਾ ਪ੍ਰਮਾਣ ਹੈ ਕਿ ਅਕਾਲੀ ਕਾਰਕੁਨਾਂ ਤੇ ਵੀ ਬੜੇ ਸਰਕਾਰੀ ਜ਼ੁਲਮ ਢਾਏ ਗਏ ਸਨ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਸਿੱਖ ਅਤੇ ਅਕਾਲੀ ਇਤਿਹਾਸ ਦਾ ਅਨਿੱਖੜਵਾਂ ਅੰਗ ਰਿਹਾ ਹੈ। ਜਸਵੰਤ ਸਿੰਘ ਖਾਲੜਾ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸੇਕ੍ਰੇਟਰੀ ਸੀ, ਇਸ ਪੱਖੋਂ ਵੀ ਬੀਬੀ ਖਾਲੜਾ ਦੀ ਮਦਦ ਕਰਨਾ ਅਕਾਲੀ ਦਲ (ਬਾਦਲ) ਦੀ ਨੈਤਿਕ ਜੁੱਮੇਵਾਰੀ ਬਣਦੀ ਸੀ। ਜੇ ਅਕਾਲੀ ਦਲ (ਬਾਦਲ) ਨੇ ਇੰਦਰ ਕੁਮਾਰ ਗੁਜਰਾਲ ਦੇ ਹੱਕ ਵਿੱਚ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ ਸੀ ਤਾਂ ਉਸਤੋਂ ਕਈ ਗੁਣਾ ਇਹ ਜਰੂਰੀ ਬਣਦਾ ਸੀ ਕਿ ਉਹ ਬੀਬੀ ਖਾਲੜਾ ਦੇ ਹੱਕ ਵਿੱਚ ਵੀ ਆਪਣਾ ਉਮੀਦਵਾਰ ਖੜਾ ਨਾ ਕਰਦੇ। ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਜਾਤੀ ਤੌਰ ਤੇ ਅਕਾਲੀ ਵਰਕਰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਅੰਦਰਖਾਤੇ ਬੀਬੀ ਖਾਲੜਾ ਦੀ ਮਦਦ ਹੀ ਕਰਨਗੇ ਤੇ ਉਹਨਾਂ ਨੂੰ ਆਪਣਾ ਵੋਟ ਪਾਉਣਗੇ।

    ਪੰਜਾਬ ਦੇ ਸਿਆਸੀ ਪੜਾਅ ਵਿੱਚ ਇਹ ਇਕ ਅਗਾਂਹ ਵਧੂ ਮੋੜ ਆਇਆ ਹੈ ਕਿ ਖੱਬੇ ਪੱਖੀ ਜਥੇਬੰਦੀਆਂ ਤੇ ਕਾਰਕੁਨ ਬੀਬੀ ਖਾਲੜਾ ਦੀ ਮਦਦ ਕਰ ਰਹੇ ਹਨ। ਇਸ ਮੋੜ ਨਾਲ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਵਿੱਚ ਅਗਾਂਹਵਧੂ ਸਿਆਸੀ ਅਤੇ ਮਨੁੱਖੀ ਅਧਿਕਾਰ ਲਹਿਰਾਂ ਲਈ ਹੋਰ ਸੰਭਾਵਨਾਵਾਂ ਖੁੱਲੀਆਂ ਹਨ।

    ਜੇ ਬੀਬੀ ਖਾਲੜਾ ਇਹਨਾਂ ਚੋਣਾਂ ਵਿਚ ਹਾਰ ਜਾਂਦੇ ਹਨ ਤਾਂ ਇਹ ਸਿਰਫ ਉਹਨਾਂ ਦੀ ਜਾਤੀ ਹਾਰ ਨਹੀਂ ਹੋਵੇਗੀ ਬਲਕਿ ਇਹ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਸੱਭਿਆਚਾਰ ਵਿਚ ਇਕ ਘਿਨਾਉਣੀ ਰੁਚੀ ਦਾ ਪ੍ਰਗਟਾਵਾ ਹੋਵੇਗਾ ਕਿ ਪੰਜਾਬੀ ਲੋਕ ਛੋਟੀਆਂ ਮੋਟੀਆਂ ਜਾਤੀ ਗਿਣਤੀਆਂ ਮਿਣਤੀਆਂ ਅਤੇ ਧੜੇਬੰਦੀਆਂ ਵਿੱਚ ਗੁਲਤਾਨ ਹੋ ਚੁਕੇ ਹਨ। ਐਸੀ ਸੱਭਿਆਚਾਰਕ ਗਿਰਾਵਟ ਕਰਕੇ ਹੀ ਇਹ ਸੰਭਵ ਹੋ ਸਕਦਾ ਹੈ ਕਿ ਜਿੰਨਾ ਕੋਲ ਪੈਸੇ ਤੇ ਜਥੇਬੰਦੀਆਂ ਦੀ ਤਾਕਤ ਹੈ ਉਹ ਸੱਚ ਤੇ ਇਨਸਾਫ ਲਈ ਲੜਨ ਵਾਲੇ ਇਨਸਾਨਾਂ ਨੂੰ ਹਰਾ ਸਕਦੇ ਹਨ। ਜੇ ਬੀਬੀ ਖਾਲੜਾ ਜਿੱਤ ਜਾਂਦੇ ਹਨ ਤਾਂ ਇਸ ਗੱਲ ਦਾ ਪ੍ਰਗਟਾਵਾ ਹੋਵੇਗਾ ਕਿ ਪੰਜਾਬੀ ਲੋਕਾਂ ਵਿਚ ਨੈਤਿਕਤਾ ਤੇ ਮਨੁੱਖਤਾ ਦੀਆਂ ਭਾਵਨਾਵਾਂ ਜਿੰਦਾ ਜਾਗਦੀਆਂ ਹਨ। ਦੁਨੀਆਂ ਵਿਚ ਕਿਤੇ ਵੀ ਰਹਿ ਰਿਹਾ ਪੰਜਾਬੀ ਜੋ ਖਡੂਰ ਸਾਹਬ ਦੀ ਚੋਣ ਤੇ ਅਸਰ ਕਰ ਸਕਦਾ ਜਾਂ ਕਰ ਸਕਦੀ ਹੈ ਨੇ ਇਹ ਫੈਸਲਾ ਕਰਨਾ ਹੋਵੇਗਾ ਕਿ ਉਹ ਕਿਸ ਧਿਰ ਨਾਲ ਹੈ: ਜਰਵਾਣਿਆਂ ਨਾਲ ਜਾਂ ਹੱਕ ਤੇ ਇਨਸਾਫ ਨਾਲ? ਪੰਜਾਬੀ ਲੋਕਾਂ ਲਈ ਇਹ ਬੜੀ ਫੈਸਲਾਕੁਨ ਘੜੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img