More

    ਕਸ਼ਮੀਰ ਵਿੱਚ ਦੇਹਾਂ ਤੇ ਦਿਮਾਗਾਂ ’ਤੇ ਥੋਪੀ ਜੰਗ

    (ਕਸ਼ਮੀਰ ਅੰਦਰ ਜਬਰ ਤੇ ਡਾਕਟਰੀ ਸਹੂਲਤਾਂ ਦੇ ਭੇੜ ਨੂੰ ਪੜਤਾਲਦੀ ਮਾਨਵ-ਵਿਗਿਆਨੀ ਸਾਹਿਬਾ ਵਰਮਾ ਦੀ ਨਵੀਂ ਕਿਤਾਬ ਬਾਰੇ ਮੁਲਾਕਾਤ)
    – ਮਾਜਿਦ ਮਕਬੂਲ
    [ਆਪਣੀ ਨਵੀਂ ਕਿਤਾਬ ‘ਕਾਬਜ਼ ਕਲੀਨਿਕ- ਕਸ਼ਮੀਰ ਵਿੱਚ ਫੌਜੀਕਰਨ ਤੇ ਦੇਖਭਾਲ’ ਵਿੱਚ ਅਮਰੀਕਾ ਅਧਾਰਿਤ ਮਾਨਵ ਵਿਗਿਆਨੀ ਸਾਹਿਬਾ ਵਰਮਾ ਸੰਸਾਰ ਦੇ ਸਭ ਤੋਂ ਸੰਘਣੀ ਫੌਜ ਵਾਲ਼ੇ ਇਲਾਕੇ ਕਸ਼ਮੀਰ ਵਿੱਚ ਫ਼ੌਜਸ਼ਾਹੀ ਦੇ ਲੋਕ ਮਨਾਂ ’ਤੇ ਪਏ ਮਨੋਵਿਗਿਆਨਕ ਅਸਰਾਂ ਦੀ ਪੜ੍ਹਤਾਲ ਕਰਦੇ ਹਨ। ਲੇਖਕ ਮੁਤਾਬਕ ਕਸ਼ਮੀਰ ਵਿੱਚ 16% ਤੋਂ ਵਧੇਰੇ ਵਸੋਂ ਵੱਖ-ਵੱਖ ਕਿਸਮਾਂ ਦੇ ਮਾਨਸਿਕ ਤਣਾਅ ਦੀ ਸ਼ਿਕਾਰ ਹੈ। ਇਸ ਮੁਲਾਕਾਤ ਵਿੱਚ ਉਹ ਦੱਸਦੇ ਹਨ ਕਿ ਕਿਵੇਂ ਸਾਲਾਂ-ਬੱਧੀ ਕੀਤੇ ਅਧਿਐਨ ਨੇ ਉਹਨਾਂ ਦੇ ਕਸ਼ਮੀਰ ਬਾਰੇ ਵਿਚਾਰ ਬਦਲੇ, ਕਿਵੇਂ ਉਸ ਨੇ ਸਥਾਨਕ ਲੋਕਾਂ ਦਾ ਭਰੋਸਾ ਜਿੱਤਿਆ। ਉਹਨਾਂ ਦੇ ਸਭ ਵਿਚਾਰਾਂ ਨਾਲ਼ ਸਾਡੀ ਸਹਿਮਤੀ ਜ਼ਰੂਰੀ ਨਹੀਂ ਹੈ। ਪੇਸ਼ ਹੈ ਪੱਤਰਕਾਰ ਮਾਜਿਦ ਮਕਬੂਲ ਨਾਲ਼ ਉਹਨਾਂ ਦੀ ਮੁਲਾਕਾਤ – ਸੰਪਾਦਕ]
    ਸ – ਘੇਰੇਬੰਦੀ ਤੇ ਲੌਕਡਾਊਨ ਦੇ ਦਿਨਾਂ ਵਿੱਚ ਕੰਮ ਕਰਦਿਆਂ ਲਿਖੀ ਇਸ ਕਿਤਾਬ ਨੇ ਕਸ਼ਮੀਰ ਤੇ ਮਾਨਵ-ਵਿਗਿਆਨ ਬਾਰੇ ਤੁਹਾਡੇ ਵਿਚਾਰ ਕਿਵੇਂ ਬਦਲੇ?
    – ਹਰ ਅਕਾਦਮਿਕ ਕਾਰਜ ’ਤੇ ਸਿਆਸੀ ਦਾਅ ਲੱਗਾ ਹੁੰਦਾ ਹੈ। ਸੰਸਾਰ ਦੀ ਸਭ ਤੋਂ ਸੰਘਣੀ ਫੌਜ਼ ਵਾਲ਼ੇ ਇਲਾਕੇ ਵਿੱਚ ਬੌਧਿਕ ਕਾਰਜ ਕਰਨਾ ਬੇਹੱਦ ਚੁਣੌਤੀਪੂਰਨ ਪਰ ਨਿੱਜੀ ਤੇ ਬੌਧਿਕ ਤੌਰ ’ਤੇ ਤਸੱਲੀਬਖਸ਼ ਸੀ। 2010, 2016 ਤੇ 2019 ਦੇ ਉਭਾਰਾਂ ਵੇਲੇ ਮੈਂ ਕਸ਼ਮੀਰ ਵਿੱਚ ਹੀ ਸੀ। ਇਹਨਾਂ ਸਾਲਾਂ ਦੇ ਤਜਰਬੇ ਨੇ ਕਬਜ਼ੇ ਸਬੰਧੀ ਮੇਰੀ ਸਮਝ ਨੂੰ ਪਸਾਰਿਆ, ਕਿ ਕਿਵੇਂ ਕਬਜ਼ਾ ਸਿਰਫ਼ ਸਿਆਸੀ ਜਾਂ ਫੌਜੀ ਪ੍ਰੋਜੈਕਟ ਹੀ ਨਹੀਂ ਸਗੋਂ ਇੱਕ ਕਿਸਮ ਦੀ ਮਨੋਵਿਗਿਆਨਕ ਤੇ ਸਮਾਜਿਕ ਜੰਗ ਵੀ ਹੈ। ਇੱਕ ਖੋਜਕਾਰ ਵਜੋਂ ਮੇਰੀ ਹਿੰਸਾ ਦੇ ਇਹਨਾਂ ਸੂਖਮ – ਪਰ ਡੂੰਘੇ – ਅਸਰਾਂ ਵਿੱਚ ਵਧੇਰੇ ਦਿਲਚਸਪੀ ਹੈ।
    ਸ – ਤੁਸੀਂ ਲਿਖਿਆ ਹੈ, “ਭਾਰਤ ਦਾ ਕੋਈ ਵੀ ਬਾਸ਼ਿੰਦਾ ਭੋਲਾ ਨਹੀਂ…ਭਾਰਤ ਮੂਲ ਦੇ ਕਿਸੇ ਵੀ ਖੋਜਕਾਰ, ਸਣੇ ਮੇਰੇ, ਲਈ ਕਸ਼ਮੀਰ ਜਾਂ ਉੱਪ-ਮਹਾਂਦੀਪ ਵਿੱਚ ਚੱਲ
    ਰਹੇ ਕਿਸੇ ਵੀ ਹੋਰ ਬਸਤੀਕਰਨ ਨਾਲ਼ ਗਿੱਝਣ ਦਾ ਕੋਈ ਵੀ ਸ਼ਰੀਫ ਢੰਗ ਮੌਜੂਦ ਨਹੀਂ, ਸਿਵਾਏ ਇਸ ਦੇ ਕਿ ਅਸੀਂ ਹਿੰਸਾ ਤੇ ਹਾਨੀਆਂ ਦੇ ਇਸ ਇਤਿਹਾਸ ਵਿੱਚ ਖੁਦ ਦੀ ਸ਼ਿਰਕਤ ਨੂੰ ਪ੍ਰਵਾਨ ਕਰੀਏ।” ਅਜਿਹਾ ਇਕਰਾਰ ਕਰਕੇ ਇਤਿਹਾਸ ਦੀਆਂ ਇਹਨਾਂ ਅੜਾਉਣੀਆਂ ਨੂੰ ਸਮਝਣ ਵਿੱਚ ਤੁਹਾਨੂੰ ਕਿਵੇਂ ਮਦਦ ਮਿਲ਼ੀ ਜਦ ਤੁਸੀਂ ਕਸ਼ਮੀਰ ਵਿੱਚ ਪ੍ਰਭਾਵਿਤ ਲੋਕਾਂ, ਨਿਗਰਾਨਾਂ ਤੇ ਡਾਕਟਰਾਂ ਨਾਲ਼ ਮੁਲਾਕਾਤਾਂ ਕਰ ਰਹੇ ਸੀ?
    – ਜਦ ਮੈਂ ਇਹ ਲਿਖਿਆ ਸੀ ਕਿ “ਕੋਈ ਵੀ ਭਾਰਤੀ ਨਿਰਦੋਸ਼ ਨਹੀਂ” ਉਸ ਤੋਂ ਮੇਰਾ ਮਤਲਬ ਇਹ ਨਹੀਂ ਸੀ ਕਿ ਭਾਰਤ ਦੇ ਸਾਰੇ ਲੋਕ ਬਰਾਬਰ ਦੇ ਦੋਸ਼ੀ ਹਨ। ਪਰ ਇਹ ਸੀ ਕਿ ਉੱਚ-ਜਾਤੀ ਹਿੰਦੂਆਂ ਤੇ ਖ਼ਾਸਕਰ ਦਰਮਿਆਨੀਆਂ ਤੇ ਉੱਪਰੀ ਜਮਾਤਾਂ ਨੂੰ ਰਾਜਕੀ ਹਿੰਸਾ ਵਿੱਚ ਆਪਣੀ ਸ਼ਿਰਕਤ ਬਾਰੇ ਸੋਚਣਾ ਚਾਹੀਦਾ ਹੈ।
    ਮਿਸਾਲ ਦੇ ਤੌਰ ’ਤੇ ਮੈਨੂੰ ਖੁਦ ਨੂੰ ਕਸ਼ਮੀਰ ਬਾਰੇ ਜੋ ਦੱਸਿਆ ਗਿਆ ਸੀ ਉਸ ਸਭ ਨੂੰ ਅਣਸਿੱਖਿਅਤ ਕਰਨਾ ਪਿਆ। ਮੈਨੂੰ ਕਸ਼ਮੀਰ ਸਿਰਫ਼ ‘ਦਹਿਸ਼ਤਗਰਦੀ’ ਦੇ ਬਤੌਰ ਪੇਸ਼ ਕੀਤਾ ਗਿਆ ਸੀ ਨਾ ਕਿ ਇੱਕ ਅਜਿਹੀ ਥਾਂ ਵਜੋਂ ਜਿਸ ਦਾ ਆਪਣੀ ਖੁਦ-ਮੁਖਤਿਆਰੀ ਲਈ 450 ਸਾਲਾਂ ਦਾ ਸੰਘਰਸ਼ ਰਿਹਾ ਹੈ। ਇੱਕ ਖੋਜਕਾਰ ਵਜੋਂ ਕਸ਼ਮੀਰ ਦੇ ਲੋਕਾਂ ਦੀਆਂ ਕਹਾਣੀਆਂ ਸੁਣਕੇ ਹੀ ਮੇਰੇ ਵਿਚਾਰ ਬਦਲੇ – ਤੇ ਆਖਰ ਮਾਨਵ-ਵਿਗਿਆਨ ਦਾ ਸਾਰ ਵੀ ਤਾਂ ਡੂੰਘਾਈ ਨਾਲ਼ ਸੁਣਨ ਦਾ ਹੀ ਕਾਜ ਹੈ।
    ਸ – ਘਿਰੇ ਹੋਏ ਲੋਕਾਂ ਦਾ ਭਰੋਸਾ ਜਿੱਤਣਾ ਕਿੰਨਾ ਕੁ ਮੁਸ਼ਕਿਲ ਕਾਰਜ ਜਾਪਿਆ?
    – ਕਸ਼ਮੀਰ ਵਿੱਚ ਲੋਕ ਬਾਹਰੀਆਂ ਵੱਲ ਜਾਇਜ਼ ਹੀ ਸ਼ੱਕੀ ਹੁੰਦੇ ਹਨ। ਕਈ ਪੱਤਰਕਾਰ, ਗੈਰ-ਸਰਕਾਰੀ ਜਥੇਬੰਦੀਆਂ, ਸਰਕਾਰੀ ਟਾਸਕ ਫੋਰਸਾਂ ਕਸ਼ਮੀਰ ਆਏ ਤੇ ਐਥੋਂ ਨਿਚੋੜੀਆਂ ਜਾਣਕਾਰੀਆਂ ਨੂੰ ਵਿਗਾੜਦਿਆਂ ਚਲੇ ਗਏ। ਕਈ ਵਾਰੀ ਲੋਕ ਮੇਰੇ ’ਤੇ ਅਥਾਹ ਭਰੋਸਾ ਕਰਦੇ ਸਨ ਤੇ ਕਈ ਵਾਰੀ ਮੈਨੂੰ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਮਹੀਨੇ ਤੇ ਸਾਲ ਲੱਗ ਗਏ। ਮੈਂ ਜਿਹਨਾਂ ਨਾਲ਼ ਮੁਲਾਕਾਤ ਕੀਤੀ ਉਹਨਾਂ ਵਿੱਚੋਂ ਕਈ ਅੱਤ-ਦਰਜੇ ਦੇ ਮਾਨਸਿਕ ਤਣਾਅ ਵਿੱਚ ਹੁੰਦੇ ਸਨ। ਮੈਂ ਹਮੇਸ਼ਾਂ ਮੁਲਾਕਾਤ ਵਾਲ਼ੀ ਥਾਂ-ਮਾਹੌਲ ਦਾ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਜੋ ਮੁਲਾਕਾਤ ਦੀ ਨਿੱਜਤਾ ਬਣੀ ਰਹੇ। ਲੋਕਾਂ ਨਾਲ਼ ਮੁਲਾਕਾਤ ਕਰਨ ਤੋਂ ਪਹਿਲਾਂ ਮੈਂ ਭਰੋਸਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ 14 ਸਾਲਾਂ ਵਿੱਚ ਮੈਂ ਕਸ਼ਮੀਰ ਕਈ ਵਾਰ ਵਾਪਿਸ ਆਈ। ਕਿਸੇ ਵੀ ਖੋਜ ਤੋਂ ਪਹਿਲੋਂ ਮੇਰੇ ਲਈ ਇਹ ਲੋਕ ਸਬੰਧ ਜ਼ਰੂਰੀ ਹਨ। ਮੈਂ ਖੁਦ ਨੂੰ ਪੁੱਛਦੀ ਹਾਂ ਕਿ ਕਸ਼ਮੀਰੀ ਲੋਕਾਂ ਦੀ ਅਜ਼ਾਦੀ ਦੇ ਕਾਜ ਵਿੱਚ ਮੈਂ ਕਿਵੇਂ ਹੱਥ ਵਟਾ ਸਕਦੀ ਹਾਂ।
    ਸ – ਤੁਸੀਂ ਲਿਖਦੇ ਹੋ, “ਕਸ਼ਮੀਰੀ ਲੋਕਾਂ ਕੋਲ਼ੋਂ ਜਿਉਂਦੇ ਰਹਿਣ, ਇੱਕ-ਦੂਜੇ ਦਾ ਖਿਆਲ ਰੱਖਣ, ਆਸ ਕਾਇਮ ਰੱਖਣ ਤੇ ਨਿਰਬਾਹ ਕਰ ਲੈਣ ਸਬੰਧੀ ਸਿੱਖਣ ਲਈ ਬਹੁਤ ਕੁੱਝ ਹੈ।” ਇਹਨਾਂ ਲੋਕਾਂ ਨੇ ਆਖਰ ਇਹ ਲੌਕਡਾਊਨ ਵਿਚਲਾ ਲੌਕਡਾਊਨ ਸਾਲਾਂ-ਬੱਧੀ ਕਿਵੇਂ ਹੰਢਾਇਆ ਹੈ?
    – ਫ਼ੌਜੀਕਰਨ ਤੇ ਜਾਸੂਸੀ ਕਸ਼ਮੀਰੀ ਲੋਕਾਂ ਦੇ ਹਰ ਫੈਸਲੇ ਨੂੰ ਪ੍ਰਭਾਵਿਤ ਕਰਦੀ ਹੈ – ਆਪਣੇ ਬੱਚਿਆਂ ਨੂੰ ਸਕੂਲ ਭੇਜਣ, ਹਸਪਤਾਲ ਜਾਣ, ਸੜਕ ’ਤੇ ਫੌਜ ਦੀ ਨਿਗਾਹ ਤੋਂ ਬਚਕੇ ਲੰਘਣ – ਸਭ ਫੈਸਲੇ ਇਸ ਤੋਂ ਤੈਅ ਹੁੰਦੇ ਹਨ। ਇਸ ਨਾਲ਼ ਕਸ਼ਮੀਰੀਆਂ ਦੀ ਸਿਹਤ-ਸਲਾਮਤੀ ’ਤੇ ਚਿਰਕਾਲੀ ਤੇ ਡੂੰਘੇ ਅਸਰ ਪੈਂਦੇ ਹਨ। ਅਸੀਂ “ਪੀ.ਟੀ.ਐੱਸ.ਡੀ.” ਤੇ ਸਦਮਿਆਂ ਦੀ ਗੱਲ ਕਰਦੇ ਹਾਂ ਪਰ ਫ਼ੌਜੀਕਰਨ ਦੇ ਸਿਹਤ ’ਤੇ ਮਨਫ਼ੀ ਅਸਰ ਇਸ ਤੋਂ ਕਿਤੇ ਡੂੰਘੇ ਤੇ ਵਿਆਪਕ ਹਨ… ਜਿਵੇਂ ਕਿ ਲੋਕ ਅਕਸਰ ਮੈਨੂੰ ਕਹਿੰਦੇ ਸਨ, “ਕਸ਼ਮੀਰ ਵਿੱਚ ਕੋਈ ਵੀ ਸਿਹਤਮੰਦ ਨਹੀਂ।” ਐਥੇ ਤੰਦਰੁਸਤ ਹੋਣ ਦਾ ਮਤਲਬ ਸਿਰਫ ਸਰੀਰਕ ਸੱਟ ਨੂੰ ਅਰਾਮ ਆਉਣਾ ਨਹੀਂ ਸਗੋਂ ਇਸ ਦਾ ਮਤਲਬ ਆਤਮਿਕ, ਨੈਤਿਕ ਤੇ ਸਿਆਸੀ ਤੰਦਰੁਸਤੀ ਵੀ ਹੈ, ਜਬਰ ਤੋਂ ਆਜ਼ਾਦੀ ਵੀ ਹੈ। ਮੇਰੇ ਲਈ ਇਹ “ਪੀ.ਟੀ.ਐੱਸ.ਡੀ.” ਜਿਹੇ ਕਿਸੇ ਅਲਾਮਤੀ ਸ਼ਬਦ ਨਾਲ਼ੋਂ ਕਿਤੇ ਅਮੀਰ ਵਿਆਖਿਆ ਹੈ।
    ਸ – ਵਰਤਮਾਨ ਤਣਾਅ ਤੇ ਭਵਿੱਖ ਦੀ ਬੇਯਕੀਨੀ ਦੇ ਮਾਹੌਲ ਨਾਲ਼ ਸਿੱਝਣ ਲਈ ਹਿੰਸਾ ਮਾਰੇ ਇਸ ਸਮਾਜ ਨੇ ਕੀ ਢੰਗ-ਤਰੀਕੇ ਈਜਾਦ ਕੀਤੇ ਹਨ?
    – ਮੈਂ ਲੋਕਾਂ ਨੂੰ ਵਿਚਾਰਗੀ ਦੇ ਪੱਧਰ ਤੱਕ ਘਟਾਏ ਬਿਨਾਂ ਫ਼ੌਜੀਕਰਨ ਦੇ ਪ੍ਰਭਾਵਾਂ ਨੂੰ ਦਸਤਾਵੇਜ਼ ਕਰਨਾ ਚਾਹੁੰਦੀ ਸੀ। ਫੌਜ਼ੀ ਕਬਜ਼ੇ ਨੇ ਸਮਾਜਿਕ ਖਿੰਡਾਅ ਪੈਦਾ ਕੀਤਾ ਹੈ – ਬੇਵਿਸ਼ਵਾਸੀ ਨੂੰ ਉਕਸਾਇਆ ਹੈ। ਪਰ ਕੀ ਸਮਾਜਿਕ ਖਿੰਡਾਅ ਦੇ ਆਪਣੇ ਪ੍ਰੋਜੈਕਟ ਵਿੱਚ ਭਾਰਤੀ ਰਾਜਸੱਤ੍ਹਾ ਕਾਮਯਾਬ ਹੋ ਗਈ ਹੈ?
    ਮੈਨੂੰ ਲਗਦਾ ਹੈ ਨਹੀਂ। ਸੰਕਟਾਂ ਦੇ ਸਮੇਂ ਕਸ਼ਮੀਰੀ ਲੋਕ ਸਮੂਹਿਕ ਤੌਰ ’ਤੇ ਵਿਹਾਰ ਕਰਦੇ ਹਨ। ਬੇਰਹਿਮ ਅਮਾਨਵੀਕਰਨ ਦੇ ਅੱਗੇ ਉਹ ਬੜੇ ਜ਼ੋਰ ਨਾਲ਼ ਆਪਣਾ ਮਨੁੱਖੀਪਣ ਜਤਾਉਂਦੇ ਹਨ। ਮਿਸਾਲ ਵਜੋਂ 2014 ਦੇ ਹੜ੍ਹਾਂ ਵੇਲੇ ਤੇ 2016 ਦੇ ਮੁਜ਼ਾਹਰਿਆਂ ਦੌਰਾਨ ਲੋਕਾਂ ਨੇ ਬਿਨਾਂ ਕਿਸੇ ਹਦਾਇਤਾਂ ਤੋਂ ਹੀ ਖੁਦ ਨੂੰ ਜਥੇਬੰਦ ਕੀਤਾ ਤੇ ਇੱਕ-ਦੂਜੇ ਦੀਆਂ ਜਾਨਾਂ ਬਚਾਈਆਂ।
    ਡਟੇ ਰਹਿਣ ਤੇ ਵਧਣ-ਫੁੱਲਣ ਦੀਆਂ ਹਜ਼ਾਰਾਂ ਹੀ ਕਹਾਣੀਆਂ ਸਾਨੂੰ ਹਰ ਰੋਜ਼ ਵੇਖਣ ਨੂੰ ਮਿਲ਼ਦੀਆਂ ਹਨ – ਕਰਫਿਊ ਦੌਰਾਨ ਬੱਚਿਆਂ ਦਾ ਕਿ੍ਰਕਟ ਖੇਡਣ ਵਾਸਤੇ ਗਲ਼ੀਆਂ ’ਤੇ ਕਬਜ਼ਾ ਕਰ ਲੈਣਾ, ਖੁਦ ਨੂੰ ਦਿਲਾਸਾ ਦੇਣ ਲਈ ਲੋਕਾਂ ਦਾ ਮਸੀਤਾਂ-ਦਰਗਾਹਾਂ ਵੱਲ ਜਾਣਾ…ਰੋਜ਼ਮਰ੍ਹਾ ਦੀਆਂ ਇਹ ਸਰਗਰਮੀਆਂ ਸਾਨੂੰ ਦਿਖਾਉਂਦੀਆਂ ਹਨ ਕਿ ਫ਼ੌਜੀਕਰਨ ਕਸ਼ਮੀਰੀ ਜ਼ਿੰਦਗੀ ਦੇ ਹਰ ਪੱਖ ਨੂੰ ਕਬਜ਼ਾ ਨਹੀਂ ਸਕਿਆ।
    ਸ – ਮਾਨਸਿਕ ਰੋਗਾਂ ਨਾਲ਼ ਸਿੱਝਣ ਲਈ ਔਰਤਾਂ ਕਿਹੜੇ ਢੰਗ-ਤਰੀਕੇ ਅਪਣਾਉਂਦੀਆਂ ਹਨ?
    – ਔਰਤਾਂ ਨੇ ਰਾਜਕੀ ਹਿੰਸਾ ਦੇ ਸਿੱਧੇ-ਅਸਿੱਧੇ ਰੂਪਾਂ ਨੂੰ ਆਪਣੇ ਪਿੰਡੇ ’ਤੇ ਹੰਢਾਇਆ ਹੈ, ਭਾਵੇਂ ਉਹ ਜਿਨਸੀ ਹਿੰਸਾ ਜਾਂ ਸ਼ੋਸ਼ਣ ਹੋਵੇ ਤੇ ਭਾਵੇਂ ਆਪਣੇ ਪਰਿਵਾਰਾਂ-ਭਾਈਚਾਰਿਆਂ ਵਿੱਚ ਮਾਰੇ ਗਿਆਂ ਦੀਆਂ ਯਾਦਾਂ ਹੋਣ। ਅਣਵਿਆਹੀਆਂ ਕੁੜੀਆਂ – ਭਾਵੇਂ ਮਰੀਜ਼ ਹੋਣ ਭਾਵੇਂ ਮਨੋਵਿਗਿਆਨੀ – ਅਜੇ ਵੀ ਮਨੋਵਿਗਿਆਨ ਨੂੰ ਐਬ ਵਜੋਂ ਵੇਖਦੀਆਂ ਹਨ ਭਾਵੇਂ ਇਸ ਪੇਸ਼ੇ ਵਿੱਚ ਕੁੜੀਆਂ ਦੀ ਗਿਣਤੀ ਵਧਣ ਨਾਲ਼ ਹਾਲਾਤ ਬਦਲ ਰਹੇ ਨੇ।
    ਕਈ ਮਾਮਲਿਆਂ ਵਿੱਚ ਸਦਮੇ ਮਗਰੋਂ ਔਰਤਾਂ ਆਪਣੀਆਂ ਲੋੜਾਂ ਦਾ ਸ਼ਿੱਦਤ ਨਾਲ਼ ਇਜ਼ਹਾਰ ਕਰਦੀਆਂ ਸਨ। ਮੈਂ ਇੱਕ ਸਥਾਨਕ ਗੈਰ-ਸਰਕਾਰੀ ਜਥੇਬੰਦੀ ਦਾ ਜ਼ਿਕਰ ਕੀਤਾ ਹੈ ਜਿਹੜੀ ਪੀਟੀਐੱਸਡੀ ਦਾ ਸਰਵੇਖਣ ਕਰਦੀ ਸੀ। ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਵਿੱਚੋਂ ਇੱਕ ਔਰਤ, ਜਿਸ ਨੇ ਆਪਣੇ ਪਤੀ ਨੂੰ ਮੁਕਾਬਲੇ ਵਿੱਚ ਗੁਆ ਦਿੱਤਾ ਸੀ, ਨੇ ਇਸ ਜਥੇਬੰਦੀ ਨੂੰ ਦੱਸਿਆ ਕਿ ਉਸ ਨੂੰ ਹੁਣ ਹੋਰ ਵਧੇਰੇ ਸਲਾਹ ਦੀ ਜ਼ਰੂਰਤ ਨਹੀਂ ਸਗੋਂ ਵਿੱਤੀ ਮਦਦ ਦੀ ਲੋੜ ਹੈ ਤਾਂ ਜੋ ਉਹ ਆਪਣੇ ਘਰ ਦੇ ਨੁਕਸਾਨੇ ਗਏ ਉਸ ਹਿੱਸੇ ਨੂੰ ਦੁਬਾਰਾ ਬਣਾ ਸਕੇ ਜਿੱਥੇ ਉਸ ਦਾ ਪਤੀ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਹ ਗੈਰ-ਸਰਕਾਰੀ ਜਥੇਬੰਦੀ ਦੇ ਘੇਰੇ ਤੋਂ ਬਾਹਰ ਦੀ ਗੱਲ ਸੀ ਤੇ ਇਸ ਦੇ ਮੁਲਾਜ਼ਮ ਕੁੱਝ ਨਹੀਂ ਕਰ ਸਕਦੇ ਸਨ। ਪਰ ਉਹ ਔਰਤ ਐਨ ਸ਼ੀਸ਼ੇ ਵਾਂਗੂੰ ਸਪੱਸ਼ਟ ਸੀ – ਨੁਕਸਾਨੇ ਘਰ ਦਾ ਦਰੁਸਤ ਹੋਣਾ ਉਸ ਦੀ ਮੁੜ-ਸਿਹਤਯਾਬੀ ਨਾਲ਼ ਡੂੰਘੀ ਤਰ੍ਹਾਂ ਜੁੜਿਆ ਹੋਇਆ ਸੀ। ਉਸ ਨੇ ਆਪਣਾ ਹੱਕ ਜਤਾਇਆ ਕਿ ਉਹ ਕੋਈ ਨਿਤਾਣੀ ਪੀੜਤ ਨਹੀਂ। ਐਪਰ ਯੂਰਪੀ ਮਨੁੱਖਤਾਵਾਦੀ ਅਦਾਰੇ ਹੱਥੋਂ ਫ਼ੰਡ ਹੋਣ ਵਾਲ਼ੀ ਇਹ ਗੈਰ-ਸਰਕਾਰੀ ਜਥੇਬੰਦੀ ਕਸ਼ਮੀਰ ਦੇ “ਪੀੜਤਾਂ” ਦੀਆਂ ਅਸਲ ਲੋੜਾਂ ਤੋਂ ਉੱਕਾ ਹੀ ਓਪਰੀ ਸੀ।
    ਸ – ਪਿਛਲੇ ਤਿੰਨ ਦਹਾਕਿਆਂ ਵਿੱਚ ਸਰਕਾਰੀ ਸਿਹਤ ਕੇਂਦਰਾਂ ਦੇ ਹੋਏ ਫ਼ੌਜੀਕਰਨ ਨੇ ਲੋਕਾਂ ਦੀ ਸਿਹਤ ਸਹੂਲਤਾਂ ਤੱਕ ਪਹੁੰਚ ਤੇ ਇਸ ਦੇ ਮਿਆਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?
    – ਮੇਰੀ ਕਿਤਾਬ ਇਸ ਗੱਲ ਦੀ ਦਲੀਲ ਹੈ ਕਿ ਭਾਰਤੀ ਰਾਜਸੱਤ੍ਹਾ ਨੇ ਕਸ਼ਮੀਰ ਵਿੱਚ ਦਵਾ-ਦਾਰੂ ਨੂੰ ਕਿਵੇਂ ਸਰਗਰਮੀ ਨਾਲ਼ ਹਥਿਆਰਬੰਦ ਕੀਤਾ ਹੈ। ਸਰਕਾਰੀ ਸਿਹਤ ਢਾਂਚੇ ਤੇ ਲੋਕਾਂ ਦੀ ਸਿਹਤ ਨੂੰ ਸੋਚ-ਸਮਝਕੇ ਤੇ ਯੋਜਨਾਬੱਧ ਢੰਗ ਨਾਲ਼ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤੀ ਰਾਜਸੱਤ੍ਹਾ ਨੇ ਖੁਦ ਨੂੰ ਹਿੰਸਾ ਲਈ ਜੁੰਮੇਵਾਰ ਮੰਨਣ ਦੀ ਥਾਂ ਖੁਦ ਨੂੰ ਲਗਾਤਾਰ ਕਸ਼ਮੀਰ ਵਿੱਚ ਇੱਕ ‘ਰੋਗਮੁਕਤ’ ਤਾਕਤ ਵਜੋਂ ਪੇਸ਼ ਕੀਤਾ ਹੈ। ਕਸ਼ਮੀਰ ਵਿੱਚ ਸਰਕਾਰੀ ਸਿਹਤ ਢਾਂਚੇ ’ਤੇ ਹਮਲਾ ਵਿੱਢਿਆ ਗਿਆ ਹੈ, ਹੰਝੂ ਗੈਸ ਦੇ ਗੋਲੇ ਬਰਸਾਏ ਗਏ ਹਨ ਤੇ ਇਸ ਦੇ ਸਾਧਨ ਰੋਕੇ ਗਏ ਹਨ। ਮਿਸਾਲ ਦੇ ਤੌਰ ’ਤੇ ਮੈਂ ਜ਼ਿਕਰ ਕੀਤਾ ਹੈ ਕਿ ਕਿਵੇਂ ਨਾਕੇਬੰਦੀ ਤੇ ਖੋਜ ਕਾਰਵਾਈਆਂ ਵੇਲ਼ੇ ਪਿੰਡਾਂ ਵਿਚਲੇ ਕਲੀਨਿਕਾਂ ਨੂੰ ਫੌਜ਼ ਨੇ ਪੁੱਛ-ਪੜ੍ਹਤਾਲ ਦੇ ਅੱਡਿਆਂ ਵਿੱਚ ਬਦਲ ਦਿੱਤਾ। ਅਜਿਹੀਆਂ ਸਦਮੇ-ਭਰੀਆਂ ਘਟਨਾਵਾਂ ਭੈਅ ਤੇ ਬੇਯਕੀਨੀ ਦੇ ਰੂਪ ਵਿੱਚ ਮੁੜ-ਉੱਭਰ ਆਉਂਦੀਆਂ ਹਨ ਜਦ ਲੋਕ ਇਹਨਾਂ ਹੀ ਕਲੀਨਿਕਾਂ ਤੋਂ ਆਪਣਾ ਇਲਾਜ ਕਰਵਾਉਂਦੇ ਹਨ। ਹਸਪਤਾਲ ਯੁੱਧ-ਮੈਦਾਨ ਦਾ ਹੀ ਵਿਸਤਾਰਿਆ ਰੂਪ ਬਣ ਚੁੱਕਾ ਹੈ।
    ਦਵਾ-ਇਲਾਜ ਦੇ ਮੁੱਖ ਮਕਸਦ – ਲੋਕਾਂ ਨੂੰ ਸੁਰੱਖਿਅਤ ਮਾਹੌਲ ਵਿੱਚ ਸੰਭਾਲਣਾ – ਨੂੰ ਅਸੰਭਵ ਬਣਾ ਦਿੱਤਾ ਗਿਆ ਹੈ। ਜਦ ਅਸੀਂ ਫੌਜ਼ ਤੇ ਵਿਦਰੋਹ ਦਬਾਉਣ ਦੇ ਅਮਲਾਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਵੀ ਵਿਚਾਰਨਾ ਚਾਹੀਦਾ ਹੈ ਕਿ ਕਿਵੇਂ ਲੋਕਾਂ ਦੀ ਸਿਹਤ-ਸਲਾਮਤੀ ਨੂੰ ਹਿੰਸਕ ਤੇ ਸੋਚੇ-ਸਮਝੇ ਢੰਗ ਨਾਲ਼ ਢਾਹਿਆ ਗਿਆ ਹੈ।

    (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img